੨੨
ਨੁਕਸਾਨ ਭਰਨ ਦੇ ਸੰਬੰਧੀ ਨਿਯਮ
੧ ਜੇ ਕੋਈ ਮਨੁੱਖ ਬਲ਼ਦ ਜਾਂ ਭੇਡ ਚੁਰਾਵੇ ਜਾਂ ਉਸ ਨੂੰ ਮਾਰ ਸੁੱਟੇ ਜਾਂ ਉਸ ਨੂੰ ਵੇਚ ਦੇਵੇ ਤਾਂ ਚੌਣੇ ਵਿੱਚੋਂ ਉਸ ਦੇ ਵੱਟੇ ਪੰਜ ਬਲ਼ਦ ਅਤੇ ਇੱਜੜ ਵਿੱਚੋਂ ਉਸ ਦੇ ਵੱਟੇ ਚਾਰ ਭੇਡਾਂ ਵੱਟਾ ਭਰੇ । ੨ ਜੇ ਉਹ ਚੋਰ ਸੰਨ੍ਹ ਲਾਉਂਦਾ ਫੜਿਆ ਜਾਵੇ ਅਤੇ ਉਹ ਮਾਰ ਨਾਲ ਮਰ ਜਾਵੇ ਤਾਂ ਇਹ ਖੂਨ ਦਾ ਦੋਸ਼ ਨਹੀਂ ਹੈ । ੩ ਪਰ ਜੇ ਉਸ ਉੱਤੇ ਸੂਰਜ ਚੜ੍ਹ ਜਾਵੇ ਤਾਂ ਉਹ ਦੇ ਲਈ ਖੂਨ ਦਾ ਦੋਸ਼ ਹੋਵੇਗਾ, ਉਹ ਵੱਟਾ ਭਰ ਦੇਵੇ । ਜੇ ਉਹ ਦੇ ਕੋਲ ਕੁੱਝ ਨਹੀਂ ਹੈਂ ਤਾਂ ਉਹ ਆਪਣੀ ਚੋਰੀ ਦੇ ਕਾਰਨ ਵੇਚਿਆ ਜਾਵੇ । ੪ ਜੇ ਚੋਰੀ ਦਾ ਮਾਲ ਉਹ ਦੇ ਹੱਥੋਂ ਜਿਉਂਦਾ ਲੱਭ ਜਾਵੇ ਭਾਵੇਂ ਬਲ਼ਦ ਭਾਵੇਂ ਖੋਤਾ ਭਾਵੇਂ ਭੇਡ ਤਾਂ ਉਹ ਦੂਣਾ ਵੱਟਾ ਭਰੇ । ੫ ਜਦ ਕੋਈ ਮਨੁੱਖ ਪੈਲੀ ਜਾਂ ਦਾਖ਼ ਦੇ ਬਾਗ਼ ਨੂੰ ਖਿਲਾ ਦੇਵੇ ਜਾਂ ਆਪਣੇ ਪਸ਼ੂ ਛੱਡੇ ਜੋ ਉਹ ਦੂਜੇ ਦੀ ਪੈਲੀ ਨੂੰ ਖਾ ਜਾਵੇ ਤਾਂ ਆਪਣੇ ਖੇਤ ਦੀ ਬਹੁਤ ਉੱਤਮ ਪੈਦਾਵਾਰ ਤੋਂ ਜਾਂ ਬਾਗ਼ ਦੀ ਬਹੁਤ ਉੱਤਮ ਦਾਖ਼ ਤੋਂ ਵੱਟਾ ਭਰੇ । ੬ ਜੇ ਕਦੀ ਅੱਗ ਭਖ ਉੱਠੇ ਅਤੇ ਕੰਡੇ ਕਾਠ ਨੂੰ ਇਸ ਤਰ੍ਹਾਂ ਜਾ ਲੱਗੇ ਕਿ ਅੰਨ ਦਾ ਖਲਵਾੜਾ ਜਾਂ ਅੰਨ ਦੀ ਖੜੀ ਪੈਲੀ ਜਾਂ ਖੇਤ ਸੜ ਜਾਵੇ ਤਾਂ ਅੱਗ ਦੇ ਲਾਉਣ ਵਾਲਾ ਜ਼ਰੂਰ ਵੱਟਾ ਭਰੇ । ੭ ਜਦ ਕੋਈ ਮਨੁੱਖ ਆਪਣੇ ਗਵਾਂਢੀ ਨੂੰ ਚਾਂਦੀ ਜਾਂ ਗਹਿਣਾ ਰੱਖਣ ਲਈ ਦੇਵੇ ਪਰ ਉਹ ਉਸ ਮਨੁੱਖ ਦੇ ਘਰੋਂ ਚੁਰਾਇਆ ਜਾਵੇ ਜੇ ਚੋਰ ਫੜਿਆ ਜਾਵੇ ਤਾਂ ਉਹ ਦੁੱਗਣਾ ਭਰੇ । ੮ ਪਰ ਜੇ ਚੋਰ ਨਾ ਫੜਿਆ ਜਾਵੇ ਤਾਂ ਘਰ ਦਾ ਮਾਲਕ ਨਿਆਈਆਂ ਦੇ ਕੋਲ ਲਿਆਂਦਾ ਜਾਵੇ ਤਾਂ ਜੋ ਮਲੂਮ ਹੋਵੇ ਕਿ ਉਸ ਨੇ ਆਪਣਾ ਹੱਥ ਆਪਣੇ ਗਵਾਂਢੀ ਦੇ ਮਾਲ ਧਨ ਨੂੰ ਲਾਇਆ ਹੈ ਕਿ ਨਹੀਂ । ੯ ਅਪਰਾਧ ਦੀ ਹਰ ਪਰਕਾਰ ਦੀ ਗੱਲ ਵਿੱਚ ਭਾਵੇਂ ਬਲ਼ਦ ਦੀ ਭਾਵੇਂ ਖੋਤੇ ਦੀ ਭਾਵੇਂ ਭੇਡ ਦੀ ਭਾਵੇਂ ਚਾਦਰ ਦੀ ਭਾਵੇਂ ਕਿਸੇ ਗਵਾਚੀ ਹੋਈ ਚੀਜ਼ ਦੀ ਜਿਸ ਵਿਖੇ ਕੋਈ ਆਖੇ ਕਿ ਇਹੋ ਹੀ ਹੈ ਤਾਂ ਉਨ੍ਹਾਂ ਦੋਹਾਂ ਦੀ ਗੱਲ ਨਿਆਈਆਂ ਕੋਲ ਆਵੇ ਅਤੇ ਜਿਹ ਨੂੰ ਨਿਆਈਂ ਦੋਸ਼ੀ ਠਹਿਰਾਉਣ ਉਹ ਆਪਣੇ ਗਵਾਂਢੀ ਨੂੰ ਦੁੱਗਣਾ ਭਰ ਦੇਵੇ । ੧੦ ਜੇ ਕੋਈ ਮਨੁੱਖ ਆਪਣੇ ਗਵਾਂਢੀ ਨੂੰ ਖੋਤਾ ਜਾਂ ਬਲ਼ਦ ਜਾਂ ਭੇਡ ਜਾਂ ਕੋਈ ਪਸ਼ੂ ਸਾਂਭਣ ਲਈ ਦੇਵੇ ਅਤੇ ਉਹ ਮਰ ਜਾਵੇ ਜਾਂ ਸੱਟ ਖਾ ਜਾਵੇ ਜਾਂ ਕਿਸੇ ਦੇ ਵੇਖੇ ਬਿਨਾਂ ਕਿਤੇ ਹੱਕਿਆ ਜਾਵੇ ੧੧ ਤਾਂ ਉਨ੍ਹਾਂ ਦੋਹਾਂ ਦੇ ਵਿੱਚ ਯਹੋਵਾਹ ਦੀ ਸਹੁੰ ਹੋਵੇਗੀ ਕਿ ਉਸ ਨੇ ਆਪਣੇ ਗਵਾਂਢੀ ਦੇ ਮਾਲ ਨੂੰ ਹੱਥ ਨਹੀਂ ਲਾਇਆ ਅਤੇ ਉਹ ਦਾ ਮਾਲਕ ਸੁਣ ਲਵੇ ਤਾਂ ਉਹ ਵੱਟਾ ਨਾ ਭਰੇ । ੧੨ ਜੇ ਉਹ ਸੱਚ-ਮੁੱਚ ਉਸ ਤੋਂ ਚੁਰਾਇਆ ਜਾਵੇ ਤਾਂ ਉਹ ਉਸ ਦੇ ਮਾਲਕ ਨੂੰ ਵੱਟਾ ਭਰੇ । ੧੩ ਜੇ ਉਹ ਸੱਚ-ਮੁੱਚ ਪਾੜਿਆ ਜਾਵੇ ਤਾਂ ਉਹ ਉਸ ਨੂੰ ਉਗਾਹੀ ਵਿੱਚ ਲਿਆਵੇ ਅਤੇ ਪਾੜੇ ਹੋਏ ਦਾ ਵੱਟਾ ਨਾ ਭਰੇ । ੧੪ ਜਦ ਕੋਈ ਮਨੁੱਖ ਆਪਣੇ ਗਵਾਂਢੀ ਤੋਂ ਕੁੱਝ ਉਧਾਰ ਲਵੇ ਅਤੇ ਉਹ ਸੱਟ ਖਾ ਜਾਵੇ ਜਾਂ ਮਰ ਜਾਵੇ ਜਦ ਕਿ ਉਹ ਦਾ ਮਾਲਕ ਕੋਲ ਨਹੀਂ ਹੈ ਤਾਂ ਉਹ ਜ਼ਰੂਰ ਵੱਟਾ ਭਰੇ । ੧੫ ਜੇ ਉਹ ਦਾ ਮਾਲਕ ਉਹ ਦੇ ਕੋਲ ਹੋਵੇ ਤਾਂ ਉਹ ਵੱਟਾ ਨਾ ਭਰੇ ਜੇ ਉਹ ਭਾੜੇ ਉੱਤੇ ਹੋਵੇ ਤਾਂ ਉਹ ਭਾੜੇ ਵਿੱਚ ਗਿਣਿਆ ਜਾਵੇ ।
ਨੈਤਿਕ ਅਤੇ ਧਾਰਮਿਕ ਨਿਯਮ
੧੬ ਜਦ ਕੋਈ ਮਨੁੱਖ ਕਿਸੇ ਕੁਆਰੀ ਨੂੰ ਜਿਹ ਦੀ ਕੁੜਮਾਈ ਨਹੀਂ ਹੋਈ ਝਾਂਸਾ ਦੇਵੇ ਅਤੇ ਉਸ ਦੇ ਨਾਲ ਲੇਟੇ ਉਹ ਜ਼ਰੂਰ ਉਸ ਦਾ ਮੁੱਲ ਦੇ ਕੇ ਉਸ ਨੂੰ ਵਿਆਹ ਲਵੇ । ੧੭ ਜੇ ਉਸ ਦਾ ਪਿਤਾ ਉਸ ਨੂੰ ਦੇਣ ਤੋਂ ਉੱਕਾ ਹੀ ਇਨਕਾਰੀ ਹੋਵੇ ਤਾਂ ਉਹ ਕੁਆਰੀਆਂ ਦੇ ਮਹਿਰ ਅਨੁਸਾਰ ਚਾਂਦੀ ਤੋਲ ਕੇ ਦੇਵੇ । ੧੮ ਤੂੰ ਜਾਦੂਗਰਨੀ ਨੂੰ ਜਿਉਂਦੀ ਨਾ ਛੱਡ । ੧੯ ਜੋ ਕੋਈ ਪਸ਼ੂ ਨਾਲ ਕੁਕਰਮ ਕਰੇ ਉਹ ਜ਼ਰੂਰ ਮਾਰਿਆ ਜਾਵੇ । ੨੦ ਜਿਹੜਾ ਕੇਵਲ ਯਹੋਵਾਹ ਤੋਂ ਬਿਨਾਂ ਹੋਰ ਦੇਵਤਿਆਂ ਨੂੰ ਬਲੀਆਂ ਚੜ੍ਹਾਵੇ ਉਸ ਦਾ ਸੱਤਿਆਨਾਸ ਕੀਤਾ ਜਾਵੇ । ੨੧ ਤੁਸੀਂ ਪਰਦੇਸੀ ਨੂੰ ਨਾ ਸਤਾਓ ਨਾ ਦੁਖ ਦਿਓ ਕਿਉਂ ਜੋ ਤੁਸੀਂ ਮਿਸਰ ਦੇਸ ਵਿੱਚ ਪਰਦੇਸੀ ਰਹੇ । ੨੨ ਵਿਧਵਾ ਅਤੇ ਯਤੀਮ ਨੂੰ ਤੰਗ ਨਾ ਕਰੋ । ੨੩ ਜੇ ਤੁਸੀਂ ਉਨ੍ਹਾਂ ਨੂੰ ਤੰਗ ਹੀ ਕਰੋਗੇ ਤਾਂ ਜਦ ਉਹ ਮੇਰੇ ਅੱਗੇ ਦੁਹਾਈ ਦੇਣਗੇ ਤਾਂ ਮੈਂ ਜ਼ਰੂਰ ਉਨ੍ਹਾਂ ਦੀ ਦੁਹਾਈ ਨੂੰ ਸੁਣਾਂਗਾ ੨੪ ਅਤੇ ਮੇਰਾ ਕ੍ਰੋਧ ਭੜਕ ਉੱਠੇਗਾ ਅਤੇ ਮੈਂ ਤੁਹਾਨੂੰ ਤੇਗ ਨਾਲ ਵੱਢ ਸੁੱਟਾਂਗਾ ਅਤੇ ਤੁਹਾਡੀਆਂ ਔਰਤਾਂ ਵਿਧਵਾ ਅਤੇ ਤੁਹਾਡੇ ਪੁੱਤਰ ਯਤੀਮ ਹੋ ਜਾਣਗੇ । ੨੫ ਜੇ ਤੂੰ ਮੇਰੀ ਪਰਜਾ ਵਿੱਚੋਂ ਆਪਣੇ ਨਾਲ ਦੇ ਕਿਸੇ ਕੰਗਾਲ ਨੂੰ ਚਾਂਦੀ ਉਧਾਰ ਦੇਵੇਂ ਤਾਂ ਤੂੰ ਉਹ ਦਾ ਬਿਆਜੜੀਆ ਨਾ ਬਣ, ਤੂੰ ਉਸ ਉੱਤੇ ਬਿਆਜ ਨਾ ਲਾਵੀਂ । ੨੬ ਜੇ ਤੂੰ ਆਪਣੇ ਗਵਾਂਢੀ ਦੀ ਚਾਦਰ ਗਹਿਣੇ ਰੱਖੇਂ ਤਾਂ ਸੂਰਜ ਦੇ ਡੁੱਬਣ ਤੋਂ ਪਹਿਲਾਂ ਉਹ ਨੂੰ ਮੋੜ ਦੇ ੨੭ ਕਿਉਂ ਜੋ ਉਹੀ ਉਸ ਦਾ ਓਢਣਾ ਹੈ । ਇਹ ਉਸ ਦੇ ਸਰੀਰ ਲਈ ਚਾਦਰ ਹੈ, ਉਹ ਕਾਹਦੇ ਵਿੱਚ ਲੰਮਾ ਪਵੇਗਾ ? ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਮੇਰੇ ਅੱਗੇ ਦੁਹਾਈ ਦੇਵੇਗਾ ਤਾਂ ਮੈਂ ਸੁਣਾਂਗਾ ਕਿਉਂ ਜੋ ਮੈਂ ਕਿਰਪਾਲੂ ਹਾਂ । ੨੮ ਤੂੰ ਨਿਆਈਆਂ ਨੂੰ ਨਾ ਕੋਸ ਅਤੇ ਆਪਣੇ ਲੋਕਾਂ ਦੇ ਪਰਧਾਨ ਨੂੰ ਫਿਟਕਾਰ ਨਾ ਦੇ । ੨੯ ਆਪਣੇ ਖਲਵਾੜੇ ਅਤੇ ਆਪਣੇ ਕੋਹਲੂ ਦੇ ਰਸ ਦੇ ਚੜ੍ਹਾਉਣ ਲਈ ਢਿੱਲ ਨਾ ਕਰ । ਤੂੰ ਆਪਣੇ ਪੁੱਤਰਾਂ ਵਿੱਚੋਂ ਜੇਠਾ ਮੈਨੂੰ ਦੇ । ੩੦ ਇਸ ਤਰ੍ਹਾਂ ਤੂੰ ਆਪਣੇ ਬਲ਼ਦ ਅਤੇ ਆਪਣੀ ਭੇਡ ਨਾਲ ਕਰ ਕਿ ਸੱਤ ਦਿਨ ਉਹ ਆਪਣੀ ਮਾਂ ਨਾਲ ਰਹੇ ਪਰ ਅੱਠਵੇਂ ਦਿਨ ਉਹ ਤੂੰ ਮੈਨੂੰ ਦੇ । ੩੧ ਤੁਸੀਂ ਮੇਰੇ ਲਈ ਪਵਿੱਤਰ ਮਨੁੱਖ ਹੋਵੋ ਇਸ ਲਈ ਦਰਿੰਦਿਆਂ ਤੋਂ ਪਾੜਿਆ ਹੋਇਆ ਮਾਸ ਨਾ ਖਾਓ । ਤੁਸੀਂ ਉਹ ਨੂੰ ਕੁੱਤਿਆਂ ਅੱਗੇ ਸੁੱਟ ਦਿਓ ।