Hebrews
ਇਬਰਾਨੀਆਂ ਨੂੰ
ਭੂਮਿਕਾ
ਇਬਰਾਨੀਆਂ ਦੇ ਨਾਮ ਇਹ ਪੱਤ੍ਰੀ ਮਸੀਹੀਆਂ ਦੇ ਇੱਕ ਝੁੰਡ ਨੂੰ ਲਿਖੀ ਗਈ ਸੀ, ਜਿਹੜੇ ਵਧਦੇ ਹੋਏ ਵਿਰੋਧ ਦੇ ਕਾਰਨ ਆਪਣੇ ਮਸੀਹੀ ਵਿਸ਼ਵਾਸ ਨੂੰ ਤਿਆਗਣ ਦੇ ਖਤਰੇ ਦੇ ਵਿੱਚ ਸਨ । ਲੇਖਕ ਉਹਨਾਂ ਨੂੰ ਆਪਣੇ ਵਿਸ਼ਵਾਸ ਦੇ ਵਿੱਚ ਬਣੇ ਰਹਿਣ ਦੇ ਲਈ ਉਤਸ਼ਾਹਿਤ ਕਰਦਾ ਹੈ, ਖ਼ਾਸ ਇਹ ਦਿਖਾਉਂਦੇ ਹੋਏ ਕਿ ਯਿਸੂ ਮਸੀਹ ਹੀ ਪਰਮੇਸ਼ੁਰ ਦਾ ਅਸਲ ਆਖਰੀ ਪ੍ਰਕਾਸ਼ਣ ਹੈ । ਇਸ ਤਰ੍ਹਾਂ ਕਰਦੇ ਹੋਏ ਉਹ ਤਿੰਨ ਸਚਿਆਈਆਂ ਉੱਤੇ ਜ਼ੋਰ ਦਿੰਦਾ ਹੈ: (1) ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ, ਜਿਸ ਨੇ ਦੁੱਖ ਉਠਾਇਆ ਅਤੇ ਪਿਤਾ ਦੀ ਸੱਚੀ ਅਗਿਆਕਾਰਿਤਾ ਸਿੱਖੀ । ਪਰਮੇਸ਼ੁਰ ਦੇ ਰੂਪ ਵਿੱਚ ਯਿਸੂ ਪੁਰਾਣੇ ਨੇਮ ਦੇ ਭਵਿੱਖਬਾਣੀ ਕਰਨ ਵਾਲਿਆਂ, ਸਵਰਗ ਦੂਤਾਂ ਅਤੇ ਮੂਸਾ ਦੇ ਨਾਲੋਂ ਵੀ ਸਰੇਸ਼ਠ ਹੈ । (2) ਯਿਸੂ ਪਰਮੇਸ਼ੁਰ ਦੇ ਦੁਆਰਾ ਸਦੀਪਕ ਕਾਲ ਦਾ ਮਹਾਂ ਜਾਜਕ ਘੋਸ਼ਿਤ ਕੀਤਾ ਗਿਆ ਹੈ, ਪੁਰਾਣੇ ਨੇਮ ਦੇ ਮਹਾਂ ਜਾਜਕਾਂ ਦੇ ਨਾਲ ਸਰੇਸ਼ਠ ਹੈ । (3) ਯਿਸੂ ਦੇ ਦੁਆਰਾ ਵਿਸ਼ਵਾਸੀ ਪਾਪ, ਡਰ ਅਤੇ ਮੌਤ ਤੋਂ ਬਚਾ ਲਿਆ ਗਿਆ ਹੈ, ਅਤੇ ਯਿਸੂ ਮਹਾਂ ਜਾਜਕ ਦੇ ਰੂਪ ਵਿੱਚ ਸੱਚੀ ਮੁਕਤੀ ਦਿੰਦਾ ਹੈ ।
ਇਸਰਾਏਲੀ ਇਤਿਹਾਸ ਦੇ ਕੁੱਝ ਪ੍ਰਸਿੱਧ ਵਿਅਕਤੀਆਂ ਦੇ ਵਿਸ਼ਵਾਸ ਦੀ ਉਦਾਹਰਣ ਦਿੰਦੇ ਹੋਏ (ਅਧਿਆਏ 11), ਲੇਖਕ ਆਪਣੇ ਪਾਠਕਾਂ ਨੂੰ ਵਿਸ਼ਵਾਸ ਵਿੱਚ ਬਣੇ ਰਹਿਣ ਦੀ ਬੇਨਤੀ ਕਰਦਾ ਹੈ ਅਤੇ 12 ਵੇਂ ਅਧਿਆਏ ਵਿੱਚ ਉਹ ਆਪਣੇ ਪਾਠਕਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਅੰਤ ਤੱਕ ਵਿਸ਼ਵਾਸ ਦੇ ਵਿੱਚ ਬਣੇ ਰਹਿਣ ਅਤੇ ਆਪਣੀਆਂ ਅੱਖਾਂ ਯਿਸੂ ਉੱਤੇ ਲਗਾਈ ਰੱਖਣ, ਅਰਥਾਤ ਜਿਹੜੇ ਦੁੱਖ ਅਤੇ ਸਤਾਵ ਉਹਨਾਂ ਉੱਤੇ ਆਉਂਦੇ ਹਨ ਉਹਨਾਂ ਨੂੰ ਧੀਰਜ ਦੇ ਨਾਲ ਸਹਿਣ ਕਰਨ । ਇਹ ਪੱਤ੍ਰੀ ਕੁੱਝ ਸਲਾਹਾਂ ਅਤੇ ਚਿਤਾਵਨੀਆਂ ਦੇ ਨਾਲ ਸਮਾਪਤ ਹੁੰਦੀ ਹੈ ।
ਰੂਪ-ਰੇਖਾ:
ਭੂਮਿਕਾ: ਮਸੀਹ ਪਰਮੇਸ਼ੁਰ ਦਾ ਪੂਰਣ ਪ੍ਰਕਾਸ਼ਣ 1:1-3
ਮਸੀਹ ਸਵਰਗ ਦੂਤਾਂ ਦੇ ਨਾਲੋਂ ਵੀ ਸਰੇਸ਼ਠ ਹੈ 1:4 - 2:18
ਮਸੀਹ ਮੂਸਾ ਅਤੇ ਯਹੋਸ਼ੁਆ ਦੇ ਨਾਲੋਂ ਵੀ ਸਰੇਸ਼ਠ ਹੈ 3:1 - 4:13
ਮਸੀਹ ਦੇ ਜਾਜਕ ਪਦ ਦੀ ਸਰੇਸ਼ਠਤਾ 4:14 - 7:28
ਮਸੀਹ ਦੇ ਨੇਮ ਦੀ ਸਰੇਸ਼ਠਤਾ 8:1 - 9:28
ਮਸੀਹ ਦੇ ਬਲੀਦਾਨ ਦੀ ਸਰੇਸ਼ਠਤਾ 10:1-39
ਵਿਸ਼ਵਾਸ ਦੀ ਸਰੇਸ਼ਠਤਾ 11:1 - 12:29
ਆਖਰੀ ਉਪਦੇਸ਼ ਅਤੇ ਸਿੱਟਾ 13:1-25
ਪਰਮੇਸ਼ੁਰ ਦਾ ਵਚਨ, ਪੁੱਤਰ ਦੁਆਰਾ
੧ ਪਰਮੇਸ਼ੁਰ ਨੇ ਬੀਤੇ ਹੋਏ ਸਮਿਆਂ ਵਿੱਚ ਨਬੀਆਂ ਦੇ ਦੁਆਰਾ ਸਾਡੇ ਬਜ਼ੁਰਗਾਂ ਨਾਲ ਕਈ ਵਾਰੀ ਅਤੇ ਕਈ ਤਰੀਕਿਆਂ ਨਾਲ ਗੱਲ ਕੀਤੀ । ੨ ਇਨ੍ਹਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤਰ ਦੇ ਦੁਆਰਾ ਗੱਲ ਕੀਤੀ, ਜਿਸ ਨੂੰ ਉਹ ਨੇ ਸਭਨਾਂ ਵਸਤਾਂ ਦਾ ਵਾਰਸ ਬਣਾਇਆ ਅਤੇ ਉਸੇ ਦੇ ਦੁਆਰਾ ਉਹ ਨੇ ਸੰਸਾਰ ਨੂੰ ਵੀ ਰਚਿਆ । ੩ ਉਹ ਉਸ ਮਹਿਮਾ ਦਾ ਪ੍ਰਕਾਸ਼ ਅਤੇ ਉਸ ਦੀ ਸਖਸ਼ੀਅਤ ਦਾ ਨਕਸ਼ ਹੋ ਕੇ, ਆਪਣੇ ਸਮਰੱਥਾ ਦੇ ਬਚਨ ਨਾਲ ਸਭਨਾਂ ਵਸਤਾਂ ਨੂੰ ਸੰਭਾਲ ਕੇ ਅਤੇ ਪਾਪਾਂ ਨੂੰ ਸਾਫ਼ ਕਰ ਕੇ, ਸਰਬ ਉੱਚ ਸਥਾਨ ਵਿੱਚ ਅੱਤ ਮਹਾਨ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ । ੪ ਉਹ ਦੂਤਾਂ ਨਾਲੋਂ ਐਨਾ ਉੱਤਮ ਹੋਇਆ, ਜਿੰਨਾਂ ਉਹ ਨੇ ਉਨ੍ਹਾਂ ਨਾਲੋਂ ਵਿਰਸੇ ਵਿੱਚ ਉੱਤਮ ਨਾਮ ਪਾਇਆ ।
ਪਰਮੇਸ਼ੁਰ ਦੇ ਪੁੱਤਰ ਦੀ ਸਰੇਸ਼ਠਤਾ
੫ ਕਿਉਂ ਜੋ ਦੂਤਾਂ ਵਿੱਚੋਂ ਪਰਮੇਸ਼ੁਰ ਨੇ ਕਿਸਨੂੰ ਕਦੇ ਆਖਿਆ ਕਿ ਤੂੰ ਮੇਰਾ ਪੁੱਤਰ ਹੈਂ, ਮੈਂ ਅੱਜ ਤੈਨੂੰ ਜਨਮ ਦਿੱਤਾ ਹੈ ? । ਅਤੇ ਫੇਰ, ਮੈਂ ਉਹ ਦਾ ਪਿਤਾ ਹੋਵਾਂਗਾ, ਅਤੇ ਉਹ ਮੇਰਾ ਪੁੱਤਰ ਹੋਵੇਗਾ । ੬ ਅਤੇ ਜਦੋਂ ਉਸ ਪਹਿਲੇ ਨੂੰ ਸੰਸਾਰ ਵਿੱਚ ਫਿਰ ਲਿਆਉਂਦਾ ਹੈ ਤਾਂ ਉਹ ਕਹਿੰਦਾ ਹੈ - “ਪਰਮੇਸ਼ੁਰ ਦੇ ਸੱਭੇ ਦੂਤ ਉਹ ਨੂੰ ਮੱਥਾ ਟੇਕਣ ।” ੭ ਅਤੇ ਉਹ ਦੂਤਾਂ ਦੇ ਬਾਰੇ ਆਖਦਾ ਹੈ - ਉਹ ਆਪਣਿਆਂ ਦੂਤਾਂ ਨੂੰ ਹਵਾਵਾਂ ਅਤੇ ਆਪਣੇ ਸੇਵਕਾਂ ਨੂੰ ਅੱਗ ਦੀਆਂ ਲਾਟਾਂ ਬਣਾਉਂਦਾ ਹੈ । ੮ ਪਰ ਪੁੱਤਰ ਦੇ ਬਾਰੇ - ਹੇ ਪਰਮੇਸ਼ੁਰ, ਤੇਰਾ ਸਿੰਘਾਸਣ ਸਦੀਪਕ ਕਾਲ ਤੱਕ ਹੈ ਅਤੇ ਤੇਰੇ ਰਾਜ ਦਾ ਅਧਿਕਾਰ ਧਾਰਮਿਕਤਾ ਦਾ ਅਧਿਕਾਰ ਹੈ, ੯ ਤੂੰ ਧਰਮ ਨਾਲ ਪਿਆਰ ਅਤੇ ਕੁਧਰਮ ਨਾਲ ਵੈਰ ਕੀਤਾ; ਇਸ ਲਈ ਪਰਮੇਸ਼ੁਰ, ਤੇਰੇ ਪਰਮੇਸ਼ੁਰ ਨੇ ਖੁਸ਼ੀ ਦੇ ਤੇਲ ਨਾਲ ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਹ ਕੀਤਾ ਹੈ । ੧੦ ਅਤੇ ਇਹ ਵੀ, - ਹੇ ਪ੍ਰਭੂ, ਤੂੰ ਆਦ ਵਿੱਚ ਧਰਤੀ ਦੀ ਨੀਂਹ ਰੱਖੀ, ਅਤੇ ਅਕਾਸ਼ ਤੇਰੇ ਹੱਥਾਂ ਦੀ ਕਾਰਾਗਰੀ ਹਨ, ੧੧ ਉਹ ਨਾਸ ਹੋ ਜਾਣਗੇ ਪਰ ਤੂੰ ਅਟੱਲ ਰਹਿੰਦਾ ਹੈਂ, ਉਹ ਕੱਪੜੇ ਵਾਂਗੂੰ ਪੁਰਾਣੇ ਹੋ ਜਾਣਗੇ, ੧੨ ਅਤੇ ਚਾਦਰ ਵਾਂਗੂੰ ਤੂੰ ਉਹਨਾਂ ਨੂੰ ਲਪੇਟੇਂਗਾ ਅਤੇ ਕੱਪੜੇ ਵਾਂਗੂੰ ਉਹ ਬਦਲੇ ਜਾਣਗੇ, ਪਰ ਤੂੰ ਉਹੀ ਹੈ ਅਤੇ ਤੇਰੇ ਸਾਲਾਂ ਦਾ ਅੰਤ ਨਹੀਂ ਹੋਵੇਗਾ । ੧੩ ਪਰ ਦੂਤਾਂ ਵਿੱਚੋਂ ਕਿਸ ਦੇ ਬਾਰੇ ਉਹ ਨੇ ਕਦੇ ਆਖਿਆ ਹੈ ਕਿ ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਬਣਾ ਦੇਵਾਂ ? ੧੪ ਕੀ ਉਹ ਸਾਰੇ, ਮੁਕਤੀ ਪ੍ਰਾਪਤ ਕਰਨ ਵਾਲਿਆਂ ਦੀ ਸੇਵਾ ਕਰਨ ਲਈ ਭੇਜੇ ਗਏ ਆਤਮੇ ਨਹੀਂ ਹਨ ?