ਮੂਸਾ ਦਾ ਜਨਮ
੧ ਲੇਵੀ ਦੇ ਘਰਾਣੇ ਦੇ ਇੱਕ ਮਨੁੱਖ ਨੇ ਲੇਵੀ ਦੀ ਧੀ ਨਾਲ ਵਿਆਹ ਕਰ ਲਿਆ ੨ ਉਹ ਔਰਤ ਗਰਭਵਤੀ ਹੋਈ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ । ਉਸ ਨੇ ਉਸ ਨੂੰ ਤਿੰਨ ਮਹੀਨੇ ਤੱਕ ਲੁਕਾ ਕੇ ਰੱਖਿਆ ਕਿਉਂਕਿ ਉਹ ਵੇਖਣ ਵਿੱਚ ਬਹੁਤ ਸੋਹਣਾ ਸੀ । ੩ ਜਦ ਉਹ ਉਸ ਨੂੰ ਹੋਰ ਲੁਕਾ ਨਾ ਸਕੀ ਤਦ ਉਸ ਨੇ ਕਾਨਿਆਂ ਦੀ ਇੱਕ ਟੋਕਰੀ ਬਣਾ ਕੇ ਉਸ ਨੂੰ ਰਾਲ ਮਿੱਟੀ ਨਾਲ ਲਿੱਪਿਆ ਅਤੇ ਉਸ ਵਿੱਚ ਬੱਚੇ ਨੂੰ ਰੱਖ ਦਿੱਤਾ ਅਤੇ ਨੀਲ ਨਦੀ ਦੇ ਕੰਢੇ ਪਿਲਛੀ ਵਿੱਚ ਰੱਖ ਦਿੱਤਾ । ੪ ਉਸ ਦੀ ਭੈਣ ਦੂਰ ਖੜ੍ਹੀ ਇਹ ਦੇਖ ਰਹੀ ਸੀ ਕਿ ਉਸ ਨਾਲ ਕੀ ਬੀਤ ਰਹੀ ਹੈ । ੫ ਫ਼ਿਰਊਨ ਦੀ ਧੀ ਨਹਾਉਣ ਲਈ ਦਰਿਆ ਉੱਤੇ ਉੱਤਰੀ, ਜਦ ਉਸ ਦੀਆਂ ਸਹੇਲੀਆਂ ਦਰਿਆ ਦੇ ਕੰਢੇ-ਕੰਢੇ ਫਿਰਦੀਆਂ ਸਨ ਤਦ ਉਸ ਨੇ ਝਾੜੀਆਂ ਵਿੱਚ ਟੋਕਰੀ ਵੇਖੀ । ਉਸ ਨੇ ਆਪਣੀ ਦਾਸੀ ਨੂੰ ਉਹ ਟੋਕਰੀ ਲਿਆਉਣ ਲਈ ਭੇਜਿਆ । ੬ ਜਦ ਉਸ ਨੇ ਉਸ ਨੂੰ ਖੋਲ੍ਹਿਆ ਤਦ ਉਸ ਨੇ ਬੱਚੇ ਨੂੰ ਵੇਖਿਆ ਅਤੇ ਉਹ ਮੁੰਡਾ ਰੋ ਰਿਹਾ ਸੀ । ਉਸ ਨੂੰ ਉਸ ਬੱਚੇ ਉੱਤੇ ਤਰਸ ਆਇਆ, ਉਸ ਨੇ ਆਖਿਆ ਕਿ ਇਹ ਇਬਰਾਨੀਆਂ ਦੇ ਬੱਚਿਆਂ ਵਿੱਚੋਂ ਹੈ । ੭ ਤਦ ਉਸ ਦੀ ਭੈਣ ਨੇ ਫ਼ਿਰਊਨ ਦੀ ਧੀ ਨੂੰ ਆਖਿਆ, “ਮੈਂ ਜਾ ਕੇ ਇਬਰਾਨਣਾਂ ਵਿੱਚੋਂ ਕਿਸੇ ਦੁੱਧ ਚੁੰਘਾਉਣ ਵਾਲੀ ਔਰਤ ਨੂੰ ਤੁਹਾਡੇ ਕੋਲ ਲਿਆਵਾਂ ਤਾਂ ਜੋ ਉਹ ਤੁਹਾਡੇ ਲਈ ਇਸ ਬੱਚੇ ਨੂੰ ਦੁੱਧ ਚੁੰਘਾਇਆ ਕਰੇ ? ” ੮ ਤਦ ਫ਼ਿਰਊਨ ਦੀ ਧੀ ਨੇ ਆਖਿਆ, “ਜਾਹ । ” ਉਹ ਲੜਕੀ ਜਾ ਕੇ ਬੱਚੇ ਦੀ ਮਾਂ ਨੂੰ ਸੱਦ ਲਿਆਈ । ੯ ਤਦ ਫ਼ਿਰਊਨ ਦੀ ਧੀ ਨੇ ਉਸ ਨੂੰ ਆਖਿਆ, ਇਸ ਬੱਚੇ ਨੂੰ ਲੈ ਅਤੇ ਮੇਰੇ ਲਈ ਦੁੱਧ ਪਿਲਾ, ਮੈਂ ਤੈਨੂੰ ਮਜ਼ਦੂਰੀ ਦੇਵਾਂਗੀ । ਤਦ ਉਸ ਔਰਤ ਨੇ ਬੱਚੇ ਨੂੰ ਲੈ ਕੇ ਦੁੱਧ ਪਿਲਾਇਆ । ੧੦ ਜਦ ਬੱਚਾ ਵੱਡਾ ਹੋ ਗਿਆ ਤਦ ਉਹ ਉਸ ਨੂੰ ਫ਼ਿਰਊਨ ਦੀ ਧੀ ਕੋਲ ਲੈ ਆਈ । ਉਹ ਉਸ ਦਾ ਪੁੱਤਰ ਅਖਵਾਇਆ ਅਤੇ ਉਸ ਨੇ ਇਹ ਕਹਿ ਕੇ ਉਸ ਦਾ ਨਾਮ ਮੂਸਾ ਰੱਖਿਆ ਕਿ ਮੈਂ ਇਸ ਨੂੰ ਪਾਣੀ ਵਿੱਚੋਂ ਕੱਢਿਆ ਹੈ ।
ਮੂਸਾ ਮਿਦਯਾਨ ਦੇਸ ਨੂੰ ਭੱਜ ਜਾਂਦਾ ਹੈ
੧੧ ਫਿਰ ਅਜਿਹਾ ਹੋਇਆ ਕਿ ਉਨ੍ਹਾਂ ਦਿਨਾਂ ਵਿੱਚ ਜਦ ਮੂਸਾ ਵੱਡਾ ਹੋਇਆ ਤਦ ਉਸ ਨੇ ਆਪਣੇ ਭਰਾਵਾਂ ਕੋਲ ਬਾਹਰ ਜਾ ਕੇ ਉਨ੍ਹਾਂ ਦੇ ਦੁੱਖਾਂ ਨੂੰ ਵੇਖਿਆ ਅਤੇ ਇੱਕ ਮਿਸਰੀ ਨੂੰ ਵੇਖਿਆ ਜੋ ਉਸ ਦੇ ਭਰਾਵਾਂ ਵਿੱਚੋਂ ਇੱਕ ਇਬਰਾਨੀ ਨੂੰ ਮਾਰ ਰਿਹਾ ਸੀ । ੧੨ ਉਸ ਨੇ ਇੱਧਰ-ਉੱਧਰ ਵੇਖਿਆ ਅਤੇ ਜਦ ਵੇਖਿਆ ਕਿ ਕੋਈ ਨਹੀਂ ਹੈ ਤਦ ਉਸ ਨੇ ਉਸ ਮਿਸਰੀ ਨੂੰ ਮਾਰ ਦਿੱਤਾ ਅਤੇ ਉਸ ਨੂੰ ਰੇਤ ਵਿੱਚ ਲੁਕਾ ਦਿੱਤਾ । ੧੩ ਜਦ ਮੂਸਾ ਦੂਜੇ ਦਿਨ ਬਾਹਰ ਗਿਆ ਤਾਂ ਵੇਖੋ, ਦੋ ਇਬਰਾਨੀ ਆਪਸ ਵਿੱਚ ਲੜ ਰਹੇ ਸਨ, ਉਸ ਨੇ ਦੋਸ਼ੀ ਨੂੰ ਆਖਿਆ, ਤੂੰ ਆਪਣੇ ਸਾਥੀ ਨੂੰ ਕਿਉਂ ਮਾਰਦਾ ਹੈਂ ? ੧੪ ਤਦ ਉਸ ਨੇ ਆਖਿਆ, ਤੈਨੂੰ ਕਿਸ ਨੇ ਸਾਡੇ ਉੱਤੇ ਸਰਦਾਰ ਅਤੇ ਨਿਆਈਂ ਬਣਾ ਦਿੱਤਾ ? ਕੀ ਤੂੰ ਇਹ ਸੋਚਦਾ ਹੈਂ ਕਿ ਜਿਵੇਂ ਤੂੰ ਉਸ ਮਿਸਰੀ ਨੂੰ ਮਾਰ ਸੁੱਟਿਆ ਉਸੇ ਤਰ੍ਹਾਂ ਹੀ ਮੈਨੂੰ ਵੀ ਮਾਰ ਸੁੱਟੇਂਗਾ ? ਤਦ ਮੂਸਾ ਡਰ ਗਿਆ ਅਤੇ ਉਸ ਨੇ ਆਖਿਆ, ਇਹ ਗੱਲ ਜ਼ਰੂਰ ਖੁੱਲ ਗਈ ਹੈ । ੧੫ ਜਦ ਫ਼ਿਰਊਨ ਨੇ ਇਹ ਗੱਲ ਸੁਣੀ ਤਦ ਮੂਸਾ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੂਸਾ ਫ਼ਿਰਊਨ ਦੇ ਅੱਗੋਂ ਭੱਜ ਕੇ ਮਿਦਯਾਨ ਦੇ ਦੇਸ ਵਿੱਚ ਰਹਿਣ ਲੱਗਾ ਅਤੇ ਇੱਕ ਖੂਹ ਦੇ ਕੋਲ ਬੈਠ ਗਿਆ । ੧੬ ਮਿਦਯਾਨ ਦੇ ਜਾਜਕ ਦੀਆਂ ਸੱਤ ਧੀਆਂ ਸਨ । ਉਨ੍ਹਾਂ ਨੇ ਆ ਕੇ ਪਾਣੀ ਕੱਢਿਆ ਅਤੇ ਆਪਣੇ ਪਿਤਾ ਦੇ ਇੱਜੜ ਨੂੰ ਪਿਲਾਉਣ ਲਈ ਚੁਬੱਚਿਆਂ ਨੂੰ ਭਰ ਲਿਆ । ੧੭ ਅਯਾਲੀਆਂ ਨੇ ਆਣ ਕੇ ਉਨ੍ਹਾਂ ਨੂੰ ਧੱਕੇ ਨਾਲ ਪਰ੍ਹੇ ਹਟਾ ਦਿੱਤਾ, ਪਰ ਮੂਸਾ ਨੇ ਉੱਠ ਕੇ ਉਨ੍ਹਾਂ ਨੂੰ ਬਚਾਇਆ ਅਤੇ ਉਨ੍ਹਾਂ ਦੇ ਇੱਜੜ ਨੂੰ ਪਾਣੀ ਪਿਲਾਇਆ । ੧੮ ਜਦ ਉਹ ਆਪਣੇ ਪਿਤਾ ਰਊਏਲ ਕੋਲ ਆਈਆਂ ਤਦ ਉਸ ਨੇ ਪੁੱਛਿਆ, ਤੁਸੀਂ ਅੱਜ ਕਿਵੇਂ ਛੇਤੀ ਮੁੜ ਆਈਆਂ ਹੋ ? ੧੯ ਉਨ੍ਹਾਂ ਨੇ ਆਖਿਆ, ਇੱਕ ਮਿਸਰੀ ਨੇ ਸਾਨੂੰ ਅਯਾਲੀਆਂ ਦੇ ਹੱਥੋਂ ਛੁਡਾਇਆ ਅਤੇ ਸਾਡੇ ਲਈ ਪਾਣੀ ਕੱਢ-ਕੱਢ ਕੇ ਇੱਜੜ ਨੂੰ ਪਿਲਾਇਆ । ੨੦ ਤਦ ਉਸ ਨੇ ਆਪਣੀਆਂ ਧੀਆਂ ਨੂੰ ਆਖਿਆ, ਉਹ ਮਨੁੱਖ ਕਿੱਥੇ ਹੈ ? ਤੁਸੀਂ ਉਸ ਨੂੰ ਕਿਉਂ ਛੱਡ ਆਈਆਂ ਹੋ ? ਉਸ ਨੂੰ ਬੁਲਾਓ ਤਾਂ ਜੋ ਉਹ ਰੋਟੀ ਖਾਵੇ । ੨੧ ਤਦ ਮੂਸਾ ਉਸ ਮਨੁੱਖ ਕੋਲ ਰਹਿਣ ਲਈ ਮੰਨ ਗਿਆ ਅਤੇ ਉਸ ਨੇ ਆਪਣੀ ਧੀ ਸਿੱਪੋਰਾ ਮੂਸਾ ਨਾਲ ਵਿਆਹ ਦਿੱਤੀ ੨੨ ਉਸ ਨੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੇ ਉਸ ਦਾ ਨਾਮ ਗੇਰਸ਼ੋਮ ਰੱਖਿਆ ਕਿਉਂ ਜੋ ਉਸ ਨੇ ਆਖਿਆ, “ਮੈਂ ਪਰਦੇਸ ਵਿੱਚ ਪਰਦੇਸੀ ਹੋਇਆ ਹਾਂ । ” ੨੩ ਅਜਿਹਾ ਹੋਇਆ ਕਿ ਬਹੁਤ ਦਿਨਾਂ ਬਾਅਦ ਮਿਸਰ ਦਾ ਰਾਜਾ ਮਰ ਗਿਆ, ਇਸਰਾਏਲੀਆਂ ਨੇ ਗ਼ੁਲਾਮੀ ਦੇ ਕਾਰਨ ਹਾਉਂਕੇ ਲਏ ਅਤੇ ਧਾਹਾਂ ਮਾਰ-ਮਾਰ ਕੇ ਰੋਏ ਅਤੇ ਇਨ੍ਹਾਂ ਦੀ ਦੁਹਾਈ ਜੋ ਗ਼ੁਲਾਮੀ ਦੇ ਕਾਰਨ ਸੀ, ਪਰਮੇਸ਼ੁਰ ਤੱਕ ਪਹੁੰਚੀ । ੨੪ ਤਦ ਪਰਮੇਸ਼ੁਰ ਨੇ ਉਨ੍ਹਾਂ ਦੇ ਹਾਉਂਕਿਆਂ ਨੂੰ ਸੁਣਿਆ ਅਤੇ ਪਰਮੇਸ਼ੁਰ ਨੇ ਆਪਣੇ ਨੇਮ ਨੂੰ ਜਿਹੜਾ ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਨਾਲ ਸੀ, ਯਾਦ ਕੀਤਾ । ੨੫ ਤਦ ਪਰਮੇਸ਼ੁਰ ਨੇ ਇਸਰਾਏਲੀਆਂ ਵੱਲ ਨਿਗਾਹ ਕੀਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਖ਼ਬਰ ਲਈ ।