ਯਿਸੂ ਮੂਸਾ ਨਾਲੋਂ ਸਰੇਸ਼ਠ
੧ ਉਪਰੰਤ ਹੇ ਪਵਿੱਤਰ ਭਰਾਵੋ, ਸਵਰਗੀ ਸੱਦੇ ਦੇ ਸਾਂਝੀ ਹੋਵੋ, ਤੁਸੀਂ ਯਿਸੂ ਵੱਲ ਧਿਆਨ ਕਰੋ ਜਿਸ ਨੂੰ ਅਸੀਂ ਰਸੂਲ ਅਤੇ ਪ੍ਰਧਾਨ ਜਾਜਕ ਮੰਨਦੇ ਹਾਂ । ੨ ਜਿਹੜਾ ਆਪਣੇ ਨਿਯੁਕਤ ਕਰਨ ਵਾਲਿਆਂ ਦੇ ਹੱਕ ਵਿੱਚ ਵਫ਼ਾਦਾਰ ਸੀ, ਜਿਵੇਂ ਮੂਸਾ ਉਹ ਦੇ ਸਾਰੇ ਘਰ ਵਿੱਚ ਸੀ । ੩ ਕਿਉਂ ਜੋ ਘਰ ਨਾਲੋਂ ਘਰ ਦਾ ਬਣਾਉਣ ਵਾਲਾ ਜਿੰਨਾਂ ਆਦਰ ਦੇ ਯੋਗ ਹੁੰਦਾ ਹੈ, ਉੰਨ੍ਹਾਂ ਹੀ ਉਹ ਵੀ ਮੂਸਾ ਨਾਲੋਂ ਵਧੇਰੇ ਆਦਰ ਦੇ ਯੋਗ ਹੈ । ੪ ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ, ਪਰ ਜਿਸ ਨੇ ਸਭ ਕੁੱਝ ਬਣਾਇਆ ਉਹ ਪਰਮੇਸ਼ੁਰ ਹੈ । ੫ ਅਤੇ ਮੂਸਾ ਤਾਂ ਉਹ ਦੇ ਸਾਰੇ ਘਰ ਵਿੱਚ ਨੌਕਰ ਦੀ ਤਰ੍ਹਾਂ ਵਫ਼ਾਦਾਰ ਸੀ ਤਾਂ ਕਿ ਹੋਣ ਵਾਲੀਆਂ ਗੱਲਾਂ ਦੀ ਗਵਾਹੀ ਦੇਵੇ । ੬ ਪਰ ਮਸੀਹ ਪੁੱਤਰ ਦੀ ਤਰ੍ਹਾਂ ਉਹ ਦੇ ਘਰ ਉੱਤੇ ਹੈ, ਅਤੇ ਉਹ ਦਾ ਘਰ ਅਸੀਂ ਹਾਂ ਜੇ ਅਸੀਂ ਆਸ ਦੀ ਦਲੇਰੀ ਅਤੇ ਅਭਮਾਨ ਅੰਤ ਤੱਕ ਫੜ੍ਹੀ ਰੱਖੀਏ ।
ਅਵਿਸ਼ਵਾਸ ਦੇ ਬਾਰੇ ਚਿਤਾਵਨੀ
੭ ਸੋ ਜਿਵੇਂ ਪਵਿੱਤਰ ਆਤਮਾ ਆਖਦਾ ਹੈ, ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ, ੮ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਬਗ਼ਾਵਤ ਦੇ ਦਿਨ ਉਜਾੜ ਵਿੱਚ, ੯ ਜਦੋਂ ਤੁਹਾਡੇ ਪਿਉ-ਦਾਦਿਆਂ ਨੇ ਮੈਨੂੰ ਪਰਖ ਕੇ ਵੇਖਿਆ, ਅਤੇ ਚਾਲ੍ਹੀ ਸਾਲਾਂ ਤੱਕ ਮੇਰੇ ਕੰਮ ਵੇਖੇ । ੧੦ ਇਸ ਕਾਰਨ ਮੈਂ ਉਸ ਪੀੜ੍ਹੀ ਤੋਂ ਦੁੱਖੀ ਹੋਇਆ, ਅਤੇ ਆਖਿਆ ਕਿ ਉਹ ਦਿਲੋਂ ਕੁਰਾਹੇ ਪੈਂਦੇ ਹਨ, ਅਤੇ ਉਹਨਾਂ ਮੇਰੇ ਰਾਹਾਂ ਨੂੰ ਨਾ ਜਾਣਿਆ, ੧੧ ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ ਕਿ ਇਹ ਮੇਰੇ ਅਰਾਮ ਵਿੱਚ ਕਦੇ ਨਾ ਵੜਨਗੇ ! । ੧੨ ਹੇ ਭਰਾਵੋ, ਵੇਖਣਾ ਕਿ ਜਿਉਂਦੇ ਪਰਮੇਸ਼ੁਰ ਤੋਂ ਬੇਮੁੱਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਮਨ ਦੁਸ਼ਟ ਅਤੇ ਅਵਿਸ਼ਵਾਸੀ ਨਾ ਹੋ ਜਾਵੇ । ੧੩ ਸਗੋਂ ਜਿੰਨਾਂ ਚਿਰ ਅੱਜ ਦਾ ਦਿਨ ਕਿਹਾ ਜਾਂਦਾ ਹੈ ਤੁਸੀਂ ਹਰ ਰੋਜ਼ ਇੱਕ ਦੂਜੇ ਨੂੰ ਉਪਦੇਸ਼ ਕਰਿਆ ਕਰੋ, ਤਾਂ ਜੋ ਤੁਹਾਡੇ ਵਿੱਚੋਂ ਕੋਈ ਪਾਪ ਦੇ ਧੋਖੇ ਨਾਲ ਕਠੋਰ ਨਾ ਹੋ ਜਾਵੇ । ੧੪ ਕਿਉਂ ਜੋ ਅਸੀਂ ਮਸੀਹ ਵਿੱਚ ਸਾਂਝੀ ਹੋਏ ਹਾਂ ਪਰ ਤਦ ਜੇ ਆਪਣੇ ਪਹਿਲੇ ਭਰੋਸੇ ਨੂੰ ਅੰਤ ਤੋੜੀ ਤਕੜਾਈ ਨਾਲ ਫੜ੍ਹੀ ਰੱਖੀਏ, ਜਿਵੇਂ ਆਖਿਆ ਜਾਂਦਾ ਹੈ, ੧੫ ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ, ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਬਗਾਵਤ ਦੇ ਦਿਨ । ੧੬ ਉਹ ਕਿਹੜੇ ਸਨ ਜਿਨ੍ਹਾਂ ਸੁਣ ਕੇ ਬਗਾਵਤ ਕੀਤੀ ? ਭਲਾ, ਉਨ੍ਹਾਂ ਸਾਰਿਆਂ ਨੇ ਨਹੀਂ ਜਿਹੜੇ ਮੂਸਾ ਦੇ ਰਾਹੀਂ ਮਿਸਰੋਂ ਨਿੱਕਲ ਆਏ ਸਨ ? ੧੭ ਅਤੇ ਉਹ ਕਿਨ੍ਹਾਂ ਨਾਲ ਚਾਲ੍ਹੀ ਸਾਲ ਗੁੱਸੇ ਰਿਹਾ ? ਭਲਾ, ਉਨ੍ਹਾਂ ਨਾਲ ਨਹੀਂ, ਜਿਨ੍ਹਾਂ ਪਾਪ ਕੀਤਾ ਅਤੇ ਜਿਨ੍ਹਾਂ ਦੀਆਂ ਲਾਸ਼ਾਂ ਉਜਾੜ ਵਿੱਚ ਪਈਆਂ ਰਹੀਆਂ ? ੧੮ ਅਤੇ ਕਿਨ੍ਹਾਂ ਨੂੰ ਉਸ ਨੇ ਸਹੁੰ ਖਾ ਕੇ ਆਖਿਆ ਭਈ ਉਹ ਮੇਰੇ ਅਰਾਮ ਵਿੱਚ ਨਾ ਵੜਨਗੇ ? ਉਨ੍ਹਾਂ ਨੂੰ ਜਿਹੜੇ ਅਣ-ਆਗਿਆਕਾਰ ਸਨ ? ੧੯ ਅਸੀਂ ਇਹ ਵੇਖਦੇ ਹਾਂ ਜੋ ਉਹ ਅਵਿਸ਼ਵਾਸ ਦੇ ਕਾਰਨ ਉਸ ਵਿੱਚ ਵੜ ਨਾ ਸਕੇ ।