ਪਰਮੇਸ਼ੁਰ ਦੀ ਬੁਲਾਹਟ
੧ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਅਤੇ ਮੈਂ ਤੇਰੇ ਨਾਲ ਗੱਲਾਂ ਕਰਾਂਗਾ ! ੨ ਜਦੋਂ ਉਹ ਨੇ ਮੈਨੂੰ ਇਹ ਆਖਿਆ, ਤਾਂ ਆਤਮਾ ਮੇਰੇ ਵਿੱਚ ਆਇਆ ਅਤੇ ਮੈਨੂੰ ਪੈਰਾਂ ਉੱਤੇ ਖੜ੍ਹਾ ਕੀਤਾ, ਤਦ ਮੈਂ ਉਹ ਦੀ ਸੁਣੀ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ । ੩ ਉਸ ਨੇ ਮੈਨੂੰ ਆਖਿਆ ਕਿ ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲੀਆਂ ਦੇ ਕੋਲ ਅਥਵਾ ਉਹਨਾਂ ਵਿਦਰੋਹੀ ਕੌਮਾਂ ਦੇ ਕੋਲ ਜਿਹਨਾਂ ਨੇ ਮੇਰੇ ਵਿਰੁੱਧ ਵਿਦਰੋਹ ਕੀਤਾ, ਭੇਜਦਾ ਹਾਂ । ਉਹ ਅਤੇ ਉਹਨਾਂ ਦੇ ਪਿਉ-ਦਾਦੇ ਅੱਜ ਦੇ ਦਿਨ ਤੱਕ ਮੇਰੇ ਅਪਰਾਧੀ ਹੁੰਦੇ ਆਏ ਹਨ । ੪ ਉਹਨਾਂ ਦੇ ਬੱਚੇ ਢੀਠ ਅਤੇ ਪੱਥਰ ਦਿਲ ਹਨ । ਮੈਂ ਤੈਨੂੰ ਉਹਨਾਂ ਦੇ ਕੋਲ ਭੇਜ ਰਿਹਾ ਹਾਂ । ਤੂੰ ਉਹਨਾਂ ਨੂੰ ਆਖ, ਕਿ ਪ੍ਰਭੂ ਯਹੋਵਾਹ ਇਸ ਤਰ੍ਹਾਂ ਆਖਦਾ ਹੈ ੫ ਭਾਵੇਂ ਉਹ ਸੁਣਨ ਜਾਂ ਨਾ ਸੁਣਨ ਕਿਉਂ ਜੋ ਉਹ ਤਾਂ ਇੱਕ ਵਿਦਰੋਹੀ ਘਰਾਣਾ ਹੈ, ਪਰ ਉਹ ਜਾਣ ਲੈਣਗੇ ਕਿ ਉਹਨਾਂ ਦੇ ਵਿੱਚ ਇੱਕ ਨਬੀ ਪਰਗਟ ਹੋਇਆ ਹੈ । ੬ ਹੇ ਮਨੁੱਖ ਦੇ ਪੁੱਤਰ, ਤੂੰ ਉਹਨਾਂ ਕੋਲੋਂ ਭੈ ਨਾ ਖਾਈਂ ਅਤੇ ਉਹਨਾਂ ਦੀਆਂ ਗੱਲਾਂ ਤੋਂ ਨਾ ਡਰ, ਭਾਵੇਂ ਤੇਰੇ ਨਾਲ ਝਾੜੀਆਂ ਅਤੇ ਕੰਡੇ ਹਨ ਅਤੇ ਤੂੰ ਬਿੱਛੂਆਂ ਦੇ ਵਿੱਚ ਵੱਸਦਾ ਹੈਂ ਪਰ ਉਹਨਾਂ ਦੀਆਂ ਗੱਲਾਂ ਤੋਂ ਨਾ ਡਰ ਅਤੇ ਉਹਨਾਂ ਦੇ ਚਿਹਰਿਆਂ ਨੂੰ ਵੇਖ ਕੇ ਨਾ ਘਾਬਰ, ਕਿਉਂ ਜੋ ਉਹ ਇੱਕ ਵਿਦਰੋਹੀ ਘਰਾਣਾ ਹੈ । ੭ ਤੂੰ ਮੇਰੀਆਂ ਗੱਲਾਂ ਉਹਨਾਂ ਨੂੰ ਆਖ, ਭਾਵੇਂ ਉਹ ਸੁਣਨ ਜਾਂ ਨਾ ਸੁਣਨ, ਕਿਉਂ ਜੋ ਉਹ ਵਿਦਰੋਹੀ ਹਨ । ੮ ਪਰ ਤੂੰ, ਹੇ ਮਨੁੱਖ ਦੇ ਪੁੱਤਰ, ਉਹ ਸੁਣ ਜੋ ਮੈਂ ਤੈਨੂੰ ਆਖਦਾ ਹਾਂ । ਤੂੰ ਉਸ ਵਿਦਰੋਹੀ ਘਰਾਣੇ ਵਾਂਗੂੰ ਵਿਦਰੋਹੀ ਨਾ ਹੋ ! ਤੂੰ ਆਪਣਾ ਮੂੰਹ ਖੋਲ੍ਹ ਅਤੇ ਜੋ ਕੁੱਝ ਮੈਂ ਤੈਨੂੰ ਦਿੰਦਾ ਹਾਂ ਖਾ ਲੈ ! ੯ ਜਦ ਮੈਂ ਵੇਖਿਆ ਤਾਂ ਵੇਖੋ, ਇੱਕ ਹੱਥ ਮੇਰੇ ਵੱਲ ਵਧਾਇਆ ਹੋਇਆ ਹੈ ਅਤੇ ਵੇਖੋ, ਉਸ ਵਿੱਚ ਇੱਕ ਲਪੇਟਵੀਂ ਪੱਤ੍ਰੀ ਸੀ । ੧੦ ਉਹ ਨੇ ਉਸ ਨੂੰ ਮੇਰੇ ਸਾਹਮਣੇ ਖੋਲ੍ਹ ਦਿੱਤਾ, ਉਸ ਦੇ ਵਿੱਚ ਅੰਦਰ-ਬਾਹਰ ਲਿਖਿਆ ਹੋਇਆ ਸੀ ਅਤੇ ਉਸ ਦੇ ਵਿੱਚ ਵਿਰਲਾਪ, ਸੋਗ ਅਤੇ ਸਿਆਪਾ ਲਿਖੇ ਹੋਏ ਸਨ ।