ਸੋਨੇ ਦੀ ਮੂਰਤੀ ਨੂੰ ਮੱਥਾ ਟੇਕਣ ਦਾ ਆਦੇਸ਼
੧ ਨਬੂਕਦਨੱਸਰ ਰਾਜਾ ਨੇ ਇੱਕ ਸੋਨੇ ਦੀ ਮੂਰਤੀ ਬਣਵਾਈ ਜਿਸ ਦੀ ਉੱਚਿਆਈ ਸੱਠ ਹੱਥ ਤੇ ਚੋੜਾਈ ਛੇ ਹੱਥ ਸੀ ਅਤੇ ਉਸ ਨੂੰ ਦੂਰਾ ਨਾਮਕ ਮੈਦਾਨ ਬਾਬਲ ਦੇ ਸੂਬੇ ਵਿੱਚ ਖੜਾ ਕੀਤਾ । ੨ ਤਦ ਨਬੂਕਦਨੱਸਰ ਰਾਜਾ ਨੇ ਲੋਕਾਂ ਨੂੰ ਭੇਜਿਆ ਕਿ ਸ਼ਜ਼ਾਦਿਆਂ, ਦੀਵਾਨਾਂ, ਸਰਦਾਰਾਂ, ਨਿਆਉਕਾਰਾਂ, ਭੰਡਾਰੀਆਂ, ਸਲਾਹਕਾਰਾਂ, ਕਪਤਾਨਾਂ ਤੇ ਸੂਬਿਆਂ ਦੇ ਸਭਨਾਂ ਹਾਕਮਾਂ ਨੂੰ ਇੱਕਠਾ ਕਰਨ ਤਾਂ ਜੋ ਉਹ ਉਸ ਮੂਰਤੀ ਦੀ ਸਥਾਪਨਾ ਵਿੱਚ ਸ਼ਾਮਿਲ ਹੋਣ ਜਿਹੜੀ ਨਬੂਕਦਨੱਸਰ ਰਾਜਾ ਨੇ ਖੜੀ ਕੀਤੀ ਸੀ । ੩ ਤਦ ਸ਼ਜਾਦੇ, ਦੀਵਾਨ, ਸਰਦਾਰ, ਨਿਆਉਕਾਰ, ਭੰਡਾਰੀ, ਸਲਾਹਕਾਰ, ਕਪਤਾਨ ਤੇ ਸੂਬਿਆਂ ਦੇ ਸਾਰੇ ਹਾਕਮ ਉਸ ਮੂਰਤ ਦੀ ਚੱਠ ਲਈ ਜਿਹੜੀ ਨਬੂਕਦਨਸਰ ਨੇ ਖੜੀ ਕੀਤੀ ਇੱਕਠੇ ਹੋਏ । ਉਹ ਉਸ ਮੂਰਤ ਦੇ ਅੱਗੇ ਜਿਹੜੀ ਨਬੂਕਦਨੱਸਰ ਨੇ ਖੜੀ ਕੀਤੀ ਸੀ ਖੜ੍ਹੇ ਹੋਏ । ੪ ਤਦ ਇੱਕ ਢੰਡੋਰੀਏ ਨੇ ਉੱਚੀ ਹਾਕ ਦੇ ਕੇ ਪੁਕਾਰਿਆ, ਹੇ ਲੋਕੋ, ਹੇ ਕੌਮੋ, ਹੇ ਭਾਖਿਓ, ਤੁਹਾਨੂੰ ਇਹ ਹੁਕਮ ਹੈ ਭਈ ੫ ਜਿਸ ਵੇਲੇ ਤੁਰ੍ਹੀ, ਬਾਂਸਰੀ, ਬੀਨਾ, ਸਾਰੰਗੀ, ਬਰਬਤ, ਬੀਨ ਤੇ ਹਰ ਤਰਾਂ ਦੇ ਵਾਜਿਆਂ ਦੀ ਆਵਾਜ਼ ਸੁਣੋ ਤਦ ਉਸ ਸੋਨੇ ਦੀ ਮੂਰਤ ਦੇ ਅੱਗੇ ਜਿਸ ਨੂੰ ਨਬੂਕਦਨੱਸਰ ਰਾਜਾ ਨੇ ਖੜਾ ਕੀਤਾ ਹੈ, ਝੁੱਕ ਕੇ ਮੱਥਾ ਟੇਕੋ ! ੬ ਜੋ ਕੋਈ ਝੁੱਕ ਕੇ ਮੱਥਾ ਨਾ ਟੇਕੇ ਉਸੀ ਘੜੀ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟਿਆ ਜਾਵੇਗਾ । ੭ ਇਸ ਲਈ ਜਿਸ ਵੇਲੇ ਸਭਨਾਂ ਲੋਕਾਂ ਨੇ ਤੁਰ੍ਹੀ, ਬਾਂਸਰੀ, ਬੀਨਾ, ਸਰੰਗੀ, ਬਰਬਤ ਅਤੇ ਹਰ ਪਰਕਾਰ ਦੇ ਵਾਜਿਆਂ ਦੀ ਅਵਾਜ਼ ਸੁਣੀ ਤਦ ਸਾਰੇ ਲੋਕਾਂ, ਕੋਮਾਂ ਤੇ ਭਾਖਿਆਂ ਨੇ ਝੁੱਕ ਕੇ ਉਸ ਸੋਨੇ ਦੀ ਮੂਰਤੀ ਦੇ ਅੱਗੇ ਜਿਹੜੀ ਨਬੂਕਦਨੱਸਰ ਰਾਜਾ ਨੇ ਖੜੀ ਕੀਤੀ ਸੀ ਮੱਥਾ ਟੇਕਿਆ ।
ਦਾਨੀਏਲ ਦੇ ਸਾਥੀਆਂ ਉੱਤੇ ਆਗਿਆ ਦਾ ਉਲੰਘਣ ਕਰਨ ਦਾ ਦੋਸ਼
੮ ਇਸ ਤੋਂ ਬਾਅਦ ਉਸ ਵੇਲੇ ਕਈ ਕਸਦੀਆਂ ਨੇ ਨੇੜੇ ਆ ਕੇ ਯਹੂਦੀਆਂ ਉੱਤੇ ਦੋਸ਼ ਲਾਇਆ । ੯ ਉਹਨਾਂ ਨੇ ਨਬੂਕਦਨੱਸਰ ਰਾਜਾ ਨੂੰ ਆਖਿਆ ਕਿ ਹੇ ਰਾਜਾ, ਸਦਾ ਤੱਕ ਜੀਉਂਦੇ ਰਹੋ ! ੧੦ ਹੇ ਰਾਜਾ, ਤੁਸੀਂ ਇੱਕ ਆਗਿਆ ਦਿੱਤੀ ਸੀ ਕਿ ਹਰ ਇੱਕ ਆਦਮੀ ਜੋ ਤੁਰ੍ਹੀ, ਬਾਂਸਰੀ, ਬੀਨਾ, ਸਰੰਗੀ, ਬਰਬਤ, ਬੀਨ ਤੇ ਹਰ ਪਰਕਾਰ ਦੇ ਵਾਜਿਆਂ ਦੀ ਆਵਾਜ਼ ਸੁਣੇ ਤਾਂ ਝੁੱਕ ਕੇ ਸੋਨੇ ਦੀ ਮੂਰਤੀ ਨੂੰ ਮੱਥਾ ਟੇਕੇ ੧੧ ਅਤੇ ਜੋ ਕੋਈ ਝੁੱਕ ਕੇ ਮੱਥਾ ਨਾ ਟੇਕੇ ਉਹ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟਿਆ ਜਾਵੇਗਾ । ੧੨ ਹੁਣ ਕਈ ਯਹੂਦੀ ਹਨ ਜਿਹਨਾਂ ਨੂੰ ਤੁਸੀਂ ਬਾਬਲ ਦੇ ਸੂਬੇ ਦੇ ਵਿਹਾਰ ਉੱਤੇ ਨਿਯੁਕਤ ਕੀਤਾ ਅਰਥਾਤ ਸ਼ਦਰਕ, ਮੇਸ਼ਕ, ਤੇ ਅਬਦ-ਨਗੋ, ਇਹਨਾਂ ਮਨੁੱਖਾਂ ਨੇ, ਹੇ ਰਾਜਾ, ਤੁਹਾਡਾ ਆਦਰ ਨਹੀਂ ਕੀਤਾ । ਨਾ ਤਾਂ ਉਹ ਤੁਹਾਡੇ ਦੇਵਤਿਆਂ ਦੀ ਸੇਵਾ ਕਰਦੇ ਨਾ ਉਸ ਸੋਨੇ ਦੀ ਮੂਰਤ ਦੇ ਅੱਗੇ ਜਿਸ ਨੂੰ ਤੁਸੀਂ ਖੜ੍ਹਾ ਕੀਤਾ, ਮੱਥਾ ਟੇਕਦੇ ਹਨ । ੧੩ ਤਦ ਨਬੂਕਦਨੱਸਰ ਨੇ ਵੱਡੇ ਕ੍ਰੋਧ ਅਤੇ ਗੁੱਸੇ ਨਾਲ ਆਗਿਆ ਕੀਤੀ ਕਿ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਨੂੰ ਹਾਜ਼ਰ ਕਰੋ ! ਤਦ ਉਹਨਾਂ ਨੇ ਉਹਨਾਂ ਆਦਮੀਆਂ ਨੂੰ ਰਾਜੇ ਅੱਗੇ ਹਾਜ਼ਰ ਕੀਤਾ । ੧੪ ਨਬੂਕਦਨੱਸਰ ਨੇ ਉਹਨਾਂ ਨੂੰ ਆਖਿਆ, ਹੇ ਸ਼ਦਰਕ, ਮੇਸ਼ਕ ਤੇ ਅਬੇਦਨਗੋ, ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤਾ ਦੀ ਸੇਵਾ ਨਹੀਂ ਕਰਦੇ ਹੋ ਅਤੇ ਨਾ ਉਸ ਸੋਨੇ ਦੀ ਮੂਰਤ ਨੂੰ ਜਿਹ ਨੂੰ ਮੈਂ ਖੜਾ ਕੀਤਾ ਮੱਥਾ ਟੇਕਦੇ ਹੋ ? ੧੫ ਹੁਣ ਜੇ ਤੁਸੀਂ ਤਿਆਰ ਹੋ ਕਿ ਜਿਸ ਵੇਲੇ ਤੁਸੀਂ ਤੁਰੀ, ਬਾਂਸਰੀ, ਬੀਨਾ, ਸਰੰਗੀ, ਬਰਬਤ, ਬੀਨ ਅਤੇ ਹਰ ਪ੍ਰਕਾਰ ਦੇ ਵਾਜਿਆਂ ਦੀ ਆਵਾਜ਼ ਸੁਣੋ ਤਾਂ ਤੁਸੀਂ ਝੁੱਕ ਕੇ ਮੂਰਤ ਨੂੰ ਜਿਸ ਨੂੰ ਮੈਂ ਖੜਾ ਕੀਤਾ ਹੈ ਮੱਥਾ ਟੇਕੋ ਤਾਂ ਚੰਗਾ, ਪਰ ਜੇਕਰ ਤੁਸੀਂ ਮੱਥਾ ਨਾ ਟੇਕੋ ਤਾਂ ਉਸੀ ਘੜੀ ਤੁਸੀਂ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਜਾਓਗੇ ਅਤੇ ਉਹ ਦੇਵਤਾ ਕਿਹੜਾ ਹੈ ਜਿਹੜਾ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇ ? ੧੬ ਤਦ ਸ਼ਦਰਕ, ਮੇਸ਼ਕ, ਅਤੇ ਅਬੇਦਨਗੋ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਹੇ ਨਬੂਕਦਨੱਸਰ, ਅਸੀਂ ਇਸ ਗੱਲ ਵਿੱਚ ਤੁਹਾਨੂੰ ਉੱਤਰ ਦੇਣਾ ਜਰੂਰੀ ਨਹੀਂ ਸਮਝਦੇ ਹਾਂ । ੧੭ ਸਾਡਾ ਪਰਮੇਸ਼ੁਰ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛੁਡਾਉਣ ਦੀ ਸ਼ਕਤੀ ਰੱਖਦਾ ਹੈ ਅਤੇ ਹੇ ਰਾਜਾ, ਓਹੀ ਸਾਨੂੰ ਤੁਹਾਡੇ ਹੱਥੋਂ ਛਡਾਵੇਗਾ, ੧੮ ਨਹੀਂ ਤਾਂ ਹੇ ਰਾਜਾ, ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦੇਵਤਿਆਂ ਦੀ ਸੇਵਾ ਨਹੀਂ ਕਰਾਂਗੇ ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ ਜਿਸ ਨੂੰ ਤੁਸੀਂ ਖੜ੍ਹਾ ਕੀਤਾ ਹੈ, ਮੱਥਾ ਟੇਕਾਂਗੇ ।
ਦਾਨੀਏਲ ਦੇ ਸਾਥੀਆਂ ਨੂੰ ਭੱਠੀ ਵਿੱਚ ਸੁੱਟਿਆ ਜਾਣਾ
੧੯ ਤਦ ਨਬੂਕਦਨੱਸਰ ਆਪਣੇ ਆਪ ਵਿੱਚ ਕ੍ਰੋਧ ਨਾਲ ਭਰ ਗਿਆ ਅਤੇ ਉਹ ਦੇ ਮੂੰਹ ਦਾ ਰੰਗ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਉੱਤੇ ਬਦਲ ਗਿਆ । ਉਹ ਨੇ ਹੁਕਮ ਦਿੱਤਾ ਕਿ ਭੱਠੀ ਨੂੰ ਦਸਤੂਰ ਨਾਲੋਂ ਸੱਤ ਗੁਣਾ ਹੋਰ ਗਰਮਾ ਦਿਓ । ੨੦ ਫਿਰ ਉਸ ਨੇ ਆਪਣੀ ਫ਼ੌਜ ਵਿੱਚੋਂ ਤਕੜੇ ਪਹਿਲਵਾਨਾਂ ਨੂੰ ਹੁਕਮ ਕੀਤਾ ਕਿ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਨੂੰ ਬੰਨ੍ਹ ਕੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟ ਦੇਣ । ੨੧ ਤਦ ਉਹ ਆਦਮੀ ਆਪਣੇ, ਘਟੁਨਿਆਂ, ਪੱਗਾਂ ਤੇ ਲੀੜਿਆਂ ਸਣੇ ਬੰਨ੍ਹੇ ਗਏ ਅਤੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਗਏ । ੨੨ ਕਿਉਂ ਜੋ ਰਾਜੇ ਦਾ ਹੁਕਮ ਸੀ ਇਸ ਕਾਰਨ ਭੱਠੀ ਦਾ ਤਾਇਆ ਜਾਣਾ ਅੱਤ ਵਧੀਕ ਸੀ, ਇਸੇ ਕਾਰਨ ਅੱਗ ਦੀ ਲੋ ਨੇ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਦੇ ਚੁੱਕਣ ਵਾਲਿਆਂ ਨੂੰ ਸਾੜ ਸੁੱਟਿਆ । ੨੩ ਇਹ ਤਿੰਨੇ ਮਨੁੱਖ ਅਰਥਾਤ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਬੱਧੇ ਹੋਏ ਅੱਗ ਦੀ ਬਲਦੀ ਭੱਠੀ ਵਿੱਚ ਸੁੱਟੇ ਗਏ । ੨੪ ਤਦ ਨਬੂਕਦਨੱਸਰ ਰਾਜਾ ਹੱਕਾ-ਬੱਕਾ ਹੋ ਕੇ ਝੱਟ ਖੜ੍ਹਾ ਹੋਇਆ । ਉਹ ਆਪਣੇ ਸਲਾਹਕਾਰਾਂ ਨੂੰ ਆਖਣ ਲੱਗਾ, ਕੀ ਅਸੀਂ ਤਿੰਨ ਮਨੁੱਖਾਂ ਨੂੰ ਬੰਨ੍ਹ ਕੇ ਅੱਗ ਵਿੱਚ ਨਹੀਂ ਸੁੱਟਵਾਇਆ ? ਉਹਨਾਂ ਨੇ ਉੱਤਰ ਦਿੱਤਾ ਕਿ ਹਾਂ ਰਾਜਾ, ਇਹ ਸੱਚ ਹੈ । ੨੫ ਫਿਰ ਉਸ ਨੇ ਉੱਤਰ ਦੇ ਕੇ ਆਖਿਆ ਭਈ ਵੇਖੋ, ਮੈਂ ਚਾਰ ਮਨੁੱਖ ਅੱਗ ਵਿੱਚ ਖੁੱਲ੍ਹੇ ਫਿਰਦੇ ਵੇਖਦਾ ਹਾਂ ਅਤੇ ਉਹਨਾਂ ਨੂੰ ਕੁਝ ਦੁੱਖ ਨਹੀਂ ਹੈ ਅਤੇ ਚੌਥੇ ਦਾ ਸਰੂਪ ਪਰਮੇਸ਼ੁਰ ਦੇ ਪੁੱਤਰ ਜਿਹਾ ਹੈ !
ਦਾਨੀਏਲ ਦੇ ਸਾਥੀਆਂ ਦਾ ਸਨਮਾਨ
੨੬ ਫਿਰ ਨਬੂਕਦਨੱਸਰ ਅੱਗ ਦੀ ਬਲਦੀ ਹੋਈ ਭੱਠੀ ਦੇ ਬੂਹੇ ਦੇ ਨੇੜੇ ਆਇਆ । ਉਹ ਬੋਲਿਆ, ਹੇ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਅੱਤ ਮਹਾਨ ਪਰਮੇਸ਼ੁਰ ਦੇ ਬੰਦਿਓ, ਬਾਹਰ ਨਿੱਕਲ ਕੇ ਐਧਰ ਆਓ ! ਤਦ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਅੱਗ ਵਿੱਚੋਂ ਨਿੱਕਲ ਆਏ । ੨੭ ਸ਼ਜਾਦਿਆਂ, ਦੀਵਾਨਾਂ, ਸਰਦਾਰਾਂ ਤੇ ਰਾਜੇ ਦੇ ਸਲਾਹਕਾਰਾਂ ਨੇ ਇਕੱਠੇ ਹੋ ਕੇ ਉਹਨਾਂ ਮਨੁੱਖਾਂ ਨੂੰ ਡਿੱਠਾ ਕਿ ਅੱਗ ਦਾ ਉਹਨਾਂ ਦੇ ਸਰੀਰਾਂ ਉੱਤੇ ਕੁਝ ਵੱਸ ਨਹੀਂ ਸੀ ਚੱਲਿਆ, ਨਾ ਉਹਨਾਂ ਦੇ ਸਿਰ ਦੇ ਵਾਲ ਝੁਲਸੇ, ਨਾ ਉਹਨਾਂ ਦੇ ਝੱਗਿਆਂ ਵਿੱਚ ਕੁਝ ਫ਼ਰਕ ਪਿਆ ਅਤੇ ਨਾ ਉਹਨਾਂ ਤੋਂ ਅੱਗ ਦੇ ਜਲਣ ਦੀ ਬੋ ਆਉਂਦੀ ਸੀ । ੨੮ ਨਬੂਕਦਨੱਸਰ ਨੇ ਪੁਕਾਰ ਕੇ ਆਖਿਆ ਕਿ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਦਾ ਪਰਮੇਸ਼ੁਰ ਮੁਬਾਰਕ ਹੋਵੇ ਜਿਸ ਆਪਣੇ ਬੰਦਿਆਂ ਨੂੰ ਛੁਡਾ ਲਿਆ ਜਿਹਨਾਂ ਨੇ ਉਹ ਦੇ ਉੱਤੇ ਨਿਹਚਾ ਕੀਤੀ ਅਤੇ ਰਾਜੇ ਦੇ ਹੁਕਮ ਨੂੰ ਟਾਲ ਦਿੱਤਾ ਅਤੇ ਆਪਣੇ ਸਰੀਰਾਂ ਨੂੰ ਭੇਂਟ ਕੀਤਾ ਕਿ ਆਪਣੇ ਪਰਮੇਸ਼ੁਰ ਦੇ ਬਿਨ੍ਹਾਂ ਹੋਰ ਕਿਸੇ ਦੇਵਤੇ ਦੀ ਸੇਵਾ ਜਾਂ ਬੰਦਗੀ ਨਾ ਕਰਨ । ੨੯ ਇਸ ਲਈ ਮੈਂ ਇਹ ਹੁਕਮ ਜਾਰੀ ਕਰਦਾ ਹਾਂ ਕਿ ਜੋ ਲੋਕ ਜਾਂ ਕੌਮਾਂ ਜਾਂ ਭਾਖਿਆਂ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਦੇ ਪਰਮੇਸ਼ੁਰ ਦੇ ਵਿਰੁੱਧ ਕੋਈ ਬੁਰੀ ਗੱਲ ਆਖਣਗੀਆਂ ਤਾਂ ਉਹਨਾਂ ਦੇ ਟੁਕੜੇ ਟੁਕੜੇ ਕੀਤੇ ਜਾਣਗੇ ਅਤੇ ਉਹਨਾਂ ਦੇ ਘਰ ਕੂੜੇ ਦੇ ਢੇਰ ਹੋ ਜਾਣਗੇ, ਕਿਉਂ ਜੋ ਹੋਰ ਕੋਈ ਦੇਵਤਾ ਨਹੀਂ ਜਿਹੜਾ ਇਸ ਪਰਕਾਰ ਬਚਾ ਸਕੇ ! ੩੦ ਤਦ ਰਾਜੇ ਨੇ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਨੂੰ ਬਾਬਲ ਦੇ ਸੂਬੇ ਵਿੱਚ ਉੱਚਾ ਕੀਤਾ ।