ਉਜਾੜ ਵਿੱਚ ਭਟਕਣਾ
੧ ਫੇਰ ਅਸੀਂ ਮੁੜ ਕੇ ਲਾਲ ਸਮੁੰਦਰ ਦੇ ਰਾਹ ਤੋਂ ਉਜਾੜ ਵੱਲ ਕੂਚ ਕੀਤਾ, ਜਿਵੇਂ ਯਹੋਵਾਹ ਨੇ ਮੇਰੇ ਨਾਲ ਗੱਲ ਕੀਤੀ ਸੀ ਅਤੇ ਅਸੀਂ ਬਹੁਤ ਦਿਨਾਂ ਤੱਕ ਸੇਈਰ ਪਹਾੜ ਦੇ ਆਲੇ-ਦੁਆਲੇ ਘੇਰਾ ਪਾ ਕੇ ਰੱਖਿਆ । ੨ ਫਿਰ ਯਹੋਵਾਹ ਨੇ ਮੈਨੂੰ ਆਖਿਆ, ੩ “ਤੁਸੀਂ ਬਹੁਤ ਸਮੇਂ ਤੱਕ ਇਸ ਪਹਾੜ ਦੇ ਆਲੇ-ਦੁਆਲੇ ਘੇਰਾ ਪਾ ਕੇ ਰੱਖਿਆ ਹੈ, ਹੁਣ ਤੁਸੀਂ ਆਪਣਾ ਸਫ਼ਰ ਉੱਤਰ ਵੱਲ ਕਰੋ । ੪ ਪਰਜਾ ਨੂੰ ਹੁਕਮ ਦੇ ਕਿ ਤੁਸੀਂ ਆਪਣੇ ਭਰਾ ਏਸਾਵੀਆਂ ਦੀਆਂ ਹੱਦਾਂ ਵਿੱਚੋਂ ਦੀ ਲੰਘਣਾ ਹੈ, ਜਿਹੜੇ ਸੇਈਰ ਵਿੱਚ ਵੱਸਦੇ ਹਨ । ਉਹ ਤੁਹਾਡੇ ਤੋਂ ਡਰਨਗੇ ਪਰ ਤੁਸੀਂ ਬਹੁਤ ਚੌਕਸ ਰਹਿਓ । ੫ ਉਨ੍ਹਾਂ ਨੂੰ ਨਾ ਛੇੜਿਓ ਕਿਉਂ ਜੋ ਮੈਂ ਤੁਹਾਨੂੰ ਉਨ੍ਹਾਂ ਦੇ ਦੇਸ਼ ਵਿੱਚੋਂ ਪੈਰ ਧਰਨ ਦੀ ਥਾਂ ਵੀ ਨਹੀਂ ਦਿਆਂਗਾ ਕਿਉਂ ਜੋ ਮੈਂ ਸੇਈਰ ਪਹਾੜ ਨੂੰ ਏਸਾਓ ਦੀ ਵਿਰਾਸਤ ਹੋਣ ਲਈ ਦੇ ਦਿੱਤਾ ਹੈ । ੬ ਤੁਸੀਂ ਉਨ੍ਹਾਂ ਨੂੰ ਚਾਂਦੀ ਦੇ ਕੇ ਅੰਨ ਮੁੱਲ ਲਿਓ ਤਾਂ ਜੋ ਤੁਸੀਂ ਖਾਓ ਅਤੇ ਤੁਸੀਂ ਉਨ੍ਹਾਂ ਤੋਂ ਪਾਣੀ ਵੀ ਚਾਂਦੀ ਦੇ ਕੇ ਮੁੱਲ ਲਿਓ ਤਾਂ ਜੋ ਤੁਸੀਂ ਪੀਓ । “ ੭ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਬਰਕਤ ਦਿੱਤੀ ਹੈ ਅਤੇ ਇਸ ਵੱਡੀ ਉਜਾੜ ਵਿੱਚ ਉਹ ਤੁਹਾਡਾ ਤੁਰਨਾ-ਫਿਰਨਾ ਜਾਣਦਾ ਹੈ । ਇਨ੍ਹਾਂ ਚਾਲੀ ਸਾਲਾਂ ਤੱਕ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੰਗ-ਸੰਗ ਰਿਹਾ ਹੈ ਅਤੇ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੋਣ ਦਿੱਤੀ ।
੮ ਤਦ ਅਸੀਂ ਆਪਣੇ ਏਸਾਵੀਆਂ ਭਰਾਵਾਂ ਦੇ ਕੋਲੋਂ ਦੀ ਜਿਹੜੇ ਸੇਈਰ ਵਿੱਚ ਵੱਸਦੇ ਸਨ, ਅਰਾਬਾਹ ਦੇ ਰਾਹ ਤੋਂ ਹੁੰਦੇ ਹੋਏ ਏਲਥ ਅਤੇ ਅਸਯੋਨ-ਗਬਰ ਤੋਂ ਲੰਘੇ । ਫੇਰ ਅਸੀਂ ਮੁੜ ਕੇ ਮੋਆਬ ਦੀ ਉਜਾੜ ਵਿੱਚੋਂ ਹੋ ਕੇ ਗਏ ।
੯ ਯਹੋਵਾਹ ਨੇ ਮੈਨੂੰ ਆਖਿਆ, “ਮੋਆਬ ਨੂੰ ਨਾ ਸਤਾਇਓ, ਨਾ ਉਹਨਾਂ ਨਾਲ ਲੜਾਈ-ਝਗੜਾ ਕਰਿਓ ਕਿਉਂ ਜੋ ਮੈਂ ਤੈਨੂੰ ਉਸ ਦਾ ਦੇਸ਼ ਵਿਰਾਸਤ ਵਿੱਚ ਨਹੀਂ ਦਿਆਂਗਾ । ਮੈਂ ਆਰ ਨਗਰ ਲੂਤ ਦੇ ਵੰਸ਼ ਨੂੰ ਵਿਰਾਸਤ ਵਿੱਚ ਦੇ ਦਿੱਤਾ ਹੈ । “ ੧੦ ਪਹਿਲੇ ਸਮਿਆਂ ਵਿੱਚ ਉੱਥੇ ਏਮੀ ਵੱਸਦੇ ਸਨ, ਇਹ ਲੋਕ ਅਨਾਕੀਆਂ ਵਰਗੇ ਵੱਡੇ-ਵੱਡੇ ਅਤੇ ਉੱਚੇ-ਲੰਮੇ ਸਨ । ੧੧ ਅਨਾਕੀਆਂ ਦੀ ਤਰ੍ਹਾਂ ਇਹ ਲੋਕ ਵੀ ਰਫ਼ਾਈ ਗਿਣੇ ਜਾਂਦੇ ਸਨ, ਪਰ ਮੋਆਬੀ ਉਨ੍ਹਾਂ ਨੂੰ ਏਮੀ ਆਖਦੇ ਸਨ । ੧੨ ਹੋਰੀ ਵੀ ਪਹਿਲੇ ਸਮਿਆਂ ਵਿੱਚ ਸੇਈਰ ਵਿੱਚ ਵੱਸਦੇ ਸਨ, ਪਰ ਏਸਾਵੀਆਂ ਨੇ ਉਨ੍ਹਾਂ ਨੂੰ ਕੱਢ ਦਿੱਤਾ ਅਤੇ ਆਪਣੇ ਅੱਗਿਓਂ ਉਨ੍ਹਾਂ ਦਾ ਨਾਸ਼ ਕਰਕੇ ਆਪ ਉਨ੍ਹਾਂ ਦੇ ਸਥਾਨ ਤੇ ਵੱਸ ਗਏ, ਜਿਵੇਂ ਇਸਰਾਏਲ ਨੇ ਆਪਣੀ ਵਿਰਾਸਤ ਦੇ ਦੇਸ਼ ਵਿੱਚ ਕੀਤਾ, ਜਿਹੜਾ ਯਹੋਵਾਹ ਨੇ ਉਨ੍ਹਾਂ ਨੂੰ ਦਿੱਤਾ ਸੀ । ੧੩ “ਹੁਣ ਤੁਸੀਂ ਉੱਠੋ, ਅਤੇ ਜ਼ਾਰਦ ਦੇ ਨਾਲੇ ਦੇ ਉੱਤੋਂ ਦੀ ਪਾਰ ਲੰਘ ਜਾਉ !” ਤਦ ਅਸੀਂ ਜ਼ਾਰਦ ਦੇ ਨਾਲੇ ਦੇ ਉੱਤੋਂ ਦੀ ਪਾਰ ਲੰਘ ਗਏ । ੧੪ ਕਾਦੇਸ਼ ਬਰਨੇਆ ਤੋਂ ਤੁਰ ਕੇ ਜ਼ਾਰਦ ਦੇ ਨਾਲੇ ਦੇ ਉੱਤੋਂ ਦੀ ਪਾਰ ਲੰਘਣ ਤੱਕ ਸਾਨੂੰ ਅਠੱਤੀ ਸਾਲ ਲੱਗੇ, ਜਦ ਤੱਕ ਉਸ ਪੀੜ੍ਹੀ ਦੇ ਸਾਰੇ ਸੂਰਮੇ ਛਾਉਣੀ ਵਿੱਚੋਂ ਮਰ ਮਿਟ ਨਾ ਗਏ, ਜਿਵੇਂ ਯਹੋਵਾਹ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ । ੧੫ ਇਸ ਲਈ ਜਦ ਤੱਕ ਸਾਰੇ ਦੇ ਸਾਰੇ ਮਿਟ ਨਾ ਗਏ, ਤਦ ਤੱਕ ਯਹੋਵਾਹ ਦਾ ਹੱਥ ਉਨ੍ਹਾਂ ਦੇ ਵਿਰੁੱਧ ਸੀ ਕਿ ਛਾਉਣੀ ਦੇ ਵਿੱਚੋਂ ਉਨ੍ਹਾਂ ਨੂੰ ਮਿਟਾ ਦੇਵੇ । ੧੬ ਇਸ ਤਰ੍ਹਾਂ, ਜਦ ਸਾਰੇ ਸੂਰਮੇ ਉਨ੍ਹਾਂ ਲੋਕਾਂ ਵਿੱਚੋਂ ਮਰ ਮਿਟ ਗਏ । ੧੭ ਤਦ ਯਹੋਵਾਹ ਇਹ ਆਖ ਕੇ ਮੇਰੇ ਨਾਲ ਬੋਲਿਆ, ੧੮ “ਅੱਜ ਤੂੰ ਮੋਆਬ ਦੀ ਹੱਦ ਆਰ ਨਗਰ ਵਿੱਚੋਂ ਪਾਰ ਲੰਘਣਾ ਹੈ । ੧੯ ਜਦ ਤੂੰ ਅੰਮੋਨੀਆਂ ਦੇ ਨੇੜੇ ਆਵੇਂ ਤਾਂ ਤੂੰ ਉਹਨਾਂ ਨੂੰ ਨਾ ਸਤਾਈਂ ਅਤੇ ਨਾ ਹੀ ਲੜਾਈ-ਝਗੜਾ ਕਰੀਂ ਕਿਉਂ ਜੋ ਮੈਂ ਤੈਨੂੰ ਅੰਮੋਨੀਆਂ ਦੇ ਦੇਸ਼ ਵਿੱਚੋਂ ਕੁਝ ਵੀ ਤੇਰੀ ਵਿਰਾਸਤ ਹੋਣ ਲਈ ਨਹੀਂ ਦਿਆਂਗਾ, ਕਿਉਂ ਜੋ ਮੈਂ ਉਹ ਲੂਤ ਦੇ ਵੰਸ਼ ਦੀ ਵਿਰਾਸਤ ਹੋਣ ਲਈ ਦਿੱਤਾ ਹੈ । “ ੨੦ (ਉਹ ਵੀ ਰਫ਼ਾਈਆਂ ਦੀ ਧਰਤੀ ਗਿਣੀ ਗਈ । ਰਫ਼ਾਈ ਪਹਿਲੇ ਸਮਿਆਂ ਵਿੱਚ ਉੱਥੇ ਵੱਸਦੇ ਸਨ, ਪਰ ਅੰਮੋਨੀ ਉਨ੍ਹਾਂ ਨੂੰ ਜ਼ਮ ਜ਼ੁੰਮੀ ਆਖਦੇ ਸਨ) ੨੧ ਇਹ ਲੋਕ ਵੀ ਅਨਾਕੀਆਂ ਦੀ ਤਰ੍ਹਾਂ ਗਿਣਤੀ ਵਿੱਚ ਬਹੁਤ ਸਾਰੇ ਅਤੇ ਵੱਡੇ ਅਤੇ ਉੱਚੇ-ਲੰਮੇ ਸਨ, ਪਰ ਯਹੋਵਾਹ ਨੇ ਉਹਨਾਂ ਨੂੰ ਅੰਮੋਨੀਆਂ ਦੇ ਅੱਗਿਓਂ ਨਾਸ਼ ਕਰ ਕੇ ਕੱਢ ਦਿੱਤਾ ਅਤੇ ਉਹ ਆਪ ਉਹਨਾਂ ਦੇ ਸਥਾਨ ਤੇ ਵੱਸ ਗਏ, ੨੨ ਜਿਵੇਂ ਉਹ ਨੇ ਏਸਾਵੀਆਂ ਲਈ ਕੀਤਾ ਸੀ ਜਿਹੜੇ ਸੇਈਰ ਵਿੱਚ ਵੱਸਦੇ ਸਨ, ਜਦ ਉਹ ਨੇ ਉਹਨਾਂ ਦੇ ਅੱਗਿਓਂ ਹੋਰੀਆਂ ਦਾ ਨਾਸ਼ ਕਰ ਦਿੱਤਾ ਅਤੇ ਉਨ੍ਹਾਂ ਨੇ ਉਹਨਾਂ ਨੂੰ ਕੱਢ ਦਿੱਤਾ ਅਤੇ ਅੱਜ ਦੇ ਦਿਨ ਤੱਕ ਉਹ ਆਪ ਉਹਨਾਂ ਦੇ ਸਥਾਨ ਤੇ ਵੱਸਦੇ ਹਨ । ੨੩ ਫੇਰ ਅੱਵੀ, ਜਿਹੜੇ ਅੱਜ਼ਾਹ ਤੱਕ ਪਿੰਡਾਂ ਵਿੱਚ ਵੱਸੇ ਹੋਏ ਸਨ, ਉਨ੍ਹਾਂ ਨੂੰ ਕਫ਼ਤੋਰੀਆਂ ਨੇ ਜਿਹੜੇ ਕਫ਼ਤੋਰ ਤੋਂ ਨਿੱਕਲੇ ਸਨ, ਨਾਸ਼ ਕਰ ਦਿੱਤਾ ਅਤੇ ਆਪ ਉਹਨਾਂ ਦੇ ਸਥਾਨ ਤੇ ਵੱਸ ਗਏ । ੨੪ ਹੁਣ ਤੁਸੀਂ ਉੱਠੋ ਅਤੇ ਕੂਚ ਕਰ ਕੇ ਅਰਨੋਨ ਦੇ ਨਾਲੇ ਤੋਂ ਪਾਰ ਲੰਘੋ । ਵੇਖੋ ਮੈਂ ਤੁਹਾਡੇ ਹੱਥ ਵਿੱਚ ਹਸ਼ਬੋਨ ਦੇ ਰਾਜੇ ਸੀਹੋਨ ਅਮੋਰੀ ਨੂੰ ਉਸ ਦੇ ਦੇਸ਼ ਦੇ ਸਮੇਤ ਦੇ ਦਿੱਤਾ ਹੈ । ਉਸ ਦੇ ਦੇਸ਼ ਨੂੰ ਆਪਣੇ ਅਧਿਕਾਰ ਵਿੱਚ ਲੈਣਾ ਸ਼ੁਰੂ ਕਰੋ ਅਤੇ ਉਸ ਨਾਲ ਯੁੱਧ ਛੇੜ ਦਿਓ । ੨੫ ਅੱਜ ਦੇ ਦਿਨ ਮੈਂ ਤੇਰਾ ਭੈ ਅਤੇ ਤੇਰਾ ਡਰ ਅਕਾਸ਼ ਦੇ ਹੇਠਾਂ ਰਹਿਣ ਵਾਲੇ ਸਾਰੇ ਲੋਕਾਂ ਉੱਤੇ ਪਾਉਣਾ ਸ਼ੁਰੂ ਕਰਦਾ ਹਾਂ । ਉਹ ਤੇਰੀ ਖ਼ਬਰ ਸੁਣ ਕੇ ਕੰਬਣਗੇ ਅਤੇ ਤੇਰੇ ਕਾਰਨ ਤੜਫ਼ ਉੱਠਣਗੇ ।
ਰਾਜੇ ਸੀਹੋਨ ਦੀ ਹਾਰ
(ਗਿਣਤੀ 21:21-30)
੨੬ ਤਦ ਮੈਂ ਕਦੇਮੋਥ ਦੀ ਉਜਾੜ ਤੋਂ ਸੰਦੇਸ਼-ਵਾਹਕਾਂ ਨੂੰ ਹਸ਼ਬੋਨ ਦੇ ਰਾਜੇ ਸੀਹੋਨ ਕੋਲ ਸ਼ਾਂਤੀ ਦੀਆਂ ਇਹ ਗੱਲਾਂ ਆਖਣ ਲਈ ਭੇਜਿਆ, ੨੭ “ਮੈਨੂੰ ਆਪਣੇ ਦੇਸ਼ ਦੇ ਵਿੱਚੋਂ ਦੀ ਲੰਘਣ ਦੇ, ਮੈਂ ਸਿਰਫ਼ ਸੜਕ ਤੋਂ ਹੋ ਕੇ ਜਾਂਵਾਂਗਾ । ਮੈਂ ਨਾ ਤਾਂ ਸੱਜੇ ਮੁੜਾਂਗਾ ਨਾ ਹੀ ਖੱਬੇ । ੨੮ ਤੂੰ ਮੇਰੇ ਤੋਂ ਚਾਂਦੀ ਲੈ ਕੇ ਮੈਨੂੰ ਅੰਨ ਵੇਚੀਂ ਤਾਂ ਜੋ ਮੈਂ ਖਾਵਾਂ ਅਤੇ ਪਾਣੀ ਵੀ ਚਾਂਦੀ ਲੈ ਕੇ ਮੈਨੂੰ ਦੇਵੀਂ ਤਾਂ ਜੋ ਮੈਂ ਪੀਵਾਂ । ਸਿਰਫ਼ ਮੈਨੂੰ ਪੈਦਲ ਪਾਰ ਲੰਘਣ ਦੇ, ੨੯ ਜਿਵੇਂ ਸੇਈਰ ਦੇ ਵਾਸੀ ਏਸਾਵੀਆਂ ਨੇ ਅਤੇ ਆਰ ਦੇ ਵਾਸੀ ਮੋਆਬੀਆਂ ਨੇ ਮੇਰੇ ਨਾਲ ਕੀਤਾ, ਤੂੰ ਵੀ ਉਸੇ ਤਰ੍ਹਾਂ ਹੀ ਕਰ ਜਦ ਤੱਕ ਮੈਂ ਯਰਦਨ ਦੇ ਪਾਰ ਉਸ ਦੇਸ਼ ਵਿੱਚ ਨਾ ਪਹੁੰਚ ਜਾਂਵਾਂ, ਜਿਹੜਾ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਦਿੰਦਾ ਹੈ । “ ੩੦ ਪਰ ਹਸ਼ਬੋਨ ਦੇ ਰਾਜੇ ਸੀਹੋਨ ਨੇ ਸਾਨੂੰ ਆਪਣੇ ਦੇਸ਼ ਵਿੱਚੋਂ ਹੋ ਕੇ ਪਾਰ ਲੰਘਣ ਨਾ ਦਿੱਤਾ ਕਿਉਂ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਉਸ ਦੇ ਆਤਮਾ ਨੂੰ ਕਠੋਰ ਅਤੇ ਉਸ ਦੇ ਮਨ ਨੂੰ ਸਖ਼ਤ ਹੋਣ ਦਿੱਤਾ ਤਾਂ ਜੋ ਉਹ ਉਸ ਨੂੰ ਤੇਰੇ ਹੱਥ ਵਿੱਚ ਦੇ ਦੇਵੇ, ਜਿਵੇਂ ਅੱਜ ਦੇ ਦਿਨ ਹੈ । ੩੧ ਯਹੋਵਾਹ ਨੇ ਮੈਨੂੰ ਆਖਿਆ, “ਵੇਖ, ਮੈਂ ਸੀਹੋਨ ਅਤੇ ਉਸ ਦੇ ਦੇਸ਼ ਨੂੰ ਤੇਰੇ ਹੱਥ ਵਿੱਚ ਦੇਣ ਲੱਗਾ ਹਾਂ । ਉਸ ਦੇ ਦੇਸ਼ ਨੂੰ ਆਪਣੇ ਅਧਿਕਾਰ ਵਿੱਚ ਲੈਣਾ ਸ਼ੁਰੂ ਕਰ ਤਾਂ ਜੋ ਤੂੰ ਉਸ ਨੂੰ ਆਪਣੀ ਵਿਰਾਸਤ ਬਣਾ ਲਵੇਂ । ੩੨ ਤਦ ਸੀਹੋਨ ਅਤੇ ਉਸ ਦੇ ਸਾਰੇ ਲੋਕਾਂ ਨੇ ਨਿੱਕਲ ਕੇ ਯਾਹਸ ਵੱਲ ਸਾਡਾ ਸਾਹਮਣਾ ਕੀਤਾ । ੩੩ ਯਹੋਵਾਹ ਸਾਡੇ ਪਰਮੇਸ਼ੁਰ ਨੇ ਉਸ ਨੂੰ ਸਾਡੇ ਅੱਗੇ ਹਰਾ ਦਿੱਤਾ ਅਤੇ ਅਸੀਂ ਉਸ ਨੂੰ, ਉਸ ਦੇ ਪੁੱਤਰਾਂ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਮਾਰ ਸੁੱਟਿਆ । ੩੪ ਅਸੀਂ ਉਸ ਵੇਲੇ ਉਸ ਦੇ ਸਾਰੇ ਸ਼ਹਿਰ ਲੈ ਲਏ ਅਤੇ ਉਸ ਦੇ ਹਰੇਕ ਵੱਸੇ ਹੋਏ ਸ਼ਹਿਰ ਦਾ ਇਸਤਰੀਆਂ ਅਤੇ ਬੱਚਿਆਂ ਸਮੇਤ ਨਾਸ਼ ਕਰ ਦਿੱਤਾ, ਇੱਥੋਂ ਤੱਕ ਕਿ ਅਸੀਂ ਇੱਕ ਵੀ ਨਾ ਛੱਡਿਆ । ੩੫ ਅਸੀਂ ਸਿਰਫ਼ ਪਸ਼ੂਆਂ ਨੂੰ ਆਪਣੀ ਲੁੱਟ ਵਿੱਚ ਲਿਆ ਅਤੇ ਉਨ੍ਹਾਂ ਸ਼ਹਿਰਾਂ ਦੀ ਲੁੱਟ ਦਾ ਮਾਲ ਲਿਆ, ਜਿਨ੍ਹਾਂ ਨੂੰ ਅਸੀਂ ਜਿੱਤ ਲਿਆ ਸੀ । ੩੬ ਅਰੋਏਰ ਤੋਂ ਜਿਹੜਾ ਆਰਨੋਨ ਦੇ ਨਾਲੇ ਦੀ ਹੱਦ ਉੱਤੇ ਹੈ ਅਤੇ ਉਸ ਸ਼ਹਿਰ ਤੋਂ ਜਿਹੜਾ ਨਾਲੇ ਦੇ ਕੋਲ ਹੈ, ਗਿਲਆਦ ਤੱਕ ਕੋਈ ਨਗਰ ਅਜਿਹਾ ਨਹੀਂ ਸੀ, ਜਿਹੜਾ ਸਾਡੇ ਸਾਹਮਣੇ ਠਹਿਰ ਸਕਦਾ ਸੀ । ਯਹੋਵਾਹ ਸਾਡੇ ਪਰਮੇਸ਼ੁਰ ਨੇ ਸਭ ਕੁਝ ਸਾਡੇ ਅਧੀਨ ਕਰ ਦਿੱਤਾ । ੩੭ ਤੁਸੀਂ ਸਿਰਫ਼ ਅੰਮੋਨੀਆਂ ਦੇ ਦੇਸ਼ ਦੇ ਨੇੜੇ ਨਾ ਗਏ ਅਰਥਾਤ ਯਾਬੋਕ ਨਦੀ ਦਾ ਸਾਰਾ ਪਾਸਾ ਅਤੇ ਪਹਾੜੀ ਸ਼ਹਿਰ ਅਤੇ ਜਿੱਥੇ ਜਾਣ ਤੋਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਮਨ੍ਹਾ ਕੀਤਾ ਸੀ ।