੧ ਮੈਂ ਆਪਣੇ ਮਨ ਵਿੱਚ ਆਖਿਆ ਭਈ ਆ, ਮੈਂ ਅਨੰਦ ਨਾਲ ਤੇਰਾ ਪਰਤਾਵਾ ਲਵਾਂਗਾ, ਇਸ ਲਈ ਸੁੱਖ ਭੋਗ ਅਤੇ ਵੇਖੋ, ਇਹ ਵੀ ਵਿਅਰਥ ਸੀ । ੨ ਮੈਂ ਹਾਸੇ ਦੇ ਬਾਰੇ ਆਖਿਆ ਕਿ ਇਹ ਮੂਰਖਤਾ ਹੈ ਅਤੇ ਅਨੰਦ ਦੇ ਬਾਰੇ ਕਿ ਇਹ ਕੀ ਕਰਦਾ ਹੈ ? ੩ ਮੈਂ ਆਪਣੇ ਮਨ ਵਿੱਚ ਵਿਚਾਰ ਕੀਤਾ ਕਿ ਮੈਂ ਕਿਵੇਂ ਮਧ ਪੀ ਕੇ ਆਪਣੇ ਸਰੀਰ ਨੂੰ ਖੁਸ਼ ਕਰਾਂ, ਪਰ ਫੇਰ ਵੀ ਮੇਰਾ ਮਨ ਬੁੱਧ ਵੱਲ ਲੱਗਿਆ ਰਹੇ ਅਤੇ ਮੂਰਖਤਾਈ ਨੂੰ ਫੜ੍ਹ ਕੇ ਰੱਖਾਂ, ਜਦ ਤੱਕ ਇਹ ਨਾ ਵੇਖਾਂ ਕਿ ਉਹ ਚੰਗਾ ਕੰਮ ਕਿਹੜਾ ਹੈ ਜੋ ਆਦਮ ਵੰਸ਼ੀ ਆਪਣੇ ਜੀਵਨ ਦੇ ਥੋੜ੍ਹੇ ਜਿਹੇ ਦਿਨਾਂ ਵਿੱਚ ਅਕਾਸ਼ ਦੇ ਹੇਠਾਂ ਕਰਨ । ੪ ਮੈਂ ਵੱਡੇ-ਵੱਡੇ ਕੰਮ ਕੀਤੇ, ਮੈਂ ਆਪਣੇ ਲਈ ਘਰ ਉਸਾਰੇ ਅਤੇ ਮੈਂ ਆਪਣੇ ਲਈ ਦਾਖਾਂ ਦੀਆਂ ਵਾੜੀਆਂ ਲਗਾਈਆਂ, ੫ ਮੈਂ ਆਪਣੇ ਲਈ ਬਗੀਚੇ ਅਤੇ ਬਾਗ ਬਣਾਏ ਅਤੇ ਉਹਨਾਂ ਵਿੱਚ ਭਾਂਤ-ਭਾਂਤ ਦੇ ਫਲਾਂ ਵਾਲੇ ਰੁੱਖ ਲਗਾਏ, ੬ ਮੈਂ ਆਪਣੇ ਹਰੇ ਰੁੱਖਾਂ ਦੇ ਬਣ ਨੂੰ ਸਿੰਜਣ ਦੇ ਲਈ ਤਲਾਬ ਬਣਾਏ, ੭ ਮੈਂ ਦਾਸ ਅਤੇ ਦਾਸੀਆਂ ਮੁੱਲ ਲਏ ਅਤੇ ਮੇਰੇ ਘਰ ਵਿੱਚ ਜੰਮੇ ਹੋਏ ਦਾਸ ਵੀ ਸਨ, ਸਗੋਂ ਮੇਰੇ ਕੋਲ ਉਹਨਾਂ ਸਾਰਿਆਂ ਨਾਲੋਂ ਵੱਧ ਵੱਗਾਂ ਅਤੇ ਇੱਜੜਾਂ ਦੀ ਜ਼ਾਇਦਾਦ ਸੀ, ਜਿਹੜੇ ਮੇਰੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਸਨ । ੮ ਮੈਂ ਸੋਨਾ-ਚਾਂਦੀ ਅਤੇ ਰਾਜਿਆਂ ਅਤੇ ਸੂਬਿਆਂ ਦੇ ਖ਼ਜ਼ਾਨੇ ਆਪਣੇ ਲਈ ਇਕੱਠੇ ਕੀਤੇ । ਮੈਂ ਗਾਇਕ ਅਤੇ ਗਾਉਣ ਵਾਲੀਆਂ ਰੱਖੀਆਂ ਅਤੇ ਬਹੁਤ ਸਾਰੀਆਂ ਮਨਮੋਹਣੀਆਂ ਸੁਰੀਤਾ ਵੀ ਪ੍ਰਾਪਤ ਕੀਤੀਆਂ, ਜਿਨ੍ਹਾਂ ਤੋਂ ਆਦਮ ਵੰਸ਼ੀ ਸੁੱਖ ਪਾਉਂਦੇ ਹਨ ।
੯ ਮੈਂ ਮਹਾਨ ਹੋ ਗਿਆ ਅਤੇ ਜਿਹੜੇ ਮੇਰੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਸਨ, ਉਹਨਾਂ ਸਾਰਿਆਂ ਨਾਲੋਂ ਬਹੁਤ ਵਾਧਾ ਕੀਤਾ ਪਰ ਫੇਰ ਵੀ ਮੇਰੀ ਬੁੱਧ ਮੇਰੇ ਵਿੱਚ ਟਿਕੀ ਰਹੀ । ੧੦ ਉਹ ਸਭ ਕੁਝ ਜੋ ਮੇਰੀਆਂ ਅੱਖਾਂ ਮੰਗਦੀਆਂ ਸਨ, ਮੈਂ ਉਹਨਾਂ ਕੋਲੋਂ ਦੂਰ ਨਹੀਂ ਰੱਖਿਆ । ਮੈਂ ਆਪਣੇ ਮਨ ਨੂੰ ਕਿਸੇ ਤਰ੍ਹਾਂ ਦੇ ਅਨੰਦ ਤੋਂ ਨਹੀਂ ਰੋਕਿਆ, ਕਿਉਂ ਜੋ ਮੇਰਾ ਮਨ ਮੇਰੀ ਸਾਰੀ ਮਿਹਨਤ ਨਾਲ ਰਾਜ਼ੀ ਰਿਹਾ ਅਤੇ ਮੇਰੀ ਸਾਰੀ ਮਿਹਨਤ ਵਿੱਚ ਮੇਰਾ ਇਹੋ ਹਿੱਸਾ ਸੀ । ੧੧ ਤਦ ਮੈਂ ਉਨ੍ਹਾਂ ਸਾਰਿਆਂ ਕੰਮਾਂ ਨੂੰ ਵੇਖਿਆ ਜੋ ਮੇਰੇ ਹੱਥਾਂ ਨੇ ਕੀਤੇ ਸਨ ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਦੇ ਵਿੱਚ ਕੀਤੀ ਸੀ ਅਤੇ ਵੇਖੋ, ਉਹਨਾਂ ਸਾਰਿਆਂ ਦਾ ਸੂਰਜ ਦੇ ਹੇਠ ਕੋਈ ਲਾਭ ਨਹੀਂ ਸੀ ।
੧੨ ਫੇਰ ਮੈਂ ਬੁੱਧ ਅਤੇ ਪਾਗਲਪੁਣੇ ਅਤੇ ਮੂਰਖਤਾਈ ਨੂੰ ਵੇਖਣ ਲਈ ਮੂੰਹ ਮੋੜਿਆ ਕਿਉਂ ਜੋ ਉਹ ਮਨੁੱਖ ਜੋ ਰਾਜਾ ਤੋਂ ਬਾਅਦ ਆਵੇਗਾ, ਕੀ ਕਰੇਗਾ ? ਸਿਰਫ਼ ਉਹ ਹੀ ਜੋ ਪਹਿਲਾਂ ਤੋਂ ਹੁੰਦਾ ਆਇਆ ਹੈ । ੧੩ ਤਦ ਮੈਂ ਵੇਖਿਆ ਕਿ ਜਿਵੇਂ ਚਾਨਣ ਹਨੇਰੇ ਨਾਲੋਂ ਉੱਤਮ ਹੈ, ਉਸੇ ਤਰ੍ਹਾਂ ਹੀ ਮੂਰਖਤਾਈ ਨਾਲੋਂ ਬੁੱਧ ਉੱਤਮ ਹੈ । ੧੪ ਬੁੱਧਵਾਨ ਦੀਆਂ ਅੱਖਾਂ ਸਿਰ ਵਿੱਚ ਹੀ ਰਹਿੰਦੀਆਂ ਹਨ, ਪਰ ਮੂਰਖ ਹਨੇਰੇ ਵਿੱਚ ਤੁਰਦਾ ਹੈ, ਤਾਂ ਵੀ ਮੈਂ ਜਾਣ ਲਿਆ ਕਿ ਸਾਰਿਆਂ ਉੱਤੇ ਇੱਕੋ ਜਿਹੀ ਹੀ ਬੀਤਦੀ ਹੈ । ੧੫ ਤਦ ਮੈਂ ਆਪਣੇ ਮਨ ਵਿੱਚ ਆਖਿਆ, ਜੋ ਕੁਝ ਮੂਰਖ ਉੱਤੇ ਬੀਤਦੀ ਹੈ, ਉਹ ਹੀ ਮੇਰੇ ਉੱਤੇ ਵੀ ਬੀਤੇਗੀ, ਤਾਂ ਫੇਰ ਮੈਂ ਵੱਧ ਬੁੱਧਵਾਨ ਕਿਉਂ ਬਣਿਆ ? ਸੋ ਮੈਂ ਆਪਣੇ ਮਨ ਵਿੱਚ ਆਖਿਆ ਕਿ ਇਹ ਵੀ ਵਿਅਰਥ ਹੀ ਹੈ । ੧੬ ਕਿਉਂ ਜੋ ਨਾ ਤਾਂ ਬੁੱਧਵਾਨ ਦਾ ਅਤੇ ਨਾ ਮੂਰਖ ਦੀ ਯਾਦ ਸਦਾ ਤੱਕ ਰਹੇਗੀ, ਕਿਉਂ ਜੋ ਆਉਣ ਵਾਲਿਆਂ ਸਮਿਆਂ ਵਿੱਚ ਸਭ ਕੁਝ ਭੁਲਾ ਦਿੱਤਾ ਜਾਵੇਗਾ । ਬੁੱਧਵਾਨ ਕਿਸ ਤਰ੍ਹਾਂ ਮਰਦਾ ਹੈ ? ਉਸੇ ਤਰ੍ਹਾਂ ਹੀ ਜਿਵੇਂ ਮੂਰਖ ਮਰਦਾ ਹੈ ! ੧੭ ਇਸ ਲਈ ਮੈਂ ਜੀਵਨ ਤੋਂ ਅੱਕ ਗਿਆ, ਕਿਉਂ ਜੋ ਉਹ ਸਾਰਾ ਕੰਮ ਜੋ ਸੂਰਜ ਦੇ ਹੇਠ ਕੀਤਾ ਜਾਂਦਾ ਹੈ ਮੈਨੂੰ ਮਾੜਾ ਲੱਗਾ, ਕਿਉਂਕਿ ਸਭ ਕੁਝ ਵਿਅਰਥ ਅਤੇ ਹਵਾ ਦਾ ਫੱਕਣਾ ਹੈ ।
੧੮ ਸਗੋਂ ਮੈਂ ਆਪਣੀ ਮਿਹਨਤ ਦੇ ਸਾਰੇ ਕੰਮਾਂ ਤੋਂ ਅੱਕ ਗਿਆ, ਜੋ ਮੈਂ ਸੂਰਜ ਦੇ ਹੇਠ ਕੀਤਾ ਸੀ, ਕਿਉਂ ਜੋ ਮੈਨੂੰ ਉਹ ਉਸ ਆਦਮੀ ਦੇ ਲਈ ਛੱਡਣਾ ਪਵੇਗਾ ਜੋ ਮੇਰੇ ਤੋਂ ਬਾਅਦ ਆਵੇਗਾ । ੧੯ ਕੌਣ ਜਾਣਦਾ ਹੈ ਕਿ ਉਹ ਬੁੱਧਵਾਨ ਹੋਵੇਗਾ ਜਾਂ ਮੂਰਖ ? ਫੇਰ ਵੀ ਮੇਰੀ ਸਾਰੀ ਮਿਹਨਤ ਦੇ ਕੰਮ ਦਾ ਜੋ ਮੈਂ ਕੀਤਾ ਅਤੇ ਜਿਸ ਦੇ ਲਈ ਮੈਂ ਸੂਰਜ ਦੇ ਹੇਠ ਆਪਣੀ ਬੁੱਧ ਖਰਚ ਕੀਤੀ, ਉਹੋ ਮਾਲਕ ਬਣੇਗਾ ! ਇਹ ਵੀ ਵਿਅਰਥ ਹੀ ਹੈ । ੨੦ ਤਦ ਮੈਂ ਮੁੜਿਆ ਅਤੇ ਆਪਣੇ ਮਨ ਨੂੰ ਉਸ ਸਾਰੇ ਕੰਮ ਤੋਂ ਜੋ ਮੈਂ ਸੂਰਜ ਦੇ ਹੇਠ ਕੀਤਾ ਸੀ, ਨਿਰਾਸ਼ ਕੀਤਾ, ੨੧ ਕਿਉਂ ਜੋ ਇੱਕ ਅਜਿਹਾ ਮਨੁੱਖ ਵੀ ਹੈ ਜਿਸ ਦਾ ਕੰਮ ਬੁੱਧ ਅਤੇ ਗਿਆਨ ਅਤੇ ਸਫ਼ਲਤਾ ਦੇ ਨਾਲ ਹੁੰਦਾ ਹੈ ਪਰ ਉਹ ਉਸ ਨੂੰ ਦੂਜੇ ਮਨੁੱਖ ਦੇ ਲਈ ਛੱਡ ਜਾਵੇਗਾ, ਜਿਸ ਨੇ ਉਸ ਦੇ ਵਿੱਚ ਕੁਝ ਮਿਹਨਤ ਨਹੀਂ ਕੀਤੀ ਕਿ ਉਹ ਉਸ ਦੀ ਵੰਡ ਹੋਵੇ । ਇਹ ਵੀ ਵਿਅਰਥ ਅਤੇ ਵੱਡੀ ਬਿਪਤਾ ਹੀ ਹੈ । ੨੨ ਭਲਾ, ਮਨੁੱਖ ਨੂੰ ਆਪਣੇ ਸਾਰੇ ਕੰਮ-ਧੰਦੇ ਤੋਂ ਜੋ ਉਹ ਨੇ ਸੂਰਜ ਦੇ ਹੇਠ ਕੀਤਾ ਅਤੇ ਮਨ ਦੇ ਕਸ਼ਟ ਤੋਂ ਕੀ ਲਾਭ ਹੁੰਦਾ ਹੈ ? ੨੩ ਕਿਉਂ ਜੋ ਉਹ ਦੇ ਸਾਰੇ ਦਿਨ ਦੁੱਖ ਭਰੇ ਹਨ ਅਤੇ ਉਹ ਦੀ ਮਿਹਨਤ ਸੋਗ ਹੈ, ਸਗੋਂ ਉਹ ਦੇ ਮਨ ਨੂੰ ਰਾਤੀਂ ਵੀ ਅਰਾਮ ਨਹੀਂ ਮਿਲਦਾ । ਇਹ ਵੀ ਵਿਅਰਥ ਹੀ ਹੈ !
੨੪ ਮਨੁੱਖ ਦੇ ਲਈ ਇਸ ਨਾਲੋਂ ਚੰਗਾ ਹੋਰ ਕੁਝ ਨਹੀਂ ਕਿ ਖਾਵੇ-ਪੀਵੇ ਅਤੇ ਆਪਣੇ ਸਾਰੇ ਕੰਮ-ਧੰਦੇ ਦੇ ਵਿੱਚ ਆਪਣਾ ਮਨ ਪਰਚਾਵੇ । ਮੈਂ ਵੇਖਿਆ ਕਿ ਇਹ ਵੀ ਪਰਮੇਸ਼ੁਰ ਦੇ ਹੱਥੋਂ ਮਿਲਦਾ ਹੈ, ੨੫ ਕਿਉਂ ਜੋ ਮੇਰੇ ਨਾਲੋਂ ਵੱਧ ਕੌਣ ਖਾ ਸਕਦਾ ਅਤੇ ਅਨੰਦ ਭੋਗ ਸਕਦਾ ਹੈ ? ੨੬ ਕਿਉਂ ਜੋ ਪਰਮੇਸ਼ੁਰ ਉਸ ਮਨੁੱਖ ਨੂੰ ਜੋ ਉਸ ਦੀ ਨਜ਼ਰ ਵਿੱਚ ਭਲਾ ਹੈ, ਬੁੱਧ ਅਤੇ ਗਿਆਨ ਅਤੇ ਅਨੰਦ ਦਿੰਦਾ ਹੈ, ਪਰ ਪਾਪੀ ਨੂੰ ਦੁੱਖ ਦਿੰਦਾ ਹੈ ਤਾਂ ਜੋ ਉਹ ਇਕੱਠਾ ਕਰਕੇ ਅਤੇ ਜੋੜ ਕੇ ਉਸ ਨੂੰ ਦੇਵੇ, ਜਿਹੜਾ ਪਰਮੇਸ਼ੁਰ ਨੂੰ ਭਾਉਂਦਾ ਹੈ । ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ !