ਮੂਸਾ ਦਾ ਉਪਦੇਸ਼
੧ ਹੇ ਇਸਰਾਏਲ, ਹੁਣ ਉਨ੍ਹਾਂ ਬਿਧੀਆਂ ਅਤੇ ਕਨੂੰਨਾਂ ਨੂੰ ਸੁਣੋ ਜਿਹੜੇ ਮੈਂ ਤੁਹਾਨੂੰ ਸਿਖਾਉਂਦਾ ਹਾਂ ਕਿ ਤੁਸੀਂ ਉਨ੍ਹਾਂ ਨੂੰ ਪੂਰਾ ਕਰੋ, ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਜਾ ਕੇ ਉਸ ਦੇਸ਼ ਨੂੰ ਅਧਿਕਾਰ ਵਿੱਚ ਲੈ ਲਓ ਜਿਹੜਾ ਯਹੋਵਾਹ ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ । ੨ ਜਿਹੜੇ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ, ਉਨ੍ਹਾਂ ਵਿੱਚ ਨਾ ਤਾਂ ਕੁਝ ਵਧਾਓ ਅਤੇ ਨਾ ਉਨ੍ਹਾਂ ਵਿੱਚੋਂ ਕੁਝ ਘਟਾਓ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰੋ, ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ । ੩ ਜੋ ਕੁਝ ਯਹੋਵਾਹ ਨੇ ਬਆਲ ਪਓਰ ਦੇ ਕਾਰਨ ਕੀਤਾ ਉਹ ਸਭ ਤੁਹਾਡੀਆਂ ਅੱਖਾਂ ਨੇ ਵੇਖਿਆ ਹੈ, ਕਿਉਂ ਜੋ ਜਿਹੜੇ ਮਨੁੱਖ ਬਆਲ ਪਓਰ ਦੇ ਪਿੱਛੇ ਹੋ ਗਏ ਸਨ, ਉਨ੍ਹਾਂ ਸਾਰਿਆਂ ਨੂੰ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਨਾਸ਼ ਕਰ ਦਿੱਤਾ ਹੈ, ੪ ਪਰ ਤੁਸੀਂ ਜਿਹੜੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਲ ਬਣੇ ਰਹੇ, ਅੱਜ ਤੱਕ ਸਾਰੇ ਜੀਉਂਦੇ ਹੋ । ੫ ਵੇਖੋ, ਜਿਵੇਂ ਯਹੋਵਾਹ ਮੇਰੇ ਪਰਮੇਸ਼ੁਰ ਨੇ ਮੈਨੂੰ ਹੁਕਮ ਦਿੱਤਾ ਸੀ, ਮੈਂ ਤੁਹਾਨੂੰ ਬਿਧੀਆਂ ਅਤੇ ਕਨੂੰਨ ਸਿਖਾਏ ਹਨ ਤਾਂ ਜੋ ਤੁਸੀਂ ਉਸ ਦੇਸ਼ ਵਿੱਚ ਜਿਸ ਨੂੰ ਅਧਿਕਾਰ ਵਿੱਚ ਲੈਣ ਲਈ ਤੁਸੀਂ ਜਾਂਦੇ ਹੋ, ਉਨ੍ਹਾਂ ਦੇ ਅਨੁਸਾਰ ਕਰੋ । ੬ ਤੁਸੀਂ ਉਹਨਾਂ ਨੂੰ ਮੰਨੋ ਅਤੇ ਪੂਰੇ ਕਰੋ ਕਿਉਂ ਜੋ ਉਹਨਾਂ ਲੋਕਾਂ ਦੀ ਨਜ਼ਰ ਵਿੱਚ ਤੁਹਾਡੀ ਬੁੱਧੀ ਅਤੇ ਸਮਝ ਇਸੇ ਗੱਲ ਤੋਂ ਪ੍ਰਗਟ ਹੋਵੇਗੀ ਅਰਥਾਤ ਜਿਹੜੇ ਇਨ੍ਹਾਂ ਸਾਰੀਆਂ ਬਿਧੀਆਂ ਨੂੰ ਸੁਣ ਕੇ ਆਖਣਗੇ ਕਿ ਬੇਸ਼ਕ ਇਹ ਵੱਡੀ ਕੌਮ ਬੁੱਧਵਾਨ ਅਤੇ ਸਮਝਦਾਰ ਲੋਕਾਂ ਦੀ ਹੈ । ੭ ਕਿਉਂ ਜੋ ਕਿਹੜੀ ਅਜਿਹੀ ਵੱਡੀ ਕੌਮ ਹੈ, ਜਿਸ ਦਾ ਪਰਮੇਸ਼ੁਰ ਉਸ ਦੇ ਐਨੇ ਨਜ਼ਦੀਕ ਹੈ, ਜਿਨ੍ਹਾਂ ਕਿ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਨਜ਼ਦੀਕ ਹੈ, ਜਦ ਕਦੀ ਅਸੀਂ ਉਸ ਦੇ ਅੱਗੇ ਬੇਨਤੀ ਕਰਦੇ ਹਾਂ ? ੮ ਅਤੇ ਕਿਹੜੀ ਅਜਿਹੀ ਵੱਡੀ ਕੌਮ ਹੈ ਜਿਸ ਦੇ ਕੋਲ ਅਜਿਹੀ ਧਾਰਮਿਕ ਬਿਧੀਆਂ ਅਤੇ ਕਨੂੰਨ ਹਨ, ਜਿੰਨ੍ਹੀ ਕਿ ਇਹ ਸਾਰੀ ਬਿਵਸਥਾ ਜਿਹੜੀ ਮੈਂ ਅੱਜ ਤੁਹਾਡੇ ਅੱਗੇ ਰੱਖਦਾ ਹਾਂ ?
੯ ਇਸ ਲਈ ਚੌਕਸ ਰਹੋ ਅਤੇ ਆਪਣੇ ਮਨ ਦੀ ਬਹੁਤ ਰਾਖੀ ਕਰੋ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਉਨ੍ਹਾਂ ਗੱਲਾਂ ਨੂੰ ਭੁੱਲ ਜਾਉ ਜਿਹੜੀਆਂ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੀਆਂ ਹਨ ਅਤੇ ਉਹ ਜੀਵਨ ਭਰ ਲਈ ਤੁਹਾਡੇ ਦਿਲ ਵਿੱਚੋਂ ਨਿੱਕਲ ਜਾਣ, ਪਰ ਤੁਸੀਂ ਉਨ੍ਹਾਂ ਨੂੰ ਆਪਣੇ ਪੁੱਤਰਾਂ ਅਤੇ ਪੋਤਿਆਂ ਨੂੰ ਸਿਖਾਇਓ । ੧੦ ਜਿਸ ਦਿਨ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਹੋਰੇਬ ਵਿੱਚ ਖੜ੍ਹੇ ਹੋਏ ਸੀ, ਜਦ ਯਹੋਵਾਹ ਨੇ ਮੈਨੂੰ ਆਖਿਆ, “ਲੋਕਾਂ ਨੂੰ ਮੇਰੇ ਲਈ ਇੱਕਠੇ ਕਰ ਅਤੇ ਮੈਂ ਲੋਕਾਂ ਨੂੰ ਆਪਣੀਆਂ ਗੱਲਾਂ ਸੁਣਾਵਾਂਗਾ ਕਿ ਉਹ ਜਦ ਤੱਕ ਧਰਤੀ ਉੱਤੇ ਜੀਉਂਦੇ ਰਹਿਣ ਮੇਰੇ ਤੋਂ ਡਰਨਾ ਸਿੱਖਣ ਅਤੇ ਆਪਣੇ ਬੱਚਿਆਂ ਨੂੰ ਵੀ ਸਿਖਾਉਣ । “ ੧੧ ਤਦ ਤੁਸੀਂ ਨੇੜੇ ਆ ਕੇ ਉਸ ਪਰਬਤ ਦੇ ਹੇਠ ਖੜ੍ਹੇ ਹੋ ਗਏ ਅਤੇ ਉਹ ਪਹਾੜ ਅੱਗ ਨਾਲ ਬਲਦਾ ਸੀ ਅਤੇ ਉਸ ਦੀ ਲੌ ਅਕਾਸ਼ ਤੱਕ ਪਹੁੰਚਦੀ ਸੀ ਅਤੇ ਉਸ ਦੇ ਚੁਫ਼ੇਰੇ ਹਨੇਰਾ, ਬੱਦਲ ਅਤੇ ਕਾਲੀਆਂ ਘਟਾਂ ਸਨ । ੧੨ ਯਹੋਵਾਹ ਅੱਗ ਦੇ ਵਿੱਚੋਂ ਦੀ ਤੁਹਾਡੇ ਨਾਲ ਬੋਲਿਆ, ਤੁਸੀਂ ਉਸ ਦੇ ਸ਼ਬਦ ਤਾਂ ਸੁਣੇ ਪਰ ਤੁਸੀਂ ਕੋਈ ਸਰੂਪ ਨਾ ਵੇਖਿਆ, ਤੁਸੀਂ ਸਿਰਫ਼ ਅਵਾਜ਼ ਹੀ ਸੁਣੀ । ੧੩ ਉਸ ਨੇ ਆਪਣਾ ਨੇਮ ਤੁਹਾਡੇ ਉੱਤੇ ਪਰਗਟ ਕੀਤਾ, ਜਿਸ ਨੂੰ ਪੂਰਾ ਕਰਨ ਦਾ ਹੁਕਮ ਉਸ ਨੇ ਤੁਹਾਨੂੰ ਦਿੱਤਾ ਅਰਥਾਤ ਦਸ ਹੁਕਮ ਅਤੇ ਉਨ੍ਹਾਂ ਨੂੰ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖ ਦਿੱਤਾ । ੧੪ ਉਸੇ ਵੇਲੇ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਕਿ ਮੈਂ ਤੁਹਾਨੂੰ ਬਿਧੀਆਂ ਅਤੇ ਕਨੂੰਨ ਸਿਖਾਵਾਂ ਤਾਂ ਜੋ ਤੁਸੀਂ ਉਨ੍ਹਾਂ ਨੂੰ ਉਸ ਦੇਸ਼ ਵਿੱਚ ਪੂਰਾ ਕਰੋ, ਜਿਸ ਨੂੰ ਅਧਿਕਾਰ ਵਿੱਚ ਲੈਣ ਲਈ ਤੁਸੀਂ ਪਾਰ ਜਾਂਦੇ ਹੋ ।
ਮੂਰਤੀ ਪੂਜਾ ਦੇ ਵਿਰੁੱਧ ਚੇਤਾਵਨੀ
੧੫ ਤੁਸੀਂ ਆਪਣੇ ਮਨਾਂ ਦੀ ਬਹੁਤ ਰਾਖੀ ਕਰੋ ਕਿਉਂਕਿ ਜਦ ਯਹੋਵਾਹ ਹੋਰੇਬ ਪਰਬਤ ਉੱਤੇ ਅੱਗ ਦੇ ਵਿਚੋਂ ਦੀ ਤੁਹਾਡੇ ਨਾਲ ਬੋਲਿਆ, ਤਾਂ ਤੁਸੀਂ ਕੋਈ ਸਰੂਪ ਨਾ ਵੇਖਿਆ ੧੬ ਅਜਿਹਾ ਨਾ ਹੋਵੇ ਕਿ ਤੁਸੀਂ ਵਿਗੜ ਕੇ ਆਪਣੇ ਲਈ ਕਿਸੇ ਬੁੱਤ ਦੀ ਘੜ੍ਹੀ ਹੋਈ ਮੂਰਤ ਬਣਾ ਲਓ ਅਰਥਾਤ ਕਿਸੇ ਨਰ-ਨਾਰੀ ਦੀ ਸ਼ਕਲ ਵਿੱਚ, ੧੭ ਜਾਂ ਕਿਸੇ ਜਾਨਵਰ ਦੀ ਸ਼ਕਲ ਜਿਹੜਾ ਧਰਤੀ ਉੱਤੇ ਹੈ ਜਾਂ ਅਕਾਸ਼ ਵਿੱਚ ਉੱਡਣ ਵਾਲੇ ਕਿਸੇ ਪੰਛੀ ਦੀ ਸ਼ਕਲ, ੧੮ ਜਾਂ ਕਿਸੇ ਜ਼ਮੀਨ ਉੱਤੇ ਘਿੱਸਰਨ ਵਾਲੇ ਕਿਸੇ ਜੰਤੂ ਦੀ ਸ਼ਕਲ ਜਾਂ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਰਹਿਣ ਵਾਲੀ ਕਿਸੇ ਮੱਛੀ ਦੀ ਸ਼ਕਲ ਵਿੱਚ, ੧੯ ਜਾਂ ਫਿਰ ਜਦ ਤੁਸੀਂ ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੋ ਅਤੇ ਜਦ ਤੁਸੀਂ ਸੂਰਜ, ਚੰਦ ਅਤੇ ਤਾਰਿਆਂ ਨੂੰ ਅਰਥਾਤ ਅਕਾਸ਼ ਦੀ ਸਾਰੀ ਸੈਨਾ ਨੂੰ ਵੇਖੋ ਤਾਂ ਭਟਕ ਕੇ ਉਹਨਾਂ ਦੇ ਅੱਗੇ ਮੱਥਾ ਟੇਕੋ ਅਤੇ ਉਨ੍ਹਾਂ ਦੀ ਸੇਵਾ ਕਰਨ ਲੱਗੋ, ਜਿਨ੍ਹਾਂ ਨੂੰ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਅਕਾਸ਼ ਦੇ ਹੇਠ ਦੇ ਸਾਰੇ ਲੋਕਾਂ ਲਈ ਰੱਖਿਆ ਹੈ । ੨੦ ਪਰ ਯਹੋਵਾਹ ਨੇ ਤੁਹਾਨੂੰ ਲੋਹੇ ਦੀ ਭੱਠੀ ਵਰਗੇ ਮਿਸਰ ਤੋਂ ਕੱਢਿਆ ਤਾਂ ਜੋ ਤੁਸੀਂ ਉਹ ਦੀ ਨਿੱਜ-ਪਰਜਾ ਹੋਵੋ, ਜਿਵੇਂ ਤੁਸੀਂ ਅੱਜ ਦੇ ਦਿਨ ਹੋ । ੨੧ ਤੁਹਾਡੇ ਕਾਰਨ ਯਹੋਵਾਹ ਮੇਰੇ ਨਾਲ ਗੁੱਸੇ ਹੋਇਆ ਅਤੇ ਉਸ ਨੇ ਸਹੁੰ ਖਾਧੀ ਕਿ ਤੂੰ ਯਰਦਨ ਦੇ ਪਾਰ ਨਹੀਂ ਜਾਵੇਂਗਾ ਅਤੇ ਨਾ ਹੀ ਤੂੰ ਉਸ ਚੰਗੇ ਦੇਸ਼ ਵਿੱਚ ਪ੍ਰਵੇਸ਼ ਕਰੇਂਗਾ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ । ੨੨ ਮੈਂ ਤਾਂ ਇਸੇ ਦੇਸ਼ ਵਿੱਚ ਮਰਨਾ ਹੈ । ਮੈਂ ਯਰਦਨ ਦੇ ਪਾਰ ਨਹੀਂ ਜਾ ਸਕਦਾ, ਪਰ ਤੁਸੀਂ ਜਾਉਗੇ ਅਤੇ ਤੁਸੀਂ ਉਸ ਚੰਗੇ ਦੇਸ਼ ਉੱਤੇ ਅਧਿਕਾਰ ਕਰੋਗੇ । ੨੩ ਚੌਕਸ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਨੂੰ ਜਿਹੜਾ ਉਸ ਨੇ ਤੁਹਾਡੇ ਨਾਲ ਬੰਨ੍ਹਿਆ ਹੈ, ਭੁੱਲ ਜਾਓ ਅਤੇ ਆਪਣੇ ਲਈ ਕਿਸੇ ਚੀਜ਼ ਦੀ ਘੜ੍ਹੀ ਹੋਈ ਮੂਰਤ ਬਣਾਓ, ਜਿਸ ਤੋਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਮਨ੍ਹਾ ਕੀਤਾ ਹੈ । ੨੪ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਭਸਮ ਕਰਨ ਵਾਲੀ ਅੱਗ ਹੈ । ਉਹ ਇੱਕ ਅਣਖ ਵਾਲਾ ਪਰਮੇਸ਼ੁਰ ਹੈ ।
੨੫ ਜਦ ਉਸ ਦੇਸ਼ ਵਿੱਚ ਰਹਿੰਦੇ ਹੋਏ ਤੁਹਾਨੂੰ ਬਹੁਤ ਦਿਨ ਹੋ ਜਾਣ ਅਤੇ ਤੁਹਾਡੇ ਪੁੱਤਰ ਤੇ ਪੋਤਰੇ ਪੈਦਾ ਹੋਣ ਅਤੇ ਤੁਸੀਂ ਵਿਗੜ ਕੇ ਆਪਣੇ ਲਈ ਕਿਸੇ ਚੀਜ਼ ਦੀ ਘੜ੍ਹੀ ਹੋਈ ਮੂਰਤ ਬਣਾਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਨਿਗਾਹ ਵਿੱਚ ਬੁਰਿਆਈ ਕਰੋ ਕਿ ਉਹ ਕ੍ਰੋਧਵਾਨ ਹੋਵੇ, ੨੬ ਤਾਂ ਮੈਂ ਅੱਜ ਤੁਹਾਡੇ ਵਿਰੁੱਧ ਅਕਾਸ਼ ਅਤੇ ਧਰਤੀ ਦੀ ਗਵਾਹੀ ਲੈਂਦਾ ਹਾਂ ਕਿ ਉਸ ਦੇਸ਼ ਵਿੱਚੋਂ ਛੇਤੀ ਨਾਲ ਤੁਹਾਡਾ ਪੂਰੀ ਤਰ੍ਹਾਂ ਨਾਸ਼ ਹੋ ਜਾਵੇਗਾ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਯਰਦਨ ਤੋਂ ਪਾਰ ਜਾਂਦੇ ਹੋ । ਤੁਹਾਨੂੰ ਉੱਥੇ ਬਹੁਤ ਦਿਨਾਂ ਤੱਕ ਰਹਿਣ ਦਾ ਮੌਕਾ ਨਹੀਂ ਮਿਲੇਗਾ, ਤੁਹਾਡਾ ਪੂਰੀ ਤਰ੍ਹਾਂ ਹੀ ਨਾਸ਼ ਹੋ ਜਾਵੇਗਾ । ੨੭ ਯਹੋਵਾਹ ਤੁਹਾਨੂੰ ਦੇਸ਼-ਦੇਸ਼ ਦੇ ਲੋਕਾਂ ਵਿੱਚ ਖਿਲਾਰ ਦੇਵੇਗਾ ਅਤੇ ਜਿਨ੍ਹਾਂ ਲੋਕਾਂ ਦੇ ਵਿੱਚ ਯਹੋਵਾਹ ਤੁਹਾਨੂੰ ਧੱਕ ਦੇਵੇਗਾ, ਉੱਥੇ ਤੁਸੀਂ ਥੋੜ੍ਹੇ ਜਿਹੇ ਰਹਿ ਜਾਓਗੇ । ੨੮ ਤੁਸੀਂ ਉੱਥੇ ਆਦਮੀ ਦੇ ਹੱਥਾਂ ਦੇ ਬਣਾਏ ਹੋਏ ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਪੂਜਾ ਕਰੋਗੇ ਜਿਹੜੇ ਨਾ ਵੇਖਦੇ, ਨਾ ਸੁਣਦੇ, ਨਾ ਖਾਂਦੇ ਅਤੇ ਨਾ ਸੁੰਘਦੇ ਹਨ । ੨੯ ਫੇਰ ਤੁਸੀਂ ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਭਾਲ ਕਰੋਗੇ ਅਤੇ ਤੁਸੀਂ ਉਹ ਨੂੰ ਪਾਓਗੇ ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਅਤੇ ਆਪਣੇ ਸਾਰੇ ਮਨ ਨਾਲ ਉਸ ਦੀ ਖੋਜ ਕਰੋਗੇ । ੩੦ ਜਦ ਤੁਸੀਂ ਸੰਕਟ ਵਿੱਚ ਪਓ ਅਤੇ ਇਹ ਸਾਰੀਆਂ ਬਿਪਤਾਂ ਤੁਹਾਡੇ ਉੱਤੇ ਆ ਪੈਣ ਤਾਂ ਆਖਰੀ ਦਿਨਾਂ ਵਿੱਚ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋਗੇ ਅਤੇ ਉਹ ਦੀ ਅਵਾਜ਼ ਸੁਣੋਗੇ, ੩੧ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਇੱਕ ਦਿਆਲੂ ਪਰਮੇਸ਼ੁਰ ਹੈ, ਉਹ ਨਾ ਤਾਂ ਤੁਹਾਨੂੰ ਤਿਆਗੇਗਾ, ਨਾ ਤੁਹਾਡਾ ਨਾਸ਼ ਕਰੇਗਾ ਅਤੇ ਨਾ ਹੀ ਉਸ ਨੇਮ ਨੂੰ ਭੁੱਲੇਗਾ ਜਿਸ ਦੇ ਵਿਖੇ ਉਸ ਨੇ ਤੁਹਾਡੇ ਪਿਉ-ਦਾਦਿਆਂ ਦੇ ਨਾਲ ਸਹੁੰ ਖਾਧੀ ਸੀ । ੩੨ ਜਦੋਂ ਤੋਂ ਪਰਮੇਸ਼ੁਰ ਨੇ ਆਦਮੀ ਨੂੰ ਧਰਤੀ ਉੱਤੇ ਉਤਪਤ ਕੀਤਾ, ਉਸ ਸਮੇਂ ਤੋਂ ਲੈ ਕੇ ਆਪਣੇ ਪੈਦਾ ਹੋਣ ਦੇ ਦਿਨ ਤੱਕ ਦੀਆਂ ਗੱਲਾਂ ਪੁੱਛੋ ਅਤੇ ਅਕਾਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਦੀਆਂ ਗੱਲਾਂ ਪੁੱਛੋ, ਕੀ ਕਦੀ ਅਜਿਹੀ ਵੱਡੀ ਗੱਲ ਕਦੀ ਹੋਈ ਜਾਂ ਕਦੀ ਸੁਣੀ ਗਈ ਹੈ ? ੩੩ ਕੀ ਕਦੀ ਕਿਸੇ ਪਰਜਾ ਨੇ ਪਰਮੇਸ਼ੁਰ ਦੀ ਅਵਾਜ਼ ਅੱਗ ਦੇ ਵਿੱਚੋਂ ਦੀ ਬੋਲਦੀ ਹੋਈ ਸੁਣੀ ਅਤੇ ਜੀਉਂਦੀ ਰਹੀ, ਜਿਵੇਂ ਤੁਸੀਂ ਸੁਣੀ ਹੈ ? ੩੪ ਕੀ ਪਰਮੇਸ਼ੁਰ ਨੇ ਕਦੀ ਜਤਨ ਕੀਤਾ ਕਿ ਜਾ ਕੇ ਆਪਣੇ ਲਈ ਇੱਕ ਕੌਮ ਨੂੰ ਦੂਜੀ ਕੌਮ ਦੇ ਵਿੱਚੋਂ ਪਰਤਾਵਿਆਂ, ਨਿਸ਼ਾਨਾਂ, ਅਚਰਜ ਕੰਮਾਂ, ਯੁੱਧ, ਸ਼ਕਤੀਸ਼ਾਲੀ ਹੱਥ, ਪਸਾਰੀ ਹੋਈ ਬਾਂਹ ਅਤੇ ਵੱਡੇ-ਵੱਡੇ ਡਰਾਵਿਆਂ ਨਾਲ ਕੱਢ ਲਿਆਵੇ, ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਮਿਸਰ ਵਿੱਚ ਤੁਹਾਡੇ ਵੇਖਦਿਆਂ ਤੁਹਾਡੇ ਲਈ ਕੀਤਾ ? ੩੫ ਇਹ ਸਭ ਤੁਹਾਨੂੰ ਵਿਖਾਇਆ ਗਿਆ ਤਾਂ ਜੋ ਤੁਸੀਂ ਜਾਣੋ ਕਿ ਯਹੋਵਾਹ ਹੀ ਪਰਮੇਸ਼ੁਰ ਹੈ ਅਤੇ ਉਸ ਤੋਂ ਬਿਨ੍ਹਾਂ ਹੋਰ ਕੋਈ ਨਹੀਂ ਹੈ । ੩੬ ਅਕਾਸ਼ ਤੋਂ ਉਸ ਨੇ ਤੁਹਾਨੂੰ ਆਪਣੀ ਅਵਾਜ਼ ਸੁਣਾਈ ਤਾਂ ਜੋ ਉਹ ਤੁਹਾਨੂੰ ਸਿੱਖਿਆ ਦੇਵੇ ਅਤੇ ਧਰਤੀ ਉੱਤੇ ਉਸਨੇ ਆਪਣੀ ਵੱਡੀ ਅੱਗ ਤੁਹਾਡੇ ਉੱਤੇ ਪਰਗਟ ਕੀਤੀ ਅਤੇ ਤੁਸੀਂ ਉਸ ਦੇ ਸ਼ਬਦ ਅੱਗ ਦੇ ਵਿੱਚੋਂ ਦੀ ਸੁਣੇ । ੩੭ ਕਿਉਂਕਿ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਪ੍ਰੇਮ ਰੱਖਿਆ ਇਸ ਕਾਰਨ ਉਸ ਨੇ ਉਨ੍ਹਾਂ ਦੇ ਬਾਅਦ ਉਨ੍ਹਾਂ ਦੇ ਵੰਸ਼ ਨੂੰ ਚੁਣਿਆ ਅਤੇ ਤੁਹਾਨੂੰ ਆਪਣੀ ਹਜ਼ੂਰੀ ਨਾਲ ਅਤੇ ਆਪਣੀ ਵੱਡੀ ਸ਼ਕਤੀ ਨਾਲ ਮਿਸਰ ਤੋਂ ਕੱਢ ਲਿਆਇਆ, ੩੮ ਉਹ ਤੁਹਾਡੇ ਨਾਲੋਂ ਵੱਡੀਆਂ ਅਤੇ ਬਲਵੰਤ ਕੌਮਾਂ ਨੂੰ ਤੁਹਾਡੇ ਅੱਗਿਓਂ ਕੱਢ ਦੇਵੇ ਅਤੇ ਤੁਹਾਨੂੰ ਉਨ੍ਹਾਂ ਦੇ ਦੇਸ਼ ਵਿੱਚ ਲਿਆਵੇ ਅਤੇ ਉਨ੍ਹਾਂ ਦੇ ਦੇਸ਼ ਨੂੰ ਤੇਰੀ ਵਿਰਾਸਤ ਬਣਾ ਦੇਵੇ, ਜਿਵੇਂ ਅੱਜ ਦੇ ਦਿਨ ਉਹ ਕਰਦਾ ਹੈ । ੩੯ ਇਸ ਲਈ ਅੱਜ ਜਾਣ ਲਓ ਅਤੇ ਆਪਣੇ ਦਿਲਾਂ ਵਿੱਚ ਰੱਖੋ ਕਿ ਉੱਤੇ ਅਕਾਸ਼ ਵਿੱਚ ਅਤੇ ਹੇਠਾਂ ਧਰਤੀ ਉੱਤੇ ਯਹੋਵਾਹ ਹੀ ਪਰਮੇਸ਼ੁਰ ਹੈ, ਹੋਰ ਕੋਈ ਹੈ ਹੀ ਨਹੀਂ । ੪੦ ਤੁਸੀਂ ਉਸ ਦੀਆਂ ਬਿਧੀਆਂ ਅਤੇ ਹੁਕਮਾਂ ਦੀ ਪਾਲਨਾ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਤਾਂ ਜੋ ਤੁਹਾਡਾ ਅਤੇ ਤੁਹਾਡੇ ਬਾਅਦ ਤੁਹਾਡੇ ਬੱਚਿਆਂ ਦਾ ਭਲਾ ਹੋਵੇ ਅਤੇ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਪਰਮੇਸ਼ੁਰ ਤੁਹਾਨੂੰ ਸਦਾ ਲਈ ਦਿੰਦਾ ਹੈ, ਉਸ ਵਿੱਚ ਤੁਹਾਡੀ ਉਮਰ ਲੰਮੀ ਹੋਵੇ ।
ਪਨਾਹ ਦੇਣ ਵਾਲੇ ਨਗਰ
੪੧ ਤਦ ਮੂਸਾ ਨੇ ਯਰਦਨ ਦੇ ਪਾਰ ਪੂਰਬ ਵੱਲ ਤਿੰਨ ਸ਼ਹਿਰ ਵੱਖਰੇ ਕੀਤੇ, ੪੨ ਕਿ ਜੇਕਰ ਕੋਈ ਭੁੱਲ-ਭੁਲੇਖੇ ਆਪਣੇ ਗੁਆਂਢੀ ਨੂੰ ਮਾਰ ਦੇਵੇ ਜਿਸ ਨਾਲ ਉਸ ਦਾ ਪਹਿਲਾਂ ਤੋਂ ਕੋਈ ਵੈਰ ਨਹੀਂ ਸੀ, ਤਾਂ ਉਹ ਉਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਵਿੱਚ ਭੱਜ ਜਾਵੇ ਅਤੇ ਉੱਥੇ ਭੱਜ ਕੇ ਜੀਉਂਦਾ ਰਹੇ: ੪੩ ਅਰਥਾਤ ਰਊਬੇਨੀਆਂ ਦਾ ਬਸਰ ਸ਼ਹਿਰ ਜੋ ਉਜਾੜ ਵਿੱਚ ਉੱਚੇ ਮੈਦਾਨ ਦੇ ਦੇਸ਼ ਵਿੱਚ ਹੈ ਅਤੇ ਗਾਦੀਆਂ ਲਈ ਗਿਲਆਦ ਵਿੱਚ ਰਾਮੋਥ ਅਤੇ ਮਨੱਸ਼ੀਆਂ ਲਈ ਬਾਸ਼ਾਨ ਵਿੱਚ ਗੋਲਾਨ ।
ਪਰਮੇਸ਼ੁਰ ਦੀ ਬਿਵਸਥਾ ਦਾ ਪਰਿਚੈ
੪੪ ਇਹ ਉਹ ਬਿਵਸਥਾ ਹੈ ਜਿਹੜੀ ਮੂਸਾ ਨੇ ਇਸਰਾਏਲੀਆਂ ਦੇ ਅੱਗੇ ਰੱਖੀ ੪੫ ਅਤੇ ਇਹ ਉਹ ਸਾਖੀਆਂ, ਬਿਧੀਆਂ ਅਤੇ ਕਨੂੰਨ ਹਨ, ਜਿਹੜੇ ਮੂਸਾ ਨੇ ਇਸਰਾਏਲੀਆਂ ਨੂੰ ਉਸ ਸਮੇਂ ਦੱਸੇ ਜਦ ਉਹ ਮਿਸਰ ਤੋਂ ਨਿੱਕਲੇ, ੪੬ ਅਰਥਾਤ ਯਰਦਨ ਪਾਰ ਬੈਤਪਓਰ ਦੇ ਸਾਹਮਣੇ ਦੀ ਘਾਟੀ ਵਿੱਚ ਜੋ ਅਮੋਰੀਆਂ ਦੇ ਰਾਜੇ ਸੀਹੋਨ ਦੇ ਦੇਸ਼ ਵਿੱਚ ਸੀ । ਉਹ ਹਸ਼ਬੋਨ ਵਿੱਚ ਵੱਸਦਾ ਸੀ, ਜਿਸ ਨੂੰ ਮੂਸਾ ਅਤੇ ਇਸਰਾਏਲੀਆਂ ਨੇ ਮਾਰਿਆ, ਜਦ ਉਹ ਮਿਸਰ ਤੋਂ ਨਿੱਕਲੇ ਸਨ । ੪੭ ਉਨ੍ਹਾਂ ਨੇ ਉਸ ਦੇ ਦੇਸ਼ ਉੱਤੇ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਦੇਸ਼ ਉੱਤੇ ਵੀ ਕਬਜ਼ਾ ਕਰ ਲਿਆ । ਇਹ ਦੋਵੇਂ ਅਮੋਰੀਆਂ ਦੇ ਰਾਜੇ ਸਨ ਅਤੇ ਉਹ ਯਰਦਨ ਦੇ ਪਾਰ ਪੂਰਬ ਵੱਲ ਵੱਸਦੇ ਸਨ । ੪੮ ਉਨ੍ਹਾਂ ਨੇ ਅਰੋਏਰ ਤੋਂ ਲੈ ਕੇ ਜਿਹੜਾ ਆਰਨੋਨ ਦੇ ਨਾਲੇ ਦੇ ਬੰਨ੍ਹੇ ਉੱਤੇ ਹੈ ਅਤੇ ਸੀਹੋਨ ਪਰਬਤ ਤੱਕ ਜਿਹੜਾ ਹਰਮੋਨ ਵੀ ਅਖਵਾਉਂਦਾ ਹੈ ੪੯ ਅਤੇ ਸਾਰੇ ਅਰਾਬਾਹ ਉੱਤੇ ਯਰਦਨ ਤੋਂ ਪਾਰ ਪੂਰਬ ਵੱਲ ਅਰਥਾਤ ਅਰਾਬਾਹ ਦੇ ਸਮੁੰਦਰ ਤੱਕ ਜਿਹੜਾ ਪਿਸਗਾਹ ਦੀ ਢਾਲ ਹੇਠ ਹੈ, ਕਬਜ਼ਾ ਕਰ ਲਿਆ ।