ਮੌਤ ਤੋਂ ਜੀਵਨ ਦੇ ਵੱਲ
੧ ਉਹ ਨੇ ਤੁਹਾਨੂੰ ਵੀ ਜਿਉਂਦਾ ਕੀਤਾ, ਜਿਹੜੇ ਆਪਣੇ ਪਾਪਾਂ ਅਤੇ ਅਪਰਾਧਾਂ ਦੇ ਕਾਰਨ ਮਰੇ ਹੋਏ ਸਨ ! ੨ ਜਿਨ੍ਹਾਂ ਦੇ ਵਿੱਚ ਤੁਸੀਂ ਇਸ ਸੰਸਾਰ ਦੀ ਰੀਤੀ ਅਨੁਸਾਰ ਹਵਾਈ ਇਖ਼ਤਿਆਰ ਦੇ ਸਰਦਾਰ ਦੇ ਅਰਥਾਤ ਉਸ ਆਤਮਾ ਦੇ ਅਨੁਸਾਰ ਅੱਗੇ ਚਲਦੇ ਸੀ, ਜਿਹੜੀ ਹੁਣ ਅਣ-ਆਗਿਆਕਾਰੀ ਦੇ ਪੁੱਤਰਾਂ ਵਿੱਚ ਕੰਮ ਕਰਦੀ ਹੈ ! ੩ ਉਹਨਾਂ ਵਿੱਚ ਅਸੀਂ ਸਾਰੇ ਪਹਿਲਾਂ ਆਪਣੇ ਸਰੀਰ ਦੀ ਕਾਮਨਾ ਵਿੱਚ ਦਿਨ ਗੁਜਾਰਦੇ, ਸਰੀਰਕ ਅਤੇ ਮਨ ਦੀ ਇਛਾਵਾਂ ਨੂੰ ਪੂਰਾ ਕਰਦੇ ਸੀ ਅਤੇ ਦੂਜਿਆਂ ਦੀ ਤਰ੍ਹਾਂ ਸੁਭਾਅ ਤੋਂ ਕ੍ਰੋਧ ਦੀ ਸੰਤਾਨ ਸੀ ! ੪ ਪਰੰਤੂ ਪਰਮੇਸ਼ੁਰ ਨੇ ਜਿਹੜਾ ਦਯਾ ਦਾ ਧਨੀ ਹੈ ਆਪਣੇ ਉਸ ਵੱਡੇ ਪਿਆਰ ਕਰਕੇ ਜਿਸ ਤੋਂ ਉਹ ਨੇ ਸਾਡੇ ਨਾਲ ਪਿਆਰ ਕੀਤਾ ! ੫ ਜਦੋਂ ਅਸੀਂ ਅਪਰਾਧਾਂ ਦੇ ਕਾਰਨ ਮੁਰਦੇ ਹੀ ਸੀ ਤਦੋਂ ਸਾਨੂੰ ਮਸੀਹ ਦੇ ਨਾਲ ਜਿਵਾਲਿਆ, ਕਿਰਪਾ ਤੋਂ ਹੀ ਤੁਸੀਂ ਬਚਾਏ ਗਏ ਹੋ ! ੬ ਅਤੇ ਪਰਮੇਸ਼ੁਰ ਨੇ ਸਾਨੂੰ ਉਸ ਦੇ ਨਾਲ ਉੱਠਾਇਆ ਅਤੇ ਸਾਨੂੰ ਮਸੀਹ ਯਿਸੂ ਵਿੱਚ ਸਵਰਗੀ ਥਾਵਾਂ ਉੱਤੇ ਉਸ ਦੇ ਨਾਲ ਬਿਠਾਇਆ ! ੭ ਕਿ ਉਸ ਦਿਆਲਗੀ ਨਾਲ ਜੋ ਮਸੀਹ ਯਿਸੂ ਵਿੱਚ ਸਾਡੇ ਉੱਤੇ ਹੈ ਉਹ ਆਉਣ ਵਾਲਿਆਂ ਯੁੱਗਾਂ ਵਿੱਚ ਆਪਣੀ ਕਿਰਪਾ ਦਾ ਬੇਹੱਦ ਧਨ ਪਰਗਟ ਕਰੇ ! ੮ ਕਿਉਂ ਜੋ ਤੁਸੀਂ ਕਿਰਪਾ ਤੋਂ ਵਿਸ਼ਵਾਸ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ੁਰ ਦੀ ਦਾਤ ਹੈ ! ੯ ਇਹ ਕਰਮਾਂ ਤੋਂ ਨਹੀਂ ਅਜਿਹਾ ਨਾ ਹੋਵੇ ਕਿ ਕੋਈ ਘਮੰਡ ਕਰੇ ! ੧੦ ਕਿਉਂ ਜੋ ਅਸੀਂ ਉਸ ਦੀ ਰਚਨਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਭਲੇ ਕੰਮਾਂ ਲਈ ਰਚੇ ਗਏ ਜੋ ਪਰਮੇਸ਼ੁਰ ਨੇ ਪਹਿਲਾਂ ਹੀ ਤਿਆਰ ਕੀਤੇ ਸਨ ਕਿ ਅਸੀਂ ਉਨ੍ਹਾਂ ਵਿੱਚ ਲੱਗੇ ਰਹੀਏ !
ਮਸੀਹ ਦੇ ਵਿੱਚ ਇੱਕ
੧੧ ਇਸ ਲਈ ਚੇਤੇ ਕਰੋ ਕਿ ਅੱਗੇ ਤੁਸੀਂ ਸਰੀਰ ਦੇ ਅਨੁਸਾਰ ਪਰਾਈਆਂ ਕੌਮਾਂ ਦੇ ਲੋਕ ਸੀ ਅਤੇ ਉਨ੍ਹਾਂ ਤੋਂ ਜਿਹਨਾਂ ਦੀ ਸੁੰਨਤ ਸਰੀਰ ਵਿੱਚ ਹੱਥਾਂ ਨਾਲ ਕੀਤੀ ਹੋਈ ਹੈ ਅਸੁੰਨਤੀ ਅਖਵਾਉਂਦੇ ਸੀ ! ੧੨ ਨਾਲੇ ਤੁਸੀਂ ਉਸ ਸਮੇਂ ਮਸੀਹ ਤੋਂ ਵੱਖਰੇ, ਇਸਰਾਏਲ ਦੀ ਪਰਜਾ ਤੋਂ ਅਲੱਗ ਕੀਤੇ ਹੋਏ, ਬਚਨ ਦੇ ਵਾਅਦਿਆਂ ਤੋਂ ਬਾਹਰ, ਬਿਨ੍ਹਾਂ ਆਸ ਅਤੇ ਸੰਸਾਰ ਵਿੱਚ ਪਰਮੇਸ਼ੁਰ ਤੋਂ ਰਹਿਤ ਸੀ ! ੧੩ ਪਰ ਹੁਣ ਮਸੀਹ ਯਿਸੂ ਵਿੱਚ ਤੁਸੀਂ ਜੋ ਪਹਿਲਾਂ ਦੂਰ ਸੀ, ਮਸੀਹ ਦੇ ਲਹੂ ਦੇ ਦੁਆਰਾ ਨੇੜੇ ਕੀਤੇ ਗਏ ਹੋ ! ੧੪ ਕਿਉਂ ਜੋ ਉਹ ਸਾਡਾ ਮਿਲਾਪ ਹੈ, ਜਿਸ ਨੇ ਯਹੂਦੀ ਅਤੇ ਪਰਾਈਆਂ ਕੌਮਾਂ ਨੂੰ ਇੱਕ ਕੀਤਾ ਅਤੇ ਸਰੀਰ ਵਿੱਚ ਵੈਰ-ਵਿਰੋਧ ਵਾਲੀ ਜੁਦਾਈ ਦੀ ਕੰਧ ਨੂੰ ਢਾਹ ਦਿੱਤਾ ! ੧੫ ਅਤੇ ਬਿਵਸਥਾ ਨੂੰ ਬਿਧੀਆਂ ਅਤੇ ਕਨੂੰਨਾਂ ਸਮੇਤ ਮਿਟਾ ਦਿੱਤਾ ਤਾਂ ਜੋ ਦੋਹਾਂ ਤੋਂ ਆਪਣੇ ਵਿੱਚ ਇੱਕ ਨਵੇਂ ਮਨੁੱਖ ਦੀ ਰਚਨਾ ਕਰਕੇ ਮੇਲ-ਮਿਲਾਪ ਕਰਾਇਆ ! ੧੬ ਅਤੇ ਸਲੀਬ ਦੇ ਰਾਹੀਂ ਵੈਰ-ਵਿਰੋਧ ਦਾ ਨਾਸ ਕਰਕੇ ਉਸੇ ਰਾਹੀਂ ਦੋਹਾਂ ਨੂੰ ਇੱਕ ਸਰੀਰ ਬਣਾ ਕੇ ਪਰਮੇਸ਼ੁਰ ਨਾਲ ਮੇਲ ਕਰਾਵੇ ! ੧੭ ਅਤੇ ਉਸ ਨੇ ਆਣ ਕੇ ਤੁਹਾਨੂੰ ਜਿਹੜੇ ਦੂਰ ਸਨ, ਉਨ੍ਹਾਂ ਨੂੰ ਜਿਹੜੇ ਨੇੜੇ ਸਨ ਦੋਵਾਂ ਨੂੰ ਮੇਲ-ਮਿਲਾਪ ਦੀ ਖੁਸ਼ਖਬਰੀ ਸੁਣਾਈ ! ੧੮ ਕਿਉਂ ਜੋ ਉਸੇ ਦੇ ਦੁਆਰਾ ਇੱਕੋ ਆਤਮਾ ਵਿੱਚ ਪਿਤਾ ਵੱਲ ਸਾਡੇ ਦੋਵਾਂ ਦੀ ਪਹੁੰਚ ਹੁੰਦੀ ਹੈ ! ੧੯ ਸੋ ਹੁਣ ਤੋਂ ਤੁਸੀਂ ਪਰਾਏ ਅਤੇ ਪਰਦੇਸੀ ਨਹੀਂ ਸਗੋਂ ਸੰਤਾਂ ਦੇ ਵਤਨੀ ਅਤੇ ਪਰਮੇਸ਼ੁਰ ਦੇ ਘਰਾਣੇ ਦੇ ਹੋ ! ੨੦ ਅਤੇ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣਾਏ ਗਏ ਹੋ ਜਿਹ ਦੇ ਖੂੰਜੇ ਦਾ ਪੱਥਰ ਆਪ ਮਸੀਹ ਯਿਸੂ ਹੈ ! ੨੧ ਜਿਹ ਦੇ ਵਿੱਚ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਪ੍ਰਭੂ ਵਿੱਚ ਪਵਿੱਤਰ ਹੈਕਲ ਬਣਦੀ ਜਾਂਦੀ ਹੈ । ੨੨ ਜਿਸ ਵਿੱਚ ਤੁਸੀਂ ਵੀ ਆਤਮਾ ਰਾਹੀਂ ਪਰਮੇਸ਼ੁਰ ਦਾ ਭਵਨ ਹੋਣ ਲਈ ਇੱਕ ਸੰਗ ਬਣਾਏ ਜਾਂਦੇ ਹੋ l