ਪਰਾਈਆਂ ਕੌਮਾਂ ਦੇ ਲਈ ਪਰਮੇਸ਼ੁਰ ਦੀ ਅਦਭੁੱਤ ਯੋਜਨਾ
੧ ਇਸ ਕਾਰਨ ਮੈਂ ਪੌਲੁਸ, ਜੋ ਤੁਸੀਂ ਪਰਾਈਆਂ ਕੌਮਾਂ ਦੇ ਲਈ ਯਿਸੂ ਮਸੀਹ ਦਾ ਕੈਦੀ ਹਾਂ । ੨ ਜੇ ਤੁਸੀਂ ਪਰਮੇਸ਼ੁਰ ਦੀ ਉਸ ਕਿਰਪਾ ਦੇ ਪ੍ਰਬੰਧ ਮੁਖ਼ਤਿਆਰੀ ਦੀ ਖ਼ਬਰ ਸੁਣੀ ਜਿਹੜੀ ਮੈਨੂੰ ਤੁਹਾਡੇ ਲਈ ਸੌਂਪੀ ਗਈ ! ੩ ਇਹ ਕਿ ਪਰਕਾਸ਼ ਨਾਲ ਉਹ ਭੇਤ ਮੇਰੇ ਉੱਤੇ ਪ੍ਰਗਟ ਕੀਤਾ ਗਿਆ ਜਿਵੇਂ ਮੈਂ ਥੋੜ੍ਹਾ ਕਰਕੇ ਪਹਿਲਾਂ ਲਿਖਿਆ ! ੪ ਇਸ ਤੋਂ ਤੁਸੀਂ ਪੜ੍ਹ ਕੇ ਜਾਣ ਸਕਦੇ ਹੋ ਜੋ ਮਸੀਹ ਦੇ ਭੇਤ ਵਿੱਚ ਮੇਰੀ ਸਮਝ ਕਿੰਨੀ ਹੈ ! ੫ ਉਹ ਹੋਰਨਾਂ ਸਮਿਆਂ ਵਿੱਚ ਮਨੁੱਖ ਜਾਤੀ ਉੱਤੇ ਉਸ ਪਰਕਾਰ ਨਹੀਂ ਖੋਲ੍ਹਿਆ ਗਿਆ ਜਿਸ ਪਰਕਾਰ ਹੁਣ ਉਹ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਆਤਮਾ ਨਾਲ ਪ੍ਰਗਟ ਕੀਤਾ ਗਿਆ ਹੈ ! ੬ ਅਰਥਾਤ ਇਹ ਕਿ ਮਸੀਹ ਵਿੱਚ ਖੁਸ਼ਖਬਰੀ ਦੇ ਦੁਆਰਾ ਪਰਾਈਆਂ ਕੌਮਾਂ ਦੇ ਲੋਕ ਸੰਗੀ ਵਿਰਾਸਤ ਅਤੇ ਇੱਕੋ ਦੇਹੀ ਦੇ ਅਤੇ ਵਾਇਦੇ ਦੇ ਵਾਰਿਸ ਹਨ ! ੭ ਅਤੇ ਪਰਮੇਸ਼ੁਰ ਦੀ ਕਿਰਪਾ ਜੋ ਉਹ ਦੀ ਸਮਰੱਥਾ ਦੇ ਕਾਰਨ ਮੇਰੇ ਉੱਤੇ ਹੋਈ ਉਹ ਦੇ ਦਾਨ ਅਨੁਸਾਰ ਮੈਂ ਉਸ ਖੁਸ਼ਖਬਰੀ ਦਾ ਸੇਵਕ ਬਣਿਆ ! ੮ ਮੇਰੇ ਉੱਤੇ, ਜੋ ਸਾਰਿਆਂ ਸੰਤਾਂ ਵਿੱਚੋਂ ਛੋਟੇ ਤੋਂ ਛੋਟਾ ਹਾਂ, ਇਹ ਕਿਰਪਾ ਹੋਈ ਕਿ ਮੈਂ ਪਰਾਈਆਂ ਕੌਮਾਂ ਨੂੰ ਮਸੀਹ ਦੇ ਅਣਲੱਭ ਧਨ ਦੀ ਖੁਸ਼ਖਬਰੀ ਸੁਣਾਵਾਂ ! ੯ ਅਤੇ ਇਸ ਗੱਲ ਨੂੰ ਪਰਗਟ ਕਰਾਂ ਕਿ ਉਸ ਭੇਤ ਦੀ ਕੀ ਜੁਗਤੀ ਹੈ ਜਿਹੜਾ ਆਦ ਤੋਂ ਪਰਮੇਸ਼ੁਰ ਵਿੱਚ ਗੁਪਤ ਰਿਹਾ ਹੈ, ਜਿਸ ਨੇ ਯਿਸੂ ਮਸੀਹ ਰਾਹੀਂ ਸਭ ਵਸਤਾਂ ਉਤਪਤ ਕੀਤੀਆਂ ! ੧੦ ਕਿ ਹੁਣ ਕਲੀਸਿਯਾ ਦੇ ਰਾਹੀਂ ਸਵਰਗੀ ਥਾਵਾਂ ਵਿੱਚ ਹਕੂਮਤਾਂ ਅਤੇ ਅਧਿਕਾਰਾਂ ਉੱਤੇ ਪਰਮੇਸ਼ੁਰ ਦਾ ਨਾਨਾ ਪਰਕਾਰ ਦਾ ਗਿਆਨ ਪਰਗਟ ਕੀਤਾ ਜਾਵੇ ! ੧੧ ਉਸ ਸਦੀਪਕ ਇੱਛਾ ਦੇ ਅਨੁਸਾਰ ਜਿਹੜੀ ਉਸ ਨੇ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਪੂਰੀ ਕੀਤੀ ! ੧੨ ਜਿਸ ਦੇ ਵਿੱਚ ਉਸ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਸਾਨੂੰ ਦਲੇਰੀ ਅਤੇ ਭਰੋਸੇ ਰਾਹੀਂ ਪਹੁੰਚ ਪ੍ਰਾਪਤ ਹੁੰਦੀ ਹੈ ! ੧੩ ਇਸ ਲਈ ਮੈਂ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਮੇਰੀਆਂ ਬਿਪਤਾ ਦੇ ਕਾਰਨ ਜੋ ਤੁਹਾਡੀ ਖਾਤਰ ਹਨ ਹੌਂਸਲਾ ਨਾ ਹਾਰੋ, ਕਿਉਂ ਜੋ ਉਨ੍ਹਾਂ ਤੋਂ ਤੁਹਾਡੀ ਮਹਿਮਾ ਹੈ !
ਮਸੀਹ ਦਾ ਪਿਆਰ
੧੪ ਇਸ ਕਾਰਨ ਮੈਂ ਪ੍ਰਭੂ ਯਿਸੂ ਮਸੀਹ ਦੇ ਪਿਤਾ ਅੱਗੇ ਆਪਣੇ ਗੋਡੇ ਨਿਵਾਉਂਦਾ ਹਾਂ ! ੧੫ ਜਿਸ ਤੋਂ ਸਵਰਗ ਅਤੇ ਧਰਤੀ ਉੱਤੇ ਹਰੇਕ ਘਰਾਣੇ ਦਾ ਨਾਮ ਰੱਖਿਆ ਜਾਂਦਾ ਹੈ ! ੧੬ ਕਿ ਉਹ ਆਪਣੀ ਮਹਿਮਾ ਦੇ ਧਨ ਅਨੁਸਾਰ ਤੁਹਾਨੂੰ ਇਹ ਦਾਨ ਕਰੇ ਜੋ ਤੁਸੀਂ ਉਹ ਦੇ ਆਤਮਾ ਦੇ ਰਾਹੀਂ ਅੰਦਰਲੀ ਇਨਸਾਨੀਅਤ ਵਿੱਚ ਸਮਰੱਥਾ ਨਾਲ ਬਲਵੰਤ ਬਣੋ ! ੧੭ ਕਿ ਮਸੀਹ ਤੁਹਾਡਿਆਂ ਮਨਾਂ ਵਿੱਚ ਵਿਸ਼ਵਾਸ ਦੇ ਦੁਆਰਾ ਵਾਸ ਕਰੇ ਤਾਂ ਜੋ ਪਿਆਰ ਵਿੱਚ ਮਜ਼ਬੂਤੀ ਨਾਲ ਜੜ੍ਹ ਫੜ੍ਹ ਕੇ, ੧੮ ਤੁਸੀਂ ਸਾਰੇ ਸੰਤਾਂ ਨਾਲ ਮਿਲ ਕੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕੋ ਕਿ ਕਿੰਨੀ ਕੁ ਚੌੜਾਈ, ਲੰਬਾਈ, ਉਚਾਈ ਅਤੇ ਡੁੰਘਾਈ ਹੈ ! ੧੯ ਅਤੇ ਮਸੀਹ ਦਾ ਪਿਆਰ ਜੋ ਗਿਆਨ ਤੋਂ ਪਰੇ ਹੈ, ਚੰਗੀ ਤਰ੍ਹਾਂ ਸਮਝ ਸਕੋ ਕਿ ਤੁਸੀਂ ਪਰਮੇਸ਼ੁਰ ਦੀ ਸਾਰੀ ਭਰਪੂਰੀ ਵਿੱਚ ਭਰਪੂਰ ਹੋ ਜਾਓ l ੨੦ ਹੁਣ ਉਹ ਦੀ ਜਿਹੜਾ ਅਜਿਹਾ ਸਮਰੱਥ ਹੈ ਕਿ ਜੋ ਕੁੱਝ ਅਸੀਂ ਮੰਗਦੇ ਜਾਂ ਸੋਚਦੇ ਹਾਂ ਉਸ ਨਾਲੋਂ ਕਿਤੇ ਵਧੇਰੇ ਕਰ ਸਕਦਾ ਹੈ, ਉਸ ਸਮਰੱਥਾ ਦੇ ਅਨੁਸਾਰ ਜੋ ਸਾਡੇ ਅੰਦਰ ਕੰਮ ਕਰਦੀ ਹੈ ! ੨੧ ਕਲੀਸਿਯਾ ਵਿੱਚ ਅਤੇ ਮਸੀਹ ਯਿਸੂ ਵਿੱਚ, ਸਾਰੀਆਂ ਪੀੜ੍ਹੀਆਂ ਤੱਕ ਉਸ ਦੀ ਵਡਿਆਈ ਸਦੀਪਕ ਕਾਲ ਤੱਕ ਹੋਵੇ ।