੩੪
ਇਸਰਾਏਲ ਦੇ ਚਰਵਾਹੇ
੧ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ ੨ ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ, ਇਸਰਾਏਲੀ ਆਜੜੀਆਂ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਤੂੰ ਉਹਨਾਂ ਨੂੰ ਆਖ, ਪ੍ਰਭੂ ਯਹੋਵਾਹ ਆਜੜੀਆਂ ਨੂੰ ਇਹ ਆਖਦਾ ਹੈ, ਇਸਰਾਏਲੀ ਆਜੜੀਆਂ ਤੇ ਅਫ਼ਸੋਸ ! ਜਿਹੜੇ ਆਪਣੇ ਆਪ ਨੂੰ ਪਾਲਦੇ ਹਨ, ਕੀ ਆਜੜੀਆਂ ਨੂੰ ਨਹੀਂ ਚਾਹੀਦਾ ਕਿ ਭੇਡਾਂ ਚਾਰਨ ? ੩ ਤੁਸੀਂ ਚਰਬੀ ਖਾਂਦੇ, ਉੱਨ ਪਹਿਨਦੇ ਹੋ ਅਤੇ ਮੋਟੀਆਂ ਨੂੰ ਕੱਟਦੇ ਹੋ, ਪਰ ਇੱਜੜ ਨਹੀਂ ਚਾਰਦੇ ਹੋ । ੪ ਤੁਸੀਂ ਲਿੱਸੀਆਂ ਨੂੰ ਤਕੜਾ ਨਹੀਂ ਕੀਤਾ, ਬੀਮਾਰਾਂ ਨੂੰ ਨਰੋਆ ਨਹੀਂ ਕੀਤਾ, ਟੁੱਟੇ ਹੋਏ ਨੂੰ ਨਹੀਂ ਬੰਨ੍ਹਿਆ ਅਤੇ ਜਿਹੜੀਆਂ ਕੱਢ ਦਿੱਤੀਆਂ ਗਈਆਂ, ਉਹਨਾਂ ਨੂੰ ਮੋੜ ਕੇ ਨਹੀਂ ਲਿਆਂਦਾ ਅਤੇ ਗਵਾਚੀਆਂ ਹੋਈਆਂ ਨੂੰ ਨਹੀਂ ਲੱਭਿਆ, ਸਗੋਂ ਜ਼ੋਰ ਅਤੇ ਧੱਕੇ ਨਾਲ ਉਹਨਾਂ ਤੇ ਰਾਜ ਕੀਤਾ । ੫ ਉਹ ਖਿੱਲਰ ਗਏ, ਕਿਉਂ ਜੋ ਕੋਈ ਆਜੜੀ ਨਹੀਂ ਸੀ ਅਤੇ ਉਹ ਖੇਤ ਦੇ ਸਾਰੇ ਦਰਿੰਦਿਆਂ ਦਾ ਖਾਣਾ ਬਣੀਆਂ ਅਤੇ ਖਿੱਲਰ ਗਈਆਂ । ੬ ਮੇਰੀਆਂ ਭੇਡਾਂ ਸਾਰੇ ਪਹਾੜਾਂ ਉੱਤੇ ਅਤੇ ਹਰੇਕ ਉੱਚੇ ਟਿੱਬੇ ਤੇ ਭਟਕਦੀਆਂ ਸਨ । ਹਾਂ, ਮੇਰੀਆਂ ਭੇਡਾਂ ਸਾਰੀ ਧਰਤੀ ਤੇ ਖਿੱਲਰ ਗਈਆਂ ਅਤੇ ਕਿਸੇ ਨੇ ਨਾ ਉਹਨਾਂ ਨੂੰ ਲੱਭਿਆ, ਨਾ ਉਹਨਾਂ ਦੀ ਭਾਲ ਕੀਤੀ । ੭ ਇਸ ਲਈ ਹੇ ਆਜੜੀਓ, ਯਹੋਵਾਹ ਦਾ ਬਚਨ ਸੁਣੋ ! ੮ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਮੇਰੀਆਂ ਭੇਡਾਂ ਸ਼ਿਕਾਰ ਬਣ ਗਈਆਂ, ਹਾਂ, ਮੇਰੀਆਂ ਭੇਡਾਂ ਹਰੇਕ ਖੇਤ ਦੇ ਸਾਰੇ ਦਰਿੰਦਿਆਂ ਦਾ ਖਾਣਾ ਬਣੀਆਂ, ਕਿਉਂ ਜੋ ਕੋਈ ਆਜੜੀ ਨਾ ਸੀ ਅਤੇ ਮੇਰੇ ਆਜੜੀਆਂ ਨੇ ਮੇਰੀਆਂ ਭੇਡਾਂ ਦੀ ਭਾਲ ਨਾ ਕੀਤੀ, ਸਗੋਂ ਆਜੜੀਆਂ ਨੇ ਆਪਣਾ ਢਿੱਡ ਭਰਿਆ ਅਤੇ ਮੇਰੀਆਂ ਭੇਡਾਂ ਨੂੰ ਨਹੀਂ ਚਾਰਿਆ । ੯ ਇਸ ਲਈ ਹੇ ਆਜੜੀਓ, ਯਹੋਵਾਹ ਦਾ ਬਚਨ ਸੁਣੋ ! ੧੦ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਆਜੜੀਆਂ ਦਾ ਵਿਰੋਧੀ ਹਾਂ, ਮੈਂ ਆਪਣਾ ਇੱਜੜ ਉਹਨਾਂ ਦੇ ਹੱਥੋਂ ਮੰਗਾਂਗਾ । ਉਹਨਾਂ ਨੂੰ ਇੱਜੜ ਚੁਰਾਉਣ ਤੋਂ ਹਟਾ ਦਿਆਂਗਾ ਅਤੇ ਆਜੜੀ ਅੱਗੇ ਲਈ ਆਪਣਾ ਢਿੱਡ ਨਾ ਭਰ ਸਕਣਗੇ, ਕਿਉਂ ਜੋ ਮੈਂ ਆਪਣਾ ਇੱਜੜ ਉਹਨਾਂ ਦੇ ਮੂੰਹੋਂ ਛੁਡਾ ਲਵਾਂਗਾ, ਤਾਂ ਜੋ ਉਹ ਉਹਨਾਂ ਦਾ ਖਾਣਾ ਨਾ ਹੋਣ ।
ਚੰਗਾ ਚਰਵਾਹਾ
੧੧ ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਆਪ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਉਹਨਾਂ ਨੂੰ ਲੱਭ ਲਵਾਂਗਾ । ੧੨ ਜਿਵੇਂ ਆਜੜੀ ਆਪਣੇ ਇੱਜੜ ਨੂੰ ਲੱਭਦਾ ਹੈ, ਜਿਸ ਦਿਨ ਕਿ ਉਹ ਆਪਣੇ ਇੱਜੜ ਦੇ ਵਿੱਚ ਹੋਵੇ ਅਤੇ ਉਹ ਦੀਆਂ ਭੇਡਾਂ ਖਿੱਲਰ ਗਈਆਂ ਹੋਣ । ਓਵੇਂ ਹੀ ਮੈਂ ਆਪਣੀਆਂ ਭੇਡਾਂ ਨੂੰ ਲੱਭਾਂਗਾ ਅਤੇ ਉਹਨਾਂ ਨੂੰ ਹਰ ਥਾਂ ਤੋਂ ਜਿੱਥੇ ਉਹ ਬੱਦਲ ਅਤੇ ਹਨੇਰੇ ਦੇ ਦਿਨ ਖਿੱਲਰ ਗਈਆਂ ਸਨ, ਛੁਡਾ ਲਿਆਵਾਂਗਾ । ੧੩ ਮੈਂ ਉਹਨਾਂ ਨੂੰ ਲੋਕਾਂ ਵਿੱਚੋਂ ਮੋੜ ਲਿਆਵਾਂਗਾ ਅਤੇ ਸਾਰੇ ਦੇਸ ਵਿੱਚੋਂ ਇਕੱਠਾ ਕਰਾਂਗਾ । ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚ ਲਿਆਵਾਂਗਾ ਅਤੇ ਇਸਰਾਏਲ ਦੇ ਪਹਾੜਾਂ ਤੇ ਨਹਿਰਾਂ ਦੇ ਉੱਤੇ ਅਤੇ ਦੇਸ ਦੇ ਸਾਰੇ ਵੱਸਦੇ ਸਥਾਨਾਂ ਵਿੱਚ ਚਾਰਾਂਗਾ । ੧੪ ਮੈਂ ਉਹਨਾਂ ਨੂੰ ਚੰਗੀ ਜੂਹ ਵਿੱਚ ਚਰਾਵਾਂਗਾ ਅਤੇ ਉਹਨਾਂ ਦੇ ਵਾੜੇ ਇਸਰਾਏਲ ਦੇ ਉੱਚੇ ਪਹਾੜਾਂ ਉੱਤੇ ਹੋਣਗੇ, ਉੱਥੇ ਉਹ ਚੰਗੇ ਵਾੜਿਆਂ ਵਿੱਚ ਲੇਟਣਗੀਆਂ ਅਤੇ ਹਰੀ ਜੂਹ ਵਿੱਚ ਇਸਰਾਏਲ ਦੇ ਪਹਾੜਾਂ ਉੱਤੇ ਚਰਨਗੀਆਂ । ੧੫ ਮੈਂ ਹੀ ਆਪਣੇ ਇੱਜੜ ਨੂੰ ਚਾਰਾਂਗਾ ਅਤੇ ਮੈਂ ਹੀ ਉਹਨਾਂ ਨੂੰ ਲੇਟਾਵਾਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ । ੧੬ ਮੈਂ ਗਵਾਚੀਆਂ ਹੋਈਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਕੱਢੀਆਂ ਹੋਈਆਂ ਨੂੰ ਮੋੜ ਲਿਆਵਾਂਗਾ । ਟੁੱਟੀਆਂ ਨੂੰ ਬੰਨ੍ਹਾਂਗਾ ਅਤੇ ਲਿੱਸੀਆਂ ਨੂੰ ਤਕੜਾ ਕਰਾਂਗਾ, ਪਰ ਮੋਟੀਆਂ ਅਤੇ ਜ਼ੋਰਾਵਰਾਂ ਨੂੰ ਮਾਰਾਂਗਾ, ਮੈਂ ਉਹਨਾਂ ਨੂੰ ਨਿਆਂ ਨਾਲ ਚਾਰਾਂਗਾ । ੧੭ ਹੇ ਮੇਰੀਓ ਭੇਡੋ, ਤੁਹਾਡੇ ਵਿਖੇ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਭੇਡ ਅਤੇ ਭੇਡ ਵਿੱਚ, ਦੁੰਬਿਆਂ ਅਤੇ ਬੱਕਰਿਆਂ ਵਿੱਚ ਨਿਆਂ ਕਰਾਂਗਾ । ੧੮ ਕੀ ਇਹ ਗੱਲ ਤੁਹਾਨੂੰ ਨਿੱਕੀ ਜਿਹੀ ਜਾਪੀ ਕਿ ਤੁਸੀਂ ਚੰਗੀ ਚਰਾਂਦ ਚਰ ਲਓ ਅਤੇ ਬਾਕੀ ਚਰਾਂਦ ਪੈਰਾਂ ਹੇਠਾਂ ਮਿੱਧ ਦਿਓ ? ਅਤੇ ਸਾਫ਼ ਪਾਣੀ ਪੀਵੋ ਅਤੇ ਬਾਕੀ ਦੇ ਪਾਣੀ ਨੂੰ ਪੈਰਾਂ ਨਾਲ ਘਚੋਲ ਦਿਓ ? ੧੯ ਮੇਰੀਆਂ ਭੇਡਾਂ ਨੂੰ ਤੁਹਾਡੇ ਪੈਰਾਂ ਹੇਠਾਂ ਮਿੱਧੇ ਹੋਏ ਨੂੰ ਚਰਨਾਂ ਅਤੇ ਤੁਹਾਡੇ ਪੈਰਾਂ ਨਾਲ ਘਚੋਲੇ ਹੋਏ ਪਾਣੀ ਨੂੰ ਪੀਣਾ ਪੈਂਦਾ ਹੈ ! ੨੦ ਇਸ ਲਈ ਪ੍ਰਭੂ ਯਹੋਵਾਹ ਉਹਨਾਂ ਨੂੰ ਇਹ ਆਖਦਾ ਹੈ, ਵੇਖੋ, ਮੈਂ, ਹਾਂ, ਮੈਂ ਹੀ ਮੋਟੀਆਂ ਅਤੇ ਲਿੱਸੀਆਂ ਭੇਡਾਂ ਵਿਚਕਾਰ ਨਿਆਂ ਕਰਾਂਗਾ । ੨੧ ਕਿਉਂ ਜੋ ਤੁਸੀਂ ਉਹਨਾਂ ਨੂੰ ਪਾਸੇ ਉੱਤੇ ਮੋਢੇ ਮਾਰ ਕੇ ਧੱਕਿਆ ਹੈ ਅਤੇ ਸਾਰੀਆਂ ਲਿੱਸੀਆਂ ਨੂੰ ਆਪਣੇ ਸਿੰਗਾਂ ਨਾਲ ਧੱਕਿਆ ਹੈ, ਇੱਥੋਂ ਤੱਕ ਕਿ ਉਹ ਖਿੱਲਰ ਗਈਆਂ । ੨੨ ਇਸ ਲਈ ਮੈਂ ਆਪਣੇ ਇੱਜੜ ਨੂੰ ਬਚਾਵਾਂਗਾ, ਉਹ ਫੇਰ ਕਦੇ ਸ਼ਿਕਾਰ ਨਾ ਬਣਨਗੀਆਂ ਅਤੇ ਮੈਂ ਭੇਡਾਂ ਵਿੱਚ ਨਿਆਂ ਕਰਾਂਗਾ । ੨੩ ਮੈਂ ਉਹਨਾਂ ਲਈ ਇੱਕ ਆਜੜੀ ਕਾਇਮ ਕਰਾਂਗਾ ਅਤੇ ਉਹ ਉਹਨਾਂ ਨੂੰ ਚਾਰੇਗਾ ਅਰਥਾਤ ਮੇਰਾ ਦਾਸ ਦਾਊਦ, ਉਹ ਹੀ ਉਹਨਾਂ ਨੂੰ ਚਾਰੇਗਾ ਅਤੇ ਉਹੀ ਉਹਨਾਂ ਦਾ ਆਜੜੀ ਹੋਵੇਗਾ । ੨੪ ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਮੇਰਾ ਦਾਸ ਦਾਊਦ ਉਹਨਾਂ ਦੇ ਵਿਚਕਾਰ ਰਾਜਕੁਮਾਰ ਹੋਵੇਗਾ । ਮੈਂ ਯਹੋਵਾਹ ਨੇ ਆਖਿਆ ਹੈ । ੨੫ ਮੈਂ ਉਹਨਾਂ ਨਾਲ ਸ਼ਾਂਤੀ ਦਾ ਨੇਮ ਬੰਨ੍ਹਾਂਗਾ ਅਤੇ ਬੁਰੇ ਦਰਿੰਦਿਆਂ ਨੂੰ ਦੇਸ ਵਿੱਚੋਂ ਮੁਕਾ ਦਿਆਂਗਾ । ਉਹ ਉਜਾੜ ਵਿੱਚ ਸੁੱਖ ਨਾਲ ਵੱਸਣਗੇ ਅਤੇ ਜੰਗਲਾਂ ਵਿੱਚ ਸੌਣਗੇ । ੨੬ ਮੈਂ ਉਹਨਾਂ ਨੂੰ ਅਤੇ ਉਹਨਾਂ ਸਥਾਨਾਂ ਨੂੰ ਜੋ ਮੇਰੇ ਪਹਾੜ ਦੇ ਆਲੇ-ਦੁਆਲੇ ਹਨ, ਬਰਕਤ ਦਾ ਕਾਰਨ ਬਣਾਵਾਂਗਾ ਅਤੇ ਸਮੇਂ ਸਿਰ ਮੀਂਹ ਵਰ੍ਹਾਵਾਂਗਾ । ਬਰਕਤ ਦੀ ਵਰਖਾ ਵਰ੍ਹੇਗੀ । ੨੭ ਖੇਤ ਦੇ ਰੁੱਖ ਆਪਣਾ ਮੇਵਾ ਦੇਣਗੇ ਅਤੇ ਧਰਤੀ ਆਪਣੀ ਪੈਦਾਵਾਰ ਦੇਵੇਗੀ । ਉਹ ਸੁੱਖ ਨਾਲ ਆਪਣੀ ਭੂਮੀ ਵਿੱਚ ਵੱਸਣਗੇ ਅਤੇ ਜਦੋਂ ਮੈਂ ਉਹਨਾਂ ਦੀ ਪੰਜਾਲੀ ਦੀ ਰੱਸੀ ਖੋਲ੍ਹਾਂਗਾ । ਉਹਨਾਂ ਦੇ ਹੱਥੋਂ ਜਿਹੜੇ ਉਹਨਾਂ ਨੂੰ ਗੁਲਾਮ ਬਣਾਉਂਦੇ ਸਨ, ਛੁਡਾਵਾਂਗਾ, ਤਾਂ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ ! ੨੮ ਉਹ ਅੱਗੇ ਲਈ ਕੌਮਾਂ ਦਾ ਸ਼ਿਕਾਰ ਨਾ ਬਣਨਗੇ ਅਤੇ ਧਰਤੀ ਦੇ ਦਰਿੰਦੇ ਉਹਨਾਂ ਨੂੰ ਹੜੱਪ ਨਾ ਸਕਣਗੇ, ਸਗੋਂ ਉਹ ਸੁੱਖ ਨਾਲ ਵੱਸਣਗੇ ਅਤੇ ਉਹਨਾਂ ਨੂੰ ਕੋਈ ਨਾ ਡਰਾਵੇਗਾ । ੨੯ ਮੈਂ ਉਹਨਾਂ ਦੇ ਲਈ ਇੱਕ ਚਾਰਗਾਹ ਉਗਾਵਾਂਗਾ ਅਤੇ ਉਹ ਫੇਰ ਕਦੇ ਆਪਣੇ ਦੇਸ ਵਿੱਚ ਭੁੱਖ ਨਾਲ ਨਹੀਂ ਮਰਨਗੇ ਅਤੇ ਅੱਗੇ ਨੂੰ ਕੌਮਾਂ ਦੀ ਸ਼ਰਮਿੰਦਗੀ ਨਾ ਸਹਿਣਗੇ । ੩੦ ਉਹ ਜਾਣਨਗੇ ਕਿ ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਉਹਨਾਂ ਦੇ ਨਾਲ ਹਾਂ ਅਤੇ ਉਹ ਅਰਥਾਤ ਇਸਰਾਏਲ ਦਾ ਘਰਾਣਾ ਮੇਰੀ ਪਰਜਾ ਹਨ, ਪ੍ਰਭੂ ਯਹੋਵਾਹ ਦਾ ਵਾਕ ਹੈ । ੩੧ ਤੁਸੀਂ, ਹੇ ਮੇਰੀ ਭੇਡੋ, ਮੇਰੀ ਜੂਹ ਦੀਓ ਭੇਡੋ, ਤੁਸੀਂ ਮਨੁੱਖ ਹੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹਾਂ, ਪ੍ਰਭੂ ਯਹੋਵਾਹ ਦਾ ਵਾਕ ਹੈ ।