ਯਹੋਵਾਹ ਦੀ ਦੁਲਹਨ
੧ ਆਪਣੇ ਭਰਾਵਾਂ ਨੂੰ ''ਮੇਰੇ ਲੋਕ'' ਅਤੇ ਆਪਣੀਆਂ ਭੈਣਾਂ ਨੂੰ ''ਰਹਿਮ ਦੀਆਂ ਭਾਗਣਾਂ'' ਆਖੋ ।
ਵਿਸ਼ਵਾਸਘਾਤੀ ਗੋਮਰ-ਵਿਸ਼ਵਾਸਘਾਤੀ ਇਸਰਾਏਲ
੨ ਆਪਣੀ ਮਾਂ ਦੇ ਨਾਲ ਝਗੜਾ ਕਰੋ !
ਉਹ ਤਾਂ ਮੇਰੀ ਪਤਨੀ ਨਹੀਂ ਹੈ
ਅਤੇ ਨਾ ਮੈਂ ਉਹ ਦਾ ਪਤੀ ਹਾਂ ।
ਉਹ ਆਪਣੇ ਵਿਭਚਾਰ ਨੂੰ ਆਪਣੇ ਅੱਗਿਓਂ ਅਤੇ
ਆਪਣੀ ਬੇਵਫ਼ਾਈ ਨੂੰ ਆਪਣੀਆਂ ਛਾਤੀਆਂ ਵਿੱਚੋਂ ਦੂਰ ਕਰੇ !
੩ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਉਹ ਨੂੰ ਨੰਗੀ ਕਰ ਦੇਵਾਂ,
ਜਿਵੇਂ ਉਹ ਆਪਣੇ ਜਨਮ ਦੇ ਦਿਨ ਸੀ ਉਸੇ ਤਰ੍ਹਾਂ ਫਿਰ ਕਰ ਦਿਆਂ,
ਉਹ ਨੂੰ ਉਜਾੜ ਵਾਂਗੂੰ ਬਣਾ ਦਿਆਂ,
ਉਹ ਨੂੰ ਇੱਕ ਸੁੱਕੀ ਧਰਤੀ ਵਾਂਗੂੰ ਠਹਿਰਾ ਦਿਆਂ
ਅਤੇ ਉਹ ਨੂੰ ਪਿਆਸ ਨਾਲ ਮਾਰ ਦਿਆਂ ।
੪ ਮੈਂ ਉਹ ਦੇ ਬੱਚਿਆਂ ਉੱਤੇ ਰਹਿਮ ਨਾ ਕਰਾਂਗਾ,
ਕਿਉਂ ਜੋ ਉਹ ਵਿਭਚਾਰ ਦੇ ਬੱਚੇ ਹਨ ।
੫ ਉਹਨਾਂ ਦੀ ਮਾਂ ਨੇ ਵਿਭਚਾਰ ਕੀਤਾ ਹੈ,
ਉਹਨਾਂ ਨੂੰ ਜਨਮ ਦੇਣ ਵਾਲੀ ਨੇ ਸ਼ਰਮ ਦਾ ਕੰਮ ਕੀਤਾ,
ਕਿਉਂ ਜੋ ਉਹ ਨੇ ਆਖਿਆ,
ਮੈਂ ਆਪਣੇ ਪ੍ਰੇਮੀਆਂ ਦੇ ਮਗਰ ਜਾਵਾਂਗੀ,
ਜਿਹੜੇ ਮੈਨੂੰ ਮੇਰੀ ਰੋਟੀ ਅਤੇ ਪਾਣੀ ਦਿੰਦੇ ਹਨ,
ਮੇਰੀ ਉੱਨ, ਮੇਰੀ ਕਤਾਨ, ਮੇਰਾ ਤੇਲ ਅਤੇ ਮੇਰਾ ਸ਼ਰਬਤ ਵੀ !
੬ ਇਸ ਲਈ ਵੇਖ, ਮੈਂ ਤੇਰਾ ਰਾਹ ਕੰਡਿਆਂ ਨਾਲ ਬੰਦ ਕਰ ਦਿਆਂਗਾ,
ਮੈਂ ਉਹ ਦੇ ਅੱਗੇ ਕੰਧ ਬਣਾ ਦਿਆਂਗਾ
ਤਾਂ ਕਿ ਉਸ ਨੂੰ ਆਪਣਾ ਰਾਹ ਨਾ ਮਿਲੇ ।
੭ ਉਹ ਆਪਣਿਆਂ ਪ੍ਰੇਮੀਆਂ ਦੇ ਪਿੱਛੇ ਜਾਵੇਗੀ,
ਪਰ ਉਹ ਉਹਨਾਂ ਨੂੰ ਨਾ ਪਾਵੇਗੀ,
ਉਹ ਉਹਨਾਂ ਨੂੰ ਭਾਲੇਗੀ ਪਰ ਪਾਵੇਗੀ ਨਾ,
ਤਾਂ ਉਹ ਆਖੇਗੀ, ਮੈਂ ਜਾਵਾਂਗੀ,
ਅਤੇ ਆਪਣੇ ਪਹਿਲੇ ਪਤੀ ਵੱਲ ਮੁੜਾਂਗੀ,
ਕਿਉਂ ਜੋ ਮੇਰਾ ਪਹਿਲਾ ਹਾਲ ਹੁਣ ਨਾਲੋਂ ਚੰਗਾ ਸੀ ।
੮ ਉਹ ਨੇ ਨਾ ਜਾਣਿਆ ਕਿ ਮੈਂ ਹੀ ਉਹ ਨੂੰ
ਅੰਨ, ਨਵੀਂ ਮੈਅ ਅਤੇ ਤੇਲ ਦਿੰਦਾ ਸੀ,
ਅਤੇ ਉਹ ਨੂੰ ਚਾਂਦੀ ਸੋਨਾ ਵਾਫਰ ਦਿੰਦਾ ਰਿਹਾ,
ਜਿਹੜਾ ਉਹਨਾਂ ਨੇ ਬਆਲ ਲਈ ਵਰਤਿਆ !
੯ ਇਸ ਲਈ ਮੈਂ ਮੁੜ ਕੇ ਸਮੇਂ ਉੱਤੇ ਆਪਣਾ ਅੰਨ ਲੈ ਲਵਾਂਗਾ,
ਅਤੇ ਨਵੀਂ ਮੈਅ ਵੀ ਉਸ ਦੀ ਰੁੱਤ ਸਿਰ,
ਮੈਂ ਆਪਣੀ ਉੱਨ ਅਤੇ ਆਪਣੀ ਕਤਾਨ ਚੁੱਕ ਲਵਾਂਗਾ,
ਜੋ ਉਹ ਦੇ ਨੰਗੇਜ਼ ਨੂੰ ਢੱਕਣ ਲਈ ਸੀ ।
੧੦ ਹੁਣ ਮੈਂ ਉਹ ਦੀ ਵਾਸ਼ਨਾ ਨੂੰ ਉਹ ਦੇ ਪ੍ਰੇਮੀਆਂ ਦੇ ਸਾਹਮਣੇ ਖੋਲ੍ਹ ਦਿਆਂਗਾ,
ਅਤੇ ਕੋਈ ਉਹ ਨੂੰ ਮੇਰੇ ਹੱਥੋਂ ਛੁਡਾਵੇਗਾ ਨਾ !
੧੧ ਮੈਂ ਉਹ ਦੀ ਸਾਰੀ ਖੁਸ਼ੀ ਨੂੰ ਖਤਮ ਕਰ ਦਿਆਂਗਾ,
ਉਹ ਦੇ ਪਰਬ, ਉਹ ਦੀਆਂ ਅਮੱਸਿਆ, ਉਹ ਦੇ ਸਬਤ,
ਅਤੇ ਉਹ ਦੇ ਸਭ ਮਿਥੇ ਹੋਏ ਪਰਬ ।
੧੨ ਮੈਂ ਉਹ ਦੀਆਂ ਅੰਗੂਰੀ ਵੇਲਾਂ ਅਤੇ ਹੰਜ਼ੀਰਾਂ ਨੂੰ ਵਿਰਾਨ ਕਰਾਂਗਾ,
ਜਿਨ੍ਹਾਂ ਦੇ ਬਾਰੇ ਉਸ ਨੇ ਆਖਿਆ, ਇਹ ਮੇਰੀ ਖਰਚੀ ਹੈ,
ਜਿਹ ਨੂੰ ਮੇਰੇ ਪ੍ਰੇਮੀਆਂ ਨੇ ਮੈਨੂੰ ਦਿੱਤਾ ਹੈ ।
ਮੈਂ ਉਨ੍ਹਾਂ ਨੂੰ ਜੰਗਲ ਬਣਾ ਦਿਆਂਗਾ,
ਅਤੇ ਜੰਗਲੀ ਜਾਨਵਰ ਉਨ੍ਹਾਂ ਨੂੰ ਖਾਣਗੇ ।
੧੩ ਮੈਂ ਉਹ ਦੇ ਉੱਤੇ ਬਆਲਾਂ ਦੇ ਦਿਨਾਂ ਦੀ ਸਜ਼ਾ ਲਿਆਵਾਂਗਾ,
ਜਿਨ੍ਹਾਂ ਦੇ ਲਈ ਉਸ ਨੇ ਧੂਫ਼ ਧੁਖਾਈ,
ਅਤੇ ਬਾਲੀਆਂ ਤੇ ਗਹਿਣਿਆਂ ਨਾਲ ਸੱਜ ਕੇ
ਉਹ ਆਪਣੇ ਪ੍ਰੇਮੀਆਂ ਦੇ ਪਿੱਛੇ ਗਈ,
ਪਰ ਮੈਨੂੰ ਭੁੱਲ ਗਈ, ਯਹੋਵਾਹ ਦਾ ਵਾਕ ਹੈ ।
ਆਪਣੇ ਲੋਕਾਂ ਦੇ ਲਈ ਪਰਮੇਸ਼ੁਰ ਦਾ ਪ੍ਰੇਮ
੧੪ ਇਸ ਲਈ ਵੇਖ, ਮੈਂ ਉਹ ਨੂੰ ਮੋਹ ਲਵਾਂਗਾ,
ਅਤੇ ਉਹ ਨੂੰ ਉਜਾੜ ਵਿੱਚ ਲੈ ਜਾਂਵਾਂਗਾ,
ਅਤੇ ਮੈਂ ਉਹ ਦੇ ਨਾਲ ਦਿਲ ਲੱਗੀ ਦੀਆਂ ਗੱਲਾਂ ਕਰਾਂਗਾ ।
੧੫ ਮੈਂ ਉਹ ਨੂੰ ਉੱਥੋਂ ਦੇ ਬਾਗ ਦਿਆਂਗਾ,
ਨਾਲੇ ਆਕੋਰ ਦੀ ਵਾਦੀ ਵੀ ਆਸਾ ਦੇ ਦਰਵਾਜ਼ੇ ਲਈ ।
ਉੱਥੇ ਉਹ ਉਸੇ ਤਰ੍ਹਾਂ ਉੱਤਰ ਦੇਵੇਗੀ, ਜਿਵੇਂ ਆਪਣੀ ਜੁਆਨੀ ਦੇ ਦਿਨ ਵਿੱਚ ਦਿੰਦੀ ਸੀ,
ਅਤੇ ਜਿਵੇਂ ਉਸ ਸਮੇਂ ਜਦ ਉਹ ਮਿਸਰ ਦੇਸ ਤੋਂ ਉਤਾਹਾਂ ਆਈ ।
੧੬ ਉਸ ਦਿਨ ਇਸ ਤਰ੍ਹਾਂ ਹੋਵੇਗਾ, ਯਹੋਵਾਹ ਦਾ ਵਾਕ ਹੈ,
ਕਿ ਤੂੰ ਮੈਨੂੰ ''ਮੇਰਾ ਪਤੀ'' ਆਖੇਂਗੀ,
ਅਤੇ ਫੇਰ ਮੈਨੂੰ “ਮੇਰਾ ਬਆਲ” ਨਾ ਆਖੇਂਗੀ ।
੧੭ ਮੈਂ ਤਾਂ ਉਹ ਦੇ ਮੂੰਹੋਂ ਬਆਲਾਂ ਦੇ ਨਾਮ ਦੂਰ ਕਰਾਂਗਾ,
ਅਤੇ ਉਹ ਫੇਰ ਆਪਣੇ ਨਾਮ ਦੇ ਨਾਲ ਯਾਦ ਨਾ ਕੀਤੇ ਜਾਣਗੇ ।
੧੮ ਮੈਂ ਉਸ ਦਿਨ ਜੰਗਲੀ ਜਾਨਵਰਾਂ,
ਅਕਾਸ਼ ਦੇ ਪੰਛੀਆਂ ਅਤੇ ਜ਼ਮੀਨ ਦੇ ਘਿਸਰਨ ਵਾਲਿਆਂ ਨਾਲ
ਉਹਨਾਂ ਲਈ ਇੱਕ ਨੇਮ ਬੰਨ੍ਹਾਂਗਾ,
ਅਤੇ ਮੈਂ ਧਣੁਖ, ਤਲਵਾਰ ਅਤੇ ਜੁੱਧ ਨੂੰ ਦੇਸ ਵਿੱਚੋਂ ਭੰਨ ਸੁੱਟਾਂਗਾ,
ਅਤੇ ਮੈਂ ਉਹਨਾਂ ਨੂੰ ਚੈਨ ਨਾਲ ਲੇਟਣ ਦਿਆਂਗਾ ।
੧੯ ਮੈਂ ਤੈਨੂੰ ਸਦਾ ਲਈ ਆਪਣੀ ਦੁਲਹਨ ਬਣਾ ਲਵਾਂਗਾ,
ਹਾਂ, ਧਰਮ, ਇਨਸਾਫ਼, ਦਯਾ ਅਤੇ ਰਹਿਮ ਨਾਲ
ਮੈਂ ਤੈਨੂੰ ਆਪਣੀ ਦੁਲਹਨ ਬਣਾਵਾਂਗਾ,
੨੦ ਮੈਂ ਤੈਨੂੰ ਵਫ਼ਾਦਾਰੀ ਨਾਲ ਆਪਣੀ ਦੁਲਹਨ ਬਣਾਵਾਂਗਾ,
ਅਤੇ ਤੂੰ ਯਹੋਵਾਹ ਨੂੰ ਜਾਣੇਂਗੀ ।
੨੧ ਉਸ ਦਿਨ ਇਸ ਤਰ੍ਹਾਂ ਹੋਵੇਗਾ ਕਿ ਮੈਂ ਉੱਤਰ ਦਿਆਂਗਾ,
ਯਹੋਵਾਹ ਦਾ ਵਾਕ ਹੈ,
ਮੈਂ ਅਕਾਸ਼ਾਂ ਨੂੰ ਉੱਤਰ ਦਿਆਂਗਾ,
ਅਤੇ ਉਹ ਧਰਤੀ ਨੂੰ ਉੱਤਰ ਦੇਣਗੇ ।
੨੨ ਧਰਤੀ ਅੰਨ, ਨਵੀਂ ਮੈਅ ਅਤੇ ਤੇਲ ਨੂੰ ਉੱਤਰ ਦੇਵੇਗੀ,
ਅਤੇ ਉਹ ਯਿਜ਼ਰਾਏਲ ਨੂੰ ਉੱਤਰ ਦੇਣਗੇ ।
੨੩ ਮੈਂ ਉਹ ਨੂੰ ਆਪਣੇ ਲਈ ਧਰਤੀ ਵਿੱਚ ਬੀਜਾਂਗਾ,
ਮੈਂ ਲੋ-ਰੁਹਾਮਾਹ ਉੱਤੇ ਰਹਿਮ ਕਰਾਂਗਾ,
ਅਤੇ ਲੋ-ਅੰਮੀ ਨੂੰ ਆਖਾਂਗਾ ਕਿ ਤੂੰ ਮੇਰੀ ਪਰਜਾ ਹੈਂ,
ਅਤੇ ਉਹ ਆਖੇਗਾ, ਮੇਰੇ ਪਰਮੇਸ਼ੁਰ !