੩੩
ਮੂਸਾ ਦਾ ਇਸਰਾਏਲੀਆਂ ਨੂੰ ਅਸੀਸ ਦੇਣਾ 
 ੧ ਇਹ ਉਹ ਅਸੀਸ ਹੈ ਜਿਹੜੀ ਮੂਸਾ ਪਰਮੇਸ਼ੁਰ ਦੇ ਦਾਸ ਨੇ ਆਪਣੀ ਮੌਤ ਤੋਂ ਪਹਿਲਾਂ ਇਸਰਾਏਲੀਆਂ ਨੂੰ ਦਿੱਤੀ ।  ੨ ਉਸ ਨੇ ਆਖਿਆ, 
ਯਹੋਵਾਹ ਸੀਨਈ ਤੋਂ ਆਇਆ, 
ਅਤੇ ਸੇਈਰ ਤੋਂ ਉਨ੍ਹਾਂ ਉੱਤੇ ਉੱਭਰਿਆ, 
ਉਹ ਪਾਰਾਨ ਦੇ ਪਹਾੜ ਤੋਂ ਚਮਕਿਆ, 
ਅਤੇ ਲੱਖਾਂ ਪਵਿੱਤਰ ਜਨਾਂ ਦੇ ਵਿੱਚੋਂ ਆਇਆ, 
ਉਸ ਦੇ ਸੱਜੇ ਹੱਥ ਵਿੱਚ ਉਨ੍ਹਾਂ ਲਈ ਅਗਨੀ ਹੁਕਮਨਾਮਾ ਸੀ । 
 ੩ ਸੱਚ-ਮੁੱਚ ਉਹ ਲੋਕਾਂ ਨਾਲ ਪ੍ਰੇਮ ਕਰਦਾ ਹੈ, 
ਉਸ ਦੇ ਸਾਰੇ ਸੰਤ ਜਨ ਤੇਰੇ ਹੱਥ ਵਿੱਚ ਹਨ, 
ਅਤੇ ਉਹ ਤੇਰੇ ਪੈਰਾਂ ਕੋਲ ਬੈਠਦੇ ਹਨ, 
ਹਰ ਇੱਕ ਤੇਰੇ ਬਚਨਾਂ ਤੋਂ ਲਾਭ ਉਠਾਉਂਦਾ ਹੈ । 
 ੪ ਮੂਸਾ ਨੇ ਸਾਨੂੰ ਬਿਵਸਥਾ ਦਾ ਹੁਕਮਨਾਮਾ ਦਿੱਤਾ, 
ਉਹ ਯਾਕੂਬ ਦੀ ਸਭਾ ਦੀ ਵਿਰਾਸਤ ਠਹਿਰੀ । 
 ੫ ਉਹ ਯਸ਼ੁਰੂਨ ਵਿੱਚ ਰਾਜਾ ਸੀ, 
ਜਦ ਲੋਕਾਂ ਦੇ ਆਗੂ ਇੱਕਠੇ ਹੋਏ, 
ਅਤੇ ਇਸਰਾਏਲ ਦੇ ਗੋਤ ਜਮਾ ਹੋਏ । 
 ੬ ਰਊਬੇਨ ਮਰੇ ਨਾ ਸਗੋਂ ਜੀਉਂਦਾ ਰਹੇ, 
ਪਰ ਉਸ ਦੇ ਮਨੁੱਖ ਗਿਣਤੀ ਵਿੱਚ ਥੋੜ੍ਹੇ ਜਿਹੇ ਹੋਣ । 
 ੭ ਯਹੂਦਾਹ ਲਈ ਉਸ ਨੇ ਆਖਿਆ, 
ਹੇ ਯਹੋਵਾਹ, ਯਹੂਦਾਹ ਦੀ ਅਵਾਜ਼ ਨੂੰ ਸੁਣ, 
ਅਤੇ ਉਹ ਨੂੰ ਉਹ ਦੇ ਲੋਕਾਂ ਵਿੱਚ ਲਿਆ । 
ਉਹ ਆਪਣੇ ਲਈ ਆਪਣੇ ਹੱਥੀਂ ਲੜਿਆ, 
ਅਤੇ ਤੂੰ ਉਹ ਦੇ ਵੈਰੀਆਂ ਦੇ ਵਿਰੁੱਧ ਉਹ ਦਾ ਸਹਾਇਕ ਹੋ । 
 ੮ ਲੇਵੀ ਲਈ ਉਸ ਨੇ ਆਖਿਆ, 
ਤੇਰੀ ਤੁੰਮੀਮ ਅਤੇ ਊਰੀਮ ਤੇਰੇ ਉਸ ਧਰਮੀ ਮਨੁੱਖ ਕੋਲ ਹਨ, 
ਜਿਸ ਨੂੰ ਤੂੰ ਮੱਸਾਹ ਉੱਤੇ ਪਰਖਿਆ, 
ਅਤੇ ਮੀਰਬਾਹ ਦੇ ਪਾਣੀ ਉੱਤੇ ਉਸ ਨਾਲ ਮੁਕਾਬਲਾ ਕੀਤਾ, 
 ੯ ਉਸ ਨੇ ਆਪਣੇ ਪਿਤਾ ਤੇ ਮਾਤਾ ਦੇ ਵਿਖੇ ਆਖਿਆ, 
ਮੈਂ ਉਨ੍ਹਾਂ ਨੂੰ ਨਹੀਂ ਵੇਖਿਆ, 
ਨਾ ਹੀ ਉਸਨੇ ਆਪਣੇ ਭਰਾਵਾਂ ਨੂੰ ਆਪਣਾ ਮੰਨਿਆ, 
ਨਾ ਆਪਣੇ ਪੁੱਤਰਾਂ ਨੂੰ ਪਛਾਣਿਆ, 
ਕਿਉਂ ਜੋ ਉਨ੍ਹਾਂ ਨੇ ਤੇਰਾ ਆਖਾ ਮੰਨਿਆ, 
ਅਤੇ ਤੇਰੇ ਨੇਮ ਦੀ ਪਾਲਨਾ ਕਰਦੇ ਹਨ । 
 ੧੦ ਉਹ ਯਾਕੂਬ ਨੂੰ ਤੇਰੇ ਨਿਯਮ ਸਿਖਾਉਣਗੇ, 
ਅਤੇ ਇਸਰਾਏਲ ਨੂੰ ਤੇਰੀ ਬਿਵਸਥਾ । 
ਉਹ ਤੇਰੇ ਅੱਗੇ ਧੂਪ ਧੁਖਾਉਣਗੇ, 
ਅਤੇ ਪੂਰੀ ਹੋਮ ਬਲੀ ਤੇਰੀ ਜਗਵੇਦੀ ਉੱਤੇ ਚੜ੍ਹਾਉਣਗੇ । 
 ੧੧ ਹੇ ਯਹੋਵਾਹ, ਉਸ ਦੇ ਮਾਲ ਉੱਤੇ ਬਰਕਤ ਦੇ 
ਅਤੇ ਉਸ ਦੇ ਹੱਥ ਦੇ ਕੰਮਾਂ ਨੂੰ ਕਬੂਲ ਕਰ । 
ਉਸ ਦੇ ਵਿਰੁੱਧ ਉੱਠਣ ਵਾਲਿਆਂ ਦਾ ਲੱਕ ਤੋੜ ਸੁੱਟ, 
ਅਤੇ ਉਸ ਤੋਂ ਘਿਰਣਾ ਕਰਨ ਵਾਲਿਆਂ ਦਾ ਵੀ ਕਿ ਉਹ ਫੇਰ ਨਾ ਉੱਠਣ । 
 ੧੨ ਬਿਨਯਾਮੀਨ ਲਈ ਉਸ ਨੇ ਆਖਿਆ, 
ਯਹੋਵਾਹ ਦਾ ਪਿਆਰਾ ਉਸ ਦੇ ਕੋਲ ਸ਼ਾਂਤੀ ਨਾਲ ਵੱਸੇਗਾ । 
ਉਹ ਸਾਰਾ ਦਿਨ ਉਸ ਨੂੰ ਢੱਕ ਕੇ ਰੱਖੇਗਾ, 
ਅਤੇ ਉਹ ਉਸ ਦੇ ਮੋਢਿਆਂ ਦੇ ਵਿਚਕਾਰ ਵੱਸਦਾ ਰਹੇਗਾ । 
 ੧੩ ਯੂਸੁਫ਼ ਲਈ ਉਸ ਨੇ ਆਖਿਆ, 
ਯਹੋਵਾਹ ਵੱਲੋਂ ਉਸ ਦੀ ਧਰਤੀ ਮੁਬਾਰਕ ਹੋਵੇ, 
ਅਕਾਸ਼ ਦੇ ਪਦਾਰਥਾਂ ਅਤੇ ਤ੍ਰੇਲ ਤੋਂ, 
ਅਤੇ ਹੇਠਾਂ ਪਈ ਹੋਈ ਡੁੰਘਿਆਈ ਤੋਂ, 
 ੧੪ ਅਤੇ ਸੂਰਜ ਨਾਲ ਪੱਕੇ ਹੋਏ ਫਲਾਂ ਦੇ ਪਦਾਰਥਾਂ ਤੋਂ, 
ਅਤੇ ਚੰਦ ਦੇ ਉਗਾਏ ਹੋਏ ਪਦਾਰਥਾਂ ਤੋਂ, 
 ੧੫ ਅਤੇ ਆਦੀ ਪਹਾੜਾਂ ਦੀਆਂ ਉੱਤਮ ਚੀਜਾਂ ਤੋਂ, 
ਅਤੇ ਸਨਾਤਨ ਉੱਚਿਆਈਆਂ ਦੇ ਪਦਾਰਥਾਂ ਤੋਂ, 
 ੧੬ ਧਰਤੀ ਅਤੇ ਉਸ ਦੀ ਭਰਪੂਰੀ ਦੇ ਪਦਾਰਥਾਂ ਤੋਂ, 
ਝਾੜੀਆਂ ਵਿੱਚ ਵੱਸਣ ਵਾਲੇ ਦੀ ਪ੍ਰਸੰਨਤਾ ਤੋਂ, 
ਇਹ ਸਭ ਯੂਸੁਫ਼ ਦੇ ਸਿਰ ਉੱਤੇ ਆਉਣ, 
ਅਤੇ ਉਸ ਦੇ ਸਿਰ ਦੀ ਚੋਟੀ ਉੱਤੇ ਜਿਹੜਾ ਆਪਣੇ ਭਰਾਵਾਂ ਤੋਂ ਵੱਖਰਾ ਹੋਇਆ ਸੀ । 
 ੧੭ ਉਹ ਬਲਦ ਦੇ ਪਹਿਲੌਠੇ ਵਰਗਾ ਪ੍ਰਤਾਪੀ ਹੈ, 
ਉਸ ਦੇ ਸਿੰਗ ਜੰਗਲੀ ਸਾਨ੍ਹ ਦੇ ਸਿੰਗਾਂ ਵਰਗੇ ਹਨ, 
ਉਨ੍ਹਾਂ ਨਾਲ ਉਹ ਸਾਰੇ ਲੋਕਾਂ ਨੂੰ ਧਰਤੀ ਦੀਆਂ ਹੱਦਾਂ ਤੱਕ ਧੱਕੇਗਾ । 
ਉਹ ਅਫ਼ਰਾਈਮ ਦੇ ਲੱਖਾਂ ਲੱਖ, 
ਅਤੇ ਮਨੱਸ਼ਹ ਦੇ ਹਜ਼ਾਰਾਂ ਹਨ । 
 ੧੮ ਜ਼ਬੂਲੁਨ ਲਈ ਉਸ ਨੇ ਆਖਿਆ, 
ਹੇ ਜ਼ਬੂਲੁਨ, ਤੂੰ ਆਪਣੇ ਬਾਹਰ ਜਾਣ ਉੱਤੇ, 
ਅਤੇ ਹੇ ਯਿੱਸਾਕਰ, ਤੂੰ ਆਪਣੇ ਤੰਬੂਆਂ ਵਿੱਚ ਖੁਸ਼ ਹੋ । 
 ੧੯ ਉਹ ਲੋਕਾਂ ਨੂੰ ਪਹਾੜ ਉੱਤੇ ਸੱਦਣਗੇ, 
ਉੱਥੇ ਉਹ ਧਰਮ ਦੀਆਂ ਬਲੀਆਂ ਚੜ੍ਹਾਉਣਗੇ, 
ਕਿਉਂ ਜੋ ਉਹ ਸਮੁੰਦਰਾਂ ਦੀ ਬਹੁਤਾਇਤ ਤੋਂ, 
ਅਤੇ ਰੇਤ ਵਿੱਚ ਲੁਕੇ ਹੋਏ ਖ਼ਜ਼ਾਨਿਆਂ ਤੋਂ ਲਾਭ ਉਠਾਉਣਗੇ । 
 ੨੦ ਗਾਦ ਲਈ ਉਸ ਨੇ ਆਖਿਆ, 
ਮੁਬਾਰਕ ਹੈ ਉਹ, ਜੋ ਗਾਦ ਨੂੰ ਵਧਾਉਂਦਾ ਹੈ, 
ਗਾਦ ਸ਼ੇਰਨੀ ਵਾਂਗੂੰ ਵੱਸਦਾ ਹੈ, 
ਉਹ ਬਾਂਹ ਨੂੰ ਸਗੋਂ ਸਿਰ ਦੀ ਖੋਪੜੀ ਨੂੰ ਤੋੜ ਸੁੱਟਦਾ ਹੈ । 
 ੨੧ ਉਸ ਨੇ ਪਹਿਲਾ ਹਿੱਸਾ ਆਪਣੇ ਲਈ ਚੁਣ ਲਿਆ, 
ਕਿਉਂ ਜੋ ਉੱਥੇ ਹਾਕਮ ਦਾ ਹਿੱਸਾ ਰੱਖਿਆ ਹੋਇਆ ਸੀ । 
ਉਸ ਨੇ ਲੋਕਾਂ ਦੇ ਆਗੂਆਂ ਨੂੰ ਲਿਆ ਕੇ, 
ਯਹੋਵਾਹ ਦਾ ਧਰਮ ਪੂਰਾ ਕੀਤਾ, 
ਅਤੇ ਇਸਰਾਏਲ ਨਾਲ ਉਸ ਦੇ ਨਿਆਂ ਦਾ ਪਾਲਣ ਕੀਤਾ । 
 ੨੨ ਦਾਨ ਲਈ ਉਸ ਨੇ ਆਖਿਆ, 
ਦਾਨ ਸ਼ੇਰ ਦਾ ਬੱਚਾ ਹੈ, ਉਹ ਬਾਸ਼ਾਨ ਤੋਂ ਕੁੱਦਦਾ ਹੈ । 
 ੨੩ ਨਫ਼ਤਾਲੀ ਲਈ ਉਸ ਨੇ ਆਖਿਆ, 
ਹੇ ਨਫ਼ਤਾਲੀ, ਤੂੰ ਜੋ ਦਯਾ ਨਾਲ ਤ੍ਰਿਪਤ, 
ਅਤੇ ਯਹੋਵਾਹ ਦੀ ਬਰਕਤ ਨਾਲ ਭਰਪੂਰ ਹੈਂ, 
ਪੱਛਮ ਉੱਤੇ ਅਤੇ ਦੱਖਣ ਉੱਤੇ ਅਧਿਕਾਰ ਕਰ ਲੈ । 
 ੨੪ ਆਸ਼ੇਰ ਲਈ ਉਸ ਨੇ ਆਖਿਆ, 
ਹੇ ਆਸ਼ੇਰ, ਪੁੱਤਰਾਂ ਨਾਲ ਮੁਬਾਰਕ ਹੋ, 
ਉਹ ਆਪਣੇ ਭਰਾਵਾਂ ਨੂੰ ਭਾਵੇ, 
ਅਤੇ ਆਪਣੇ ਪੈਰ ਤੇਲ ਵਿੱਚ ਡਬੋਏ । 
 ੨੫ ਤੇਰੇ ਅਰਲ ਲੋਹੇ ਅਤੇ ਪਿੱਤਲ ਦੇ ਹੋਣ, 
ਜਿਵੇਂ ਤੇਰੇ ਦਿਨ ਤਿਵੇਂ ਤੇਰਾ ਬਲ ਹੋਵੇ । 
 ੨੬ ਹੇ ਯਸ਼ੁਰੂਨ, ਪਰਮੇਸ਼ੁਰ ਵਰਗਾ ਕੋਈ ਨਹੀਂ ਹੈ, 
ਜੋ ਤੇਰੀ ਸਹਾਇਤਾ ਕਰਨ ਲਈ ਅਕਾਸ਼ ਉੱਤੇ, 
ਅਤੇ ਆਪਣੇ ਪ੍ਰਤਾਪ ਵਿੱਚ ਬੱਦਲਾਂ ਉੱਤੇ ਸਵਾਰ ਹੈ । 
 ੨੭ ਅਨਾਦੀ ਪਰਮੇਸ਼ੁਰ ਤੇਰਾ ਧਾਮ ਹੈ, 
ਅਤੇ ਹੇਠਾਂ ਸਨਾਤਨ ਭੁਜਾਂ ਹਨ । 
ਉਸ ਨੇ ਤੇਰੇ ਵੈਰੀਆਂ ਨੂੰ ਤੇਰੇ ਅੱਗੋਂ ਧੱਕ ਦਿੱਤਾ, 
ਅਤੇ ਉਸ ਨੇ ਆਖਿਆ, ਉਹਨਾਂ ਦਾ ਨਾਸ਼ ਕਰ ਦੇ । 
 ੨੮ ਇਸਰਾਏਲ ਸੁੱਖ ਨਾਲ ਵੱਸੇਗਾ, 
ਉਸ ਧਰਤੀ ਵਿੱਚ ਜਿੱਥੇ ਅੰਨ ਅਤੇ ਨਵੀਂ ਮਧ ਹੈ, 
ਉੱਥੇ ਯਾਕੂਬ ਦਾ ਸੋਤਾ ਇੱਕਲਾ ਹੈ, 
ਹਾਂ, ਉਸ ਦੇ ਉੱਪਰ ਅਕਾਸ਼ ਤੋਂ ਤ੍ਰੇਲ ਪੈਂਦੀ ਹੈ । 
 ੨੯ ਹੇ ਇਸਰਾਏਲ, ਤੂੰ ਧੰਨ ਹੈ ! 
ਹੇ ਯਹੋਵਾਹ ਦੀ ਬਚਾਈ ਹੋਈ ਪਰਜਾ, ਤੇਰੇ ਵਰਗਾ ਕੌਣ ਹੈ ? 
ਉਹ ਤੇਰੀ ਸਹਾਇਤਾ ਦੀ ਢਾਲ, 
ਅਤੇ ਤੇਰੇ ਪ੍ਰਤਾਪ ਦੀ ਤਲਵਾਰ ਹੈ, 
ਤੇਰੇ ਵੈਰੀ ਤੈਥੋਂ ਝਿਜਕਣਗੇ, 
ਪਰ ਤੂੰ ਉਹਨਾਂ ਦੇ ਉੱਚੇ ਸਥਾਨਾਂ ਨੂੰ ਮਿੱਧਦਾ ਫਿਰੇਂਗਾ ।