੩੦
ਬਰਕਤ ਅਤੇ ਪੁਨਰ ਸਥਾਪਨਾ ਦੀਆਂ ਸ਼ਰਤਾਂ
੧ ਤਦ ਅਜਿਹਾ ਹੋਵੇਗਾ ਕਿ ਜਦ ਬਰਕਤ ਅਤੇ ਸਰਾਪ ਦੀਆਂ ਇਹ ਸਾਰੀਆਂ ਗੱਲਾਂ ਜਿਨ੍ਹਾਂ ਨੂੰ ਮੈਂ ਤੁਹਾਡੇ ਅੱਗੇ ਰੱਖਿਆ ਹੈ ਤੁਹਾਡੇ ਉੱਤੇ ਆਉਣਗੀਆਂ ਅਤੇ ਜਦ ਤੁਸੀਂ ਉਨ੍ਹਾਂ ਸਾਰੀਆਂ ਕੌਮਾਂ ਵਿੱਚ ਜਿਨ੍ਹਾਂ ਵਿੱਚ ਯਹੋਵਾਹ ਤੁਹਾਡਾ ਪਰਮੇਸ਼ੁਰ ਤਹਾਨੂੰ ਧੱਕ ਦੇਵੇਗਾ, ਇਨ੍ਹਾਂ ਗੱਲਾਂ ਨੂੰ ਆਪਣੇ ਮਨ ਵਿੱਚ ਯਾਦ ਕਰੋਗੇ ੨ ਅਤੇ ਜਦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋਗੇ ਅਤੇ ਉਸ ਦੇ ਸਾਰੇ ਹੁਕਮਾਂ ਦੇ ਅਨੁਸਾਰ ਜੋ ਮੈਂ ਤੁਹਾਨੂੰ ਅੱਜ ਦਿੰਦਾ ਹਾਂ, ਤੁਸੀਂ ਅਤੇ ਤੁਹਾਡੀ ਸੰਤਾਨ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਉਸ ਦੀ ਅਵਾਜ਼ ਸੁਣੋਗੇ, ੩ ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਗੁਲਾਮੀ ਤੋਂ ਛੁਡਾ ਕੇ ਲੈ ਆਵੇਗਾ ਅਤੇ ਤੁਹਾਡੇ ਉੱਤੇ ਤਰਸ ਖਾਵੇਗਾ ਅਤੇ ਸਾਰਿਆਂ ਲੋਕਾਂ ਵਿੱਚੋਂ ਜਿੱਥੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਖਿਲਾਰਿਆ ਹੈ, ਤੁਹਾਨੂੰ ਮੁੜ ਇਕੱਠਾ ਕਰੇਗਾ । ੪ ਜੇਕਰ ਤੁਹਾਡੇ ਵਿੱਚੋਂ ਹੱਕਿਆ ਹੋਇਆ ਕੋਈ ਅਕਾਸ਼ ਦੇ ਸਿਰੇ ਉੱਤੇ ਹੋਵੇ ਤਾਂ ਵੀ ਉੱਥੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਇਕੱਠਾ ਕਰੇਗਾ ਅਤੇ ਤੁਹਾਨੂੰ ਉੱਥੋਂ ਲੈ ਆਵੇਗਾ । ੫ ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸੇ ਦੇਸ਼ ਵਿੱਚ ਲੈ ਆਵੇਗਾ ਜਿਸ ਉੱਤੇ ਤੁਹਾਡੇ ਪਿਉ-ਦਾਦਿਆਂ ਨੇ ਅਧਿਕਾਰ ਕੀਤਾ ਅਤੇ ਤੁਸੀਂ ਵੀ ਉਸ ਉੱਤੇ ਅਧਿਕਾਰ ਕਰੋਗੇ ਅਤੇ ਉਹ ਤੁਹਾਡੇ ਨਾਲ ਭਲਿਆਈ ਕਰੇਗਾ ਅਤੇ ਉਹ ਤੁਹਾਨੂੰ ਤੁਹਾਡੇ ਪਿਉ-ਦਾਦਿਆਂ ਨਾਲੋਂ ਜ਼ਿਆਦਾ ਵਧਾਵੇਗਾ । ੬ ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅਤੇ ਤੁਹਾਡੇ ਵੰਸ਼ ਦੇ ਦਿਲ ਦੀ ਸੁੰਨਤ ਕਰੇਗਾ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਪ੍ਰੇਮ ਰੱਖੋ, ਤਾਂ ਜੋ ਤੁਸੀਂ ਜੀਉਂਦੇ ਰਹੋ । ੭ ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਇਹ ਸਾਰੇ ਸਰਾਪ ਤੁਹਾਡੇ ਵੈਰੀਆਂ ਅਤੇ ਤੁਹਾਡੇ ਤੋਂ ਘਿਰਣਾ ਕਰਨ ਵਾਲਿਆਂ ਉੱਤੇ ਪਾਵੇਗਾ, ਜਿਨ੍ਹਾਂ ਨੇ ਤੁਹਾਨੂੰ ਦੁੱਖ ਦਿੱਤਾ । ੮ ਅਤੇ ਤੁਸੀਂ ਮੁੜੋਗੇ ਅਤੇ ਯਹੋਵਾਹ ਦੀ ਅਵਾਜ਼ ਨੂੰ ਸੁਣੋਗੇ ਅਤੇ ਉਸ ਦੇ ਸਾਰੇ ਹੁਕਮਾਂ ਨੂੰ ਪੂਰਾ ਕਰੋਗੇ, ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ । ੯ ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੀ ਭਲਿਆਈ ਲਈ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ, ਅਤੇ ਤੁਹਾਡੇ ਸਰੀਰ ਦੇ ਫਲ, ਤੁਹਾਡੇ ਪਸ਼ੂਆਂ ਦੇ ਫਲ ਅਤੇ ਤੁਹਾਡੀ ਜ਼ਮੀਨ ਦੇ ਫਲ ਵਿੱਚ ਤੁਹਾਨੂੰ ਵਧਾਵੇਗਾ, ਕਿਉਂ ਜੋ ਯਹੋਵਾਹ ਤੁਹਾਡੇ ਉੱਤੇ ਭਲਿਆਈ ਲਈ ਖੁਸ਼ ਹੋਵੇਗਾ, ਜਿਵੇਂ ਉਹ ਤੁਹਾਡੇ ਪਿਉ-ਦਾਦਿਆਂ ਉੱਤੇ ਖੁਸ਼ ਸੀ । ੧੦ ਗੱਲ ਇਹ ਹੈ ਕਿ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣ ਕੇ ਉਸ ਦੇ ਸਾਰੇ ਹੁਕਮਾਂ ਤੇ ਬਿਧੀਆਂ ਦੀ ਪਾਲਨਾ ਕਰੋ, ਜਿਹੜੀਆਂ ਬਿਵਸਥਾ ਦੀ ਇਸ ਪੁਸਤਕ ਵਿੱਚ ਲਿਖੀਆਂ ਹੋਈਆਂ ਹਨ ਅਤੇ ਤੁਸੀਂ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋ ।
੧੧ ਵੇਖੋ, ਇਹ ਹੁਕਮ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਨਾ ਤਾਂ ਇਹ ਤੁਹਾਡੇ ਲਈ ਬਹੁਤਾ ਔਖਾ ਹੈ ਅਤੇ ਨਾ ਹੀ ਤੁਹਾਡੇ ਤੋਂ ਬਹੁਤ ਦੂਰ ਹੈ । ੧੨ ਨਾ ਤਾਂ ਇਹ ਅਕਾਸ਼ ਉੱਤੇ ਹੈ ਜੋ ਤੁਸੀਂ ਆਖੋ, “ਭਲਾ, ਅਕਾਸ਼ ਉੱਤੇ ਸਾਡੇ ਲਈ ਕੌਣ ਚੜ੍ਹੇ ਅਤੇ ਉਸ ਨੂੰ ਸਾਡੇ ਕੋਲ ਲਿਆਵੇ ਅਤੇ ਸਾਨੂੰ ਸੁਣਾਵੇ ਤਾਂ ਜੋ ਉਸ ਨੂੰ ਪੂਰਾ ਕਰੀਏ ? “ ੧੩ ਨਾ ਹੀ ਉਹ ਸਮੁੰਦਰ ਪਾਰ ਹੈ ਜੋ ਤੁਸੀਂ ਆਖੋ, “ਸਾਡੇ ਲਈ ਕੌਣ ਸਮੁੰਦਰ ਤੋਂ ਪਾਰ ਜਾਵੇ ਅਤੇ ਉਸ ਨੂੰ ਸਾਡੇ ਲਈ ਲਿਆਵੇ ਅਤੇ ਸਾਨੂੰ ਸੁਣਾਵੇ ਤਾਂ ਜੋ ਉਸ ਨੂੰ ਪੂਰਾ ਕਰੀਏ ? “ ੧੪ ਪਰ ਇਹ ਬਾਣੀ ਤੁਹਾਡੇ ਬਹੁਤ ਨਜ਼ਦੀਕ ਹੈ ਸਗੋਂ ਤੁਹਾਡੇ ਮੂੰਹ ਵਿੱਚ ਅਤੇ ਤੁਹਾਡੇ ਮਨ ਵਿੱਚ ਹੈ, ਤਾਂ ਜੋ ਤੁਸੀਂ ਉਸ ਨੂੰ ਪੂਰਾ ਕਰੋ ।
੧੫ ਵੇਖੋ, ਮੈਂ ਅੱਜ ਤੁਹਾਡੇ ਸਾਹਮਣੇ ਜੀਵਨ ਅਤੇ ਭਲਿਆਈ, ਮੌਤ ਅਤੇ ਬੁਰਿਆਈ ਰੱਖ ਦਿੱਤੀ ਹੈ । ੧੬ ਕਿਉਂਕਿ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੇ ਮਾਰਗਾਂ ਉੱਤੇ ਚਲੋ ਅਤੇ ਉਸ ਦੇ ਹੁਕਮਾਂ, ਬਿਧੀਆਂ ਅਤੇ ਕਨੂੰਨਾਂ ਦੀ ਪਾਲਨਾ ਕਰੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਵਧੋ ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਦੇਸ਼ ਵਿੱਚ ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਜਾਂਦੇ ਹੋ, ਤੁਹਾਨੂੰ ਬਰਕਤ ਦੇਵੇ । ੧੭ ਪਰ ਜੇਕਰ ਤੁਹਾਡਾ ਮਨ ਫਿਰ ਜਾਵੇ ਅਤੇ ਤੁਸੀਂ ਨਾ ਸੁਣੋ ਪਰ ਤੁਸੀਂ ਭਟਕ ਕੇ ਦੂਜੇ ਦੇਵਤਿਆਂ ਦੇ ਅੱਗੇ ਮੱਥਾ ਟੇਕਦੇ ਫਿਰੋ ਅਤੇ ਉਹਨਾਂ ਦੀ ਪੂਜਾ ਕਰੋ ੧੮ ਤਾਂ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਹਾਂ ਕਿ ਤੁਸੀਂ ਜ਼ਰੂਰ ਹੀ ਨਾਸ਼ ਹੋ ਜਾਓਗੇ । ਤੁਸੀਂ ਉਸ ਦੇਸ਼ ਵਿੱਚ ਬਹੁਤ ਦਿਨਾਂ ਤੱਕ ਨਹੀਂ ਰਹਿ ਸਕੋਗੇ ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਯਰਦਨ ਪਾਰ ਜਾਂਦੇ ਹੋ । ੧੯ ਮੈਂ ਅੱਜ ਅਕਾਸ਼ ਅਤੇ ਧਰਤੀ ਨੂੰ ਤੁਹਾਡੇ ਵਿਰੁੱਧ ਗਵਾਹ ਬਣਾਉਂਦਾ ਹਾਂ ਕਿ ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ । ਇਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡਾ ਵੰਸ਼ ਜੀਉਂਦਾ ਰਹੇ । ੨੦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੀ ਅਵਾਜ਼ ਸੁਣੋ ਅਤੇ ਉਸ ਦੇ ਨਾਲ-ਨਾਲ ਲੱਗੇ ਰਹੋ ਕਿਉਂ ਜੋ ਉਹ ਹੀ ਤੁਹਾਡਾ ਜੀਵਨ ਅਤੇ ਤੁਹਾਡੀ ਲੰਮੀ ਉਮਰ ਹੈ, ਤਾਂ ਜੋ ਤੁਸੀਂ ਉਸ ਦੇਸ਼ ਵਿੱਚ ਵੱਸੇ ਰਹੋ ਜਿਸ ਨੂੰ ਦੇਣ ਦੀ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ ।