੧ ਹੁਣ ਮੈਂ ਆਖਦਾ ਹਾਂ ਕਿ ਵਾਰਸ ਜਿੰਨਾਂ ਚਿਰ ਬਾਲਕ ਹੈ ਉਸ ਅਤੇ ਦਾਸ ਵਿੱਚ ਕੁੱਝ ਭਿੰਨ ਭੇਤ ਨਹੀਂ ਭਾਵੇਂ ਉਹ ਸਭ ਦਾ ਮਾਲਕ ਹੈ । ੨ ਪਰ ਪਿਤਾ ਦੇ ਠਹਿਰਾਏ ਹੋਏ ਸਮੇਂ ਤੱਕ ਰਖਵਾਲਿਆਂ ਅਤੇ ਸੇਵਾਦਾਰਾਂ ਦੀ ਦੇਖਭਾਲ ਵਿੱਚ ਰਹਿੰਦਾ ਹੈ । ੩ ਜਿਸ ਤਰ੍ਹਾਂ ਅਸੀਂ ਵੀ ਜਦ ਬਾਲਕ ਸੀ ਤਦ ਸੰਸਾਰ ਦੀਆਂ ਗੱਲਾਂ ਦੇ ਬੰਧਨ ਵਿੱਚ ਸੀ । ੪ ਪਰ ਜਦੋਂ ਸਮਾਂ ਪੂਰਾ ਹੋਇਆ ਤਾਂ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਭੇਜਿਆ ਜਿਹੜਾ ਔਰਤ ਤੋਂ ਜੰਮਿਆ ਅਤੇ ਬਿਵਸਥਾ ਦੇ ਅਧੀਨ ਜੰਮਿਆ । ੫ ਇਸ ਲਈ ਜੋ ਮੁੱਲ ਦੇ ਕੇ ਉਹਨਾਂ ਨੂੰ ਜਿਹੜੇ ਬਿਵਸਥਾ ਦੇ ਅਧੀਨ ਹਨ ਛੁਡਾਵੇ ਕਿ ਲੇਪਾਲਕ ਪੁੱਤਰ ਹੋਣ ਦੀ ਪਦਵੀ ਸਾਨੂੰ ਪ੍ਰਾਪਤ ਹੋਵੇ । ੬ ਅਤੇ ਤੁਸੀਂ ਜੋ ਪੁੱਤਰ ਹੋ ਇਸੇ ਕਾਰਨ ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਆਤਮਾ ਨੂੰ ਸਾਡੇ ਦਿਲਾਂ ਵਿੱਚ ਭੇਜ ਦਿੱਤਾ ਜਿਹੜਾ ਅੱਬਾ ਅਰਥਾਤ, ਹੇ ਪਿਤਾ ਪੁਕਾਰਦਾ ਹੈ । ੭ ਸੋ ਤੁਸੀਂ ਹੁਣ ਗ਼ੁਲਾਮ ਨਹੀਂ ਸਗੋਂ ਪੁੱਤਰ ਹੋ ਅਤੇ ਜੇ ਪੁੱਤਰ ਹੋ ਤਾਂ ਪਰਮੇਸ਼ੁਰ ਦੇ ਰਾਹੀਂ ਵਾਰਸ ਵੀ ਹੈਂ ।
ਗਲਾਤਿਯਾ ਦੇ ਲਈ ਪੌਲੁਸ ਦੀ ਚਿੰਤਾ
੮ ਪਰ ਉਸ ਵੇਲੇ ਪਰਮੇਸ਼ੁਰ ਤੋਂ ਅਣਜਾਣ ਹੋਣ ਦੇ ਕਾਰਨ ਤੁਸੀਂ ਉਹਨਾਂ ਦੀ ਗ਼ੁਲਾਮੀ ਵਿੱਚ ਸੀ ਜਿਹੜੇ ਅਸਲ ਵਿੱਚ ਈਸ਼ਵਰ ਨਹੀਂ ਸਨ । ੯ ਪਰ ਹੁਣ ਜੋ ਤੁਸੀਂ ਪਰਮੇਸ਼ੁਰ ਨੂੰ ਜਾਣ ਗਏ ਹੋ ਸਗੋਂ ਪਰਮੇਸ਼ੁਰ ਨੇ ਤੁਹਾਨੂੰ ਜਾਣ ਲਿਆ ਤਾਂ ਕਿਉਂ ਤੁਸੀਂ ਫਿਰ ਉਨ੍ਹਾਂ ਨਿਰਬਲ ਅਤੇ ਨਿਕੰਮੀਆਂ ਮੂਲ ਗੱਲਾਂ ਦੀ ਵੱਲ ਮੁੜੇ ਜਾਂਦੇ ਹੋ ਜਿੰਨ੍ਹਾ ਦੇ ਬੰਧਨ ਵਿੱਚ ਤੁਸੀਂ ਦੁਬਾਰਾ ਨਵੇਂ ਸਿਰਿਓਂ ਆਉਣਾ ਚਾਹੁੰਦੇ ਹੋ ? ੧੦ ਤੁਸੀਂ ਦਿਨਾਂ, ਮਹੀਨਿਆਂ, ਸਮਿਆਂ ਅਤੇ ਸਾਲਾਂ ਨੂੰ ਮੰਨਦੇ ਹੋ ! ੧੧ ਮੈਂ ਤੁਹਾਡੇ ਲਈ ਡਰਦਾ ਹਾਂ ਭਈ ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਮੈਂ ਤੁਹਾਡੇ ਲਈ ਐਂਵੇਂ ਹੀ ਮਿਹਨਤ ਕੀਤੀ ਹੋਵੇ । ੧੨ ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਜਿਹੇ ਬਣੋ ਇਸ ਲਈ ਜੋ ਮੈਂ ਵੀ ਤੁਹਾਡੇ ਜਿਹਾ ਬਣਿਆ ਹਾਂ । ਤੁਸੀਂ ਮੇਰੇ ਨਾਲ ਬੁਰੇ ਨਹੀਂ ਵਰਤੇ, ੧੩ ਪਰ ਤੁਸੀਂ ਜਾਣਦੇ ਹੋ ਜੋ ਮੈਂ ਸਰੀਰ ਦੀ ਕਮਜ਼ੋਰੀ ਕਰਕੇ ਪਹਿਲੀ ਵਾਰ ਤੁਹਾਨੂੰ ਖੁਸ਼ਖਬਰੀ ਸੁਣਾਈ । ੧੪ ਅਤੇ ਉਹ ਜੋ ਮੇਰੇ ਸਰੀਰ ਵਿੱਚ ਤੁਹਾਡੇ ਲਈ ਇੱਕ ਪਰਤਾਵਾ ਸੀ ਉਹ ਨੂੰ ਤੁਸੀਂ ਤੁਛ ਨਾ ਜਾਣਿਆ, ਨਾ ਉਸ ਤੋਂ ਸੂਗ ਕੀਤੀ ਪਰ ਮੈਨੂੰ ਪਰਮੇਸ਼ੁਰ ਦੇ ਦੂਤ ਦੀ ਤਰ੍ਹਾਂ ਸਗੋਂ ਮਸੀਹ ਯਿਸੂ ਦੀ ਤਰ੍ਹਾਂ ਕਬੂਲ ਕੀਤਾ । ੧੫ ਤਾਂ ਹੁਣ ਤੁਹਾਡਾ ਉਹ ਅਨੰਦ ਕਿੱਥੇ ਗਿਆ ? ਮੈਂ ਤੁਹਾਡਾ ਗਵਾਹ ਹਾਂ, ਕਿ ਜੇ ਹੋ ਸਕਦਾ ਤਾਂ ਤੁਸੀਂ ਆਪਣੀਆਂ ਅੱਖਾਂ ਵੀ ਕੱਢ ਕੇ ਮੈਨੂੰ ਦੇ ਦਿੰਦੇ ੧੬ ਫਿਰ ਕੀ ਮੈਂ ਤੁਹਾਨੂੰ ਸੱਚੀ ਗੱਲ ਆਖਣ ਨਾਲ ਤੁਹਾਡਾ ਵੈਰੀ ਬਣ ਗਿਆ ? ੧੭ ਉਹ ਤੁਹਾਨੂੰ ਮਿੱਤਰ ਤਾਂ ਬਣਾਉਣਾ ਚਾਹੁੰਦੇ ਹਨ ਪਰ ਚੰਗੀ ਸੋਚ ਨਾਲ ਨਹੀਂ ਸਗੋਂ ਉਹ ਤੁਹਾਨੂੰ ਅਲੱਗ ਕਰਨਾ ਚਾਹੁੰਦੇ ਹਨ ਕਿ ਤੁਸੀਂ ਉਹਨਾਂ ਨੂੰ ਹੀ ਆਪਣੇ ਮਿੱਤਰ ਬਣਾ ਲਵੋਂ । ੧੮ ਪਰ ਇਹ ਵੀ ਚੰਗਾ ਹੈ ਜੋ ਭਲੀ ਗੱਲ ਵਿੱਚ ਹਰ ਸਮੇਂ ਮਿੱਤਰ ਬਣਾਉਣ ਦਾ ਯਤਨ ਕੀਤਾ ਜਾਵੇ ਅਤੇ ਨਾ ਕੇਵਲ ਉਸੇ ਵੇਲੇ ਜਦੋਂ ਮੈਂ ਤੁਹਾਡੇ ਕੋਲ ਹੋਵਾਂ । ੧੯ ਹੇ ਮੇਰੇ ਬੱਚਿਓ, ਜਿੰਨਾਂ ਚਿਰ ਤੁਹਾਡੇ ਵਿੱਚ ਮਸੀਹ ਦੀ ਸੂਰਤ ਨਾ ਬਣ ਜਾਵੇ ਉਦੋਂ ਤੱਕ ਮੈਂ ਤੁਹਾਡੇ ਲਈ ਫਿਰ ਪੀੜਾਂ ਸਹਿੰਦਾ ਰਹਿੰਦਾ ਹਾਂ । ੨੦ ਅਤੇ ਮੈਂ ਚਾਹੁੰਦਾ ਤਾਂ ਹਾਂ ਜੋ ਹੁਣ ਤੁਹਾਡੇ ਕੋਲ ਆ ਕੇ ਹੋਰ ਤਰ੍ਹਾਂ ਬੋਲਾਂ ਕਿਉਂ ਜੋ ਤੁਹਾਡੀ ਵੱਲੋਂ ਮੈਂ ਦੁਬਧਾ ਵਿੱਚ ਪਿਆ ਹੋਇਆ ਹਾਂ ।
ਸਾਰਾਹ ਅਤੇ ਹਾਜਰਾ ਦਾ ਉਦਾਹਰਣ
੨੧ ਤੁਸੀਂ ਜੋ ਬਿਵਸਥਾ ਦੇ ਅਧੀਨ ਹੋਣਾ ਚਾਹੁੰਦੇ ਹੋ ਮੈਨੂੰ ਦੱਸੋ, ਕੀ, ਤੁਸੀਂ ਬਿਵਸਥਾ ਨੂੰ ਨਹੀਂ ਸੁਣਦੇ ? ੨੨ ਕਿਉਂ ਜੋ ਇਹ ਲਿਖਿਆ ਹੋਇਆ ਹੈ ਜੋ ਅਬਰਾਹਾਮ ਦੇ ਦੋ ਪੁੱਤਰ ਹੋਏ, ਇੱਕ ਦਾਸੀ ਤੋਂ ਅਤੇ ਦੂਜਾ ਅਜ਼ਾਦ ਇਸਤ੍ਰੀ ਤੋਂ । ੨੩ ਪਰ ਜਿਹੜਾ ਦਾਸੀ ਤੋਂ ਹੋਇਆ ਉਹ ਸਰੀਰ ਦੇ ਅਨੁਸਾਰ ਜੰਮਿਆ ਪਰੰਤੂ ਜਿਹੜਾ ਅਜ਼ਾਦ ਇਸਤ੍ਰੀ ਤੋਂ ਹੋਇਆ ਉਹ ਵਾਇਦੇ ਦੇ ਕਾਰਨ ਜੰਮਿਆ । ੨੪ ਇਹ ਦ੍ਰਿਸ਼ਟਾਂਤ ਦੀਆਂ ਗੱਲਾਂ ਹਨ । ਅਰਥਾਤ ਇਹ ਦੋ ਤੀਵੀਆਂ ਦੋ ਨੇਮ ਹਨ, ਇੱਕ ਤਾਂ ਸੀਨਾ ਪਹਾੜ ਦੀ ਜੋ ਗੁਲਾਮੀ ਲਈ ਜਣਦੀ ਹੈ । ਇਹ ਹਾਜਰਾ ਹੈ । ੨੫ ਅਤੇ ਇਹ ਹਾਜਰਾ ਅਰਬ ਵਿੱਚ ਸੀਨਾ ਪਹਾੜ ਹੈ ਅਤੇ ਹੁਣ ਦਾ ਯਰੂਸ਼ਲਮ ਉਹ ਦੇ ਤੁੱਲ ਹੈ ਕਿਉਂ ਜੋ ਇਹ ਆਪਣੇ ਬੱਚਿਆਂ ਦੇ ਨਾਲ ਗੁਲਾਮੀ ਵਿੱਚ ਪਈ ਹੈ । ੨੬ ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਅਜ਼ਾਦ ਹੈ, ਉਹ ਸਾਡੀ ਮਾਤਾ ਹੈ । ੨੭ ਕਿਉਂ ਜੋ ਲਿਖਿਆ ਹੋਇਆ ਹੈ, ਹੇ ਬਾਂਝ, ਜੈਕਾਰਾ ਗਜਾ, ਤੂੰ ਜੋ ਨਹੀਂ ਜਣੀ ਖੁੱਲ੍ਹ ਕੇ ਗਾ ਅਤੇ ਚਿੱਲਾ, ਤੂੰ ਜਿਸ ਨੂੰ ਪੀੜਾਂ ਨਹੀਂ ਲੱਗੀਆਂ ! ਕਿਉਂ ਜੋ ਤਿਆਗੀ ਹੋਈ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੀ ਵੱਧ ਹਨ । ੨੮ ਪਰ ਹੇ ਭਰਾਵੋ, ਅਸੀਂ ਇਸਹਾਕ ਵਾਂਗੂੰ ਵਾਇਦੇ ਦੀ ਸੰਤਾਨ ਹਾਂ । ੨੯ ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜੰਮਿਆਂ ਉਹ ਨੂੰ ਸਤਾਉਂਦਾ ਸੀ ਜਿਹੜਾ ਆਤਮਾ ਦੇ ਅਨੁਸਾਰ ਜੰਮਿਆਂ ਸੀ, ਤਿਵੇਂ ਹੁਣ ਵੀ ਹੁੰਦਾ ਹੈ । ੩੦ ਪਰ ਪਵਿੱਤਰ ਗ੍ਰੰਥ ਕੀ ਆਖਦਾ ਹੈ ? ਦਾਸੀ ਅਤੇ ਉਸ ਦੇ ਪੁੱਤਰ ਨੂੰ ਕੱਢ ਦੇ ਕਿਉਂ ਜੋ ਗੋਲੀ ਦਾ ਪੁੱਤਰ ਅਜ਼ਾਦ ਇਸਤ੍ਰੀ ਦੇ ਪੁੱਤਰ ਨਾਲ ਵਾਰਸ ਨਹੀਂ ਹੋਵੇਗਾ । ੩੧ ਇਸ ਲਈ, ਹੇ ਭਰਾਵੋ, ਅਸੀਂ ਦਾਸੀ ਦੀ ਨਹੀਂ ਸਗੋਂ ਅਜ਼ਾਦ ਦੀ ਸੰਤਾਨ ਹਾਂ ।