੧੭
੧ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਕੋਈ ਬਲਦ ਜਾਂ ਲੇਲਾ ਬਲੀ ਨਾ ਚੜ੍ਹਾਇਓ ਜਿਸ ਦੇ ਵਿੱਚ ਕੋਈ ਕੱਜ ਜਾਂ ਕੋਈ ਦੋਸ਼ ਹੋਵੇ ਕਿਉਂ ਜੋ ਉਹ ਯਹੋਵਾਹ ਤੁਹਾਡੇ ਪਰਮੇਸ਼ੁਰ ਲਈ ਘਿਣਾਉਣਾ ਹੈ ।
੨ ਜੇਕਰ ਤੁਹਾਡੇ ਫਾਟਕਾਂ ਦੇ ਅੰਦਰ, ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ, ਕੋਈ ਅਜਿਹਾ ਪੁਰਖ ਜਾਂ ਇਸਤਰੀ ਪਾਈ ਜਾਵੇ, ਜਿਸ ਨੇ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਨੇਮ ਦੀ ਉਲੰਘਣਾ ਕਰਕੇ ਕੋਈ ਅਜਿਹਾ ਕੰਮ ਕੀਤਾ ਹੋਵੇ ਜੋ ਉਸ ਦੀ ਨਜ਼ਰ ਵਿੱਚ ਬੁਰਾ ਹੈ ੩ ਅਤੇ ਜਾ ਕੇ ਦੂਜੇ ਦੇਵਤਿਆਂ ਦੀ ਜਾਂ ਸੂਰਜ, ਚੰਦ ਅਤੇ ਅਕਾਸ਼ ਦੀ ਸੈਨਾ ਦੀ ਪੂਜਾ ਕੀਤੀ ਹੋਵੇ ਅਤੇ ਉਹਨਾਂ ਦੇ ਅੱਗੇ ਮੱਥਾ ਟੇਕਿਆ ਹੋਵੇ, ਜਿਸ ਦਾ ਮੈਂ ਹੁਕਮ ਨਹੀਂ ਦਿੱਤਾ ਸੀ ੪ ਅਤੇ ਇਹ ਗੱਲ ਤੁਹਾਨੂੰ ਦੱਸੀ ਜਾਵੇ ਅਤੇ ਤੁਹਾਡੇ ਸੁਣਨ ਵਿੱਚ ਆਵੇ ਤਦ ਤੁਸੀਂ ਇਸ ਬਾਰੇ ਚੰਗੀ ਤਰ੍ਹਾਂ ਪੁੱਛ-ਗਿੱਛ ਕਰਿਓ, ਅਤੇ ਵੇਖੋ, ਜੇਕਰ ਉਹ ਗੱਲ ਸੱਚੀ ਅਤੇ ਪੱਕੀ ਹੋਵੇ ਕਿ ਅਜਿਹਾ ਘਿਣਾਉਣਾ ਕੰਮ ਇਸਰਾਏਲ ਵਿੱਚ ਕੀਤਾ ਗਿਆ ਹੈ, ੫ ਤਾਂ ਤੁਸੀਂ ਉਸ ਪੁਰਖ ਜਾਂ ਇਸਤਰੀ ਨੂੰ ਜਿਸ ਨੇ ਇਹ ਬੁਰਾ ਕੰਮ ਕੀਤਾ ਹੋਵੇ, ਉਨ੍ਹਾਂ ਨੂੰ ਆਪਣੇ ਫਾਟਕਾਂ ਦੇ ਕੋਲ ਲੈ ਜਾ ਕੇ ਅਜਿਹਾ ਪਥਰਾਓ ਕਰਿਓ ਕਿ ਉਹ ਮਰ ਜਾਵੇ । ੬ ਜੋ ਮੌਤ ਦੀ ਸਜ਼ਾ ਦੇ ਯੋਗ ਹੋਵੇ, ਉਹ ਇੱਕ ਹੀ ਗਵਾਹ ਦੀ ਗਵਾਹੀ ਤੇ ਨਾ ਮਾਰਿਆ ਜਾਵੇ, ਸਗੋਂ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਤੇ ਹੀ ਮਾਰਿਆ ਜਾਵੇ । ੭ ਉਸ ਨੂੰ ਮਾਰਨ ਲਈ ਗਵਾਹਾਂ ਦਾ ਹੱਥ ਪਹਿਲ ਕਰੇ ਅਤੇ ਉਨ੍ਹਾਂ ਦੇ ਬਾਅਦ ਸਾਰੇ ਲੋਕਾਂ ਦੇ ਹੱਥ ਉੱਠਣ । ਇਸ ਤਰ੍ਹਾਂ ਤੁਸੀਂ ਆਪਣੇ ਵਿੱਚੋਂ ਇਸ ਬੁਰਿਆਈ ਨੂੰ ਮਿਟਾ ਦਿਓ ।
੮ ਜੇਕਰ ਤੁਹਾਡੇ ਫਾਟਕਾਂ ਦੇ ਅੰਦਰ ਝਗੜੇ ਦੀ ਕੋਈ ਅਜਿਹੀ ਗੱਲ ਉੱਠੇ, ਜਿਸ ਦਾ ਨਿਆਂ ਕਰਨਾ ਤੁਹਾਡੇ ਲਈ ਬਹੁਤ ਕਠਿਨ ਹੋਵੇ, ਅਰਥਾਤ ਆਪਸ ਵਿੱਚ ਦਾ ਖੂਨ, ਆਪਸ ਵਿੱਚ ਦਾ ਦਾਵਾ, ਜਾਂ ਆਪਸ ਵਿੱਚ ਦੀ ਮਾਰ-ਕੁਟਾਈ, ਤਾਂ ਤੁਸੀਂ ਉੱਠ ਕੇ ਉਸ ਸਥਾਨ ਨੂੰ ਜਾਇਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ, ੯ ਤੁਸੀਂ ਉਨ੍ਹਾਂ ਲੇਵੀਆਂ, ਜਾਜਕਾਂ ਅਤੇ ਨਿਆਈਆਂ ਦੇ ਕੋਲ ਜਾ ਕੇ ਪੁੱਛ-ਗਿੱਛ ਕਰਿਓ, ਜਿਹੜੇ ਉਨ੍ਹਾਂ ਦਿਨਾਂ ਵਿੱਚ ਹੋਣਗੇ । ਉਹ ਤੁਹਾਨੂੰ ਉਸ ਗੱਲ ਦਾ ਫੈਸਲਾ ਦੱਸਣਗੇ । ੧੦ ਫੇਰ ਤੁਸੀਂ ਉਸ ਫੈਸਲੇ ਦੇ ਅਨੁਸਾਰ ਕਰਿਓ ਜਿਹੜਾ ਉਹ ਤੁਹਾਨੂੰ ਉਸ ਸਥਾਨ ਤੋਂ ਦੱਸਣਗੇ, ਜਿਹੜਾ ਯਹੋਵਾਹ ਚੁਣੇਗਾ । ਜੋ ਕੁਝ ਉਹ ਤੁਹਾਨੂੰ ਦੱਸਣ ਤੁਸੀਂ ਪੂਰਨਤਾਈ ਨਾਲ ਉਸ ਦੀ ਪਾਲਣਾ ਕਰਿਓ । ੧੧ ਬਿਵਸਥਾ ਦੀਆਂ ਜੋ ਗੱਲਾਂ ਉਹ ਤੁਹਾਨੂੰ ਦੱਸਣ, ਅਤੇ ਨਿਆਂ ਦੀਆਂ ਜੋ ਗੱਲਾਂ ਉਹ ਤੁਹਾਨੂੰ ਆਖਣ, ਤੁਸੀਂ ਉਸੇ ਦੇ ਅਨੁਸਾਰ ਕਰਿਓ । ਉਸ ਫੈਸਲੇ ਤੋਂ ਜਿਹੜਾ ਉਹ ਤੁਹਾਨੂੰ ਦੱਸਣ ਨਾ ਸੱਜੇ ਮੁੜਿਓ ਅਤੇ ਨਾ ਖੱਬੇ । ੧੨ ਜਿਹੜਾ ਮਨੁੱਖ ਗੁਸਤਾਖ਼ੀ ਕਰਕੇ ਉਸ ਜਾਜਕ ਦੀ, ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਟਹਿਲ ਸੇਵਾ ਲਈ ਖੜ੍ਹਾ ਹੈ, ਜਾਂ ਨਿਆਈ ਦੀ ਨਾ ਸੁਣੇ, ਉਹ ਮਨੁੱਖ ਮਾਰ ਦਿੱਤਾ ਜਾਵੇ, ਇਸ ਤਰ੍ਹਾਂ ਤੁਸੀਂ ਇਸ ਬੁਰਿਆਈ ਨੂੰ ਇਸਰਾਏਲ ਵਿੱਚੋਂ ਪੂਰੀ ਤਰ੍ਹਾਂ ਹੀ ਮਿਟਾ ਦਿਓ । ੧੩ ਇਸ ਤਰ੍ਹਾਂ ਸਾਰੀ ਪਰਜਾ ਸੁਣੇਗੀ ਅਤੇ ਡਰੇਗੀ ਅਤੇ ਫੇਰ ਗੁਸਤਾਖ਼ੀ ਨਹੀਂ ਕਰੇਗੀ ।
ਰਾਜਿਆਂ ਨਾਲ ਸੰਬੰਧਿਤ ਆਦੇਸ਼
੧੪ ਜਦ ਤੁਸੀਂ ਉਸ ਦੇਸ਼ ਪਹੁੰਚ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਅਤੇ ਅਧਿਕਾਰ ਕਰਕੇ ਉਸ ਵਿੱਚ ਵੱਸ ਜਾਓ ਅਤੇ ਆਖਣ ਲੱਗੋ, ਅਸੀਂ ਵੀ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਤੀ ਤਰ੍ਹਾਂ ਆਪਣੇ ਉੱਤੇ ਇੱਕ ਰਾਜਾ ਨਿਯੁਕਤ ਕਰ ਲਈਏ, ੧੫ ਤਾਂ ਜਿਸ ਨੂੰ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣ ਲਵੇ, ਤੁਸੀਂ ਜ਼ਰੂਰ ਹੀ ਉਸ ਨੂੰ ਆਪਣੇ ਉੱਤੇ ਰਾਜਾ ਨਿਯੁਕਤ ਕਰ ਲਿਓ । ਤੁਸੀਂ ਆਪਣੇ ਭਰਾਵਾਂ ਵਿੱਚੋਂ ਹੀ ਕਿਸੇ ਨੂੰ ਆਪਣਾ ਰਾਜਾ ਨਿਯੁਕਤ ਕਰਿਓ, ਤੁਸੀਂ ਕਿਸੇ ਪਰਦੇਸੀ ਨੂੰ ਜੋ ਤੁਹਾਡਾ ਭਰਾ ਨਹੀਂ ਹੈ, ਆਪਣਾ ਰਾਜਾ ਨਿਯੁਕਤ ਨਹੀਂ ਕਰ ਸਕਦੇ । ੧੬ ਪਰ ਉਹ ਆਪਣੇ ਲਈ ਬਹੁਤ ਘੋੜੇ ਨਾ ਵਧਾਵੇ, ਨਾ ਹੀ ਉਹ ਘੋੜੇ ਵਧਾਉਣ ਲਈ ਪਰਜਾ ਨੂੰ ਮਿਸਰ ਵਿੱਚ ਮੋੜੇ ਕਿਉਂ ਜੋ ਯਹੋਵਾਹ ਨੇ ਤੁਹਾਨੂੰ ਆਖਿਆ ਹੈ ਕਿ ਤੁਸੀਂ ਉਸ ਰਾਹ ਨੂੰ ਫੇਰ ਕਦੀ ਨਾ ਮੁੜਿਓ । ੧੭ ਉਹ ਬਹੁਤ ਸਾਰੀਆਂ ਪਤਨੀਆਂ ਵੀ ਨਾ ਰੱਖੇ, ਕਿਤੇ ਅਜਿਹਾ ਨਾ ਹੋਵੇ ਕਿ ਉਸ ਦਾ ਮਨ ਫਿਰ ਜਾਵੇ, ਨਾ ਉਹ ਆਪਣੇ ਲਈ ਚਾਂਦੀ-ਸੋਨਾ ਬਹੁਤ ਵਧਾਵੇ । ੧੮ ਅਜਿਹਾ ਹੋਵੇ ਕਿ ਜਦ ਉਹ ਆਪਣੀ ਰਾਜ-ਗੱਦੀ ਉੱਤੇ ਬੈਠੇ ਤਾਂ ਉਹ ਆਪਣੇ ਲਈ ਇਸ ਬਿਵਸਥਾ ਦੀ ਪੁਸਤਕ ਵਿੱਚੋਂ, ਜਿਹੜੀ ਲੇਵੀ ਜਾਜਕਾਂ ਦੇ ਕੋਲ ਰਹੇਗੀ, ਇੱਕ ਨਕਲ ਆਪਣੇ ਲਈ ਲਿਖ ਲਵੇ । ੧੯ ਉਹ ਉਸ ਦੇ ਕੋਲ ਰਹੇ ਅਤੇ ਆਪਣੇ ਪੂਰੇ ਜੀਵਨ ਵਿੱਚ ਉਸ ਨੂੰ ਪੜ੍ਹੇ, ਜਿਸ ਨਾਲ ਉਹ ਯਹੋਵਾਹ ਆਪਣੇ ਪਰਮੇਸ਼ੁਰ ਦਾ ਡਰ ਰੱਖਣਾ ਸਿੱਖੇ ਅਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰੇ ਅਤੇ ਇਨ੍ਹਾਂ ਬਿਧੀਆਂ ਨੂੰ ਪੂਰਾ ਕਰੇ, ੨੦ ਤਾਂ ਜੋ ਉਹ ਮਨ ਵਿੱਚ ਘਮੰਡ ਕਰਕੇ ਆਪਣੇ ਭਰਾਵਾਂ ਨੂੰ ਆਪਣੇ ਤੋਂ ਨੀਵਾਂ ਨਾ ਸਮਝੇ, ਅਤੇ ਉਹ ਇਸ ਹੁਕਮਨਾਮੇ ਤੋਂ ਨਾ ਤਾਂ ਸੱਜੇ ਮੁੜੇ ਅਤੇ ਨਾ ਹੀ ਖੱਬੇ, ਇਸ ਲਈ ਉਹ ਅਤੇ ਉਸ ਦੇ ਪੁੱਤਰ ਇਸਰਾਏਲ ਦੇ ਵਿਚਕਾਰ ਬਹੁਤ ਦਿਨਾਂ ਤੱਕ ਰਾਜ ਕਰਨ ।