੧ ਫਿਰ ਉਸ ਨੇ ਮੈਨੂੰ ਆਖਿਆ ਕਿ ਹੇ ਮਨੁੱਖ ਦੇ ਪੁੱਤਰ, ਜੋ ਕੁੱਝ ਤੈਨੂੰ ਮਿਲਿਆ ਹੈ, ਉਸ ਨੂੰ ਖਾ ਲੈ ! ਇਸ ਲਪੇਟਵੀਂ ਪੱਤ੍ਰੀ ਨੂੰ ਖਾ ਲੈ ਅਤੇ ਜਾ ਕੇ ਇਸਰਾਏਲ ਦੇ ਘਰਾਣੇ ਨਾਲ ਬੋਲ ! ੨ ਤਦ ਮੈਂ ਮੂੰਹ ਖੋਲ੍ਹਿਆ ਅਤੇ ਉਹ ਨੇ ਉਹ ਲਪੇਟਵੀਂ ਪੱਤ੍ਰੀ ਮੈਨੂੰ ਖੁਆ ਦਿੱਤੀ । ੩ ਫਿਰ ਉਸ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਜੋ ਮੈਂ ਤੈਨੂੰ ਦਿੰਦਾ ਹਾਂ ਤੂੰ ਉਸ ਨੂੰ ਪਚਾ ਲੈ ਅਤੇ ਇਸ ਲਪੇਟਵੀਂ ਪੱਤ੍ਰੀ ਨਾਲ ਆਪਣੀਆਂ ਆਂਦਰਾਂ ਭਰ ਲੈ । ਤਦ ਮੈਂ ਇਹ ਨੂੰ ਖਾਧਾ ਅਤੇ ਇਹ ਮੇਰੇ ਮੂੰਹ ਵਿੱਚ ਸ਼ਹਿਦ ਵਾਂਗੂੰ ਮਿੱਠੀ ਲੱਗੀ ਸੀ । ੪ ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਤੂੰ ਇਸਰਾਏਲ ਦੇ ਘਰਾਣੇ ਕੋਲ ਜਾ ਅਤੇ ਮੇਰੀਆਂ ਇਹ ਗੱਲਾਂ ਉਹਨਾਂ ਨੂੰ ਦੱਸ । ੫ ਕਿਉਂ ਜੋ ਤੈਨੂੰ ਅਜਿਹੇ ਲੋਕਾਂ ਵੱਲ ਨਹੀਂ ਭੇਜਿਆ ਜਾਂਦਾ, ਜਿਹਨਾਂ ਦੀ ਬੋਲੀ ਓਪਰੀ ਅਤੇ ਜਿਹਨਾਂ ਦੀ ਭਾਸ਼ਾ ਔਖੀ ਹੈ, ਸਗੋਂ ਇਸਰਾਏਲ ਦੇ ਘਰਾਣੇ ਕੋਲ ਭੇਜਿਆ ਜਾਂਦਾ ਹੈ । ੬ ਨਾ ਬਹੁਤ ਸਾਰੀਆਂ ਉੱਮਤਾਂ ਕੋਲ ਜਿਹਨਾਂ ਦੀ ਬੋਲੀ ਓਪਰੀ ਅਤੇ ਭਾਸ਼ਾ ਔਖੀ ਹੈ, ਜਿਹਨਾਂ ਦੀਆਂ ਗੱਲਾਂ ਤੂੰ ਸਮਝ ਨਹੀਂ ਸਕਦਾ ! ਜੇਕਰ ਮੈਂ ਤੈਨੂੰ ਉਹਨਾਂ ਦੇ ਕੋਲ ਭੇਜਦਾ, ਤਾਂ ਉਹ ਤੇਰੀ ਸੁਣਦੀਆਂ । ੭ ਪਰ ਇਸਰਾਏਲ ਦਾ ਘਰਾਣਾ ਤੇਰੀ ਨਾ ਸੁਣੇਗਾ ਕਿਉਂ ਜੋ ਉਹ ਮੇਰੀ ਸੁਣਨਾ ਨਹੀਂ ਚਾਹੁੰਦੇ । ਇਸਰਾਏਲ ਦਾ ਸਾਰਾ ਘਰਾਣਾ ਢੀਠ ਅਤੇ ਪੱਥਰ ਦਿਲ ਹੈ । ੮ ਵੇਖ, ਮੈਂ ਉਹਨਾਂ ਦੇ ਚਿਹਰਿਆਂ ਦੇ ਵਿਰੁੱਧ ਤੇਰਾ ਚਿਹਰਾ ਕਠੋਰ ਅਤੇ ਤੇਰਾ ਮੱਥਾ ਉਹਨਾਂ ਦੇ ਮੱਥਿਆਂ ਦੇ ਵਿਰੁੱਧ ਢੀਠ ਕਰ ਦਿੱਤਾ ਹੈ । ੯ ਮੈਂ ਤੇਰੇ ਮੱਥੇ ਨੂੰ ਹੀਰੇ ਵਾਂਗੂੰ ਚਕਮਕ ਪੱਥਰ ਤੋਂ ਵੀ ਵਧੀਕ ਕਠੋਰ ਕਰ ਦਿੱਤਾ ਹੈ । ਉਹਨਾਂ ਤੋਂ ਨਾ ਡਰ ਅਤੇ ਉਹਨਾਂ ਦੇ ਚਿਹਰਿਆਂ ਨੂੰ ਦੇਖ ਨਿਰਾਸ਼ ਨਾ ਹੋ, ਕਿਉਂਕਿ ਉਹ ਵਿਦਰੋਹੀ ਘਰਾਣਾ ਹੈ । ੧੦ ਫਿਰ ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਮੇਰੀਆਂ ਸਾਰੀਆਂ ਗੱਲਾਂ ਨੂੰ ਜੋ ਮੈਂ ਤੈਨੂੰ ਆਖਾਂਗਾ, ਆਪਣੇ ਦਿਲ ਵਿੱਚ ਰੱਖ ਲੈ ਅਤੇ ਆਪਣਿਆਂ ਕੰਨਾਂ ਨਾਲ ਸੁਣ ! ੧੧ ਹੁਣ ਤੂੰ ਗੁਲਾਮਾਂ ਅਥਵਾ ਆਪਣੀ ਕੌਮ ਦੇ ਲੋਕਾਂ ਕੋਲ ਜਾ ਕੇ ਗੱਲ ਕਰ ਅਤੇ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਭਾਵੇਂ ਉਹ ਸੁਣਨ, ਭਾਵੇਂ ਉਹ ਨਾ ਸੁਣਨ । ੧੨ ਫਿਰ ਆਤਮਾ ਨੇ ਮੈਨੂੰ ਚੁੱਕ ਲਿਆ ਅਤੇ ਮੈਂ ਆਪਣੇ ਪਿੱਛੇ ਇੱਕ ਵੱਡੀ ਭੂਚਾਲ ਵਰਗੀ ਅਵਾਜ਼ ਸੁਣੀ ਜੋ ਇਸ ਤਰ੍ਹਾਂ ਸੀ ਕਿ ਯਹੋਵਾਹ ਦਾ ਪਰਤਾਪ ਉਹ ਦੇ ਸਥਾਨ ਤੋਂ ਮੁਬਾਰਕ ਹੋਵੇ ! ੧੩ ਉਸ ਦੇ ਨਾਲ ਹੀ ਜੀਵਾਂ ਦੇ ਖੰਭਾਂ ਦੇ ਇੱਕ ਦੂਜੇ ਨਾਲ ਛੂਹਣ ਦੀ ਅਵਾਜ਼, ਉਹਨਾਂ ਦੇ ਪਹੀਆਂ ਦੀ ਅਵਾਜ਼ ਅਤੇ ਇੱਕ ਵੱਡੇ ਭੂਚਾਲ ਦੀ ਅਵਾਜ਼, ਮੈਂ ਸੁਣੀ । ੧੪ ਆਤਮਾ ਮੈਨੂੰ ਚੁੱਕ ਕੇ ਲੈ ਗਿਆ, ਸੋ ਮੈਂ ਆਤਮਾ ਦੀ ਕੁੜੱਤਣ ਅਤੇ ਕ੍ਰੋਧ ਵਿੱਚ ਤੁਰ ਪਿਆ ਅਤੇ ਯਹੋਵਾਹ ਦਾ ਹੱਥ ਮੇਰੇ ਉੱਤੇ ਭਾਰੀ ਸੀ । ੧੫ ਮੈਂ ਤੇਲ-ਆਬੀਬ ਵਿੱਚ ਗੁਲਾਮਾਂ ਦੇ ਕੋਲ ਜਿਹੜੇ ਕਬਾਰ ਨਹਿਰ ਦੇ ਕੋਲ ਵੱਸਦੇ ਸਨ, ਪਹੁੰਚਿਆ ਅਤੇ ਜਿੱਥੇ ਉਹ ਰਹਿੰਦੇ ਸਨ ਅਤੇ ਮੈਂ ਸੱਤ ਦਿਨਾਂ ਤੱਕ ਉਹਨਾਂ ਦੇ ਵਿਚਕਾਰ ਹੈਰਾਨ ਹੋ ਕੇ ਬੈਠਾ ਰਿਹਾ ।
ਪਹਿਰੇਦਾਰ ਦੇ ਰੂਪ ਵਿੱਚ ਹਿਜ਼ਕੀਏਲ ਦੀ ਨਿਯੁਕਤੀ
(ਹਿਜ਼ਕੀਏਲ 33:1-9)
੧੬ ਸੱਤ ਦਿਨਾਂ ਬਾਅਦ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਤੇ ਆਖਿਆ ੧੭ ਕਿ ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਰਾਖਾ ਬਣਾਇਆ ਹੈ, ਇਸ ਲਈ ਤੂੰ ਮੇਰੇ ਮੂੰਹ ਦਾ ਬਚਨ ਸੁਣ ਅਤੇ ਮੇਰੇ ਵੱਲੋਂ ਉਹਨਾਂ ਨੂੰ ਚੇਤਾਵਨੀ ਦੇ । ੧੮ ਜਦੋਂ ਮੈਂ ਦੁਸ਼ਟ ਨੂੰ ਆਖਾਂ ਕਿ ਤੂੰ ਪੱਕਾ ਹੀ ਮਰੇਂਗਾ ਅਤੇ ਤੂੰ ਉਸ ਨੂੰ ਚੇਤਾਵਨੀ ਨਾ ਦੇਵੇਂ ਅਤੇ ਦੁਸ਼ਟ ਨੂੰ ਉਹ ਦੀ ਬੁਰਾਈ ਤੋਂ ਚੌਕਸ ਨਾ ਕਰੇਂ, ਤਾਂ ਕਿ ਉਹ ਜੀਉਂਦਾ ਰਹੇ; ਤਾਂ ਦੁਸ਼ਟ ਆਪਣੀ ਬਦੀ ਵਿੱਚ ਤਾਂ ਮਰੇਗਾ, ਪਰ ਮੈਂ ਉਹ ਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ । ੧੯ ਪਰ ਜੇ ਤੂੰ ਦੁਸ਼ਟ ਨੂੰ ਚੇਤਾਵਨੀ ਦੇਵੇਂ ਅਤੇ ਉਹ ਆਪਣੀ ਬੁਰਾਈ ਅਤੇ ਬੁਰੇ ਕੰਮਾਂ ਤੋਂ ਨਾ ਮੁੜੇ, ਤਾਂ ਉਹ ਆਪਣੇ ਪਾਪ ਵਿੱਚ ਮਰੇਗਾ, ਪਰ ਤੂੰ ਆਪਣੀ ਜਾਨ ਨੂੰ ਬਚਾ ਲਵੇਂਗਾ । ੨੦ ਜੇਕਰ ਕੋਈ ਧਰਮੀ ਆਪਣੇ ਧਰਮ ਤੋਂ ਮੁੜ ਕੇ ਬਦੀ ਕਰੇ ਅਤੇ ਮੈਂ ਉਹ ਦੇ ਅੱਗੇ ਠੋਕਰ ਲਾਣ ਵਾਲਾ ਪੱਥਰ ਰੱਖਾਂ ਤਾਂ ਉਹ ਮਰ ਜਾਵੇਗਾ, ਕਿਉਂਕਿ ਤੂੰ ਉਹ ਨੂੰ ਚੇਤਾਵਨੀ ਨਹੀਂ ਦਿੱਤੀ । ਉਹ ਆਪਣੇ ਪਾਪ ਵਿੱਚ ਮਰੇਗਾ ਅਤੇ ਉਹ ਦੇ ਧਰਮ ਦੇ ਕੰਮ ਜਿਹੜੇ ਉਸ ਨੇ ਕੀਤੇ ਚੇਤੇ ਨਾ ਕੀਤੇ ਜਾਣਗੇ, ਪਰ ਮੈਂ ਉਹ ਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ । ੨੧ ਪਰ ਜੇ ਤੂੰ ਉਸ ਧਰਮੀ ਨੂੰ ਚੇਤਾਵਨੀ ਦੇਵੇਂ ਤਾਂ ਕਿ ਉਹ ਧਰਮੀ ਪਾਪ ਨਾ ਕਰੇ ਅਤੇ ਉਹ ਪਾਪਾਂ ਤੋਂ ਬਚਿਆ ਰਹੇ, ਤਾਂ ਉਹ ਪੱਕਾ ਹੀ ਜੀਵੇਗਾ, ਇਸ ਲਈ ਕਿ ਉਹ ਨੇ ਚੇਤਾਵਨੀ ਮੰਨੀ ਅਤੇ ਤੂੰ ਆਪਣੀ ਜਾਨ ਬਚਾ ਲਵੇਂਗਾ ।
ਹਿਜ਼ਕੀਏਲ ਬੋਲਣ ਵਿੱਚ ਅਸਮਰਥ
੨੨ ਉੱਥੇ ਯਹੋਵਾਹ ਦਾ ਹੱਥ ਮੇਰੇ ਉੱਤੇ ਸੀ ਅਤੇ ਉਸ ਨੇ ਮੈਨੂੰ ਆਖਿਆ, ਉੱਠ, ਮੈਦਾਨ ਨੂੰ ਜਾ ਅਤੇ ਉੱਥੇ ਮੈਂ ਤੇਰੇ ਨਾਲ ਗੱਲਾਂ ਕਰਾਂਗਾ । ੨੩ ਤਦ ਮੈਂ ਉੱਠ ਕੇ ਮੈਦਾਨ ਨੂੰ ਗਿਆ । ਤਾਂ ਵੇਖੋ, ਯਹੋਵਾਹ ਦਾ ਪਰਤਾਪ ਉਸ ਪਰਤਾਪ ਵਾਂਗੂੰ ਜੋ ਮੈਂ ਕਬਾਰ ਨਹਿਰ ਦੇ ਉੱਤੇ ਵੇਖਿਆ ਸੀ, ਖੜ੍ਹਾ ਸੀ ਅਤੇ ਮੈਂ ਮੂਧੇ ਮੂੰਹ ਡਿੱਗ ਪਿਆ । ੨੪ ਤਦ ਆਤਮਾ ਨੇ ਮੇਰੇ ਵਿੱਚ ਆ ਕੇ ਮੈਨੂੰ ਪੈਰਾਂ ਉੱਤੇ ਖੜ੍ਹਾ ਕੀਤਾ ਅਤੇ ਮੇਰੇ ਨਾਲ ਗੱਲਾਂ ਕੀਤੀਆਂ ਅਤੇ ਮੈਨੂੰ ਆਖਿਆ, ਜਾ ਅਤੇ ਆਪਣੇ ਘਰ ਦਾ ਬੂਹਾ ਬੰਦ ਕਰ ਲੈ ! ੨੫ ਪਰ ਹੇ ਮਨੁੱਖ ਦੇ ਪੁੱਤਰ, ਵੇਖ, ਉਹ ਰੱਸੀਆਂ ਨਾਲ ਤੈਨੂੰ ਬੰਨ੍ਹਣਗੇ ਤਾਂ ਕਿ ਤੂੰ ਉਹਨਾਂ ਦੇ ਵਿੱਚੋਂ ਬਾਹਰ ਨਾ ਜਾ ਸਕੇਂ । ੨੬ ਮੈਂ ਤੇਰੀ ਜੀਭ ਤੇਰੇ ਤਾਲੂ ਨਾਲ ਜੋੜ ਦਿਆਂਗਾ ਕਿ ਤੂੰ ਗੂੰਗਾ ਹੋ ਜਾਵੇਂ ਅਤੇ ਉਹਨਾਂ ਨੂੰ ਤਾੜਨਾ ਨਾ ਦੇ ਸਕੇਂ, ਕਿਉਂ ਜੋ ਉਹ ਵਿਦਰੋਹੀ ਘਰਾਣਾ ਹੈ । ੨੭ ਪਰ ਜਦੋਂ ਮੈਂ ਤੇਰੇ ਨਾਲ ਗੱਲਾਂ ਕਰਾਂਗਾ, ਤਾਂ ਤੇਰਾ ਮੂੰਹ ਖੋਲ੍ਹਾਂਗਾ ਤਦ ਤੂੰ ਉਹਨਾਂ ਨੂੰ ਆਖੇਂਗਾ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਜੋ ਸੁਣਦਾ ਹੈ ਸੁਣੇ ਅਤੇ ਜਿਹੜਾ ਨਹੀਂ ਸੁਣਨਾ ਚਾਹੁੰਦਾ ਉਹ ਨਾ ਸੁਣੇ, ਕਿਉਂ ਜੋ ਉਹ ਵਿਦਰੋਹੀ ਘਰਾਣੇ ਦੇ ਹਨ ।