Hosea
ਹੋਸ਼ੇਆ
ਭੂਮਿਕਾ
721 ਈ. ਪੂ. ਵਿੱਚ ਸਾਮਰਿਯਾ ਦੇ ਪਤਨ ਤੋਂ ਪਹਿਲਾਂ ਮੁਸ਼ਕਿਲ ਭਰੇ ਸਮੇਂ ਦੇ ਵਿੱਚ, ਨਬੀ ਹੋਸ਼ੇਆ ਨੇ ਨਬੀ ਆਮੋਸ ਤੋਂ ਬਾਅਦ ਇਸਰਾਏਲ ਦੇ ਉਤਰੀ ਰਾਜ ਵਿੱਚ ਪ੍ਰਚਾਰ ਕੀਤਾ ਸੀ । ਉਹ ਲੋਕਾਂ ਦੇ ਮੂਰਤੀ ਪੂਜਾ ਦੇ ਵਿੱਚ ਫਸਣ ਅਤੇ ਪਰਮੇਸ਼ੁਰ ਦੇ ਲਈ ਉਨ੍ਹਾਂ ਦੇ ਅਵਿਸ਼ਵਾਸ ਦੇ ਕਾਰਨ, ਬਹੁਤ ਚਿੰਤਾ ਵਿੱਚ ਸੀ । ਹੋਸ਼ੇਆ ਨੇ ਇੱਕ ਵਿਭਚਾਰਣ ਔਰਤ ਦੇ ਨਾਲ ਆਪਣੇ ਵਿਆਹ ਦੇ ਦੁਆਰਾ ਇਸ ਅਵਿਸ਼ਵਾਸ ਨੂੰ ਬਹੁਤ ਹੌਂਸਲੇ ਦੇ ਨਾਲ ਦਰਸਾਇਆ । ਜਿਵੇਂ ਉਸ ਦੀ ਪਤਨੀ ਗੋਮਰ ਉਸ ਦੇ ਪ੍ਰਤੀ ਵਿਸ਼ਵਾਸਘਾਤੀ ਬਣ ਗਈ ਸੀ, ਉਸੇ ਤਰ੍ਹਾਂ ਪਰਮੇਸ਼ੁਰ ਦੇ ਲੋਕਾਂ ਨੇ ਪ੍ਰਭੂ ਨੂੰ ਤਿਆਗ ਦਿੱਤਾ ਸੀ । ਇਸ ਕਾਰਨ ਇਸਰਾਏਲ ਉੱਤੇ ਪਰਮੇਸ਼ੁਰ ਦੀ ਸਜ਼ਾ ਆਵੇਗੀ । ਪਰ ਅੰਤ ਦੇ ਵਿੱਚ ਆਪਣੇ ਲੋਕਾਂ ਦੇ ਲਈ ਪਰਮੇਸ਼ੁਰ ਦੇ ਅਨੰਤ ਪ੍ਰੇਮ ਦੀ ਜਿੱਤ ਹੋਵੇਗੀ, ਉਸ ਇਸ ਜਾਤੀ ਨੂੰ ਫਿਰ ਤੋਂ ਸਵੀਕਾਰ ਕਰੇਗਾ ਅਤੇ ਆਪਣੇ ਨਾਲ ਉਸ ਦੇ ਸੰਬੰਧ ਨੂੰ ਫਿਰ ਤੋਂ ਸਥਾਪਿਤ ਕਰੇਗਾ । ਇਹ ਪ੍ਰੇਮ ਇਹਨਾਂ ਭਾਵੁਕ ਸ਼ਬਦਾਂ ਦੇ ਨਾਲ ਪਰਗਟ ਕੀਤਾ ਗਿਆ ਹੈ: “ਹੇ ਅਫ਼ਰਾਈਮ, ਮੈਂ ਤੈਨੂੰ ਕਿਵੇਂ ਛੱਡਾਂ ? ਹੇ ਇਸਰਾਏਲ, ਮੈਂ ਤੈਨੂੰ ਕਿਵੇਂ ਤਿਆਗ ਦਿਆਂ ? ਮੇਰਾ ਦਿਲ ਮੇਰੇ ਅੰਦਰ ਬਦਲ ਗਿਆ, ਮੇਰਾ ਤਰਸ ਪੂਰੀ ਤਰ੍ਹਾਂ ਗਰਮ ਅਤੇ ਨਰਮ ਹੋ ਗਿਆ ।” (11:8)
ਰੂਪ-ਰੇਖਾ
ਹੋਸ਼ੇਆ ਦਾ ਵਿਆਹ ਅਤੇ ਉਸ ਦਾ ਪਰਿਵਾਰ 1:1 - 3:5
ਇਸਰਾਏਲ ਦੇ ਵਿਰੋਧ ਵਿੱਚ ਸੰਦੇਸ਼ 4:1 - 13:16
ਪਛਤਾਵੇ ਅਤੇ ਵਾਅਦੇ ਦਾ ਸੰਦੇਸ਼ 14:1-9
੧ ਇਹ ਯਹੋਵਾਹ ਦੀ ਉਹ ਬਾਣੀ ਹੈ, ਜਿਹੜੀ ਬਏਰੀ ਦੇ ਪੁੱਤਰ ਹੋਸ਼ੇਆ ਨੂੰ ਉਸ ਸਮੇਂ ਆਈ, ਜਦੋਂ ਯਹੂਦਾਹ ਦੇ ਉੱਤੇ ਰਾਜਾ ਊਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦਾ ਰਾਜ ਸੀ ਅਤੇ ਇਸਰਾਏਲ ਦੇ ਉੱਤੇ ਰਾਜਾ ਯੋਆਸ਼ ਦੇ ਪੁੱਤਰ ਯਾਰਾਬੁਆਮ ਦਾ ਰਾਜ ਸੀ ।
ਹੋਸ਼ੇਆ ਦੀ ਪਤਨੀ ਅਤੇ ਬੱਚੇ
੨ ਜਦ ਯਹੋਵਾਹ ਪਹਿਲਾਂ ਹੋਸ਼ੇਆ ਦੇ ਰਾਹੀਂ ਬੋਲਿਆ, ਤਾਂ ਯਹੋਵਾਹ ਨੇ ਹੋਸ਼ੇਆ ਨੂੰ ਆਖਿਆ, ਜਾ ਕੇ ਇੱਕ ਵੇਸਵਾ ਤੀਵੀਂ ਨਾਲ ਵਿਆਹ ਕਰ । ਉਹ ਵਿਭਚਾਰ ਦੇ ਬੱਚਿਆਂ ਨੂੰ ਜਨਮ ਦੇਵੇਗੀ । ਕਿਉਂ ਜੋ ਦੇਸ ਨੇ ਯਹੋਵਾਹ ਨੂੰ ਛੱਡ ਕੇ ਵੱਡਾ ਵਿਭਚਾਰ ਕੀਤਾ ਹੈ । ੩ ਤਾਂ ਉਸ ਨੇ ਜਾ ਕੇ ਦਿਬਲਾਇਮ ਦੀ ਧੀ ਗੋਮਰ ਨੂੰ ਵਿਆਹ ਲਿਆ । ਉਹ ਗਰਭਵਤੀ ਹੋਈ ਅਤੇ ਉਹ ਦੇ ਲਈ ਪੁੱਤਰ ਨੂੰ ਜਨਮ ਦਿੱਤਾ ।
੪ ਯਹੋਵਾਹ ਨੇ ਉਹ ਨੂੰ ਆਖਿਆ, ਉਸ ਦਾ ਨਾਮ ਯਿਜ਼ਰਏਲ ਰੱਖ, ਕਿਉਂ ਜੋ ਥੋੜ੍ਹੇ ਸਮੇਂ ਵਿੱਚ ਮੈਂ ਯਿਜ਼ਰਏਲ ਦੇ ਖ਼ੂਨ ਦੀ ਸਜ਼ਾ ਯੇਹੂ ਦੇ ਘਰਾਣੇ ਉੱਤੇ ਲਿਆਵਾਂਗਾ ਅਤੇ ਇਸਰਾਏਲ ਦੇ ਘਰਾਣੇ ਦੇ ਰਾਜ ਨੂੰ ਖਤਮ ਕਰ ਦਿਆਂਗਾ । ੫ ਫਿਰ ਉਸੇ ਦਿਨ ਇਸ ਤਰ੍ਹਾਂ ਹੋਵੇਗਾ ਕਿ ਮੈਂ ਇਸਰਾਏਲ ਦਾ ਧਣੁਖ ਯਿਜ਼ਰਏਲ ਦੀ ਵਾਦੀ ਵਿੱਚ ਭੰਨ ਸੁੱਟਾਂਗਾ ।
੬ ਉਹ ਫੇਰ ਗਰਭਵਤੀ ਹੋਈ ਅਤੇ ਇੱਕ ਧੀ ਨੂੰ ਜਨਮ ਦਿੱਤਾ ਅਤੇ ਉਸ ਨੇ ਉਹ ਨੂੰ ਆਖਿਆ, ਇਸ ਦਾ ਨਾਮ ''ਲੋ-ਰੁਹਾਮਾਹ'' ਰੱਖ, ਕਿਉਂ ਜੋ ਮੈਂ ਫਿਰ ਇਸਰਾਏਲ ਦੇ ਘਰਾਣੇ ਉੱਤੇ ਹੋਰ ਰਹਿਮ ਨਹੀਂ ਕਰਾਂਗਾ ਅਤੇ ਉਹਨਾਂ ਨੂੰ ਕਦੇ ਵੀ ਮਾਫ਼ ਨਾ ਕਰਾਂਗਾ । ੭ ਪਰ ਮੈਂ ਯਹੂਦਾਹ ਦੇ ਘਰਾਣੇ ਉੱਤੇ ਰਹਿਮ ਕਰਾਂਗਾ ਅਤੇ ਮੈਂ ਉਹਨਾਂ ਨੂੰ ਧਣੁਖ, ਤਲਵਾਰ, ਲੜਾਈ, ਘੋੜਿਆਂ ਜਾਂ ਸਵਾਰਾਂ ਨਾਲ ਨਾ ਬਚਾਵਾਂਗਾ, ਸਗੋਂ ਯਹੋਵਾਹ ਉਹਨਾਂ ਦੇ ਪਰਮੇਸ਼ੁਰ ਦੇ ਦੁਆਰਾ ਬਚਾਵਾਂਗਾ ।
੮ ਲੋ-ਰੁਹਾਮਾਹ ਦਾ ਦੁੱਧ ਛੁਡਾਉਣ ਤੋਂ ਬਾਅਦ ਉਹ ਇਸਤਰੀ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ । ੯ ਤਾਂ ਉਸ ਨੂੰ ਆਖਿਆ, ਇਹ ਦਾ ਨਾਮ ''ਲੋ-ਅੰਮੀ'' ਰੱਖ, ਕਿਉਂ ਜੋ ਤੁਸੀਂ ਮੇਰੀ ਪਰਜਾ ਨਹੀਂ ਹੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਨਹੀਂ ਹਾਂ ।
ਇਸਰਾਏਲ ਦੀ ਪੁਨਰ ਸਥਾਪਨਾ
੧੦ ਇਸਰਾਏਲੀਆਂ ਦੀ ਗਿਣਤੀ ਸਮੁੰਦਰ ਦੀ ਰੇਤ ਵਾਂਗੂੰ ਹੋਵੇਗੀ, ਜਿਹੜੀ ਮਿਣੀ ਅਤੇ ਗਿਣੀ ਨਹੀਂ ਜਾ ਸਕਦੀ । ਇਸ ਤਰ੍ਹਾਂ ਹੋਵੇਗਾ ਕਿ ਜਿਸ ਥਾਂ ਉਹਨਾਂ ਨੂੰ ਕਿਹਾ ਗਿਆ ਸੀ, ''ਤੁਸੀਂ ਮੇਰੀ ਪਰਜਾ ਨਹੀਂ ਹੋ'' ਉੱਥੇ ਹੀ ਉਹਨਾਂ ਨੂੰ ਕਿਹਾ ਜਾਵੇਗਾ, ''ਤੁਸੀਂ ਜੀਉਂਦੇ ਪਰਮੇਸ਼ੁਰ ਦੇ ਪੁੱਤਰ ਹੋ ।'' ੧੧ ਯਹੂਦੀ ਅਤੇ ਇਸਰਾਏਲੀ ਫਿਰ ਇਕੱਠੇ ਹੋਣਗੇ ਅਤੇ ਉਹ ਆਪਣੇ ਲਈ ਇੱਕ ਆਗੂ ਠਹਿਰਾਉਣਗੇ । ਉਹ ਇਸ ਦੇਸ ਵਿੱਚੋਂ ਉਤਾਹਾਂ ਜਾਣਗੇ, ਕਿਉਂ ਜੋ ਯਿਜ਼ਰਏਲ ਦਾ ਦਿਨ ਮਹਾਨ ਹੋਵੇਗਾ ।