੧੦
ਪੱਥਰ ਦੀਆਂ ਨਵੀਆਂ ਫੱਟੀਆਂ
(ਕੂਚ 34:1-10)
੧ ਉਸ ਵੇਲੇ ਯਹੋਵਾਹ ਨੇ ਮੈਨੂੰ ਆਖਿਆ, “ਪਹਿਲਾਂ ਦੀ ਤਰ੍ਹਾਂ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾ ਅਤੇ ਉਨ੍ਹਾਂ ਨੂੰ ਲੈ ਕੇ ਮੇਰੇ ਕੋਲ ਪਹਾੜ ਉੱਤੇ ਚੜ੍ਹ ਆ ਅਤੇ ਲੱਕੜੀ ਦਾ ਇੱਕ ਸੰਦੂਕ ਵੀ ਬਣਵਾ । ੨ ਮੈਂ ਉਨ੍ਹਾਂ ਫੱਟੀਆਂ ਉੱਤੇ ਉਹੋ ਗੱਲਾਂ ਲਿਖਾਂਗਾ, ਜਿਹੜੀਆਂ ਪਹਿਲੀਆਂ ਫੱਟੀਆਂ ਉੱਤੇ ਸਨ, ਜਿਨ੍ਹਾਂ ਨੂੰ ਤੂੰ ਤੋੜ ਸੁੱਟਿਆ । ਤੂੰ ਉਨ੍ਹਾਂ ਨੂੰ ਸੰਦੂਕ ਵਿੱਚ ਰੱਖ ਲਵੀਂ । ੩ ਤਦ ਮੈਂ ਬਬੂਲ ਦੀ ਲੱਕੜੀ ਦਾ ਇੱਕ ਸੰਦੂਕ ਬਣਵਾਇਆ ਅਤੇ ਮੈਂ ਪੱਥਰ ਦੀਆਂ ਦੋ ਫੱਟੀਆਂ ਪਹਿਲਾਂ ਵਾਂਗੂੰ ਘੜ੍ਹ ਕੇ ਬਣਾਈਆਂ ਅਤੇ ਇਹ ਦੋਨੋਂ ਫੱਟੀਆਂ ਆਪਣੇ ਹੱਥਾਂ ਵਿੱਚ ਲੈ ਕੇ ਮੈਂ ਪਹਾੜ ਉੱਤੇ ਚੜ੍ਹ ਗਿਆ । ੪ ਤਦ ਉਸ ਨੇ ਉਨ੍ਹਾਂ ਫੱਟੀਆਂ ਉੱਤੇ ਲਿਖਿਆ ਜਿਵੇਂ ਪਹਿਲਾਂ ਲਿਖਿਆ ਸੀ ਅਰਥਾਤ ਉਹ ਦਸ ਹੁਕਮ ਜਿਹੜੇ ਯਹੋਵਾਹ ਨੇ ਤੁਹਾਨੂੰ ਪਹਾੜ ਉੱਤੇ ਅੱਗ ਦੇ ਵਿੱਚੋਂ ਦੀ ਸਭਾ ਵਾਲੇ ਦਿਨ ਦਿੱਤੇ ਸਨ । “ ਫੇਰ ਯਹੋਵਾਹ ਨੇ ਉਹ ਫੱਟੀਆਂ ਮੈਨੂੰ ਦੇ ਦਿੱਤੀਆਂ । ੫ ਜਦ ਮੈਂ ਪਹਾੜ ਤੋਂ ਉੱਤਰਿਆ ਤਾਂ ਮੈਂ ਉਨ੍ਹਾਂ ਫੱਟੀਆਂ ਨੂੰ ਉਸ ਸੰਦੂਕ ਵਿੱਚ ਰੱਖ ਦਿੱਤਾ, ਜਿਹੜਾ ਮੈਂ ਬਣਵਾਇਆ ਸੀ ਅਤੇ ਯਹੋਵਾਹ ਦੇ ਹੁਕਮ ਅਨੁਸਾਰ ਉਹ ਉੱਥੇ ਹੀ ਹਨ ।
੬ ਇਸਰਾਏਲੀਆਂ ਨੇ ਯਆਕਾਨੀਆਂ ਦੇ ਬਏਰੋਥ ਤੋਂ ਮੋਸੇਰਾਹ ਤੱਕ ਕੂਚ ਕੀਤਾ । ਉੱਥੇ ਹਾਰੂਨ ਮਰ ਗਿਆ ਅਤੇ ਉਸ ਨੂੰ ਉੱਥੇ ਹੀ ਦੱਬਿਆ ਗਿਆ, ਤਦ ਉਸ ਦਾ ਪੁੱਤਰ ਅਲਆਜ਼ਾਰ ਉਸ ਦੇ ਸਥਾਨ ਤੇ ਜਾਜਕਾਈ ਦਾ ਕੰਮ ਕਰਨ ਲੱਗਾ । ੭ ਉੱਥੋਂ ਉਨ੍ਹਾਂ ਨੇ ਗੁਦਗੋਦਾਹ ਨੂੰ ਕੂਚ ਕੀਤਾ । ਫੇਰ ਗੁਦਗੋਦਾਹ ਤੋਂ ਯਾਟਬਾਤਾਹ ਨੂੰ ਜਿਹੜਾ ਪਾਣੀ ਦੀਆਂ ਨਦੀਆਂ ਦਾ ਦੇਸ਼ ਸੀ । ੮ ਉਸ ਸਮੇਂ ਯਹੋਵਾਹ ਨੇ ਲੇਵੀ ਦੇ ਗੋਤ ਨੂੰ ਵੱਖਰਾ ਕਰ ਦਿੱਤਾ ਤਾਂ ਜੋ ਉਹ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕਿਆ ਕਰਨ ਅਤੇ ਯਹੋਵਾਹ ਦੇ ਅੱਗੇ ਖੜ੍ਹੇ ਰਹਿ ਕੇ ਉਸ ਦੀ ਟਹਿਲ ਸੇਵਾ ਕਰਨ ਅਤੇ ਉਸ ਦੇ ਨਾਮ ਉੱਤੇ ਅਸੀਸ ਦਿਆ ਕਰਨ, ਜਿਵੇਂ ਅੱਜ ਦੇ ਦਿਨ ਤੱਕ ਦਿੰਦੇ ਆਏ ਹਨ । ੯ ਇਸ ਕਾਰਨ ਲੇਵੀ ਦਾ ਆਪਣੇ ਭਰਾਵਾਂ ਨਾਲ ਕੋਈ ਭਾਗ ਜਾਂ ਵਿਰਾਸਤ ਨਹੀਂ ਹੈ । ਯਹੋਵਾਹ ਹੀ ਉਸ ਦੀ ਵਿਰਾਸਤ ਹੈ, ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਸ ਨੂੰ ਆਖਿਆ ਸੀ ।
੧੦ ਮੈਂ ਪਹਿਲਾਂ ਦੀ ਤਰ੍ਹਾਂ ਫੇਰ ਚਾਲੀ ਦਿਨ ਅਤੇ ਚਾਲੀ ਰਾਤਾਂ ਪਹਾੜ ਉੱਤੇ ਰਿਹਾ, ਤਾਂ ਉਸ ਵੇਲੇ ਵੀ ਯਹੋਵਾਹ ਨੇ ਮੇਰੀ ਸੁਣ ਲਈ ਅਤੇ ਯਹੋਵਾਹ ਨੇ ਤੁਹਾਨੂੰ ਨਾਸ਼ ਕਰਨਾ ਨਾ ਚਾਹਿਆ । ੧੧ ਯਹੋਵਾਹ ਨੇ ਮੈਨੂੰ ਆਖਿਆ, “ਉੱਠ ਅਤੇ ਇਸ ਪਰਜਾ ਦੇ ਅੱਗੇ-ਅੱਗੇ ਕੂਚ ਕਰ ਤਾਂ ਜੋ ਉਹ ਜਾ ਕੇ ਉਸ ਦੇਸ਼ ਉੱਤੇ ਅਧਿਕਾਰ ਕਰ ਲੈਣ ਜਿਸ ਨੂੰ ਦੇਣ ਦੀ ਸਹੁੰ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਖਾਧੀ ਸੀ । “
ਪਰਮੇਸ਼ੁਰ ਦੀ ਮੰਗ
੧੨ ਹੇ ਇਸਰਾਏਲ, ਹੁਣ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਤੋਂ ਹੋਰ ਕੀ ਚਾਹੁੰਦਾ ਹੈ, ਸਿਰਫ਼ ਇਹ ਕਿ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈ ਮੰਨੋ, ਉਸ ਦੇ ਸਾਰੇ ਰਾਹਾਂ ਉੱਤੇ ਚੱਲੋ, ਉਸ ਨਾਲ ਪ੍ਰੇਮ ਰੱਖੋ ਅਤੇ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ । ੧੩ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਨੂੰ ਮੰਨੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਤੁਹਾਡੀ ਭਲਿਆਈ ਲਈ ਹੁਕਮ ਦਿੰਦਾ ਹਾਂ । ੧੪ ਵੇਖੋ, ਅਕਾਸ਼ ਸਗੋਂ ਅਕਾਸ਼ਾਂ ਦਾ ਅਕਾਸ਼ ਅਤੇ ਧਰਤੀ ਅਤੇ ਜੋ ਕੁਝ ਉਸ ਵਿੱਚ ਹੈ, ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਹੈ । ੧੫ ਸਿਰਫ਼ ਤੁਹਾਡੇ ਪਿਉ-ਦਾਦਿਆਂ ਨਾਲ ਪ੍ਰਸੰਨ ਹੋ ਕੇ ਯਹੋਵਾਹ ਉਨ੍ਹਾਂ ਨਾਲ ਪ੍ਰੇਮ ਕਰਦਾ ਸੀ ਅਤੇ ਉਨ੍ਹਾਂ ਦੇ ਬਾਅਦ ਉਨ੍ਹਾਂ ਦੇ ਵੰਸ਼ ਅਰਥਾਤ ਤੁਹਾਨੂੰ ਸਾਰੇ ਲੋਕਾਂ ਵਿੱਚੋਂ ਚੁਣ ਲਿਆ, ਜਿਵੇਂ ਅੱਜ ਦੇ ਦਿਨ ਹੈ । ੧੬ ਆਪਣੇ ਮਨਾਂ ਦੀ ਸੁੰਨਤ ਕਰਾਓ ਅਤੇ ਅੱਗੇ ਨੂੰ ਹਠੀਲੇ ਨਾ ਬਣੋ, ੧੭ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਪਰਮੇਸ਼ੁਰਾਂ ਦਾ ਪਰਮੇਸ਼ੁਰ ਹੈ ਅਤੇ ਪ੍ਰਭੂਆਂ ਦਾ ਪ੍ਰਭੂ ਹੈ । ਉਹ ਮਹਾਨ, ਸ਼ਕਤੀਮਾਨ ਅਤੇ ਭੈ ਦਾਇਕ ਪਰਮੇਸ਼ੁਰ ਹੈ, ਜਿਹੜਾ ਕਿਸੇ ਦਾ ਪੱਖਪਾਤ ਨਹੀਂ ਕਰਦਾ ਅਤੇ ਨਾ ਕਿਸੇ ਤੋਂ ਰਿਸ਼ਵਤ ਲੈਂਦਾ ਹੈ । ੧੮ ਉਹ ਯਤੀਮ ਅਤੇ ਵਿਧਵਾ ਦਾ ਨਿਆਂ ਕਰਦਾ ਹੈ ਅਤੇ ਪਰਦੇਸੀ ਨਾਲ ਪ੍ਰੇਮ ਰੱਖਦਾ ਹੈ ਕਿ ਉਸ ਨੂੰ ਰੋਟੀ ਅਤੇ ਕੱਪੜਾ ਦੇਵੇ । ੧੯ ਤੁਸੀਂ ਵੀ ਪਰਦੇਸੀ ਨਾਲ ਪ੍ਰੇਮ ਰੱਖੋ ਕਿਉਂ ਜੋ ਤੁਸੀਂ ਵੀ ਮਿਸਰ ਦੇਸ਼ ਵਿੱਚ ਪਰਦੇਸੀ ਸੀ । ੨੦ ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈ ਮੰਨੋ, ਉਸੇ ਦੀ ਉਪਾਸਨਾ ਕਰੋ, ਉਸ ਦੇ ਨਾਲ ਲੱਗੇ ਰਹੋ ਅਤੇ ਉਸੇ ਦੇ ਨਾਮ ਉੱਤੇ ਸਹੁੰ ਖਾਓ । ੨੧ ਉਹ ਹੀ ਤੁਹਾਡੀ ਮਹਿਮਾ ਦੇ ਯੋਗ ਹੈ । ਉਹ ਤੁਹਾਡਾ ਪਰਮੇਸ਼ੁਰ ਹੈ, ਜਿਸ ਨੇ ਤੁਹਾਡੇ ਲਈ ਇਹ ਵੱਡੇ ਅਤੇ ਭਿਆਨਕ ਕੰਮ ਕੀਤੇ ਹਨ, ਜਿਹੜੇ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੇ ਹਨ । ੨੨ ਤੁਹਾਡੇ ਪਿਉ-ਦਾਦੇ ਜਦ ਮਿਸਰ ਵਿੱਚ ਗਏ ਤਦ ਉਹ ਸੱਤਰ ਪ੍ਰਾਣੀ ਹੀ ਸਨ, ਅਤੇ ਹੁਣ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਇਆ ਹੈ ।