੧੩
੧ ਜੇਕਰ ਤੁਹਾਡੇ ਵਿਚ ਕੋਈ ਨਬੀ ਜਾਂ ਸੁਫ਼ਨਾ ਵੇਖਣ ਵਾਲਾ ਉੱਠੇ ਅਤੇ ਉਹ ਤੁਹਾਨੂੰ ਕੋਈ ਨਿਸ਼ਾਨ ਜਾਂ ਅਚਰਜ ਕੰਮ ਵਿਖਾਵੇ, ੨ ਅਤੇ ਉਹ ਨਿਸ਼ਾਨ ਜਾਂ ਅਚਰਜ ਕੰਮ ਪੂਰਾ ਹੋ ਜਾਵੇ ਜਿਸ ਦੇ ਵਿਖੇ ਉਹ ਤੁਹਾਡੇ ਨਾਲ ਬੋਲਿਆ ਸੀ ਕਿ ਆਓ, ਅਸੀਂ ਦੂਜੇ ਦੇਵਤਿਆਂ ਦੇ ਪਿੱਛੇ ਚੱਲੀਏ, (ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ) ਅਤੇ ਉਹਨਾਂ ਦੀ ਪੂਜਾ ਕਰੀਏ, ੩ ਤਾਂ ਤੁਸੀਂ ਉਸ ਨਬੀ ਜਾਂ ਸੁਫ਼ਨੇ ਵੇਖਣ ਵਾਲੇ ਦੀਆਂ ਗੱਲਾਂ ਨੂੰ ਨਾ ਸੁਣਿਓ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਪਰਖੇਗਾ ਤਾਂ ਜੋ ਉਹ ਜਾਣੇ ਕਿ ਤੁਸੀਂ ਯਹੋਵਾਹ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਪ੍ਰੇਮ ਕਰਦੇ ਹੋ ਜਾਂ ਨਹੀਂ । ੪ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਪਿੱਛੇ ਚੱਲਿਓ, ਉਸੇ ਤੋਂ ਡਰਿਓ, ਉਸੇ ਦੇ ਹੁਕਮਾਂ ਦੀ ਪਾਲਨਾ ਕਰਿਓ, ਉਸੇ ਦੀ ਆਵਾਜ਼ ਨੂੰ ਸੁਣਿਓ, ਉਸੇ ਦੀ ਉਪਾਸਨਾ ਕਰਿਓ ਅਤੇ ਉਸ ਦੇ ਨਾਲ ਲੱਗੇ ਰਹਿਓ । ੫ ਉਹ ਨਬੀ ਜਾਂ ਸੁਫ਼ਨੇ ਵੇਖਣ ਵਾਲਾ ਮਾਰ ਦਿੱਤਾ ਜਾਵੇ ਕਿਉਂ ਜੋ ਉਸ ਨੇ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਵਿਰੁੱਧ ਬੋਲ ਕੇ ਤੁਹਾਨੂੰ ਕੁਰਾਹੇ ਪਾਇਆ ਹੈ, ਜਿਹੜਾ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ ਅਤੇ ਗੁਲਾਮੀ ਦੇ ਘਰ ਤੋਂ ਤੁਹਾਨੂੰ ਛੁਟਕਾਰਾ ਦਿੱਤਾ । ਉਹ ਤੁਹਾਨੂੰ ਉਸ ਰਾਹ ਤੋਂ ਜਿਸ ਉੱਤੇ ਚੱਲਣ ਦਾ ਹੁਕਮ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਦਿੱਤਾ ਸੀ, ਕੁਰਾਹੇ ਪਾਉਣਾ ਚਾਹੁੰਦਾ ਸੀ । ਇਸ ਤਰ੍ਹਾਂ ਤੁਸੀਂ ਉਸ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦੇਈਓ ।
੬ ਜੇ ਤੁਹਾਡਾ ਸਕਾ ਭਰਾ, ਜਾਂ ਤੁਹਾਡਾ ਪੁੱਤਰ, ਜਾਂ ਤੁਹਾਡੀ ਧੀ, ਜਾਂ ਤੁਹਾਡੀ ਪਿਆਰੀ ਪਤਨੀ ਜਾਂ ਤੁਹਾਡਾ ਜਾਨੀ ਦੋਸਤ ਤੁਹਾਨੂੰ ਗੁਪਤ ਰੂਪ ਵਿੱਚ ਇਹ ਆਖ ਕੇ ਫੁਸਲਾਵੇ ਕਿ ਆ ਅਸੀਂ ਦੂਜੇ ਦੇਵਤਿਆਂ ਦੇ ਪਿੱਛੇ ਚੱਲੀਏ ਅਤੇ ਉਹਨਾਂ ਦੀ ਪੂਜਾ ਕਰੀਏ, ਜਿਨ੍ਹਾਂ ਨੂੰ ਨਾ ਤੁਸੀਂ, ਨਾ ਤੁਹਾਡੇ ਪਿਉ-ਦਾਦੇ ਜਾਣਦੇ ਸਨ, ੭ ਅਰਥਾਤ ਪਰਾਈਆਂ ਕੌਮਾਂ ਦੇ ਦੇਵਤੇ ਜਿਹੜੇ ਤੁਹਾਡੇ ਆਲੇ-ਦੁਆਲੇ, ਦੂਰ ਜਾਂ ਨੇੜੇ, ਜਾਂ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਰਹਿਣ ਵਾਲੇ ਲੋਕਾਂ ਦੇ ਦੇਵਤੇ ਹੋਣ, ੮ ਤਾਂ ਤੁਸੀਂ ਹਾਮੀ ਨਾ ਭਰਿਓ, ਨਾ ਉਸ ਦੀ ਸੁਣਿਓ, ਨਾ ਤੁਹਾਡੀਆਂ ਅੱਖਾਂ ਵਿੱਚ ਉਸ ਉੱਤੇ ਤਰਸ ਆਵੇ, ਨਾ ਉਸ ਨੂੰ ਮਾਫ਼ ਕਰਿਓ, ਨਾ ਉਸ ਨੂੰ ਲੁਕਾਓ ੯ ਪਰ ਤੁਸੀਂ ਉਸ ਨੂੰ ਜ਼ਰੂਰ ਹੀ ਮਾਰ ਸੁੱਟਿਓ, ਉਸ ਨੂੰ ਮਾਰਨ ਵਿੱਚ ਤੇਰਾ ਹੱਥ ਪਹਿਲ ਕਰੇ ਅਤੇ ਉਸ ਦੇ ਬਾਅਦ ਸਾਰੀ ਪਰਜਾ ਦੇ ਹੱਥ ਉੱਠਣ । ੧੦ ਤੁਸੀਂ ਉਸ ਉੱਤੇ ਅਜਿਹਾ ਪਥਰਾਓ ਕਰਿਓ ਕਿ ਉਹ ਮਰ ਜਾਵੇ ਕਿਉਂ ਜੋ ਉਹ ਤੁਹਾਨੂੰ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਭਟਕਾਉਣਾ ਚਾਹੁੰਦਾ ਹੈ, ਜਿਹੜਾ ਤੁਹਾਨੂੰ ਮਿਸਰ ਦੇਸ਼ ਤੋਂ ਅਰਥਾਤ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ ਹੈ । ੧੧ ਸਾਰਾ ਇਸਰਾਏਲ ਇਹ ਸੁਣੇ ਅਤੇ ਡਰੇ ਅਤੇ ਫੇਰ ਤੁਹਾਡੇ ਵਿੱਚ ਅਜਿਹੀ ਬੁਰਿਆਈ ਦਾ ਕੰਮ ਨਾ ਹੋਵੇ ।
੧੨ ਜੇਕਰ ਤੁਸੀਂ ਆਪਣੇ ਕਿਸੇ ਸ਼ਹਿਰ ਦੇ ਵਿਖੇ ਸੁਣੋ, ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵੱਸਣ ਲਈ ਦਿੰਦਾ ਹੈ, ੧੩ ਕਿ ਤੁਹਾਡੇ ਵਿੱਚੋਂ ਕਈ ਦੁਸ਼ਟ ਮਨੁੱਖ ਨਿੱਕਲੇ ਹਨ ਅਤੇ ਉਨ੍ਹਾਂ ਨੇ ਸ਼ਹਿਰ ਦੇ ਵਾਸੀਆਂ ਨੂੰ ਇਹ ਆਖ ਕੇ ਕੁਰਾਹੇ ਪਾਇਆ ਹੈ ਕਿ ਆਓ ਚੱਲੀਏ ਅਤੇ ਦੂਜੇ ਦੇਵਤਿਆਂ ਦੀ ਪੂਜਾ ਕਰੀਏ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ, ੧੪ ਤਾਂ ਤੁਸੀਂ ਪੁੱਛ-ਗਿੱਛ ਕਰੋ ਅਤੇ ਲੱਭੋ ਅਤੇ ਪੱਕਾ ਪਤਾ ਲਗਾਓ । ਅਤੇ ਵੇਖੋ, ਜੇਕਰ ਇਹ ਗੱਲ ਸੱਚੀ ਅਤੇ ਪੱਕੀ ਹੋਵੇ ਕਿ ਇਹ ਘਿਣਾਉਣਾ ਕੰਮ ਤੁਹਾਡੇ ਵਿੱਚ ਕੀਤਾ ਗਿਆ ਹੈ, ੧੫ ਤਾਂ ਤੁਸੀਂ ਉਸ ਸ਼ਹਿਰ ਦੇ ਵਾਸੀਆਂ ਨੂੰ ਜ਼ਰੂਰ ਹੀ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਓ, ਉਸ ਦੇ ਵਿੱਚ ਦੀਆਂ ਸਭ ਚੀਜ਼ਾਂ ਨੂੰ ਅਤੇ ਉਸ ਦੇ ਪਸ਼ੂਆਂ ਨੂੰ ਤਲਵਾਰ ਦੀ ਧਾਰ ਨਾਲ ਪੂਰੀ ਤਰ੍ਹਾਂ ਨਾਸ਼ ਕਰ ਦੇਣਾ । ੧੬ ਉਸ ਦਾ ਸਾਰਾ ਲੁੱਟ ਦਾ ਮਾਲ ਚੌਂਕ ਵਿੱਚ ਇਕੱਠਾ ਕਰਿਓ, ਅਤੇ ਉਸ ਸ਼ਹਿਰ ਨੂੰ ਅਤੇ ਉਸ ਦੇ ਸਾਰੇ ਲੁੱਟ ਦੇ ਮਾਲ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਲਈ ਅੱਗ ਨਾਲ ਸਾੜ ਸੁੱਟਿਓ, ਤਾਂ ਜੋ ਉਹ ਸਦਾ ਲਈ ਮਿੱਟੀ ਦਾ ਢੇਰ ਬਣ ਜਾਵੇ ਜਿਹੜਾ ਫੇਰ ਕਦੀ ਨਾ ਉਸਾਰਿਆ ਜਾਵੇ । ੧੭ ਉਨ੍ਹਾਂ ਨਾਸ਼ ਕੀਤੇ ਜਾਣ ਦੀਆਂ ਚੀਜ਼ਾਂ ਵਿੱਚੋਂ ਕੋਈ ਵੀ ਚੀਜ਼ ਤੁਹਾਡੇ ਹੱਥ ਨਾ ਲੱਗੇ, ਤਾਂ ਜੋ ਯਹੋਵਾਹ ਆਪਣੇ ਕ੍ਰੋਧ ਦੀ ਸਖ਼ਤੀ ਤੋਂ ਸ਼ਾਂਤ ਹੋਵੇ ਅਤੇ ਤੁਹਾਡੇ ਉੱਤੇ ਕਿਰਪਾ ਕਰੇ ਅਤੇ ਦਯਾਵਾਨ ਹੋ ਕੇ ਤੁਹਾਨੂੰ ਵਧਾਵੇ, ਜਿਵੇਂ ਉਸ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ । ੧੮ ਇਹ ਤਦ ਹੋਵੇਗਾ ਜਦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਵਾਜ਼ ਸੁਣੋਗੇ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਨਾ ਕਰੋਗੇ, ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਅਤੇ ਜੋ ਕੁਝ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਨਿਗਾਹ ਵਿੱਚ ਠੀਕ ਹੈ ਤੁਸੀਂ ਉਹ ਹੀ ਕਰੋਗੇ ।