੨੨
ਹੱਤਿਆਰਾ ਨਗਰ ਯਰੂਸ਼ਲਮ
੧ ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ ੨ ਹੇ ਮਨੁੱਖ ਦੇ ਪੁੱਤਰ, ਕੀ ਤੂੰ ਨਿਆਂ ਕਰੇਂਗਾ ? ਕੀ ਤੂੰ ਇਸ ਖੂਨੀ ਸ਼ਹਿਰ ਦਾ ਨਿਆਂ ਕਰੇਂਗਾ ? ਤੂੰ ਇਸ ਦੇ ਸਾਰੇ ਘਿਣਾਉਣੇ ਕੰਮ ਉਸ ਉੱਤੇ ਪਰਗਟ ਕਰ । ੩ ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਇੱਕ ਸ਼ਹਿਰ ਜਿਹ ਦੇ ਅੰਦਰ ਖੂਨ ਵਹਾਏ ਜਾਂਦੇ ਹਨ, ਤਾਂ ਜੋ ਉਹ ਦਾ ਅੰਤ ਆ ਜਾਵੇ ਅਤੇ ਜੋ ਆਪਣੇ ਆਪ ਨੂੰ ਭ੍ਰਿਸ਼ਟ ਕਰਨ ਲਈ ਆਪਣੇ ਲਈ ਮੂਰਤੀਆਂ ਬਣਾਉਂਦਾ ਹੈ ! ੪ ਤੂੰ ਉਸ ਲਹੂ ਦੇ ਕਾਰਨ ਜਿਹੜਾ ਤੂੰ ਵਹਾਇਆ ਦੋਸ਼ੀ ਹੋ ਗਿਆ ਅਤੇ ਤੂੰ ਉਹਨਾਂ ਮੂਰਤੀਆਂ ਕਰਕੇ ਜਿਹਨਾਂ ਨੂੰ ਤੂੰ ਬਣਾਇਆ, ਭ੍ਰਿਸ਼ਟ ਹੋਇਆ, ਤੂੰ ਆਪਣੇ ਦਿਨਾਂ ਨੂੰ ਨੇੜੇ ਲਿਆਇਆ ਹੈਂ ਅਤੇ ਆਪਣੇ ਸਾਲਾਂ ਨੂੰ ਵੀ, ਇਸ ਲਈ ਮੈਂ ਤੈਨੂੰ ਕੌਮਾਂ ਲਈ ਨਮੋਸ਼ੀ ਦਾ ਨਿਸ਼ਾਨਾ ਅਤੇ ਸਾਰਿਆਂ ਦੇਸਾਂ ਦਾ ਠੱਠਾ ਬਣਾਇਆ ਹੈ । ੫ ਤੇਰੇ ਵਿੱਚੋਂ ਨੇੜੇ ਦੇ ਅਤੇ ਦੂਰ ਦੇ ਤੈਨੂੰ ਠੱਠਾ ਕਰਨਗੇ, ਕਿਉਂ ਜੋ ਤੂੰ ਨਾਮ ਵਿੱਚ ਭ੍ਰਿਸ਼ਟ ਅਤੇ ਬਹੁਤਾ ਫਸਾਦੀ ਹੈਂ । ੬ ਵੇਖ, ਇਸਰਾਏਲ ਦੇ ਪ੍ਰਧਾਨ ਤੇਰੇ ਵਿੱਚ ਹਰ ਇੱਕ ਆਪਣੇ ਬਲ ਅਨੁਸਾਰ ਖੂਨ ਵਹਾਉਣ ਦਾ ਕਾਰਨ ਸਨ । ੭ ਤੇਰੇ ਵਿੱਚ ਉਹਨਾਂ ਨੇ ਮਾਤਾ-ਪਿਤਾ ਨੂੰ ਤੁੱਛ ਜਾਣਿਆ, ਤੇਰੇ ਵਿੱਚ ਉਹਨਾਂ ਨੇ ਪਰਦੇਸੀਆਂ ਨਾਲ ਜਬਰਦਸਤੀ ਕੀਤੀ, ਤੇਰੇ ਵਿੱਚ ਉਹਨਾਂ ਨੇ ਯਤੀਮਾਂ ਅਤੇ ਵਿਧਵਾਵਾਂ ਉੱਤੇ ਜ਼ੁਲਮ ਕੀਤਾ । ੮ ਤੂੰ ਮੇਰੀਆਂ ਪਵਿੱਤਰ ਵਸਤੂਆਂ ਨੂੰ ਨੀਚ ਜਾਣਿਆ ਅਤੇ ਮੇਰੇ ਸਬਤਾਂ ਨੂੰ ਭ੍ਰਿਸ਼ਟ ਕੀਤਾ । ੯ ਤੇਰੇ ਵਿੱਚ ਚੁਗਲਖੋਰ ਮਨੁੱਖ ਖੂਨ ਵਹਾਉਂਦੇ ਹਨ, ਤੇਰੇ ਵਿੱਚ ਪਹਾੜਾਂ ਤੇ ਖਾਣ ਵਾਲੇ ਹਨ ਅਤੇ ਤੇਰੇ ਵਿੱਚ ਲੁੱਚਪੁਣਾ ਕਰਨ ਵਾਲੇ ਵੀ ਹਨ । ੧੦ ਤੇਰੇ ਵਿੱਚ ਆਪਣੇ ਪਿਤਾ ਨੂੰ ਬੇ-ਪੜਦਾ ਕਰਨ ਵਾਲੇ ਵੀ ਹਨ, ਤੇਰੇ ਵਿੱਚ ਮਾਸਿਕ ਧਰਮ ਵਾਲੀ ਔਰਤ ਨਾਲ ਭੋਗ ਕਰਨ ਵਾਲੇ ਵੀ ਹਨ । ੧੧ ਕਿਸੇ ਨੇ ਆਪਣੇ ਗੁਆਂਢੀ ਦੀ ਔਰਤ ਨਾਲ ਘਿਣਾਉਣਾ ਕੰਮ ਕੀਤਾ, ਅਤੇ ਕਿਸੇ ਨੇ ਆਪਣੀ ਨੂੰਹ ਨੂੰ ਬਦਕਾਰੀ ਨਾਲ ਭ੍ਰਿਸ਼ਟ ਕੀਤਾ ਅਤੇ ਕਿਸੇ ਨੇ ਆਪਣੀ ਭੈਣ ਅਥਵਾ ਆਪਣੇ ਪਿਉ ਦੀ ਧੀ ਨੂੰ ਤੇਰੇ ਵਿੱਚ ਭਰਿਸ਼ਟ ਕੀਤਾ । ੧੨ ਤੇਰੇ ਵਿੱਚ ਉਹਨਾਂ ਨੇ ਰਿਸ਼ਵਤ ਲੈ ਕੇ ਖੂਨ ਕੀਤੇ, ਤੁਸੀਂ ਵਿਆਜ ਤੇ ਵਾਧਾ ਲਿਆ ਅਤੇ ਅੱਤਿਆਚਾਰ ਕਰ ਕੇ ਆਪਣੇ ਗੁਆਂਢੀ ਨੂੰ ਲੁੱਟਿਆ ਅਤੇ ਮੈਨੂੰ ਭੁਲਾ ਦਿੱਤਾ, ਪ੍ਰਭੂ ਯਹੋਵਾਹ ਦਾ ਵਾਕ ਹੈ । ੧੩ ਵੇਖੋ, ਮੈਂ ਤੁਹਾਡੇ ਅਯੋਗ ਲਾਭ ਦੇ ਕਾਰਨ ਜੋ ਤੁਸੀਂ ਲਿਆ ਅਤੇ ਤੁਹਾਡੇ ਖੂਨ ਖਰਾਬੇ ਦੇ ਕਾਰਨ ਜੋ ਤੁਹਾਡੇ ਵਿੱਚ ਹੋਇਆ ਹੱਥ ਤੇ ਹੱਥ ਮਾਰਿਆ । ੧੪ ਕੀ ਤੁਹਾਡਾ ਦਿਲ ਕਾਇਮ ਰਹੇਗਾ ਅਤੇ ਤੁਹਾਡੇ ਹੱਥਾਂ ਵਿੱਚ ਬਲ ਹੋਵੇਗਾ, ਜਿਨਾਂ ਦਿਨਾਂ ਵਿੱਚ ਮੈਂ ਤੇਰਾ ਨਿਆਂ ਕਰਾਂਗਾ ? ਮੈਂ ਯਹੋਵਾਹ ਨੇ ਆਖਿਆ ਅਤੇ ਮੈਂ ਹੀ ਕਰਾਂਗਾ, ੧੫ ਹਾਂ ਮੈਂ ਤੁਹਾਨੂੰ ਕੌਮਾਂ ਵਿੱਚ ਖ਼ੱਜਲ ਖੁਆਰ ਕਰ ਕੇ ਦੂਜੇ ਦੇਸਾਂ ਵਿੱਚ ਫਿਰਾਵਾਂਗਾ ਅਤੇ ਤੁਹਾਡੀ ਪਲੀਤੀ ਤੁਹਾਡੇ ਵਿੱਚੋਂ ਕੱਢ ਦਿਆਂਗਾ । ੧੬ ਤੂੰ ਕੌਮਾਂ ਦੀ ਨਿਗਾਹ ਵਿੱਚ ਆਪਣੇ ਆਪ ਨੂੰ ਪਲੀਤ ਸਮਝੇਂਗੀ ਅਤੇ ਜਾਣੇਗੀ ਕਿ ਮੈਂ ਯਹੋਵਾਹ ਹਾਂ !
ਪਰਮੇਸ਼ੁਰ ਦਾ ਕ੍ਰੋਧ
੧੭ ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ ੧੮ ਹੇ ਮਨੁੱਖ ਦੇ ਪੁੱਤਰ, ਇਸਰਾਏਲ ਦਾ ਘਰਾਣਾ ਮੇਰੇ ਲਈ ਮੈਲ਼ ਹੋ ਗਿਆ ਹੈ, ਉਹ ਸਾਰੇ ਦਾ ਸਾਰਾ ਪਿੱਤਲ, ਟੀਨ, ਲੋਹਾ ਅਤੇ ਸਿੱਕਾ ਹੈ, ਜੋ ਭੱਠੀ ਵਿੱਚ ਹਨ । ਉਹ ਚਾਂਦੀ ਦੀ ਮੈਲ਼ ਹਨ । ੧੯ ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੁਸੀਂ ਸਾਰੇ ਮੈਲ਼ ਬਣ ਗਏ ਹੋ, ਇਸ ਲਈ ਵੇਖੋ, ਮੈਂ ਤੁਹਾਨੂੰ ਯਰੂਸ਼ਲਮ ਵਿੱਚ ਇਕੱਠਾ ਕਰਾਂਗਾ । ੨੦ ਜਿਵੇਂ ਉਹ ਚਾਂਦੀ, ਪਿੱਤਲ, ਲੋਹਾ, ਸਿੱਕਾ ਅਤੇ ਟੀਨ ਭੱਠੀ ਵਿੱਚ ਇਕੱਠਾ ਪਾਉਂਦੇ ਹਨ ਅਤੇ ਉਹਨਾਂ ਨੂੰ ਅੱਗ ਨਾਲ ਤਾਉਂਦੇ ਹਨ, ਤਾਂ ਜੋ ਉਹਨਾਂ ਨੂੰ ਪਿਘਲਾ ਦੇਣ, ਓਵੇਂ ਹੀ ਮੈਂ ਆਪਣੇ ਕਹਿਰ ਅਤੇ ਕ੍ਰੋਧ ਵਿੱਚ ਤੁਹਾਨੂੰ ਇਕੱਠਾ ਕਰਾਂਗਾ ਅਤੇ ਤੁਹਾਨੂੰ ਉੱਥੇ ਰੱਖ ਕੇ ਪਿਘਲਾਵਾਂਗਾ । ੨੧ ਹਾਂ, ਮੈਂ ਤੁਹਾਨੂੰ ਇਕੱਠਾ ਕਰਾਂਗਾ ਅਤੇ ਆਪਣੇ ਕਹਿਰ ਦੀ ਅੱਗ ਵਿੱਚ ਤੁਹਾਨੂੰ ਤਪਾਵਾਂਗਾ ਅਤੇ ਤੁਸੀਂ ਉਸ ਵਿੱਚ ਪਿਘਲੋਗੇ । ੨੨ ਜਿਵੇਂ ਚਾਂਦੀ ਭੱਠੀ ਵਿੱਚ ਪਿਘਲਾਈ ਜਾਂਦੀ ਹੈ, ਓਵੇਂ ਤੁਸੀਂ ਉਸ ਵਿੱਚ ਪਿਘਲਾਏ ਜਾਓਗੇ, ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਨੇ ਆਪਣਾ ਕਹਿਰ ਤੁਹਾਡੇ ਉੱਤੇ ਪਾਇਆ ਹੈ ।
ਇਸਰਾਏਲ ਦੇ ਆਗੂਆਂ ਦੇ ਪਾਪ
੨੩ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ ੨੪ ਹੇ ਮਨੁੱਖ ਦੇ ਪੁੱਤਰ, ਉਹ ਨੂੰ ਆਖ, ਤੂੰ ਉਹ ਧਰਤੀ ਹੈਂ, ਜਿਹੜੀ ਸ਼ੁੱਧ ਨਹੀਂ ਕੀਤੀ ਗਈ ਅਤੇ ਜਿਹ ਉੱਤੇ ਕ੍ਰੋਧ ਦੇ ਦਿਨ ਵਿੱਚ ਵਰਖਾ ਨਹੀਂ ਹੋਈ ? ੨੫ ਉਹ ਦੇ ਵਿੱਚ ਉਹ ਦੇ ਨਬੀਆਂ ਨੇ ਸਲਾਹ ਕੀਤੀ, ਗੱਜਣ ਵਾਲੇ ਬੱਬਰ ਸ਼ੇਰ ਵਾਂਗੂੰ ਸ਼ਿਕਾਰ ਨੂੰ ਪਾੜਦਿਆਂ ਉਹ ਜੀਆਂ ਨੂੰ ਖਾ ਗਏ ਹਨ, ਉਹ ਖਜ਼ਾਨੇ ਅਤੇ ਵੱਡ ਮੁੱਲੀਆਂ ਵਸਤੂਆਂ ਨੂੰ ਖੋਹ ਲੈਂਦੇ ਹਨ, ਉਹਨਾਂ ਨੇ ਉਸ ਵਿੱਚ ਢੇਰ ਵਿਧਵਾ ਬਣਾ ਦਿੱਤੀਆਂ ਹਨ । ੨੬ ਉਹ ਦੇ ਜਾਜਕਾਂ ਨੇ ਮੇਰੀ ਬਿਵਸਥਾ ਨੂੰ ਤੋੜਿਆ ਅਤੇ ਮੇਰੀਆਂ ਪਵਿੱਤਰ ਵਸਤੂਆਂ ਨੂੰ ਪਲੀਤ ਕੀਤਾ ਹੈ, ਉਹਨਾਂ ਨੇ ਪਵਿੱਤਰ ਅਤੇ ਅਪਵਿੱਤਰ ਵਿੱਚ ਕੁੱਝ ਭੇਦ ਨਹੀਂ ਰੱਖਿਆ ਅਤੇ ਅਸ਼ੁੱਧ ਤੇ ਸ਼ੁੱਧ ਵਿੱਚ ਫਰਕ ਨਹੀਂ ਜਾਣਿਆ ਅਤੇ ਮੇਰੇ ਸਬਤਾਂ ਤੋਂ ਉਹਨਾਂ ਨੇ ਅੱਖਾਂ ਫੇਰ ਲਈਆਂ, ਇਸ ਲਈ ਮੈਂ ਉਹਨਾਂ ਵਿੱਚ ਪਲੀਤ ਹੋਇਆ । ੨੭ ਉਹ ਦੇ ਹਾਕਮ ਉਹ ਦੇ ਵਿੱਚ ਸ਼ਿਕਾਰ ਨੂੰ ਪਾੜਨ ਵਾਲੇ ਬਘਿਆੜ ਵਾਂਗੂੰ ਹਨ, ਜੋ ਬੇਈਮਾਨੀ ਦੇ ਲਾਭ ਦੇ ਲਈ ਲਹੂ ਵਹਾਉਂਦੇ ਅਤੇ ਪ੍ਰਾਣਾਂ ਨੂੰ ਨਾਸ਼ ਕਰਦੇ ਹਨ । ੨੮ ਉਹ ਦੇ ਨਬੀ ਉਹਨਾਂ ਦੇ ਲਈ ਕੱਚੀ ਕਲੀ ਕਰਦੇ ਹਨ, ਝੂਠੇ ਦਰਸ਼ਣ ਵੇਖਦੇ ਅਤੇ ਝੂਠੇ ਉਪਾਅ ਕੱਢਦੇ ਹਨ ਅਤੇ ਆਖਦੇ ਹਨ ਕਿ ਪ੍ਰਭੂ ਯਹੋਵਾਹ ਨੇ ਇਹ ਆਖਿਆ ਹੈ, ਜਦੋਂ ਕਿ ਯਹੋਵਾਹ ਨੇ ਨਹੀਂ ਆਖਿਆ । ੨੯ ਇਸ ਦੇਸ ਦੇ ਲੋਕਾਂ ਨੇ ਅੱਤਿਆਚਾਰ ਅਤੇ ਲੁੱਟਮਾਰ ਕੀਤੀ ਹੈ ਅਤੇ ਮਸਕੀਨਾਂ ਤੇ ਕੰਗਾਲਾਂ ਨੂੰ ਦੁੱਖ ਦਿੱਤਾ ਹੈ ਅਤੇ ਪਰਦੇਸੀਆਂ ਉੱਤੇ ਨਾਹੱਕ ਜ਼ਬਰਦਸਤੀ ਕੀਤੀ ਹੈ । ੩੦ ਮੈਂ ਉਹਨਾਂ ਵਿੱਚ ਭਾਲ ਕੀਤੀ ਹੈ ਕਿ ਕੋਈ ਅਜਿਹਾ ਮਨੁੱਖ ਲੱਭੇ ਜੋ ਕੰਧ ਬਣਾਵੇ ਅਤੇ ਉਸ ਧਰਤੀ ਦੇ ਲਈ ਉਸ ਦੇ ਝਰਨੇ ਵਿੱਚ ਮੇਰੇ ਅੱਗੇ ਖਲੋਵੇ, ਤਾਂ ਜੋ ਮੈਂ ਉਹ ਨੂੰ ਨਾ ਉਜਾੜਾਂ, ਪਰ ਕੋਈ ਨਾ ਲੱਭਿਆ । ੩੧ ਇਸ ਲਈ ਮੈਂ ਆਪਣਾ ਕਹਿਰ ਉਹਨਾਂ ਉੱਤੇ ਵਹਾਇਆ ਅਤੇ ਆਪਣੇ ਕ੍ਰੋਧ ਦੀ ਅੱਗ ਨਾਲ ਉਹਨਾਂ ਨੂੰ ਮੁਕਾ ਦਿੱਤਾ ਅਤੇ ਮੈਂ ਉਹਨਾਂ ਦੀ ਕਰਨੀ ਨੂੰ ਉਹਨਾਂ ਦੇ ਸਿਰ ਉੱਤੇ ਪਾ ਦਿੱਤਾ, ਪ੍ਰਭੂ ਯਹੋਵਾਹ ਦਾ ਵਾਕ ਹੈ ।