੧੩
ਮਸੀਹ ਜੀਵਨ ਦੇ ਨਿਰਦੇਸ਼
੧ ਭਾਈਚਾਰੇ ਦਾ ਪਿਆਰ ਬਣਿਆ ਰਹੇ । ੨ ਪਰਾਹੁਣਚਾਰੀ ਕਰਨੀ ਨਾ ਭੁੱਲੋ, ਕਿਉਂ ਜੋ ਇਹ ਕਰ ਕੇ ਕਈਆਂ ਨੇ ਦੂਤਾਂ ਨੂੰ ਬਿਨ੍ਹਾਂ ਪਛਾਣੇ ਘਰ ਉਤਾਰਿਆ ਹੈ । ੩ ਬੰਧੂਆਂ ਨੂੰ ਇਸ ਤਰ੍ਹਾਂ ਚੇਤੇ ਰੱਖੋ ਜਿਵੇਂ ਤੁਸੀਂ ਆਪ ਵੀ ਉਹਨਾਂ ਦੇ ਨਾਲ ਬੰਧਨ ਵਿੱਚ ਪਏ ਹੋਏ ਹੋ ਅਤੇ ਉਹਨਾਂ ਨੂੰ ਜਿਹੜੇ ਜ਼ਬਰਦਸਤੀ ਝੱਲਦੇ ਹਨ ਚੇਤੇ ਰੱਖੋ ਇਹ ਜਾਣ ਕੇ ਭਈ ਤੁਸੀਂ ਆਪ ਵੀ ਸਰੀਰ ਵਾਲੇ ਹੋ । ੪ ਵਿਆਹ ਕਰਨਾ ਸਭਨਾਂ ਵਿੱਚ ਆਦਰਯੋਗ ਗਿਣਿਆ ਜਾਵੇ ਅਤੇ ਵਿਆਹ ਦਾ ਵਿਛਾਉਣਾ ਬੇਦਾਗ ਰਹੇ ਕਿਉਂਕਿ ਪਰਮੇਸ਼ੁਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਂ ਕਰੇਗਾ । ੫ ਤੁਸੀਂ ਮਾਇਆ ਦੇ ਲੋਭ ਤੋਂ ਦੂਰ ਰਹੋ । ਜੋ ਕੁੱਝ ਤੁਹਾਡੇ ਕੋਲ ਹੈ ਉਸ ਉੱਤੇ ਸਬਰ ਕਰੋ ਕਿਉਂ ਜੋ ਉਹ ਨੇ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ । ੬ ਇਸ ਕਰਕੇ ਅਸੀਂ ਹੌਂਸਲੇ ਨਾਲ ਆਖਦੇ ਹਾਂ, - ਪ੍ਰਭੂ ਮੇਰਾ ਸਹਾਇਕ ਹੈ, ਮੈਂ ਨਾ ਡਰਾਂਗਾ, ਮਨੁੱਖ ਮੇਰਾ ਕੀ ਕਰੇਗਾ ? ।
੭ ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ੁਰ ਦਾ ਬਚਨ ਸੁਣਾਇਆ । ਉਹਨਾਂ ਦੀ ਚਾਲ ਦੇ ਅੰਤ ਵੱਲ ਧਿਆਨ ਕਰ ਕੇ ਉਹਨਾਂ ਦੇ ਵਿਸ਼ਵਾਸ ਦੀ ਰੀਸ ਕਰੋ । ੮ ਯਿਸੂ ਮਸੀਹ ਕੱਲ, ਅੱਜ ਅਤੇ ਜੁੱਗੋ-ਜੁੱਗ ਇੱਕੋ ਜਿਹਾ ਹੈ । ੯ ਤੁਸੀਂ ਰੰਗ ਬਰੰਗੀਆਂ ਅਤੇ ਓਪਰੀਆਂ ਸਿੱਖਿਆਂਵਾਂ ਨਾਲ ਭਰਮਾਏ ਨਾ ਜਾਓ, ਕਿਉਂ ਜੋ ਚੰਗਾ ਇਹ ਹੈ ਕਿ ਮਨ ਕਿਰਪਾ ਨਾਲ ਤਕੜਾ ਕੀਤਾ ਜਾਵੇ, ਨਾ ਕਿ ਭੋਜਨਾਂ ਨਾਲ ਜਿਨ੍ਹਾਂ ਤੋਂ ਉਨ੍ਹਾਂ ਦੇ ਵਰਤਣ ਵਾਲਿਆਂ ਨੂੰ ਕੁੱਝ ਲਾਭ ਨਾ ਹੋਇਆ । ੧੦ ਸਾਡੀ ਤਾਂ ਇੱਕ ਜਗਵੇਦੀ ਹੈ ਜਿਸ ਉੱਤੋਂ ਡੇਰੇ ਦੇ ਸੇਵਕਾਂ ਨੂੰ ਖਾਣ ਦਾ ਹੱਕ ਨਹੀਂ । ੧੧ ਕਿਉਂਕਿ ਜਿਨ੍ਹਾਂ ਪਸ਼ੂਆਂ ਦਾ ਲਹੂ ਪ੍ਰਧਾਨ ਜਾਜਕ ਪਵਿੱਤਰ ਸਥਾਨ ਵਿੱਚ ਪਾਪ ਦੇ ਲਈ ਲੈ ਜਾਂਦਾ ਹੈ ਉਨ੍ਹਾਂ ਦੇ ਸਰੀਰ ਡੇਰਿਓਂ ਬਾਹਰ ਸਾੜੇ ਜਾਂਦੇ ਹਨ । ੧੨ ਇਸ ਲਈ ਯਿਸੂ ਨੇ ਵੀ ਫਾਟਕੋਂ ਬਾਹਰ ਦੁੱਖ ਝੱਲਿਆ ਕਿ ਲੋਕਾਂ ਨੂੰ ਆਪਣੇ ਲਹੂ ਨਾਲ ਪਵਿੱਤਰ ਕਰੇ । ੧੩ ਸੋ ਆਓ, ਅਸੀਂ ਉਹ ਦੇ ਨਮਿੱਤ ਨਿੰਦਿਆ ਸਹਿੰਦੇ ਹੋਏ ਤੰਬੂ ਤੋਂ ਬਾਹਰ ਉਹ ਦੇ ਕੋਲ ਚੱਲੀਏ । ੧੪ ਕਿਉਂ ਜੋ ਸਾਡਾ ਇੱਥੇ ਕੋਈ ਸਥਿਰ ਰਹਿਣ ਵਾਲਾ ਸ਼ਹਿਰ ਨਹੀਂ ਹੈ, ਸਗੋਂ ਅਸੀਂ ਆਉਣ ਵਾਲੇ ਸ਼ਹਿਰ ਨੂੰ ਭਾਲਦੇ ਹਾਂ । ੧੫ ਸੋ ਅਸੀਂ ਉਹ ਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁਲ੍ਹਾਂ ਦਾ ਫਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ, ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੀਏ । ੧੬ ਪਰ ਭਲਾ ਕਰਨਾ ਅਤੇ ਪਰਉਪਕਾਰ ਕਰਨਾ ਨਾ ਭੁੱਲਿਓ, ਕਿਉਂਕਿ ਅਜਿਹੇ ਬਲੀਦਾਨਾਂ ਤੋਂ ਪਰਮੇਸ਼ੁਰ ਖੁਸ਼ ਹੁੰਦਾ ਹੈ । ੧੭ ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਹਨਾਂ ਦੇ ਅਧੀਨ ਰਹੋ, ਕਿਉਂਕਿ ਉਹ ਉਨ੍ਹਾਂ ਵਾਂਗੂੰ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਤਾਂ ਕਿ ਉਹ ਇਹ ਕੰਮ ਅਨੰਦ ਨਾਲ ਕਰਨ, ਨਾ ਕਿ ਮਜ਼ਬੂਰੀ ਨਾਲ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ ।
੧੮ ਸਾਡੇ ਲਈ ਪ੍ਰਾਰਥਨਾ ਕਰੋ, ਕਿਉਂ ਜੋ ਸਾਨੂੰ ਵਿਸ਼ਵਾਸ ਹੈ ਕਿ ਸਾਡਾ ਵਿਵੇਕ ਸ਼ੁੱਧ ਹੈ ਅਤੇ ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ । ੧੯ ਅਤੇ ਮੈਂ ਹੋਰ ਵੀ ਮਿੰਨਤ ਨਾਲ ਬੇਨਤੀ ਕਰਦਾ ਹਾਂ ਕਿ ਤੁਸੀਂ ਇਹ ਕਰੋ ਤਾਂ ਜੋ ਮੈਂ ਤੁਹਾਡੇ ਕੋਲ ਮੁੜ ਛੇਤੀ ਪੁਚਾਇਆ ਜਾਂਵਾਂ ।
੨੦ ਹੁਣ ਸ਼ਾਂਤੀ ਦਾਤਾ ਪਰਮੇਸ਼ੁਰ ਜਿਹੜਾ ਭੇਡਾਂ ਦੇ ਵੱਡੇ ਅਯਾਲੀ ਅਰਥਾਤ ਸਾਡੇ ਪ੍ਰਭੂ ਯਿਸੂ ਨੂੰ ਸਦੀਪਕ ਨੇਮ ਦੇ ਲਹੂ ਨਾਲ ਮੁਰਦਿਆਂ ਵਿੱਚੋਂ ਉੱਠਾ ਲਿਆਇਆ ੨੧ ਤੁਹਾਨੂੰ ਹਰੇਕ ਭਲੇ ਕੰਮ ਵਿੱਚ ਸੰਪੂਰਨ ਕਰੇ ਤਾਂ ਕਿ ਤੁਸੀਂ ਉਹ ਦੀ ਮਰਜ਼ੀ ਨੂੰ ਪੂਰਾ ਕਰੋ ਅਤੇ ਜੋ ਕੁੱਝ ਉਹ ਨੂੰ ਚੰਗਾ ਲੱਗਦਾ ਹੈ, ਉਹੋ ਸਾਡੇ ਵਿੱਚ ਯਿਸੂ ਮਸੀਹ ਦੇ ਦੁਆਰਾ ਕਰੇ, ਜਿਹ ਦੀ ਵਡਿਆਈ ਜੁੱਗੋ-ਜੁੱਗ ਹੋਵੇ ! । ਆਮੀਨ ।
੨੨ ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਇਸ ਉਪਦੇਸ਼ ਦੇ ਬਚਨ ਨੂੰ ਸਹਿ ਲਵੋ, ਕਿਉਂ ਜੋ ਮੈਂ ਥੋੜ੍ਹੇ ਜਿਹੇ ਵਿੱਚ ਤੁਹਾਨੂੰ ਲਿਖ ਭੇਜਿਆ ਹੈ । ੨੩ ਤੁਹਾਨੂੰ ਪਤਾ ਹੋਵੇ ਕਿ ਸਾਡਾ ਭਰਾ ਤਿਮੋਥਿਉਸ ਕੈਦ ਵਿੱਚੋਂ ਛੁੱਟ ਗਿਆ । ਜੇ ਉਹ ਛੇਤੀ ਆਇਆ, ਤਾਂ ਮੈਂ ਉਹ ਦੇ ਨਾਲ ਆ ਕੇ ਤੁਹਾਡਾ ਦਰਸ਼ਣ ਕਰਾਂਗਾ ।
੨੪ ਆਪਣੇ ਸਾਰੇ ਆਗੂਆਂ ਨੂੰ, ਨਾਲੇ ਸਾਰੇ ਸੰਤਾਂ ਨੂੰ ਸੁੱਖ-ਸਾਂਦ ਆਖੋ । ਜਿਹੜੇ ਇਤਾਲਿਯਾ ਦੇ ਹਨ ਉਹ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ ।
੨੫ ਤੁਹਾਡੇ ਸਾਰਿਆਂ ਉੱਤੇ ਕਿਰਪਾ ਹੁੰਦੀ ਰਹੇ । ਆਮੀਨ ।