੧੦
੧ ਇਸਰਾਏਲ ਹਰੀ ਭਰੀ ਬੇਲ ਹੈ,
ਜੋ ਫਲ ਦਿੰਦੀ ਹੈ ।
ਜਿੰਨਾ ਉਹ ਦਾ ਫਲ ਵਧਿਆ,
ਓਨੀਆਂ ਉਸ ਨੇ ਜਗਵੇਦੀਆਂ ਵਧਾਈਆਂ,
ਜਿਵੇਂ ਉਹ ਦਾ ਦੇਸ ਚੰਗਾ ਹੋ ਗਿਆ,
ਤਿਵੇਂ ਉਹਨਾਂ ਨੇ ਥੰਮ੍ਹ ਚੰਗੇ ਬਣਾਏ ।
੨ ਉਹ ਦੋ ਦਿਲੇ ਹਨ, ਹੁਣ ਉਹ ਦੋਸ਼ੀ ਠਹਿਰਨਗੇ,
ਉਹ ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟੇਗਾ,
ਉਹ ਉਹਨਾਂ ਦੇ ਥੰਮ੍ਹਾਂ ਨੂੰ ਤੋੜ ਛੱਡੇਗਾ ।
੩ ਹੁਣ ਉਹ ਤਾਂ ਆਖਣਗੇ, ਸਾਡਾ ਰਾਜਾ ਨਹੀਂ,
ਕਿਉਂ ਜੋ ਅਸੀਂ ਯਹੋਵਾਹ ਤੋਂ ਨਹੀਂ ਡਰਦੇ,
ਅਤੇ ਰਾਜਾ ਸਾਡੇ ਲਈ ਕੀ ਕਰੇਗਾ ?
੪ ਉਹਨਾਂ ਦੀਆਂ ਗੱਲਾਂ ਹੀ ਗੱਲਾਂ ਹਨ,
ਉਹ ਝੂਠੀਆਂ ਸੌਹਾਂ ਨਾਲ ਨੇਮ ਬੰਨ੍ਹਦੇ ਹਨ,
ਸੋ ਨਿਆਂ ਜ਼ਹਿਰੀਲੇ ਪੌਦਿਆਂ ਵਾਂਗੂੰ
ਖੇਤ ਦੀਆਂ ਕਿਆਰੀਆਂ ਵਿੱਚ ਉੱਗ ਪੈਂਦਾ ਹੈ ।
੫ ਸਾਮਰਿਯਾ ਦੇ ਵਾਸੀ ਬੈਤ-ਆਵਨ ਦੀਆਂ ਵੱਛੀਆਂ ਲਈ ਕੰਬਣਗੇ,
ਕਿਉਂ ਜੋ ਉਸ ਦੇ ਲੋਕ ਉਸ ਉੱਤੇ ਸੋਗ ਕਰਨਗੇ,
ਨਾਲੇ ਉਸ ਦੇ ਪੁਜਾਰੀ ਵੀ ਜਿਹੜੇ ਉਸ ਉੱਤੇ ਖੁਸ਼ੀ ਮਨਾਉਂਦੇ ਸਨ,
ਉਸ ਦੇ ਪਰਤਾਪ ਦੇ ਕਾਰਨ ਜੋ ਉਸ ਤੋਂ ਜਾਂਦਾ ਰਿਹਾ ।
੬ ਨਾਲੇ ਉਹ ਅੱਸ਼ੂਰ ਨੂੰ ਲੈ ਜਾਇਆ ਜਾਵੇਗਾ,
ਉਹ ਝਗੜਾਲੂ ਰਾਜੇ ਲਈ ਨਜ਼ਰਾਨਾ ਹੋਵੇਗਾ,
ਅਫ਼ਰਾਈਮ ਸ਼ਰਮ ਖਾਵੇਗਾ,
ਅਤੇ ਇਸਰਾਏਲ ਆਪਣੀ ਯੋਜਨਾ ਤੋਂ ਸ਼ਰਮਿੰਦਾ ਹੋਵੇਗਾ ।
੭ ਸਾਮਰਿਯਾ ਦਾ ਰਾਜਾ ਇਸ ਤਰ੍ਹਾਂ ਕੱਟਿਆ ਜਾਵੇਗਾ,
ਜਿਵੇਂ ਪਾਣੀ ਦੇ ਉੱਤੇ ਬੁਲਬੁਲੇ ਹੁੰਦੇ ਹਨ ।
੮ ਆਵਨ ਦੇ ਉੱਚੇ ਸਥਾਨ, ਇਸਰਾਏਲ ਦਾ ਪਾਪ, ਨਾਸ਼ ਕੀਤੇ ਜਾਣਗੇ,
ਉਹ ਦੀਆਂ ਜਗਵੇਦੀਆਂ ਉੱਤੇ ਕੰਡੇ ਤੇ ਕੰਡਿਆਲੇ ਚੜ੍ਹਨਗੇ,
ਉਹ ਪਹਾੜਾਂ ਨੂੰ ਆਖਣਗੇ, ਸਾਨੂੰ ਢੱਕ ਲਓ !
ਅਤੇ ਟਿੱਲਿਆਂ ਨੂੰ ਸਾਡੇ ਉੱਤੇ ਡਿੱਗ ਪਓ ।
ਪਰਮੇਸ਼ੁਰ ਵੱਲੋਂ ਇਸਰਾਏਲ ਦੇ ਉੱਤੇ ਸਜ਼ਾ ਦੀ ਘੋਸ਼ਣਾ
੯ ਹੇ ਇਸਰਾਏਲ, ਤੂੰ ਗਿਬਆਹ ਦੇ ਦਿਨਾਂ ਤੋਂ ਪਾਪ ਕਰਦਾ ਆਇਆ ਹੈਂ,
ਉਹ ਉੱਥੇ ਹੀ ਲੱਗੇ ਰਹੇ, -
ਭਲਾ, ਲੜਾਈ ਗਿਬਆਹ ਵਿੱਚ
ਕੁਪੱਤੇ ਪੁੱਤਰਾਂ ਉੱਤੇ ਨਾ ਆ ਪਵੇਗੀ ?
੧੦ ਜਦ ਮੈਂ ਚਾਹਾਂ ਮੈਂ ਉਹਨਾਂ ਨੂੰ ਤਾੜਾਂਗਾ,
ਅਤੇ ਉੱਮਤਾਂ ਉਹਨਾਂ ਦੇ ਵਿਰੁੱਧ ਇਕੱਠੀਆਂ ਕੀਤੀਆਂ ਜਾਣਗੀਆਂ,
ਜਦ ਉਹ ਆਪਣੀਆਂ ਦੋ ਬੁਰਿਆਈਆਂ ਲਈ ਗੁਲਾਮ ਕੀਤੇ ਜਾਣਗੇ ।
੧੧ ਅਫ਼ਰਾਈਮ ਸਿਖਾਈ ਹੋਈ ਵੱਛੀ ਹੈ,
ਜਿਹੜੀ ਗਾਹ ਨੂੰ ਪਸੰਦ ਕਰਦੀ ਹੈ,
ਅਤੇ ਮੈਂ ਉਹ ਦੀ ਸੋਹਣੀ ਧੌਣ ਦਾ ਸਰਫਾ ਕੀਤਾ,
ਮੈਂ ਅਫ਼ਰਾਈਮ ਨੂੰ ਜੋਤਾਂਗਾ,
ਯਹੂਦਾਹ ਹਲ ਵਾਹੇਗਾ,
ਯਾਕੂਬ ਉਹ ਦੇ ਲਈ ਢੀਮਾ ਭੰਨੇਗਾ ।
੧੨ ਆਪਣੇ ਲਈ ਧਰਮ ਬੀਜੋ,
ਦਯਾ ਅਨੁਸਾਰ ਫ਼ਸਲ ਵੱਢੋ,
ਆਪਣੀ ਪਈ ਹੋਈ ਜ਼ਮੀਨ ਵਿੱਚ ਹਲ ਚਲਾਓ,
ਇਹ ਯਹੋਵਾਹ ਨੂੰ ਖੋਜਣ ਦਾ ਸਮਾਂ ਹੈ,
ਜਦ ਤੱਕ ਉਹ ਨਾ ਆਵੇ ਅਤੇ ਤੁਹਾਡੇ ਉੱਤੇ ਧਰਮ ਨਾ ਵਰ੍ਹਾਵੇ ।
੧੩ ਤੁਸੀਂ ਦੁਸ਼ਟਪੁਣੇ ਦੀ ਵਾਹੀ ਕੀਤੀ,
ਤੁਸੀਂ ਬੁਰਿਆਈ ਵੱਢੀ,
ਤੁਸੀਂ ਝੂਠ ਦਾ ਫਲ ਖਾਧਾ,
ਕਿਉਂ ਜੋ ਤੂੰ ਆਪਣੇ ਰਾਹ ਉੱਤੇ,
ਆਪਣਿਆਂ ਸੂਰਮਿਆਂ ਦੀ ਵਾਫ਼ਰੀ ਉੱਤੇ ਭਰੋਸਾ ਕੀਤਾ ।
੧੪ ਰੌਲਾ ਤੇਰੇ ਲੋਕਾਂ ਵਿੱਚ ਉੱਠੇਗਾ,
ਅਤੇ ਤੇਰੇ ਸਾਰੇ ਗੜ੍ਹ ਬਰਬਾਦ ਕੀਤੇ ਜਾਣਗੇ,
ਜਿਵੇਂ ਸ਼ਲਮਨ ਨੇ ਜੁੱਧ ਦੇ ਦਿਨ ਬੈਤ-ਅਰਬੇਲ ਨੂੰ ਬਰਬਾਦ ਕੀਤਾ,
ਮਾਂ ਬੱਚਿਆਂ ਸਣੇ ਪਟਕਾਈ ਗਈ ।
੧੫ ਇਸ ਲਈ ਬੈਤਏਲ ਤੁਹਾਡੀ ਵੱਡੀ ਬਦੀ ਦੇ ਕਾਰਨ ਤੁਹਾਡੇ ਨਾਲ ਇਸੇ ਤਰ੍ਹਾਂ ਕਰੇਗਾ,
ਸਵੇਰ ਨੂੰ ਇਸਰਾਏਲ ਦਾ ਰਾਜਾ ਪੂਰੀ ਤਰ੍ਹਾਂ ਹੀ ਮਿਟਾਇਆ ਜਾਵੇਗਾ !