ਪਸ਼ੂਆਂ ਦੀ ਮੌਤ
੧ ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਕੋਲ ਜਾ ਅਤੇ ਉਸ ਨਾਲ ਗੱਲ ਕਰ ਕਿ ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਕਿ ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ । ੨ ਜੇ ਤੂੰ ਉਨ੍ਹਾਂ ਦੇ ਭੇਜਣ ਤੋਂ ਮੁੱਕਰ ਜਾਵੇਂ ਅਤੇ ਅਜੇ ਵੀ ਰੋਕ ਛੱਡੇਂ ੩ ਤਾਂ ਵੇਖ ਯਹੋਵਾਹ ਦਾ ਹੱਥ ਤੇਰੇ ਪਸ਼ੂਆਂ ਉੱਤੇ ਜਿਹੜੇ ਮੈਦਾਨ ਵਿੱਚ ਹਨ ਘੋੜਿਆਂ ਉੱਤੇ, ਖੋਤਿਆਂ ਉੱਤੇ, ਊਠਾਂ ਉੱਤੇ, ਚੌਣਿਆਂ ਉੱਤੇ ਅਤੇ ਇੱਜੜਾਂ ਉੱਤੇ ਪਵੇਗਾ ਅਤੇ ਮਰੀ ਬਹੁਤ ਵੱਡੀ ਹੋਵੇਗੀ । ੪ ਯਹੋਵਾਹ ਇਸਰਾਏਲੀਆਂ ਦੇ ਪਸ਼ੂਆਂ ਨੂੰ ਅਤੇ ਮਿਸਰੀਆਂ ਦੇ ਪਸ਼ੂਆਂ ਨੂੰ ਵੱਖਰਾ ਕਰੇਗਾ ਅਤੇ ਉਨ੍ਹਾਂ ਸਾਰਿਆਂ ਵਿੱਚੋਂ ਜਿਹੜੇ ਇਸਰਾਏਲੀਆਂ ਦੇ ਹਨ ਕੋਈ ਨਾ ਮਰੇਗਾ । ੫ ਯਹੋਵਾਹ ਨੇ ਇੱਕ ਸਮਾਂ ਠਹਿਰਾਇਆ ਹੈ ਕਿ ਕੱਲ ਯਹੋਵਾਹ ਇਹ ਕੰਮ ਇਸ ਦੇਸ ਵਿੱਚ ਕਰੇਗਾ । ੬ ਤਾਂ ਯਹੋਵਾਹ ਨੇ ਉਹ ਕੰਮ ਅਗਲੇ ਦਿਨ ਕੀਤਾ ਅਤੇ ਮਿਸਰੀਆਂ ਦੇ ਸਾਰੇ ਪਸ਼ੂ ਮਰ ਗਏ ਪਰ ਇਸਰਾਏਲੀਆਂ ਦੇ ਪਸ਼ੂਆਂ ਵਿੱਚੋਂ ਇੱਕ ਵੀ ਨਾ ਮਰਿਆ । ੭ ਫੇਰ ਫ਼ਿਰਊਨ ਨੇ ਕਿਸੇ ਨੂੰ ਭੇਜਿਆ ਤਾਂ ਵੇਖੋ ਇਸਰਾਏਲ ਦੇ ਪਸ਼ੂਆਂ ਵਿੱਚੋਂ ਇੱਕ ਵੀ ਨਹੀਂ ਮਰਿਆ ਸੀ ਪਰ ਫ਼ਿਰਊਨ ਦਾ ਮਨ ਪੱਥਰ ਹੋ ਗਿਆ ਸੋ ਉਸ ਨੇ ਲੋਕਾਂ ਨੂੰ ਜਾਣ ਨਾ ਦਿੱਤਾ ।
ਛਾਲਿਆਂ ਅਤੇ ਫੋੜਿਆਂ ਦਾ ਨਿੱਕਲਣਾ
੮ ਤਾਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ ਭੱਠੀ ਦੀ ਸੁਆਹ ਦੀਆਂ ਮੁੱਠਾਂ ਭਰੋ ਅਤੇ ਮੂਸਾ ਫ਼ਿਰਊਨ ਦੇ ਵੇਖਦਿਆਂ ਅਕਾਸ਼ ਵੱਲ ਉਡਾਵੇ । ੯ ਤਾਂ ਮਿਸਰ ਦੇ ਸਾਰੇ ਦੇਸ ਉੱਤੇ ਉਹ ਘੱਟਾ ਹੋ ਕੇ ਆਦਮੀਆਂ ਅਤੇ ਡੰਗਰਾਂ ਉੱਤੇ ਸਾਰੇ ਮਿਸਰ ਦੇਸ ਵਿੱਚ ਅੰਗਿਆਰੇ ਅਤੇ ਛਾਲੇ ਬਣ ਜਾਣਗੇ । ੧੦ ਸੋ ਉਹ ਭੱਠੀ ਦੀ ਸੁਆਹ ਲੈ ਕੇ ਫ਼ਿਰਊਨ ਦੇ ਅੱਗੇ ਖੜੇ ਹੋਏ । ਮੂਸਾ ਨੇ ਉਸ ਨੂੰ ਅਕਾਸ਼ ਵੱਲ ਉਡਾ ਦਿੱਤਾ ਤਾਂ ਆਦਮੀਆਂ ਅਤੇ ਡੰਗਰਾਂ ਉੱਤੇ ਅੰਗਿਆਰੇ ਅਤੇ ਛਾਲੇ ਪੈ ਗਏ । ੧੧ ਤਾਂ ਜਾਦੂਗਰ ਅੰਗਿਆਰਿਆਂ ਦੇ ਕਾਰਨ ਮੂਸਾ ਦੇ ਅੱਗੇ ਖੜੇ ਨਾ ਹੋ ਸਕੇ ਕਿਉਂ ਜੋ ਜਾਦੂਗਰਾਂ ਅਤੇ ਸਾਰੇ ਮਿਸਰੀਆਂ ਦੇ ਅੰਗਿਆਰੇ ਨਿੱਕਲੇ ਹੋਏ ਸਨ । ੧੨ ਅਤੇ ਜਿਵੇਂ ਯਹੋਵਾਹ ਮੂਸਾ ਨੂੰ ਬੋਲਿਆ ਸੀ ਯਹੋਵਾਹ ਨੇ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦਿੱਤਾ ਅਤੇ ਉਸ ਨੇ ਉਨ੍ਹਾਂ ਦੀ ਨਾ ਸੁਣੀ ।
ਗੜਿਆਂ ਦਾ ਮੀਂਹ
੧੩ ਉਪਰੰਤ ਯਹੋਵਾਹ ਨੇ ਮੂਸਾ ਨੂੰ ਆਖਿਆ, ਸਵੇਰੇ ਉੱਠ ਕੇ ਫ਼ਿਰਊਨ ਦੇ ਅੱਗੇ ਜਾ ਕੇ ਖੜਾ ਹੋ ਅਤੇ ਉਸ ਨੂੰ ਆਖ, ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ ੧੪ ਕਿਉਂਕਿ ਮੈਂ ਇਸ ਵਾਰ ਆਪਣੀਆਂ ਸਾਰੀਆਂ ਬਵਾਂ ਤੇਰੇ ਮਨ ਉੱਤੇ, ਤੇਰੇ ਟਹਿਲੂਆਂ ਉੱਤੇ ਅਤੇ ਤੇਰੀ ਪਰਜਾ ਉੱਤੇ ਭੇਜਣ ਵਾਲਾ ਹਾਂ ਤਾਂ ਜੋ ਤੂੰ ਜਾਣੇਂ ਕਿ ਸਾਰੀ ਧਰਤੀ ਉੱਤੇ ਮੇਰੇ ਜਿਹਾ ਕੋਈ ਨਹੀਂ । ੧੫ ਹੁਣ ਤੱਕ ਮੈਂ ਆਪਣਾ ਹੱਥ ਵਧਾ ਕੇ ਤੈਨੂੰ ਅਤੇ ਤੇਰੀ ਰਈਅਤ ਨੂੰ ਮਰੀ ਨਾਲ ਮਾਰ ਦਿੱਤਾ ਹੁੰਦਾ ਅਤੇ ਤੂੰ ਧਰਤੀ ਉੱਤੋਂ ਮਿਟ ਗਿਆ ਹੁੰਦਾ ੧੬ ਪਰ ਸੱਚ-ਮੁੱਚ ਮੈਂ ਤੈਨੂੰ ਇਸ ਕਰਕੇ ਖੜਾ ਕੀਤਾ ਅਤੇ ਇਸ ਕਰਕੇ ਤੈਨੂੰ ਆਪਣਾ ਬਲ ਵਿਖਾਇਆ ਤਾਂ ਜੋ ਮੇਰਾ ਨਾਮ ਸਾਰੀ ਧਰਤੀ ਵਿੱਚ ਪਰਗਟ ਹੋ ਜਾਵੇ । ੧੭ ਹੁਣ ਤੱਕ ਤੂੰ ਮੇਰੀ ਪਰਜਾ ਵਿੱਚ ਆਪਣੇ ਆਪ ਨੂੰ ਉੱਚਾ ਕਰਦਾ ਰਿਹਾ ਹੈਂ ਕਿ ਤੂੰ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ । ੧੮ ਵੇਖ ਮੈਂ ਭਲਕੇ ਏਸੇ ਵੇਲੇ ਬਹੁਤ ਭਾਰੀ ਗੜੇ ਵਰਸਾਵਾਂਗਾ ਜਿੱਦਾਂ ਦੇ ਮਿਸਰ ਦੇ ਮੁੱਢ ਤੋਂ ਲੈ ਕੇ ਹੁਣ ਤੱਕ ਨਹੀਂ ਪਏ । ੧੯ ਸੋ ਹੁਣ ਤੂੰ ਭੇਜ ਕੇ ਆਪਣੇ ਪਸ਼ੂ ਅਤੇ ਜੋ ਕੁੱਝ ਤੇਰਾ ਜੂਹ ਵਿੱਚ ਹੈ ਭਜਾ ਲਿਆ । ਸਾਰੇ ਆਦਮੀਆਂ ਅਤੇ ਡੰਗਰਾਂ ਉੱਤੇ ਜਿਹੜੇ ਮੈਦਾਨ ਵਿੱਚ ਹੋਣ ਅਤੇ ਘਰ ਵਿੱਚ ਨਾ ਲਿਆਂਦੇ ਜਾਣ ਗੜੇ ਪੈਣਗੇ ਅਤੇ ਉਹ ਮਰ ਜਾਣਗੇ । ੨੦ ਤਾਂ ਫ਼ਿਰਊਨ ਦੇ ਟਹਿਲੂਆਂ ਵਿੱਚੋਂ ਜਿਹੜਾ ਯਹੋਵਾਹ ਦੇ ਬਚਨ ਤੋਂ ਭੈ ਖਾਂਦਾ ਸੀ ਉਹ ਆਪਣੇ ਟਹਿਲੂਆਂ ਨੂੰ ਅਤੇ ਆਪਣੇ ਪਸ਼ੂਆਂ ਨੂੰ ਘਰੀਂ ਭਜਾ ਲਿਆਇਆ । ੨੧ ਪਰ ਜਿਸ ਨੇ ਆਪਣਾ ਮਨ ਯਹੋਵਾਹ ਦੇ ਬਚਨ ਉੱਤੇ ਨਾ ਲਾਇਆ ਉਸ ਨੇ ਆਪਣੇ ਟਹਿਲੂਆਂ ਅਤੇ ਪਸ਼ੂਆਂ ਨੂੰ ਜੂਹ ਵਿੱਚ ਰਹਿਣ ਦਿੱਤਾ । ੨੨ ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਅਕਾਸ਼ ਵੱਲ ਵਧਾ ਤਾਂ ਜੋ ਸਾਰੇ ਮਿਸਰ ਦੇਸ ਵਿੱਚ ਆਦਮੀ ਉੱਤੇ, ਡੰਗਰ ਉੱਤੇ ਅਤੇ ਖੇਤ ਦੀ ਸਾਰੀ ਸਾਗ ਪੱਤ ਉੱਤੇ ਮਿਸਰ ਦੇਸ ਵਿੱਚ ਗੜੇ ਪੈਣ । ੨੩ ਮੂਸਾ ਨੇ ਆਪਣਾ ਢਾਂਗਾ ਅਕਾਸ਼ ਵੱਲ ਲੰਮਾ ਕੀਤਾ ਤਾਂ ਯਹੋਵਾਹ ਨੇ ਗਰਜ ਅਤੇ ਗੜੇ ਭੇਜੇ ਅਤੇ ਅੱਗ ਧਰਤੀ ਵੱਲ ਚਲੀ ਆਉਂਦੀ ਸੀ ਅਤੇ ਯਹੋਵਾਹ ਨੇ ਮਿਸਰ ਦੇਸ ਉੱਤੇ ਗੜੇ ਵਰਸਾਏ । ੨੪ ਸੋ ਗੜੇ ਸਨ ਤੇ ਗੜਿਆਂ ਵਿੱਚ ਅੱਗ ਰਲੀ ਹੋਈ ਸੀ ਇਹ ਐਨੀ ਡਾਢੀ ਸੀ ਕਿ ਮਿਸਰ ਦੇ ਸਾਰੇ ਦੇਸ ਵਿੱਚ ਉਹ ਦੇ ਕੌਮ ਬਣਨ ਤੋਂ ਲੈ ਕੇ ਹੋਈ ਹੀ ਨਹੀਂ ਸੀ । ੨੫ ਅਤੇ ਗੜਿਆਂ ਨੇ ਸਾਰੇ ਮਿਸਰ ਦੇਸ ਵਿੱਚ ਸਭ ਕੁੱਝ ਜੋ ਜੂਹ ਵਿੱਚ ਸੀ ਕੀ ਆਦਮੀ ਕੀ ਡੰਗਰ ਮਾਰਿਆ ਨਾਲੇ ਗੜਿਆਂ ਨੇ ਖੇਤ ਦਾ ਸੱਭੋ ਸਾਗ ਪੱਤ ਮਾਰ ਦਿੱਤਾ ਅਤੇ ਖੇਤ ਦੇ ਸਾਰੇ ਬਿਰਛ ਭੰਨ ਸੁੱਟੇ । ੨੬ ਕੇਵਲ ਗੋਸ਼ਨ ਦੀ ਧਰਤੀ ਵਿੱਚ ਜਿੱਥੇ ਇਸਰਾਏਲੀ ਸਨ ਕੋਈ ਗੜਾ ਨਹੀਂ ਸੀ । ੨੭ ਤਾਂ ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਸੱਦ ਭੇਜਿਆ ਅਤੇ ਉਨ੍ਹਾਂ ਨੂੰ ਆਖਿਆ ਕਿ ਮੈਂ ਇਸ ਵਾਰ ਪਾਪ ਕੀਤਾ । ਯਹੋਵਾਹ ਸੱਚ ਹੈ । ਮੈਂ ਅਤੇ ਮੇਰੀ ਪਰਜਾ ਦੁਸ਼ਟ ਹਾਂ । ੨੮ ਤੁਸੀਂ ਯਹੋਵਾਹ ਦੇ ਅੱਗੇ ਸਿਫ਼ਾਰਸ਼ ਕਰੋ ਕਿਉਂ ਜੋ ਹੁਣ ਪਰਮੇਸ਼ੁਰ ਦੀ ਗਰਜ ਦੀ ਅਤੇ ਗੜਿਆਂ ਦੀ ਹੱਦ ਹੋ ਗਈ ਹੈ । ਮੈਂ ਤੁਹਾਨੂੰ ਜਾਣ ਦੇਵਾਂਗਾ ਹੁਣ ਤੁਸੀਂ ਹੋਰ ਨਹੀਂ ਠਹਿਰੋਗੇ । ੨੯ ਤਾਂ ਮੂਸਾ ਨੇ ਉਸ ਨੂੰ ਆਖਿਆ, ਜਿਵੇਂ ਹੀ ਮੈਂ ਨਗਰ ਤੋਂ ਬਾਹਰ ਜਾਂਵਾਂਗਾ ਮੈਂ ਯਹੋਵਾਹ ਅੱਗੇ ਆਪਣੇ ਹੱਥ ਅੱਡਾਂਗਾ ਤਾਂ ਗਰਜਣਾ ਹਟ ਜਾਵੇਗਾ ਅਤੇ ਗੜੇ ਫੇਰ ਨਾ ਪੈਣਗੇ ਤਾਂ ਜੋ ਤੁਸੀਂ ਜਾਣੋ ਕਿ ਧਰਤੀ ਯਹੋਵਾਹ ਦੀ ਹੈ । ੩੦ ਮੈਂ ਤੁਹਾਨੂੰ ਅਤੇ ਤੁਹਾਡੇ ਟਹਿਲੂਆਂ ਨੂੰ ਜਾਣਦਾ ਹਾਂ ਕਿ ਤੁਸੀਂ ਅਜੇ ਵੀ ਯਹੋਵਾਹ ਪਰਮੇਸ਼ੁਰ ਤੋਂ ਨਾ ਡਰੋਗੇ । ੩੧ ਅਲਸੀ ਅਤੇ ਜੌਂ ਮਾਰੇ ਗਏ ਕਿਉਂਕਿ ਜਵਾਂ ਦੇ ਸਿੱਟੇ ਨਿੱਕਲੇ ਹੋਏ ਸਨ ਅਤੇ ਅਲਸੀ ਫੁੱਲੀ ਹੋਈ ਸੀ । ੩੨ ਪਰ ਕਣਕ ਅਤੇ ਮਸਰ ਮਾਰੇ ਨਾ ਗਏ ਕਿਉਂਕਿ ਉਹ ਅਜੇ ਵਧੇ ਨਹੀਂ ਸਨ । ੩੩ ਤਾਂ ਮੂਸਾ ਫ਼ਿਰਊਨ ਕੋਲੋਂ ਹੋ ਕੇ ਨਗਰ ਵਿੱਚੋਂ ਬਾਹਰ ਗਿਆ ਅਤੇ ਯਹੋਵਾਹ ਦੇ ਅੱਗੇ ਹੱਥ ਅੱਡੇ ਤਾਂ ਗਰਜਣਾ ਅਤੇ ਗੜੇ ਹਟ ਗਏ ਅਤੇ ਵਰਖਾ ਧਰਤੀ ਤੋਂ ਥੰਮ੍ਹ ਗਈ । ੩੪ ਜਦ ਫ਼ਿਰਊਨ ਨੇ ਡਿੱਠਾ ਕਿ ਵਰਖਾ ਅਤੇ ਗੜੇ ਅਤੇ ਗਰਜਣਾ ਹਟ ਗਏ ਹਨ ਤਾਂ ਫੇਰ ਪਾਪ ਕੀਤਾ ਅਤੇ ਆਪਣਾ ਮਨ ਪੱਥਰ ਕਰ ਲਿਆ ਉਸ ਵੀ ਅਤੇ ਉਸ ਦੇ ਟਹਿਲੂਆਂ ਵੀ । ੩੫ ਸੋ ਜਿਵੇਂ ਯਹੋਵਾਹ ਮੂਸਾ ਦੇ ਰਾਹੀਂ ਬੋਲਿਆ ਸੀ ਫ਼ਿਰਊਨ ਦਾ ਮਨ ਕਠੋਰ ਹੋ ਗਿਆ । ਉਸ ਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ ।