ਮਾਤਾ-ਪਿਤਾ ਅਤੇ ਬੱਚੇ
੧ ਹੇ ਬਾਲਕੋ, ਤੁਸੀਂ ਪ੍ਰਭੂ ਵਿੱਚ ਆਪਣੇ ਮਾਪਿਆਂ ਦੀ ਆਗਿਆ ਮੰਨੋ ਕਿਉਂ ਜੋ ਇਹ ਉੱਤਮ ਗੱਲ ਹੈ । ੨ ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ ਤਾਂ ਜੋ ਤੇਰਾ ਭਲਾ ਹੋਵੇ ਅਤੇ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ । ੩ ਇਹ ਪਹਿਲਾ ਹੁਕਮ ਹੈ ਜਿਸ ਨਾਲ ਵਾਇਦਾ ਵੀ ਹੈ । ੪ ਅਤੇ ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੂ ਦੀ ਸਿੱਖਿਆ ਅਤੇ ਚਿਤਾਵਨੀ ਦੇ ਕੇ ਉਹਨਾਂ ਦਾ ਪਾਲਣ ਪੋਸ਼ਣ ਕਰੋ ।
ਨੌਕਰ ਅਤੇ ਮਾਲਕ
੫ ਹੇ ਨੌਕਰੋ, ਤੁਸੀਂ ਉਨ੍ਹਾਂ ਦੀ ਜਿਹੜੇ ਸਰੀਰ ਦੇ ਅਨੁਸਾਰ ਕਰਕੇ ਤੁਹਾਡੇ ਮਾਲਕ ਹਨ, ਆਪਣੇ ਮਨ ਦੀ ਸਫ਼ਾਈ ਨਾਲ ਡਰਦੇ ਅਤੇ ਕੰਬਦੇ ਹੋਏ ਆਗਿਆਕਾਰੀ ਕਰੋ ਜਿਵੇਂ ਮਸੀਹ ਦੀ । ੬ ਅਤੇ ਮਨੁੱਖਾਂ ਨੂੰ ਖੁਸ਼ ਕਰਨ ਵਾਲਿਆਂ ਦੀ ਤਰ੍ਹਾਂ, ਦਿਖਾਵੇ ਦੀ ਨੌਕਰੀ ਨਾ ਕਰੋ ਸਗੋਂ ਮਸੀਹ ਦੇ ਸੇਵਕਾਂ ਦੀ ਤਰ੍ਹਾਂ ਮਨ ਲਗਾ ਕੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰੋ । ੭ ਇਸ ਸੇਵਾ ਨੂੰ ਮਨੁੱਖਾਂ ਦੀ ਨਹੀਂ ਸਗੋਂ ਪ੍ਰਭੂ ਦੀ ਜਾਣ ਕੇ ਮਨ ਲਗਾ ਕੇ ਕਰੋ । ੮ ਕਿਉਂ ਜੋ ਇਹ ਜਾਣਦੇ ਹੋ ਭਈ ਹਰੇਕ ਜੋ ਭਲਾ ਕੰਮ ਕਰੇ ਭਾਵੇਂ ਦਾਸ ਹੋਵੇ, ਭਾਵੇਂ ਅਜ਼ਾਦ ਹੋਵੇ, ਸੋ ਪ੍ਰਭੂ ਕੋਲੋਂ ਉਹ ਦਾ ਫਲ ਪਾਵੇਗਾ । ੯ ਅਤੇ ਹੇ ਮਾਲਕੋ, ਤੁਸੀਂ ਧਮਕੀਆਂ ਦੇਣੀਆਂ ਛੱਡ ਕੇ, ਉਹਨਾਂ ਨਾਲ ਇਹੋ ਜਿਹਾ ਵਰਤਾਰਾ ਕਰੋ ਇਹ ਜਾਣਦੇ ਹੋ ਜੋ ਸਵਰਗ ਵਿੱਚ ਤੁਹਾਡਾ ਦੋਹਾਂ ਦਾ ਮਾਲਕ ਹੈ, ਜੋ ਕਿਸੇ ਦਾ ਪੱਖਪਾਤ ਨਹੀਂ ਕਰਦਾ !
ਆਤਮਿਕ ਯੁੱਧ ਦੇ ਹਥਿਆਰ
੧੦ ਮੁੱਕਦੀ ਗੱਲ, ਪ੍ਰਭੂ ਵਿੱਚ ਅਤੇ ਉਹ ਦੀ ਸਮਰੱਥਾ ਦੀ ਸ਼ਕਤੀ ਵਿੱਚ ਤਕੜੇ ਹੋਵੋ ! ੧੧ ਪਰਮੇਸ਼ੁਰ ਦੇ ਸਾਰੇ ਸ਼ਸਤਰ ਬਸਤਰ ਪਹਿਨ ਲਵੋ, ਤਾਂ ਜੋ ਤੁਸੀਂ ਸ਼ੈਤਾਨ ਦੀਆਂ ਚਲਾਕੀਆਂ ਦਾ ਸਾਹਮਣਾ ਕਰ ਸਕੋ । ੧੨ ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਇਖ਼ਤਿਆਰਾਂ ਅਤੇ ਇਸ ਸੰਸਾਰ ਦੇ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸਵਰਗੀ ਥਾਵਾਂ ਵਿੱਚ ਹਨ । ੧੩ ਇਸ ਕਾਰਨ ਤੁਸੀਂ ਪਰਮੇਸ਼ੁਰ ਦੇ ਸਾਰੇ ਸ਼ਸਤਰ ਬਸਤਰ ਲੈ ਲਵੋ, ਜੋ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸੱਭੋ ਕੁੱਝ ਪੂਰਾ ਕਰਕੇ ਸਥਿਰ ਰਹਿ ਸਕੋ । ੧੪ ਸੋ ਤੁਸੀਂ ਆਪਣੀ ਕਮਰ ਸਚਿਆਈ ਨਾਲ ਕੱਸ ਕੇ ਅਤੇ ਧਰਮ ਦੀ ਸੰਜੋ ਪਹਿਨ ਕੇ । ੧੫ ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀਂ ਪਾ ਕੇ ਖੜੇ ਹੋ ਜਾਓ ! ੧੬ ਇਹਨਾਂ ਸਭਨਾਂ ਤੋਂ ਵਧ ਕੇ, ਵਿਸ਼ਵਾਸ ਦੀ ਢਾਲ਼ ਲਵੋ ਜਿਹ ਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨੀ ਬਾਣਾਂ ਨੂੰ ਬੁਝਾ ਸਕੋ । ੧੭ ਅਤੇ ਮੁਕਤੀ ਦਾ ਟੋਪ, ਆਤਮਾ ਦੀ ਤਲਵਾਰ ਜੋ ਪਰਮੇਸ਼ੁਰ ਦਾ ਬਚਨ ਹੈ, ਲੈ ਲਵੋ । ੧੮ ਅਤੇ ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਹ ਦੇ ਨਮਿੱਤ ਜਾਗਦੇ ਹੋਏ ਸਾਰਿਆਂ ਸੰਤਾਂ ਲਈ ਬਹੁਤ ਦਲੇਰੀ ਨਾਲ ਬੇਨਤੀ ਕਰਿਆ ਕਰੋ । ੧੯ ਅਤੇ ਮੇਰੇ ਲਈ ਵੀ, ਜਦ ਆਪਣਾ ਮੂੰਹ ਖੋਲ੍ਹਾਂ ਤਾਂ ਅਜਿਹਾ ਬਚਨ ਮੈਨੂੰ ਦਿੱਤਾ ਜਾਵੇ ਕਿ ਮੈਂ ਦਲੇਰੀ ਨਾਲ ਖੁਸ਼ਖਬਰੀ ਦਾ ਭੇਤ ਪਰਗਟ ਕਰਾਂ ਜਿਹ ਦੇ ਲਈ ਮੈਂ ਸੰਗਲਾਂ ਨਾਲ ਜਕੜਿਆ ਹੋਇਆ ਰਾਜਦੂਤ ਹਾਂ । ੨੦ ਅਤੇ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ ਮੈਂ ਉਸ ਵਿੱਚ ਦਲੇਰੀ ਨਾਲ ਬੋਲਾਂ ।
ਨਮਸਕਾਰ
੨੧ ਪਰ ਇਸ ਲਈ ਜੋ ਤੁਸੀਂ ਵੀ ਮੇਰੇ ਬਾਰੇ ਜਾਣੋ ਕਿ ਮੇਰਾ ਕੀ ਹਾਲ ਹੈ, ਤੁਖਿਕੁਸ ਜਿਹੜਾ ਪਿਆਰਾ ਭਰਾ, ਪ੍ਰਭੂ ਵਿੱਚ ਵਿਸ਼ਵਾਸਯੋਗ ਸੇਵਕ ਹੈ ਤੁਹਾਨੂੰ ਸੱਭੇ ਗੱਲਾਂ ਦੱਸੇਗਾ । ੨੨ ਜਿਹ ਨੂੰ ਮੈਂ ਤੁਹਾਡੇ ਕੋਲ ਇਸੇ ਕਰਕੇ ਭੇਜਿਆ ਜੋ ਤੁਸੀਂ ਸਾਡੀਆਂ ਬੀਤੀਆਂ ਨੂੰ ਜਾਣੋ ਅਤੇ ਉਹ ਤੁਹਾਡਿਆਂ ਮਨਾਂ ਨੂੰ ਦਿਲਾਸਾ ਦੇਵੇ । ੨੩ ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਭਰਾਵਾਂ ਨੂੰ ਸ਼ਾਂਤੀ ਅਤੇ ਵਿਸ਼ਵਾਸ ਪਿਆਰ ਸਣੇ ਮਿਲਦੀ ਰਹੇ ! ੨੪ ਉਹਨਾਂ ਸਭਨਾਂ ਉੱਤੇ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਨਾਲ ਸੱਚਾ ਪਿਆਰ ਰੱਖਦੇ ਹਨ, ਕਿਰਪਾ ਹੁੰਦੀ ਰਹੇ । ਆਮੀਨ ।