੩੨
ਮੂਸਾ ਦਾ ਗੀਤ
੧ ਹੇ ਅਕਾਸ਼, ਕੰਨ ਲਾ ਅਤੇ ਮੈਂ ਬੋਲਾਂਗਾ,
ਹੇ ਧਰਤੀ, ਮੇਰੇ ਮੂੰਹ ਦੇ ਬਚਨ ਸੁਣ ।
੨ ਮੇਰਾ ਉਪਦੇਸ਼ ਮੀਂਹ ਵਾਂਗੂੰ ਵਰਹੇਗਾ,
ਮੇਰਾ ਬੋਲ ਤ੍ਰੇਲ ਵਾਂਗੂੰ ਪਵੇਗਾ,
ਜਿਵੇਂ ਕੂਲੇ-ਕੂਲੇ ਘਾਹ ਉੱਤੇ ਫੁਹਾਰ,
ਸਾਗ ਪੱਤ ਉੱਤੇ ਝੜੀਆਂ ।
੩ ਮੈਂ ਤਾਂ ਯਹੋਵਾਹ ਦੇ ਨਾਮ ਦਾ ਪ੍ਰਚਾਰ ਕਰਾਂਗਾ,
ਸਾਡੇ ਪਰਮੇਸ਼ੁਰ ਦੀ ਮਹਾਨਤਾ ਨੂੰ ਮੰਨੋ ।
੪ ਉਹ ਚੱਟਾਨ ਹੈ, ਉਸ ਦੇ ਕੰਮ ਸਿੱਧ ਹਨ,
ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਂ ਦੇ ਹਨ ।
ਉਹ ਸਚਿਆਈ ਦਾ ਪਰਮੇਸ਼ੁਰ ਹੈ,
ਉਸ ਵਿੱਚ ਬੁਰਿਆਈ ਹੈ ਨਹੀਂ,
ਉਹ ਧਰਮੀ ਅਤੇ ਸੱਚਾ ਹੈ ।
੫ ਉਹ ਵਿਗੜ ਗਏ ਹਨ,
ਉਹ ਉਸ ਦੇ ਪੁੱਤਰ ਨਹੀਂ ਸਗੋਂ ਕਲੰਕੀ ਹਨ,
ਇਹ ਪੀੜ੍ਹੀ ਟੇਢੀ ਅਤੇ ਦੁਸ਼ਟ ਹੈ ।
੬ ਹੇ ਮੂਰਖ ਅਤੇ ਮੱਤਹੀਣ ਪਰਜਾ,
ਕੀ ਤੁਸੀਂ ਯਹੋਵਾਹ ਨੂੰ ਇਸ ਤਰ੍ਹਾਂ ਬਦਲਾ ਦਿੰਦੇ ਹੋ ?
ਕੀ ਉਹ ਤੇਰਾ ਪਿਤਾ ਨਹੀਂ ਜਿਸ ਨੇ ਤੈਨੂੰ ਮੁੱਲ ਲਿਆ,
ਉਸ ਨੇ ਤੈਨੂੰ ਬਣਾਇਆ ਅਤੇ ਕਾਇਮ ਕੀਤਾ ?
੭ ਪੁਰਾਣਿਆਂ ਦਿਨਾਂ ਨੂੰ ਯਾਦ ਕਰੋ,
ਪੀੜ੍ਹੀ-ਪੀੜ੍ਹੀ ਦੇ ਦਿਨਾਂ ਉੱਤੇ ਵਿਚਾਰ ਕਰੋ,
ਆਪਣੇ ਪਿਤਾ ਤੋਂ ਪੁੱਛੋ, ਉਹ ਤੈਨੂੰ ਦੱਸੇਗਾ,
ਆਪਣੇ ਬਜ਼ੁਰਗਾਂ ਤੋਂ, ਉਹ ਤੈਨੂੰ ਆਖਣਗੇ ।
੮ ਜਦ ਅੱਤ ਮਹਾਨ ਨੇ ਕੌਮਾਂ ਨੂੰ ਵਿਰਾਸਤ ਵੰਡੀ,
ਜਦ ਉਸ ਨੇ ਆਦਮ ਦੇ ਪੁੱਤਰਾਂ ਨੂੰ ਵੱਖ-ਵੱਖ ਕੀਤਾ,
ਤਦ ਉਸ ਨੇ ਉੱਮਤਾਂ ਦੀਆਂ ਹੱਦਾਂ,
ਇਸਰਾਏਲੀਆਂ ਦੀ ਗਿਣਤੀ ਦੇ ਅਨੁਸਾਰ ਬੰਨ੍ਹੀਆਂ,
੯ ਕਿਉਂ ਜੋ ਯਹੋਵਾਹ ਦਾ ਹਿੱਸਾ ਉਸ ਦੀ ਪਰਜਾ ਹੈ,
ਯਾਕੂਬ ਉਸ ਦੀ ਵਿਰਾਸਤ ਦਾ ਭਾਗ ਹੈ ।
੧੦ ਉਸ ਨੇ ਉਹ ਨੂੰ ਉਜਾੜ ਧਰਤੀ ਵਿੱਚੋਂ,
ਅਤੇ ਸੁੰਨਸਾਨ ਜੰਗਲ ਵਿੱਚੋਂ ਲੱਭਿਆ ।
ਉਸ ਨੇ ਉਹ ਨੂੰ ਘੇਰੇ ਵਿੱਚ ਲੈ ਲਿਆ ਅਤੇ ਉਹ ਦੀ ਖ਼ਬਰ ਲਈ,
ਅੱਖ ਦੀ ਕਾਕੀ ਵਾਂਗੂੰ ਉਸ ਨੇ ਉਹ ਦੀ ਰਾਖੀ ਕੀਤੀ ।
੧੧ ਜਿਸ ਤਰ੍ਹਾਂ ਉਕਾਬ ਆਪਣੇ ਆਲ੍ਹਣੇ ਨੂੰ ਹਿਲਾਉਂਦਾ,
ਅਤੇ ਆਪਣੇ ਬੱਚਿਆਂ ਉੱਤੇ ਫੜ ਫੜਾਉਂਦਾ ਹੈ,
ਉਸੇ ਤਰ੍ਹਾਂ ਉਸ ਨੇ ਆਪਣੇ ਪਰ ਫੈਲਾ ਕੇ ਉਨ੍ਹਾਂ ਨੂੰ ਲੈ ਲਿਆ,
ਉਸ ਨੇ ਆਪਣੇ ਖੰਭਾਂ ਉੱਤੇ ਉਨ੍ਹਾਂ ਨੂੰ ਚੁੱਕ ਲਿਆ,
੧੨ ਯਹੋਵਾਹ ਨੇ ਇਕੱਲੇ ਉਸ ਦੀ ਅਗਵਾਈ ਕੀਤੀ,
ਅਤੇ ਉਸ ਦੇ ਨਾਲ ਕੋਈ ਪਰਾਇਆ ਦੇਵਤਾ ਨਹੀਂ ਸੀ ।
੧੩ ਉਸ ਨੇ ਉਹ ਨੂੰ ਧਰਤੀ ਦੀਆਂ ਉੱਚਿਆਈਆਂ ਉੱਤੇ ਸਵਾਰ ਕੀਤਾ,
ਸੋ ਉਸ ਨੇ ਖੇਤ ਦੀ ਪੈਦਾਵਾਰ ਖਾਧੀ,
ਅਤੇ ਉਸ ਨੇ ਉਹ ਨੂੰ ਪੱਥਰ ਵਿੱਚੋਂ ਸ਼ਹਿਦ,
ਅਤੇ ਚਕਮਕ ਦੀ ਚੱਟਾਨ ਤੋਂ ਤੇਲ ਚੁਸਾਇਆ ।
੧੪ ਚੌਣੇ ਦਾ ਮੱਖਣ ਅਤੇ ਇੱਜੜ ਦਾ ਦੁੱਧ,
ਲੇਲਿਆਂ ਦੀ ਚਰਬੀ ਨਾਲ,
ਅਤੇ ਬਾਸ਼ਾਨ ਦੀ ਨਸਲ ਦੇ ਮੇਂਢੇ ਅਤੇ ਬੱਕਰੇ,
ਕਣਕ ਦੀ ਉੱਤਮ ਪੈਦਾਵਾਰ ਨਾਲ,
ਤੂੰ ਅੰਗੂਰੀ ਰਸ ਦੀ ਮਧ ਪੀਤੀ ।
੧੫ ਯਸ਼ੁਰੂਨ ਮੋਟਾ ਹੋ ਗਿਆ ਅਤੇ ਦੁਲੱਤੀ ਮਾਰਨ ਲੱਗਾ,
ਤੂੰ ਵੀ ਮੋਟਾ ਹੋ ਗਿਆ,
ਤੂੰ ਤਕੜਾ ਹੋ ਗਿਆ,
ਤੂੰ ਚਰਬੀ ਨਾਲ ਭਰ ਗਿਆ ਹੈਂ ।
ਤਦ ਉਸ ਨੇ ਆਪਣੇ ਸਿਰਜਣਹਾਰ ਪਰਮੇਸ਼ੁਰ ਨੂੰ ਤਿਆਗ ਦਿੱਤਾ,
ਅਤੇ ਆਪਣੀ ਮੁਕਤੀ ਦੀ ਚੱਟਾਨ ਨੂੰ ਹਲਕਾ ਜਾਣਿਆ ।
੧੬ ਉਨ੍ਹਾਂ ਨੇ ਪਰਾਏ ਦੇਵਤਿਆਂ ਨੂੰ ਮੰਨ ਕੇ ਉਸ ਨੂੰ ਈਰਖਾਲੂ ਬਣਾਇਆ,
ਘਿਣਾਉਣੇ ਕੰਮਾਂ ਕਰਕੇ ਉਸ ਨੂੰ ਗੁੱਸਾ ਦੁਆਇਆ ।
੧੭ ਉਨ੍ਹਾਂ ਨੇ ਭ੍ਰਿਸ਼ਟ ਆਤਮਾਂ ਅੱਗੇ, ਜਿਹੜੇ ਦੇਵਤੇ ਨਹੀਂ ਸਨ ਬਲੀਆਂ ਚੜ੍ਹਾਈਆਂ,
ਉਨ੍ਹਾਂ ਦੇਵਤਿਆਂ ਨੂੰ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ,
ਨਵੇਂ-ਨਵੇਂ ਦੇਵਤੇ ਜਿਹੜੇ ਹੁਣੇ ਨਿੱਕਲੇ ਸਨ,
ਜਿਨ੍ਹਾਂ ਤੋਂ ਤੁਹਾਡੇ ਪਿਉ-ਦਾਦੇ ਨਹੀਂ ਡਰੇ ।
੧੮ ਜਿਸ ਚੱਟਾਨ ਨੇ ਤੈਨੂੰ ਪੈਦਾ ਕੀਤਾ ਤੂੰ ਉਸ ਨੂੰ ਵਿਸਾਰ ਦਿੱਤਾ,
ਉਸ ਪਰਮੇਸ਼ੁਰ ਨੂੰ ਜਿਸ ਨੇ ਤੈਨੂੰ ਜਨਮ ਦਿੱਤਾ ਤੂੰ ਭੁੱਲ ਗਿਆ ।
੧੯ ਯਹੋਵਾਹ ਨੇ ਵੇਖਿਆ ਅਤੇ ਉਨ੍ਹਾਂ ਤੋਂ ਘਿਰਣਾ ਕੀਤੀ,
ਕਿਉਂਕਿ ਉਸ ਦੇ ਪੁੱਤਰਾਂ-ਧੀਆਂ ਨੇ ਉਸ ਨੂੰ ਉਕਸਾਇਆ ।
੨੦ ਤਦ ਉਸ ਨੇ ਆਖਿਆ, ਮੈਂ ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵਾਂਗਾ,
ਮੈਂ ਵੇਖਾਂਗਾ ਕਿ ਉਨ੍ਹਾਂ ਦਾ ਅੰਤ ਕੀ ਹੋਵੇਗਾ,
ਕਿਉਂ ਜੋ ਇਹ ਇੱਕ ਹਠੀਲੀ ਪੀੜ੍ਹੀ ਹੈ,
ਇਹ ਉਹ ਪੁੱਤਰ ਹਨ ਜਿਨ੍ਹਾਂ ਵਿੱਚ ਈਮਾਨ ਨਹੀਂ ਹੈ ।
੨੧ ਇਨ੍ਹਾਂ ਨੇ ਮੈਨੂੰ ਉਸ ਵਸਤੂ ਤੋਂ ਈਰਖਾਲੂ ਕੀਤਾ ਜੋ ਪਰਮੇਸ਼ੁਰ ਹੈ ਹੀ ਨਹੀਂ,
ਉਨ੍ਹਾਂ ਨੇ ਆਪਣੀਆਂ ਵਿਅਰਥ ਗੱਲਾਂ ਨਾਲ ਮੈਨੂੰ ਗੁੱਸੇ ਦੁਆਇਆ,
ਮੈਂ ਵੀ ਉਨ੍ਹਾਂ ਨੂੰ ਅਜਿਹੀ ਕੌਮ ਤੋਂ ਈਰਖਾ ਕਰਾਵਾਂਗਾ ਜੋ ਮੇਰੀ ਨਹੀਂ ਹੈ,
ਮੈਂ ਇੱਕ ਮੂਰਖ ਕੌਮ ਦੇ ਰਾਹੀਂ ਉਨ੍ਹਾਂ ਨੂੰ ਗੁੱਸਾ ਦੁਆਵਾਂਗਾ,
੨੨ ਕਿਉਂ ਜੋ ਮੇਰੇ ਕ੍ਰੋਧ ਦੀ ਅੱਗ ਭੜਕ ਉੱਠੀ ਹੈ,
ਜਿਹੜੀ ਸਭ ਤੋਂ ਹੇਠਲੇ ਪਤਾਲ ਤੱਕ ਬਲਦੀ ਜਾਂਦੀ ਹੈ,
ਅਤੇ ਧਰਤੀ ਨੂੰ ਉਸ ਦੀ ਪੈਦਾਵਾਰ ਸਮੇਤ ਭਸਮ ਕਰਦੀ ਜਾਂਦੀ ਹੈ,
ਸਗੋਂ ਪਹਾੜਾਂ ਦੀਆਂ ਨੀਹਾਂ ਨੂੰ ਅੱਗ ਲਾਉਂਦੀ ਹੈ ।
੨੩ ਮੈਂ ਉਨ੍ਹਾਂ ਉੱਤੇ ਬੁਰਿਆਈ ਦੇ ਢੇਰ ਲਾਵਾਂਗਾ,
ਮੈਂ ਆਪਣੇ ਤੀਰਾਂ ਨੂੰ ਉਨ੍ਹਾਂ ਉੱਤੇ ਮੁਕਾ ਦਿਆਂਗਾ ।
੨੪ ਉਹ ਭੁੱਖ ਨਾਲ ਢਲ ਜਾਣਗੇ,
ਉਹ ਤਿੱਖੀ ਗਰਮੀ ਅਤੇ ਭਿਆਨਕ ਰੋਗਾਂ ਨਾਲ ਭਸਮ ਹੋ ਜਾਣਗੇ,
ਅਤੇ ਮੈਂ ਉਨ੍ਹਾਂ ਉੱਤੇ ਜੰਗਲੀ ਜਾਨਵਰਾਂ ਦੇ ਦੰਦ ਚਲਾਵਾਂਗਾ,
ਅਤੇ ਮਿੱਟੀ ਉੱਤੇ ਘਿਸਰਨ ਵਾਲੇ ਸੱਪਾਂ ਦਾ ਜ਼ਹਿਰ ਛੱਡਾਂਗਾ ।
੨੫ ਬਾਹਰ ਤਲਵਾਰ ਨਾਲ ਮਰਨਗੇ,
ਅਤੇ ਕੋਠੜੀਆਂ ਵਿੱਚ ਡਰ ਹੋਵੇਗਾ,
ਜਿਸ ਨਾਲ ਜੁਆਨਾਂ ਅਤੇ ਕੁਆਰੀਆਂ ਦਾ,
ਅਤੇ ਦੁੱਧ ਚੁੰਘਦੇ ਬੱਚੇ ਅਤੇ ਧੌਲਿਆਂ ਵਾਲੇ ਮਨੁੱਖਾਂ ਦਾ ਵੀ ਨਾਸ਼ ਹੋ ਜਾਵੇਗਾ ।
੨੬ ਮੈਂ ਆਖਿਆ, ਮੈਂ ਉਨ੍ਹਾਂ ਨੂੰ ਦੂਰ-ਦੂਰ ਤੱਕ ਖਿਲਾਰ ਦਿਆਂਗਾ,
ਮੈਂ ਮਨੁੱਖਾਂ ਵਿੱਚੋਂ ਉਨ੍ਹਾਂ ਦੀ ਯਾਦ ਤੱਕ ਮਿਟਾ ਦਿਆਂਗਾ,
੨੭ ਪਰ ਮੈਨੂੰ ਵੈਰੀਆਂ ਦੀ ਛੇੜ-ਛਾੜ ਦਾ ਡਰ ਸੀ,
ਕਿਤੇ ਉਨ੍ਹਾਂ ਦੇ ਵੈਰੀ ਉਲਟਾ ਸਮਝਣ,
ਅਤੇ ਉਹ ਆਖਣ, ਸਾਡਾ ਹੱਥ ਉੱਚਾ ਰਿਹਾ,
ਅਤੇ ਯਹੋਵਾਹ ਨੇ ਇਹ ਸਭ ਕੁਝ ਨਹੀਂ ਕੀਤਾ ।
੨੮ ਇਹ ਤਾਂ ਇੱਕ ਨਿਰਬੁੱਧ ਕੌਮ ਹੈ,
ਇਹਨਾਂ ਵਿੱਚ ਕੋਈ ਸਮਝ ਨਹੀਂ ।
੨੯ ਭਲਾ ਹੁੰਦਾ ਕਿ ਉਹ ਬੁੱਧਵਾਨ ਹੁੰਦੇ ਅਤੇ ਇਸ ਗੱਲ ਨੂੰ ਸਮਝ ਲੈਂਦੇ,
ਅਤੇ ਆਪਣੇ ਅੰਤ ਨੂੰ ਵਿਚਾਰ ਲੈਂਦੇ,
੩੦ ਜੇ ਉਨ੍ਹਾਂ ਦੀ ਚੱਟਾਨ ਹੀ ਉਨ੍ਹਾਂ ਨੂੰ ਨਾ ਵੇਚ ਦਿੰਦੀ,
ਅਤੇ ਯਹੋਵਾਹ ਉਨ੍ਹਾਂ ਨੂੰ ਨਾ ਫੜ੍ਹਾ ਦਿੰਦਾ ?
ਤਾਂ ਕਿਵੇਂ ਹੋ ਸਕਦਾ ਸੀ ਕਿ ਇੱਕ ਜਣਾ ਹਜ਼ਾਰ ਦੇ ਪਿੱਛੇ ਪੈਂਦਾ,
ਅਤੇ ਦੋ ਜਣੇ ਦਸ ਹਜ਼ਾਰ ਨੂੰ ਭਜਾ ਸਕਦੇ,
੩੧ ਕਿਉਂਕਿ ਉਹਨਾਂ ਦੀ ਚੱਟਾਨ ਸਾਡੀ ਚੱਟਾਨ ਵਰਗੀ ਨਹੀਂ ਹੈ,
ਭਾਵੇਂ ਸਾਡੇ ਵੈਰੀ ਹੀ ਨਿਆਂ ਕਰਨ ।
੩੨ ਉਹਨਾਂ ਦੀ ਦਾਖ ਬੇਲ ਤਾਂ ਸਦੂਮ ਦੀ ਦਾਖ ਬੇਲ ਤੋਂ ਨਿੱਕਲੀ,
ਅਤੇ ਅਮੂਰਾਹ ਦੇ ਖੇਤਾਂ ਤੋਂ ਹੈ ।
ਉਸ ਦੇ ਅੰਗੂਰ ਜ਼ਹਿਰੀਲੇ ਅੰਗੂਰ ਹਨ,
ਉਸ ਦੇ ਗੁੱਛੇ ਕੌੜੇ ਹਨ ।
੩੩ ਉਹਨਾਂ ਦੀ ਮਧ ਨਾਗਾਂ ਦਾ ਜ਼ਹਿਰ ਹੈ,
ਅਤੇ ਸੱਪਾਂ ਦੀ ਤਿੱਖੀ ਵਿੱਸ ਹੈ ।
੩੪ ਕੀ ਇਹ ਗੱਲ ਮੇਰੇ ਮਨ ਵਿੱਚ,
ਅਤੇ ਮੋਹਰ ਲਾ ਕੇ ਮੇਰੇ ਭੰਡਾਰ ਵਿੱਚ ਰੱਖੀ ਹੋਈ ਨਹੀਂ ਹੈ ?
੩੫ ਬਦਲਾ ਦੇਣਾ ਅਤੇ ਬਦਲਾ ਲੈਣਾ ਮੇਰਾ ਕੰਮ ਹੈ,
ਇਹ ਉਸ ਵੇਲੇ ਪ੍ਰਗਟ ਹੋਵੇਗਾ ਜਦ ਉਹਨਾਂ ਦਾ ਪੈਰ ਤਿਲਕੇ,
ਕਿਉਂ ਜੋ ਉਹਨਾਂ ਦੀ ਬਿਪਤਾ ਦਾ ਦਿਨ ਨੇੜੇ ਹੈ,
ਅਤੇ ਉਹਨਾਂ ਦਾ ਵਿਨਾਸ਼ ਛੇਤੀ ਆ ਰਿਹਾ ਹੈ ।
੩੬ ਯਹੋਵਾਹ ਤਾਂ ਆਪਣੀ ਪਰਜਾ ਦਾ ਨਿਆਂ ਕਰੇਗਾ,
ਅਤੇ ਆਪਣੇ ਦਾਸਾਂ ਉੱਤੇ ਤਰਸ ਖਾਵੇਗਾ,
ਜਦ ਉਹ ਵੇਖੇਗਾ ਕਿ ਉਨ੍ਹਾਂ ਦਾ ਬਲ ਜਾਂਦਾ ਰਿਹਾ,
ਅਤੇ ਨਾ ਕੋਈ ਬੰਦੀ ਰਿਹਾ, ਨਾ ਕੋਈ ਖੁੱਲ੍ਹਾ ।
੩੭ ਤਦ ਉਹ ਆਖੇਗਾ, ਉਨ੍ਹਾਂ ਦੇ ਦੇਵਤੇ ਕਿੱਥੇ ਹਨ ?
ਅਤੇ ਉਹ ਚੱਟਾਨ ਜਿਸ ਵਿੱਚ ਉਹ ਪਨਾਹ ਲੈਂਦੇ ਸਨ ?
੩੮ ਜਿਹੜੇ ਉਨ੍ਹਾਂ ਦੀਆਂ ਬਲੀਆਂ ਦੀ ਚਰਬੀ ਖਾਂਦੇ ਸਨ,
ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਦੀ ਮਧ ਪੀਂਦੇ ਸਨ ?
ਉਹ ਉੱਠਣ ਅਤੇ ਤੁਹਾਡੀ ਸਹਾਇਤਾ ਕਰਨ,
ਉਹ ਤੁਹਾਡੀ ਓਟ ਹੋਣ !
੩੯ ਹੁਣ ਵੇਖੋ ਕਿ ਮੈਂ ਹੀ ਉਹ ਹਾਂ,
ਅਤੇ ਮੇਰੇ ਬਿਨ੍ਹਾਂ ਹੋਰ ਕੋਈ ਪਰਮੇਸ਼ੁਰ ਨਹੀਂ,
ਮੈਂ ਹੀ ਮਾਰਦਾ ਹਾਂ ਅਤੇ ਮੈਂ ਹੀ ਜੀਉਂਦਾ ਕਰਦਾ ਹਾਂ,
ਮੈਂ ਹੀ ਜ਼ਖਮੀ ਕਰਦਾ ਹਾਂ ਅਤੇ ਮੈਂ ਹੀ ਚੰਗਾ ਕਰਦਾ ਹਾਂ,
ਅਤੇ ਕੋਈ ਨਹੀਂ ਹੈ ਜਿਹੜਾ ਮੇਰੇ ਹੱਥੋਂ ਛੁਡਾ ਸਕੇ,
੪੦ ਕਿਉਂ ਜੋ ਮੈਂ ਆਪਣਾ ਹੱਥ ਸੁਰਗ ਵੱਲ ਚੁੱਕਦਾ ਹਾਂ ਅਤੇ ਮੈਂ ਕਹਿੰਦਾ ਹਾਂ,
ਮੈਂ ਸਦੀਪਕਾਲ ਜੀਉਂਦਾ ਹਾਂ ।
੪੧ ਜੇ ਮੈਂ ਆਪਣੀ ਚਮਕਦੀ ਹੋਈ ਤਲਵਾਰ ਤੇਜ ਕਰਾਂ,
ਅਤੇ ਨਿਆਂ ਨੂੰ ਮੈਂ ਆਪਣੇ ਹੱਥ ਵਿੱਚ ਲਵਾਂ,
ਤਾਂ ਮੈਂ ਆਪਣੇ ਵੈਰੀਆਂ ਤੋਂ ਬਦਲਾ ਲਵਾਂਗਾ,
ਅਤੇ ਮੈਥੋਂ ਘਿਰਣਾ ਕਰਨ ਵਾਲਿਆਂ ਨੂੰ ਬਦਲਾ ਦਿਆਂਗਾ ।
੪੨ ਮੈਂ ਆਪਣੇ ਤੀਰਾਂ ਨੂੰ ਲਹੂ ਨਾਲ ਮਤਵਾਲੇ ਕਰਾਂਗਾ,
ਅਤੇ ਮੇਰੀ ਤਲਵਾਰ ਮਾਸ ਖਾਵੇਗੀ, ਉਹ ਲਹੂ ਵੱਢਿਆਂ ਹੋਇਆਂ ਅਤੇ ਬੰਦੀਆਂ ਦਾ,
ਅਤੇ ਉਹ ਮਾਸ ਵੈਰੀਆਂ ਦੇ ਆਗੂਆਂ ਦੇ ਸਿਰਾਂ ਦਾ ਹੋਵੇਗਾ ।
੪੩ ਹੇ ਕੌਮੋਂ, ਉਸ ਦੀ ਪਰਜਾ ਨਾਲ ਜੈਕਾਰਾ ਗਜਾਓ,
ਕਿਉਂ ਜੋ ਉਹ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਲਵੇਗਾ,
ਅਤੇ ਆਪਣੇ ਵੈਰੀਆਂ ਨੂੰ ਬਦਲਾ ਦੇਵੇਗਾ,
ਅਤੇ ਆਪਣੀ ਭੂਮੀ ਅਤੇ ਆਪਣੀ ਪਰਜਾ ਦੇ ਪਾਪ ਲਈ ਪਰਾਸਚਿਤ ਦੇਵੇਗਾ ।
੪੪ ਮੂਸਾ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਨੇ ਇਸ ਗੀਤ ਦੀਆਂ ਸਾਰੀਆਂ ਗੱਲਾਂ ਪਰਜਾ ਦੇ ਕੰਨਾਂ ਵਿੱਚ ਪਾਈਆਂ ।
ਮੂਸਾ ਦੇ ਆਖਰੀ ਨਿਰਦੇਸ਼
੪੫ ਜਦ ਮੂਸਾ ਇਹ ਸਾਰੀਆਂ ਗੱਲਾਂ ਸਾਰੇ ਇਸਰਾਏਲ ਨੂੰ ਬੋਲ ਚੁੱਕਿਆ ੪੬ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, “ਆਪਣੇ ਮਨ ਇਨ੍ਹਾਂ ਸਾਰੀਆਂ ਗੱਲਾਂ ਉੱਤੇ ਲਾਓ, ਜਿਨ੍ਹਾਂ ਦੀ ਮੈਂ ਅੱਜ ਤੁਹਾਨੂੰ ਸਾਖੀ ਦਿੰਦਾ ਹਾਂ । ਤੁਸੀਂ ਆਪਣੇ ਪੁੱਤਰਾਂ ਨੂੰ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਦਾ ਹੁਕਮ ਦਿਓ, ੪੭ ਕਿਉਂ ਜੋ ਇਹ ਤੁਹਾਡੇ ਲਈ ਹਲਕੀ ਜਿਹੀ ਗੱਲ ਨਹੀਂ, ਸਗੋਂ ਇਹ ਤੁਹਾਡਾ ਜੀਵਨ ਹੈ ਅਤੇ ਇਸ ਗੱਲ ਦੇ ਕਾਰਨ ਉਸ ਦੇਸ਼ ਵਿੱਚ ਤੁਹਾਡੇ ਜੀਵਨ ਦੇ ਦਿਨ ਬਹੁਤੇ ਹੋਣਗੇ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਯਰਦਨ ਪਾਰ ਜਾ ਰਹੇ ਹੋ । “
੪੮ ਫੇਰ ਉਸੇ ਦਿਨ ਯਹੋਵਾਹ ਨੇ ਮੂਸਾ ਨਾਲ ਇਹ ਗੱਲ ਕੀਤੀ, ੪੯ “ਤੂੰ ਇਸ ਅਬਾਰੀਮ ਦੇ ਪਹਾੜ ਉੱਤੇ ਨਬੋ ਦੀ ਚੋਟੀ ਤੇ ਚੜ੍ਹ, ਜੋ ਮੋਆਬ ਦੇਸ਼ ਵਿੱਚ ਯਰੀਹੋ ਦੇ ਸਾਹਮਣੇ ਹੈ ਅਤੇ ਕਨਾਨ ਦੇਸ਼ ਨੂੰ ਵੇਖ ਜਿਹੜਾ ਮੈਂ ਵਿਰਾਸਤ ਹੋਣ ਲਈ ਇਸਰਾਏਲ ਨੂੰ ਦੇਣ ਵਾਲਾ ਹਾਂ । ੫੦ ਫੇਰ ਉਸੇ ਪਹਾੜ ਉੱਤੇ ਜਿੱਥੇ ਤੂੰ ਚੜ੍ਹ ਰਿਹਾ ਹੈਂ, ਤੂੰ ਮਰ ਜਾਵੇਂਗਾ ਅਤੇ ਆਪਣੇ ਲੋਕਾਂ ਵਿੱਚ ਜਾ ਮਿਲ ਜਾਵੇਂਗਾ ਜਿਵੇਂ ਤੇਰਾ ਭਰਾ ਹਾਰੂਨ ਹੋਰ ਦੇ ਪਹਾੜ ਉੱਤੇ ਮਰ ਕੇ ਆਪਣੇ ਲੋਕਾਂ ਵਿੱਚ ਜਾ ਮਿਲਿਆ ਹੈ । ੫੧ ਇਸ ਦਾ ਕਾਰਨ ਇਹ ਹੈ ਕਿ ਸੀਨ ਦੀ ਉਜਾੜ ਵਿੱਚ, ਕਾਦੇਸ਼ ਕੋਲ ਮਰੀਬਾਹ ਨਾਮ ਦੇ ਸੋਤੇ ਉੱਤੇ, ਤੁਸੀਂ ਮੇਰੀ ਉਲੰਘਣਾ ਕੀਤੀ ਅਰਥਾਤ ਤੁਸੀਂ ਇਸਰਾਏਲੀਆਂ ਦੇ ਵਿੱਚ ਮੈਨੂੰ ਪਵਿੱਤਰ ਨਾ ਠਹਿਰਾਇਆ ੫੨ ਇਸ ਲਈ ਤੂੰ ਉਸ ਦੇਸ਼ ਨੂੰ ਜਿਹੜਾ ਮੈਂ ਇਸਰਾਏਲੀਆਂ ਨੂੰ ਦੇਣ ਵਾਲਾ ਹਾਂ, ਆਪਣੇ ਸਾਹਮਣੇ ਵੇਖੇਂਗਾ ਪਰ ਤੂੰ ਉਸ ਦੇਸ਼ ਵਿੱਚ ਪ੍ਰਵੇਸ਼ ਨਾ ਕਰੇਂਗਾ । “