੨੦
ਅਬਰਾਹਾਮ ਅਤੇ ਅਬੀਮਲਕ
੧ ਤਦ ਅਬਰਾਹਾਮ ਨੇ ਉੱਥੋਂ ਦੱਖਣ ਦੇਸ਼ ਵੱਲ ਕੂਚ ਕੀਤਾ ਅਤੇ ਕਾਦੇਸ਼ ਅਤੇ ਸ਼ੂਰ ਦੇ ਵਿਚਕਾਰ ਠਹਿਰਿਆ ਅਤੇ ਗਰਾਰ ਵਿੱਚ ਜਾ ਵੱਸਿਆ । ੨ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਦੇ ਵਿਖੇ ਆਖਿਆ, ਇਹ ਮੇਰੀ ਭੈਣ ਹੈ, ਇਸ ਲਈ ਗਰਾਰ ਦੇ ਰਾਜਾ ਅਬੀਮਲਕ ਨੇ ਆਦਮੀ ਭੇਜ ਕੇ ਸਾਰਾਹ ਨੂੰ ਬੁਲਾ ਲਿਆ । ੩ ਪਰਮੇਸ਼ੁਰ ਨੇ ਅਬੀਮਲਕ ਕੋਲ ਰਾਤ ਦੇ ਸੁਫ਼ਨੇ ਵਿੱਚ ਆ ਕੇ ਉਸ ਨੂੰ ਆਖਿਆ, ਵੇਖ, ਤੂੰ ਇਸ ਇਸਤਰੀ ਦੇ ਕਾਰਨ ਜਿਸ ਨੂੰ ਤੂੰ ਲਿਆ ਹੈ, ਮਰਨ ਵਾਲਾ ਹੈਂ, ਕਿਉਂ ਜੋ ਉਹ ਵਿਆਹੀ ਹੋਈ ਹੈ । ੪ ਪਰ ਅਜੇ ਅਬੀਮਲਕ ਉਹ ਦੇ ਕੋਲ ਨਹੀਂ ਗਿਆ ਸੀ, ਇਸ ਲਈ ਉਸ ਨੇ ਆਖਿਆ, ਹੇ ਪ੍ਰਭੂ, ਕੀ ਤੂੰ ਇੱਕ ਧਰਮੀ ਕੌਮ ਨੂੰ ਵੀ ਮਾਰ ਸੁੱਟੇਂਗਾ ? ੫ ਕੀ ਉਸ ਨੇ ਆਪ ਹੀ ਮੈਨੂੰ ਨਹੀਂ ਆਖਿਆ, ਇਹ ਮੇਰੀ ਭੈਣ ਹੈ ? ਅਤੇ ਕੀ ਉਸ ਇਸਤਰੀ ਨੇ ਵੀ ਆਪ ਹੀ ਨਹੀਂ ਆਖਿਆ, ਉਹ ਮੇਰਾ ਭਰਾ ਹੈ ? ਮੈਂ ਤਾਂ ਆਪਣੇ ਦਿਲ ਦੀ ਖਰਿਆਈ ਅਤੇ ਆਪਣੇ ਹੱਥਾਂ ਦੀ ਸਚਿਆਈ ਨਾਲ ਇਹ ਕੰਮ ਕੀਤਾ ਹੈ । ੬ ਪਰਮੇਸ਼ੁਰ ਨੇ ਸੁਫ਼ਨੇ ਵਿੱਚ ਉਹ ਨੂੰ ਆਖਿਆ, ਹਾਂ, ਮੈਂ ਜਾਣਦਾ ਹਾਂ ਕਿ ਤੂੰ ਆਪਣੇ ਦਿਲ ਦੀ ਖਰਿਆਈ ਨਾਲ ਇਹ ਕੰਮ ਕੀਤਾ ਹੈ ਇਸ ਕਾਰਨ ਮੈਂ ਵੀ ਤੈਨੂੰ ਆਪਣੇ ਵਿਰੁੱਧ ਪਾਪ ਕਰਨ ਤੋਂ ਰੋਕਿਆ ਹੈ ਅਤੇ ਮੈਂ ਤੈਨੂੰ ਉਸ ਨੂੰ ਹੱਥ ਲਾਉਣ ਨਹੀਂ ਦਿੱਤਾ । ੭ ਹੁਣ ਤੂੰ ਉਸ ਮਨੁੱਖ ਨੂੰ ਉਹ ਦੀ ਪਤਨੀ ਮੋੜ ਦੇ ਕਿਉਂ ਜੋ ਉਹ ਨਬੀ ਹੈ, ਉਹ ਤੇਰੇ ਲਈ ਬੇਨਤੀ ਕਰੇਗਾ ਅਤੇ ਤੂੰ ਜੀਉਂਦਾ ਰਹੇਂਗਾ ਪਰ ਜੇ ਤੂੰ ਉਸ ਨੂੰ ਨਾ ਮੋੜੇਂ ਤਾਂ ਜਾਣ ਲੈ ਕਿ ਤੂੰ ਅਤੇ ਤੇਰੇ ਸਾਰੇ ਲੋਕ ਜ਼ਰੂਰ ਮਰਨਗੇ । ੮ ਅਬੀਮਲਕ ਸਵੇਰੇ ਹੀ ਉੱਠਿਆ ਅਤੇ ਆਪਣੇ ਸਾਰੇ ਕਰਮਚਾਰੀਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਤਦ ਉਹ ਸਾਰੇ ਲੋਕ ਬਹੁਤ ਹੀ ਡਰ ਗਏ । ੯ ਤਦ ਅਬੀਮਲਕ ਨੇ ਅਬਰਾਹਾਮ ਨੂੰ ਬੁਲਵਾ ਕੇ ਆਖਿਆ, ਤੂੰ ਸਾਡੇ ਨਾਲ ਇਹ ਕੀ ਕੀਤਾ ਹੈ ? ਮੈਂ ਤੇਰਾ ਕੀ ਵਿਗਾੜਿਆ ਸੀ ਕਿ ਤੂੰ ਮੇਰੇ ਅਤੇ ਮੇਰੇ ਰਾਜ ਉੱਤੇ ਇਹ ਵੱਡਾ ਪਾਪ ਲੈ ਆਂਦਾ ਹੈਂ ? ਤੂੰ ਮੇਰੇ ਨਾਲ ਉਹ ਕੰਮ ਕੀਤਾ ਹੈ, ਜੋ ਤੈਨੂੰ ਨਹੀਂ ਕਰਨਾ ਚਾਹੀਦਾ ਸੀ । ੧੦ ਫਿਰ ਅਬੀਮਲਕ ਨੇ ਅਬਰਾਹਾਮ ਨੂੰ ਪੁੱਛਿਆ, ਤੂੰ ਕੀ ਸੋਚ ਕੇ ਇਹ ਕੰਮ ਕੀਤਾ ? ੧੧ ਅਬਰਾਹਾਮ ਨੇ ਆਖਿਆ, ਮੈਂ ਸੋਚਿਆ ਕਿ ਜ਼ਰੂਰ ਹੀ ਇਸ ਸਥਾਨ ਵਿੱਚ ਪਰਮੇਸ਼ੁਰ ਦਾ ਕੋਈ ਡਰ ਨਹੀਂ ਹੋਵੇਗਾ, ਇਸ ਲਈ ਇਹ ਲੋਕ ਮੇਰੀ ਪਤਨੀ ਦੇ ਕਾਰਨ ਮੈਨੂੰ ਮਾਰ ਸੁੱਟਣਗੇ । ੧੨ ਪਰ ਉਹ ਸੱਚ-ਮੁੱਚ ਮੇਰੀ ਭੈਣ ਹੈ, ਕਿਉਂ ਜੋ ਉਹ ਮੇਰੇ ਪਿਤਾ ਦੀ ਧੀ ਹੈ ਪਰ ਮੇਰੀ ਮਾਤਾ ਦੀ ਧੀ ਨਹੀਂ ਹੈ, ਫੇਰ ਉਹ ਮੇਰੀ ਪਤਨੀ ਹੋ ਗਈ । ੧੩ ਜਦ ਪਰਮੇਸ਼ੁਰ ਨੇ ਮੈਨੂੰ ਮੇਰੇ ਪਿਤਾ ਦਾ ਘਰ ਛੱਡਣ ਦਾ ਹੁਕਮ ਦਿੱਤਾ, ਤਦ ਮੈਂ ਉਸ ਨੂੰ ਕਿਹਾ, ਤੈਨੂੰ ਮੇਰੇ ਉੱਤੇ ਇਹ ਦਯਾ ਕਰਨੀ ਹੋਵੇਗੀ ਕਿ ਜਿੱਥੇ ਕਿਤੇ ਅਸੀਂ ਜਾਈਏ, ਉੱਥੇ ਤੂੰ ਮੇਰੇ ਵਿਖੇ ਆਖੀਂ ਕਿ ਇਹ ਮੇਰਾ ਭਰਾ ਹੈ । ੧੪ ਤਦ ਅਬੀਮਲਕ ਨੇ ਇੱਜੜ, ਪਸ਼ੂ ਅਤੇ ਦਾਸ-ਦਾਸੀਆਂ ਲੈ ਕੇ ਅਬਰਾਹਾਮ ਨੂੰ ਦਿੱਤੇ ਅਤੇ ਉਸ ਦੀ ਪਤਨੀ ਸਾਰਾਹ ਨੂੰ ਵੀ ਮੋੜ ਦਿੱਤਾ । ੧੫ ਅਬੀਮਲਕ ਨੇ ਆਖਿਆ, ਵੇਖ, ਮੇਰਾ ਦੇਸ਼ ਤੇਰੇ ਸਾਹਮਣੇ ਹੈ । ਜਿੱਥੇ ਤੈਨੂੰ ਚੰਗਾ ਲੱਗੇ, ਤੂੰ ਉੱਥੇ ਵੱਸ । ੧੬ ਸਾਰਾਹ ਨੂੰ ਉਸ ਨੇ ਆਖਿਆ, ਵੇਖ, ਮੈਂ ਤੇਰੇ ਭਰਾ ਨੂੰ ਇੱਕ ਹਜ਼ਾਰ ਚਾਂਦੀ ਦੇ ਸਿੱਕੇ ਦਿੱਤੇ ਹਨ । ਵੇਖ, ਉਹ ਤੇਰੇ ਲਈ ਅਤੇ ਸਾਰਿਆਂ ਲਈ ਜੋ ਤੇਰੇ ਸੰਗ ਹਨ, ਅੱਖਾਂ ਦਾ ਪਰਦਾ ਹੋਣਗੇ ਅਤੇ ਸਾਰਿਆਂ ਦੇ ਸਾਹਮਣੇ ਤੂੰ ਸਹੀ ਸਾਬਤ ਹੋਵੇਂਗੀ । ੧੭ ਤਦ ਅਬਰਾਹਾਮ ਨੇ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕੀਤੀ, ਅਤੇ ਪਰਮੇਸ਼ੁਰ ਨੇ ਅਬੀਮਲਕ ਅਤੇ ਉਸ ਦੀ ਪਤਨੀ ਅਤੇ ਉਸ ਦੀਆਂ ਦਾਸੀਆਂ ਨੂੰ ਚੰਗਾ ਕਰ ਦਿੱਤਾ ਅਤੇ ਓਹ ਫੇਰ ਜਣਨ ਲੱਗ ਪਈਆਂ । ੧੮ ਕਿਉਂਕਿ ਯਹੋਵਾਹ ਨੇ ਅਬਰਾਹਾਮ ਦੀ ਪਤਨੀ ਸਾਰਾਹ ਦੇ ਕਾਰਨ ਅਬੀਮਲਕ ਦੇ ਘਰਾਣੇ ਦੀ ਹਰੇਕ ਇਸਤਰੀ ਦੀ ਕੁੱਖ ਨੂੰ ਸਖ਼ਤੀ ਨਾਲ ਬੰਦ ਕਰ ਦਿੱਤਾ ਸੀ ।