੧੫
ਮੂਸਾ ਦਾ ਗੀਤ
੧ ਤਦ ਮੂਸਾ ਅਤੇ ਇਸਰਾਏਲੀਆਂ ਨੇ ਯਹੋਵਾਹ ਲਈ ਇਹ ਗੀਤ ਗਾਉਂਦੇ ਹੋਇਆਂ ਆਖਿਆ - ਮੈਂ ਯਹੋਵਾਹ ਲਈ ਗਾਵਾਂਗਾ ਕਿਉਂਕਿ ਉਹ ਬਹੁਤ ਉੱਚਾ ਹੋਇਆ ਹੈ, ਉਸ ਨੇ ਘੋੜੇ ਅਤੇ ਉਸ ਦੇ ਸਵਾਰ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਹੈ । ੨ ਯਹੋਵਾਹ ਮੇਰਾ ਬਲ ਅਤੇ ਮੇਰਾ ਭਜਨ ਹੈ, ਉਹ ਮੇਰਾ ਛੁਟਕਾਰਾ ਹੋਇਆ ਹੈ, ਉਹ ਮੇਰਾ ਪਰਮੇਸ਼ੁਰ ਹੈ ਤੇ ਮੈਂ ਉਸ ਦੀ ਸੋਭਾ ਕਰਾਂਗਾ, ਉਹ ਮੇਰੇ ਪਿਤਾ ਦਾ ਪਰਮੇਸ਼ੁਰ ਹੈ ਤੇ ਮੈਂ ਉਸ ਦੀ ਵਡਿਆਈ ਕਰਾਂਗਾ । ੩ ਯਹੋਵਾਹ ਜੋਧਾ ਪੁਰਸ਼ ਹੈ, ਯਹੋਵਾਹ ਉਸ ਦਾ ਨਾਮ ਹੈ । ੪ ਫ਼ਿਰਊਨ ਦੇ ਰੱਥ ਅਤੇ ਉਸ ਦੀ ਫੌਜ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤੀ, ਉਸ ਦੇ ਉੱਤਮ ਅਫ਼ਸਰ ਲਾਲ ਸਮੁੰਦਰ ਵਿੱਚ ਗਰਕ ਹੋ ਗਏ । ੫ ਡੁੰਘਿਆਈ ਨੇ ਉਨ੍ਹਾਂ ਨੂੰ ਢੱਕ ਲਿਆ, ਉਹ ਪੱਥਰ ਵਾਂਗੂੰ ਤਹਿ ਵਿੱਚ ਚਲੇ ਗਏ । ੬ ਹੇ ਯਹੋਵਾਹ ਤੇਰਾ ਸੱਜਾ ਹੱਥ ਸ਼ਕਤੀ ਵਿੱਚ ਤੇਜਵਾਨ ਹੈ, ਹੇ ਯਹੋਵਾਹ ਤੇਰਾ ਸੱਜਾ ਹੱਥ ਵੈਰੀ ਨੂੰ ਚਕਨਾ-ਚੂਰ ਕਰ ਸੁੱਟਦਾ ਹੈ । ੭ ਤੂੰ ਆਪਣੀ ਵੱਡੀ ਉੱਤਮਤਾਈ ਨਾਲ ਆਪਣੇ ਵਿਰੋਧੀਆਂ ਨੂੰ ਢਾ ਲੈਂਦਾ ਹੈਂ, ਤੂੰ ਆਪਣਾ ਕ੍ਰੋਧ ਭੇਜਦਾ ਹੈਂ ਜਿਹੜਾ ਉਨ੍ਹਾਂ ਨੂੰ ਭੱਠੇ ਵਾਂਗੂੰ ਭੱਖ ਲੈਂਦਾ ਹੈ । ੮ ਤੇਰੀਆਂ ਨਾਸਾਂ ਦੀ ਸੂਕਰ ਨਾਲ ਪਾਣੀ ਜਮਾਂ ਹੋ ਗਏ, ਮੌਜਾਂ ਢੇਰ ਵਾਂਗੂੰ ਖੜੀਆਂ ਹੋ ਗਈਆਂ, ਡੁੰਘਿਆਈ ਸਮੁੰਦਰ ਦੇ ਵਿਚਕਾਰ ਜੰਮ ਗਈਆਂ । ੯ ਵੈਰੀ ਨੇ ਆਖਿਆ, ਮੈਂ ਪਿੱਛਾ ਕਰਾਂਗਾ, ਮੈਂ ਜਾ ਲਵਾਂਗਾ, ਮੈਂ ਲੁੱਟ ਦਾ ਮਾਲ ਵੰਡਾਂਗਾ, ਮੈਂ ਉਨ੍ਹਾਂ ਨਾਲ ਮਨ ਆਈ ਕਰਾਂਗਾ, ਮੈਂ ਤਲਵਾਰ ਸੂਤਾਂਗਾ ਅਤੇ ਮੇਰਾ ਹੱਥ ਉਨ੍ਹਾਂ ਦਾ ਨਾਸ ਕਰੇਗਾ । ੧੦ ਤੂੰ ਆਪਣੀ ਹਵਾ ਨਾਲ ਫੂਕ ਮਾਰੀ, ਸਮੁੰਦਰ ਨੇ ਉਨ੍ਹਾਂ ਨੂੰ ਢੱਕ ਲਿਆ, ਉਹ ਸਿੱਕੇ ਵਾਂਗੂੰ ਮਹਾਂ ਜਲ ਵਿੱਚ ਡੁੱਬ ਗਏ । ੧੧ ਕੌਣ ਹੈ ਤੇਰੇ ਵਰਗਾ ਹੇ ਯਹੋਵਾਹ ਦੇਵਤਿਆਂ ਵਿੱਚ ? ਕੌਣ ਹੈ ਤੇਰੇ ਵਰਗਾ ਪਵਿੱਤਰਤਾਈ ਵਿੱਚ ਪਰਤਾਪ ਵਾਲਾ, ਉਸਤਤ ਵਿੱਚ ਭੈ ਦਾਇਕ ਅਤੇ ਅਚਰਜ ਕੰਮਾਂ ਵਾਲਾ ? ੧੨ ਤੂੰ ਆਪਣਾ ਸੱਜਾ ਹੱਥ ਪਸਾਰਿਆ, ਤਾਂ ਧਰਤੀ ਉਨ੍ਹਾਂ ਨੂੰ ਨਿਗਲ ਗਈ । ੧੩ ਤੂੰ ਆਪਣੀ ਕਿਰਪਾ ਨਾਲ ਉਸ ਪਰਜਾ ਦੀ ਅਗਵਾਈ ਕੀਤੀ ਜਿਹ ਨੂੰ ਤੂੰ ਛੁਟਕਾਰਾ ਦਿੱਤਾ ਸੀ, ਤੂੰ ਆਪਣੇ ਬਲ ਨਾਲ ਉਸ ਨੂੰ ਆਪਣੇ ਪਵਿੱਤਰ ਨਿਵਾਸ ਦੇ ਰਾਹ ਪਾ ਦਿੱਤਾ । ੧੪ ਲੋਕਾਂ ਨੇ ਸੁਣਿਆ, ਉਹ ਕੰਬਦੇ ਹਨ, ਫਲਿਸਤੀਨ ਦੇ ਵਾਸੀਆਂ ਨੂੰ ਚੁਬਕ ਪਈ । ੧੫ ਤਦ ਅਦੋਮ ਦੇ ਸਰਦਾਰ ਘਾਬਰ ਗਏ, ਮੋਆਬ ਦੇ ਸੂਰਮਿਆਂ ਨੂੰ ਕੰਬਣੀ ਲੱਗੀ, ਕਨਾਨ ਦੇ ਸਾਰੇ ਵਾਸੀ ਢੱਲ਼ ਗਏ । ੧੬ ਹੌਲ ਅਤੇ ਤਹਿਕਣਾ ਉਨ੍ਹਾਂ ਉੱਤੇ ਪੈਂਦਾ ਹੈ, ਉਹ ਤੇਰੀ ਬਾਂਹ ਦੇ ਵੱਡੇ ਹੋਣ ਦੇ ਕਾਰਨ ਪੱਥਰ ਵਾਂਗੂੰ ਚੁੱਪ ਰਹਿ ਜਾਂਦੇ ਹਨ । ਹੇ ਯਹੋਵਾਹ ਜਦ ਤੱਕ ਤੇਰੀ ਪਰਜਾ ਲੰਘ ਨਾ ਜਾਵੇ, ਜਦ ਤੱਕ ਉਹ ਪਰਜਾ ਜਿਹੜੀ ਤੂੰ ਵਿਹਾਝੀ ਹੈ ਪਾਰ ਨਾ ਲੰਘ ਜਾਵੇ, ੧੭ ਤੂੰ ਉਨ੍ਹਾਂ ਨੂੰ ਅੰਦਰ ਲਿਆਵੇਂਗਾ ਅਤੇ ਆਪਣੀ ਮਿਲਖ ਦੇ ਪਹਾੜ ਵਿੱਚ ਲਗਾਵੇਂਗਾ, ਹੇ ਯਹੋਵਾਹ ਉਸ ਸਥਾਨ ਵਿੱਚ ਜਿਹੜਾ ਤੂੰ ਆਪਣੇ ਰਹਿਣ ਲਈ ਬਣਾਇਆ ਹੈ, ਹੇ ਮੇਰੇ ਪ੍ਰਭੂ ਉਹ ਪਵਿੱਤਰ ਸਥਾਨ ਜਿਹੜਾ ਤੇਰੇ ਹੱਥਾਂ ਨੇ ਸਥਿਰ ਕੀਤਾ ਹੈ । ੧੮ ਯਹੋਵਾਹ ਸਦਾ ਤੱਕ ਰਾਜ ਕਰਦਾ ਰਹੇਗਾ ।
ਮਰਿਯਮ ਦਾ ਗੀਤ
੧੯ ਫ਼ਿਰਊਨ ਦੇ ਘੋੜੇ ਅਤੇ ਉਸ ਦੇ ਰੱਥ ਅਤੇ ਉਸ ਦੇ ਘੋੜ ਚੜ੍ਹੇ ਤਾਂ ਸਮੁੰਦਰ ਵਿੱਚ ਵੜੇ ਅਤੇ ਯਹੋਵਾਹ ਨੇ ਸਮੁੰਦਰ ਦੇ ਪਾਣੀ ਨੂੰ ਉਨ੍ਹਾਂ ਉੱਤੇ ਮੋੜ ਲਿਆਂਦਾ ਪਰ ਇਸਰਾਏਲੀ ਸਮੁੰਦਰ ਦੇ ਵਿਚਕਾਰੋਂ ਦੀ ਸੁੱਕੀ ਜਮੀਨ ਉੱਤੋਂ ਦੀ ਲੰਘ ਗਏ । ੨੦ ਹਾਰੂਨ ਦੀ ਭੈਣ ਮਿਰਯਮ ਨਬੀਆ ਨੇ ਆਪਣੇ ਹੱਥ ਵਿੱਚ ਡੱਫ ਲਈ ਅਤੇ ਸਾਰੀਆਂ ਇਸਤ੍ਰੀਆਂ ਡੱਫਾਂ ਵਜਾਉਂਦੀਆਂ ਅਤੇ ਨੱਚਦੀਆਂ ਉਸ ਦੇ ਪਿੱਛੇ ਨਿੱਕਲੀਆਂ । ੨੧ ਮਿਰਯਮ ਨੇ ਉਨ੍ਹਾਂ ਨੂੰ ਉੱਤਰ ਦਿੱਤਾ - ਯਹੋਵਾਹ ਲਈ ਗਾਓ ਕਿਉਂ ਜੋ ਉਹ ਬਹੁਤ ਉੱਚਾ ਹੋਇਆ ਹੈ, ਘੋੜਾ ਅਤੇ ਉਸ ਦਾ ਸਵਾਰ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤਾ ।
ਕੌੜਾ ਪਾਣੀ
੨੨ ਮੂਸਾ ਨੇ ਇਸਰਾਏਲ ਨੂੰ ਲਾਲ ਸਮੁੰਦਰ ਤੋਂ ਤੋਰ ਦਿੱਤਾ । ਉਹ ਸ਼ੂਰ ਦੀ ਉਜਾੜ ਨੂੰ ਨਿੱਕਲੇ ਅਤੇ ਤਿੰਨ ਦਿਨ ਉਜਾੜ ਵਿੱਚ ਦੀ ਤੁਰੇ ਗਏ ਪਰ ਉਨ੍ਹਾਂ ਨੂੰ ਪਾਣੀ ਨਾ ਲੱਭਾ । ੨੩ ਜਦ ਉਹ ਮਾਰਾਹ ਨੂੰ ਆਏ ਤਾਂ ਉਹ ਮਾਰਾਹ ਦਾ ਪਾਣੀ ਨਾ ਪੀ ਸਕੇ ਕਿਉਂ ਜੋ ਉਹ ਕੌੜਾ ਸੀ ਇਸ ਲਈ ਉਸ ਦਾ ਨਾਮ ਮਾਰਾਹ ਪੈ ਗਿਆ । ੨੪ ਉਪਰੰਤ ਪਰਜਾ ਮੂਸਾ ਦੇ ਵਿਰੁੱਧ ਬੁੜ-ਬੁੜਾਉਣ ਲੱਗੀ ਕਿ ਅਸੀਂ ਕੀ ਪੀਈਏ ? ੨੫ ਤਾਂ ਉਸ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਤਾਂ ਯਹੋਵਾਹ ਨੇ ਉਸ ਨੂੰ ਇੱਕ ਬਿਰਛ ਵਿਖਾਲਿਆ । ਉਸ ਨੇ ਉਹ ਨੂੰ ਪਾਣੀ ਵਿੱਚ ਸੁੱਟਿਆ ਤਾਂ ਪਾਣੀ ਮਿੱਠਾ ਹੋ ਗਿਆ । ਉੱਥੇ ਉਸ ਨੇ ਉਨ੍ਹਾਂ ਲਈ ਇੱਕ ਬਿਧੀ ਅਤੇ ਕਾਨੂੰਨ ਠਹਿਰਾਇਆ ਅਤੇ ਉੱਥੇ ਉਸ ਨੇ ਉਨ੍ਹਾਂ ਨੂੰ ਪਰਖ ਲਿਆ ੨੬ ਅਤੇ ਉਸ ਨੇ ਆਖਿਆ, ਜੇ ਤੁਸੀਂ ਰੀਝ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋਗੇ ਅਤੇ ਜਿਹੜਾ ਉਸ ਦੀਆਂ ਅੱਖਾਂ ਵਿੱਚ ਭਲਾ ਹੈ ਤੁਸੀਂ ਉਹ ਕਰੋਗੇ ਅਤੇ ਉਸ ਦੇ ਹੁਕਮਾਂ ਉੱਤੇ ਕੰਨ ਲਾਓਗੇ ਅਤੇ ਉਸ ਦੀਆਂ ਸਾਰੀਆਂ ਬਿਧੀਆਂ ਨੂੰ ਮੰਨੋਗੇ ਤਾਂ ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਹਨ ਤੁਹਾਡੇ ਉੱਤੇ ਨਹੀਂ ਪਾਵਾਂਗਾ ਕਿਉਂ ਜੋ ਮੈਂ ਯਹੋਵਾਹ ਤੁਹਾਨੂੰ ਨਿਰੋਇਆ ਕਰਨ ਵਾਲਾ ਹਾਂ । ੨੭ ਫਿਰ ਉਹ ਏਲਿਮ ਨੂੰ ਆਏ ਜਿੱਥੇ ਪਾਣੀ ਦੇ ਬਾਰਾਂ ਸੋਤੇ ਅਤੇ ਸੱਤਰ ਖ਼ਜੂਰ ਦੇ ਬਿਰਛ ਸਨ ਅਤੇ ਉਨ੍ਹਾਂ ਨੇ ਉੱਥੇ ਪਾਣੀ ਕੋਲ ਡੇਰੇ ਲਾਏ ।