ਉੱਤਮ ਦੇਸ਼
੧ ਤੁਸੀਂ ਇਸ ਸਾਰੇ ਹੁਕਮਨਾਮੇ ਦੀ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਪੂਰਾ ਕਰਨ ਦੀ ਪਾਲਣਾ ਕਰੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਵਧੋ ਅਤੇ ਤੁਸੀਂ ਜਾ ਕੇ ਉਸ ਦੇਸ਼ ਉੱਤੇ ਅਧਿਕਾਰ ਕਰੋ, ਜਿਸ ਦੀ ਸਹੁੰ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ । ੨ ਤੁਸੀਂ ਉਸ ਸਾਰੇ ਰਸਤੇ ਨੂੰ ਯਾਦ ਰੱਖਿਓ ਜਿਸ ਦੇ ਵਿੱਚ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਚਾਲੀ ਸਾਲ ਤੱਕ ਉਜਾੜ ਵਿੱਚ ਲਈ ਫਿਰਦਾ ਰਿਹਾ, ਤਾਂ ਜੋ ਉਹ ਤੁਹਾਨੂੰ ਅਧੀਨ ਹੋਣਾ ਸਿਖਾਵੇ ਅਤੇ ਤੁਹਾਨੂੰ ਪਰਖੇ ਅਤੇ ਜਾਣੇ ਕਿ ਤੁਹਾਡੇ ਮਨ ਵਿੱਚ ਕੀ ਹੈ ਅਰਥਾਤ ਕੀ ਤੁਸੀਂ ਉਸ ਦੇ ਹੁਕਮਾਂ ਉੱਤੇ ਚੱਲੋਗੇ ਵੀ ਕਿ ਨਹੀਂ ? ੩ ਉਸ ਨੇ ਤੁਹਾਨੂੰ ਅਧੀਨ ਕੀਤਾ, ਤੁਹਾਨੂੰ ਭੁੱਖੇ ਹੋਣ ਦਿੱਤਾ ਅਤੇ ਤੁਹਾਨੂੰ ਉਹ ਮੰਨਾ ਖਿਲਾਇਆ, ਜਿਸ ਨੂੰ ਨਾ ਤੁਸੀਂ, ਨਾ ਤੁਹਾਡੇ ਪਿਉ-ਦਾਦੇ ਜਾਣਦੇ ਸਨ, ਤਾਂ ਜੋ ਤੁਹਾਨੂੰ ਸਿਖਾਵੇ ਕਿ ਮਨੁੱਖ ਸਿਰਫ਼ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰ ਇੱਕ ਵਾਕ ਨਾਲ ਜਿਹੜਾ ਯਹੋਵਾਹ ਦੇ ਮੂੰਹੋਂ ਨਿੱਕਲਦਾ ਹੈ, ਮਨੁੱਖ ਜੀਉਂਦਾ ਰਹੇਗਾ । ੪ ਇਨ੍ਹਾਂ ਚਾਲੀ ਸਾਲਾਂ ਵਿੱਚ ਨਾ ਤੁਹਾਡੇ ਬਸਤਰ ਪੁਰਾਣੇ ਹੋਏ ਅਤੇ ਨਾ ਹੀ ਤੁਹਾਡੇ ਪੈਰ ਸੁੱਜੇ । ੫ ਤੁਸੀਂ ਆਪਣੇ ਮਨ ਵਿੱਚ ਵਿਚਾਰ ਕਰੋ ਕਿ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਤਾੜਨਾ ਦਿੰਦਾ ਹੈ, ਉਸੇ ਤਰ੍ਹਾਂ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਤਾੜਨਾ ਦਿੰਦਾ ਰਿਹਾ । ੬ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰੋ ਤਾਂ ਜੋ ਉਸ ਦੇ ਰਾਹਾਂ ਉੱਤੇ ਚੱਲੋ ਅਤੇ ਉਸ ਤੋਂ ਡਰਦੇ ਰਹੋ, ੭ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਇੱਕ ਚੰਗੇ ਦੇਸ਼ ਵਿੱਚ ਲੈ ਕੇ ਜਾ ਰਿਹਾ ਹੈ, ਇੱਕ ਅਜਿਹਾ ਦੇਸ਼ ਜਿੱਥੇ ਪਾਣੀ ਦੇ ਨਾਲੇ, ਚਸ਼ਮੇ ਅਤੇ ਡੂੰਘੇ ਸੋਤੇ ਹਨ, ਜਿਹੜੇ ਘਾਟੀਆਂ ਅਤੇ ਪਹਾੜਾਂ ਵਿੱਚ ਵਗਦੇ ਹਨ, ੮ ਇੱਕ ਅਜਿਹਾ ਦੇਸ਼ ਜਿੱਥੇ ਕਣਕ, ਜੌਂ, ਅੰਗੂਰ, ਹੰਜ਼ੀਰ ਅਤੇ ਅਨਾਰ ਹੁੰਦੇ ਹਨ, ਇੱਕ ਅਜਿਹਾ ਦੇਸ਼ ਜਿੱਥੇ ਜ਼ੈਤੂਨ ਦਾ ਤੇਲ ਅਤੇ ਸ਼ਹਿਦ ਹੁੰਦਾ ਹੈ, ੯ ਇੱਕ ਅਜਿਹਾ ਦੇਸ਼ ਜਿਸ ਦੇ ਵਿੱਚ ਤੁਸੀਂ ਤੰਗੀ ਦੀ ਰੋਟੀ ਨਾ ਖਾਓਗੇ ਅਤੇ ਉੱਥੇ ਤੁਹਾਨੂੰ ਕਿਸੇ ਚੀਜ਼ ਦੀ ਥੁੜ ਨਾ ਹੋਵੇਗੀ, ਇੱਕ ਅਜਿਹਾ ਦੇਸ਼ ਜਿਸ ਦੇ ਪੱਥਰ ਲੋਹੇ ਦੇ ਹਨ ਅਤੇ ਜਿਸ ਦੀਆਂ ਪਹਾੜੀਆਂ ਨੂੰ ਪੁੱਟ ਕੇ ਤੁਸੀਂ ਤਾਂਬਾ ਕੱਢੋਗੇ । ੧੦ ਤੁਸੀਂ ਰੱਜ ਕੇ ਖਾਓਗੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਉਸ ਚੰਗੇ ਦੇਸ਼ ਦੇ ਕਾਰਨ ਜਿਹੜਾ ਉਸ ਨੇ ਤੁਹਾਨੂੰ ਦਿੱਤਾ ਹੈ, ਮੁਬਾਰਕ ਆਖੋਗੇ ।
ਪ੍ਰਭੂ ਨੂੰ ਭੁੱਲਣ ਦੇ ਵਿਰੁੱਧ ਚੇਤਾਵਨੀ
੧੧ ਚੌਕਸ ਰਹੋ, ਕਿਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁੱਲ ਜਾਓ ਅਤੇ ਉਸ ਦੇ ਹੁਕਮਾਂ, ਕਨੂੰਨਾਂ ਅਤੇ ਬਿਧੀਆਂ ਨੂੰ ਨਾ ਮੰਨੋ, ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ । ੧੨ ਅਜਿਹਾ ਨਾ ਹੋਵੇ ਕਿ ਜਦ ਤੁਸੀਂ ਰੱਜ ਕੇ ਖਾਓ ਅਤੇ ਚੰਗੇ ਘਰ ਬਣਾ ਕੇ ਉਨ੍ਹਾਂ ਵਿੱਚ ਵੱਸ ਜਾਓ, ੧੩ ਜਦ ਤੁਹਾਡੇ ਚੌਣੇ ਅਤੇ ਤੁਹਾਡੇ ਇੱਜੜ ਵੱਧ ਜਾਣ ਅਤੇ ਤੁਹਾਡਾ ਸੋਨਾ-ਚਾਂਦੀ ਵੱਧ ਜਾਵੇ, ਸਗੋਂ ਤੁਹਾਡਾ ਸਭ ਕੁਝ ਹੀ ਵੱਧ ਜਾਵੇ, ੧੪ ਤਦ ਤੁਹਾਡੇ ਮਨ ਵਿੱਚ ਹੰਕਾਰ ਆ ਜਾਵੇ ਅਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁੱਲ ਜਾਓ, ਜਿਸ ਨੇ ਤੁਹਾਨੂੰ ਮਿਸਰ ਦੇਸ਼ ਤੋਂ ਅਰਥਾਤ ਗੁਲਾਮੀ ਦੇ ਘਰ ਤੋਂ ਕੱਢਿਆ ੧੫ ਅਤੇ ਜਿਹੜਾ ਤੁਹਾਨੂੰ ਵੱਡੀ ਅਤੇ ਭਿਆਨਕ ਉਜਾੜ ਦੇ ਵਿੱਚ ਲੈ ਕੇ ਚੱਲਿਆ, ਜਿੱਥੇ ਜ਼ਹਿਰੀਲੇ ਸੱਪ ਅਤੇ ਬਿੱਛੂ ਸਨ ਅਤੇ ਸੁੱਕੀ ਜ਼ਮੀਨ ਤੋਂ ਜਿੱਥੇ ਪਾਣੀ ਨਹੀਂ ਸੀ, ਜਿਸ ਨੇ ਤੁਹਾਡੇ ਲਈ ਪਥਰੀਲੀ ਚੱਟਾਨ ਤੋਂ ਪਾਣੀ ਕੱਢਿਆ, ੧੬ ਜਿਸ ਨੇ ਤੁਹਾਨੂੰ ਉਜਾੜ ਵਿੱਚ ਮੰਨਾ ਖਿਲਾਇਆ, ਜਿਸ ਨੂੰ ਤੁਹਾਡੇ ਪਿਉ-ਦਾਦੇ ਨਹੀਂ ਜਾਣਦੇ ਸਨ, ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਤੁਹਾਨੂੰ ਪਰਖੇ ਅਤੇ ਅੰਤ ਵਿੱਚ ਤੁਹਾਡਾ ਭਲਾ ਕਰੇ, ੧੭ ਕਿਤੇ ਤੁਸੀਂ ਆਪਣੇ ਮਨ ਵਿੱਚ ਆਖੋ ਕਿ ਸਾਡੇ ਬਲ ਅਤੇ ਸਾਡੇ ਹੱਥਾਂ ਦੀ ਸ਼ਕਤੀ ਨੇ ਇਹ ਧਨ ਕਮਾਇਆ ਹੈ । ੧੮ ਪਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਯਾਦ ਰੱਖਿਓ ਕਿਉਂ ਜੋ ਉਹ ਹੀ ਤੁਹਾਨੂੰ ਬਲ ਦਿੰਦਾ ਹੈ ਕਿ ਤੁਸੀਂ ਧਨ ਕਮਾਓ ਤਾਂ ਜੋ ਉਹ ਆਪਣਾ ਨੇਮ ਕਾਇਮ ਰੱਖੇ, ਜਿਸ ਦੀ ਸਹੁੰ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ, ਜਿਵੇਂ ਅੱਜ ਦੇ ਦਿਨ ਹੈ । ੧੯ ਅਜਿਹਾ ਹੋਵੇਗਾ ਕਿ ਜੇਕਰ ਤੁਸੀਂ ਸੱਚ-ਮੁੱਚ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁੱਲ ਜਾਓ ਅਤੇ ਦੂਜੇ ਦੇਵਤਿਆਂ ਦੇ ਪਿੱਛੇ ਚੱਲੋ, ਉਹਨਾਂ ਦੀ ਪੂਜਾ ਕਰੋ ਅਤੇ ਉਹਨਾਂ ਦੇ ਅੱਗੇ ਮੱਥਾ ਟੇਕੋ, ਤਾਂ ਮੈਂ ਅੱਜ ਤੁਹਾਡੇ ਵਿਰੁੱਧ ਸਾਖੀ ਦਿੰਦਾ ਹਾਂ ਕਿ ਤੁਸੀਂ ਜ਼ਰੂਰ ਨਾਸ਼ ਹੋ ਜਾਓਗੇ । ੨੦ ਉਨ੍ਹਾਂ ਕੌਮਾਂ ਵਾਂਗੂੰ ਜਿਨ੍ਹਾਂ ਨੂੰ ਯਹੋਵਾਹ ਤੁਹਾਡੇ ਅੱਗਿਓਂ ਨਾਸ਼ ਕਰਦਾ ਹੈ, ਤੁਸੀਂ ਵੀ ਨਾਸ਼ ਹੋ ਜਾਓਗੇ, ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਹੀਂ ਸੁਣੀ ।