ਅੰਗੂਰੀ ਬਾਗ ਦਾ ਗੀਤ
੧ ਮੈਂ ਆਪਣੇ ਪ੍ਰੀਤਮ ਲਈ ਅਤੇ ਉਹ ਦੇ ਅੰਗੂਰੀ ਬਾਗ ਦੇ ਵਿਖੇ ਇੱਕ ਪ੍ਰੇਮ ਰਤਾ ਗੀਤ ਗਾਵਾਂਗਾ, - ਮੇਰੇ ਪ੍ਰੀਤਮ ਦਾ ਇੱਕ ਅੰਗੂਰੀ ਬਾਗ ਇੱਕ ਫਲਦਾਰ ਟਿੱਬੇ ਉੱਤੇ ਸੀ । ੨ ਉਹ ਨੇ ਉਸ ਨੂੰ ਗੋਡਿਆ ਅਤੇ ਉਸ ਦੇ ਪੱਥਰ ਕੱਢ ਸੁੱਟੇ, ਅਤੇ ਉਸ ਵਿੱਚ ਚੰਗੀਆਂ ਦਾਬਾਂ ਲਾਈਆਂ, ਅਤੇ ਉਸ ਦੇ ਵਿਚਕਾਰ ਇੱਕ ਬੁਰਜ ਉਸਾਰਿਆ, ਨਾਲੇ ਦਾਖਰਸ ਲਈ ਉਸ ਵਿੱਚ ਇੱਕ ਹੌਦ ਪੁੱਟਿਆ, ਤਦ ਉਸ ਨੇ ਉਡੀਕਿਆ ਤਾਂ ਜੋ ਉਸ ਵਿੱਚ ਚੰਗੇ ਅੰਗੂਰ ਲੱਗਣ, ਪਰ ਲੱਗੇ ਜੰਗਲੀ ਅੰਗੂਰ ।
੩ ਹੁਣ ਹੇ ਯਰੂਸ਼ਲਮ ਦੇ ਵਾਸੀਓ ਅਤੇ ਯਹੂਦਾਹ ਦੇ ਮਨੁੱਖੋ, ਮੇਰਾ ਅਤੇ ਮੇਰੇ ਅੰਗੂਰੀ ਬਾਗ ਦਾ ਫ਼ੈਸਲਾ ਕਰੋ । ੪ ਮੈਂ ਆਪਣੇ ਬਾਗ ਲਈ ਹੋਰ ਕੀ ਕਰ ਸਕਦਾ ਸੀ, ਜੋ ਮੈਂ ਉਸ ਲਈ ਨਹੀਂ ਕੀਤਾ ? ਜਦ ਮੈਂ ਉਡੀਕਿਆ ਕਿ ਉਸ ਵਿੱਚ ਚੰਗੇ ਅੰਗੂਰ ਲੱਗਣ, ਤਾਂ ਕਿਉਂ ਜੰਗਲੀ ਅੰਗੂਰ ਲੱਗੇ ? ।
੫ ਹੁਣ ਮੈਂ ਤੁਹਾਨੂੰ ਦੱਸਦਾ ਹਾਂ, ਭਈ ਮੈਂ ਆਪਣੇ ਅੰਗੂਰੀ ਬਾਗ ਨਾਲ ਕੀ ਕਰਨ ਵਾਲਾ ਹਾਂ । ਮੈਂ ਉਸ ਦੀ ਵਾੜ ਹਟਾ ਦਿਆਂਗਾ, ਅਤੇ ਉਹ ਸੜ ਜਾਵੇਗੀ, ਮੈਂ ਉਸ ਦੀ ਕੰਧ ਢਾਹ ਸੁੱਟਾਂਗਾ, ਅਤੇ ਉਹ ਲਤਾੜੀ ਜਾਵੇਗੀ । ੬ ਮੈਂ ਉਸ ਨੂੰ ਉਜਾੜ ਦਿਆਂਗਾ, ਉਹ ਨਾ ਛਾਂਗਿਆ ਨਾ ਗੋਡਿਆ ਜਾਵੇਗਾ, ਕੰਡੇ ਤੇ ਕੰਡਿਆਲੇ ਉਸ ਵਿੱਚ ਉੱਗਣਗੇ, ਅਤੇ ਮੈਂ ਬੱਦਲਾਂ ਨੂੰ ਹੁਕਮ ਦਿਆਂਗਾ, ਭਈ ਉਸ ਦੇ ਉੱਤੇ ਮੀਂਹ ਨਾ ਵਰ੍ਹਾਉਣ ।
੭ ਸੈਨਾਂ ਦੇ ਯਹੋਵਾਹ ਦਾ ਅੰਗੂਰੀ ਬਾਗ ਤਾਂ ਇਸਰਾਏਲ ਦਾ ਘਰਾਣਾ ਹੈ, ਅਤੇ ਯਹੂਦਾਹ ਦੇ ਮਨੁੱਖ ਉਹ ਦਾ ਮਨ ਭਾਉਂਦਾ ਬੂਟਾ ਹੈ । ਉਸ ਨੇ ਨਿਆਂ ਨੂੰ ਉਡੀਕਿਆ, ਅਤੇ ਵੇਖੋ, ਖੂਨ ਵੇਖਿਆ ! ਧਰਮ ਦੀ ਆਸ ਲਈ, ਅਤੇ ਵੇਖੋ, ਦੁਹਾਈ ਦੀ ਅਵਾਜ਼ ਸੁਣੀ ।
ਮਨੁੱਖਾਂ ਦੀ ਬੁਰਿਆਈ
੮ ਹਾਇ ਉਹਨਾਂ ਉੱਤੇ ਜਿਹੜੇ ਘਰ ਨਾਲ ਘਰ ਜੋੜਦੇ, ਅਤੇ ਪੈਲੀ ਨਾਲ ਪੈਲੀ ਰਲਾਉਂਦੇ ਹਨ, ਜਦ ਤੱਕ ਕੋਈ ਥਾਂ ਨਾ ਰਹੇ, ਤਾਂ ਜੋ ਤੁਸੀਂ ਦੇਸ ਵਿੱਚ ਇਕੱਲੇ ਵੱਸੋ ! ੯ ਸੈਨਾਂ ਦੇ ਯਹੋਵਾਹ ਨੇ ਮੇਰੇ ਸੁਣਦਿਆਂ ਆਖਿਆ ਹੈ, - ਸੱਚ-ਮੁੱਚ ਬਹੁਤ ਸਾਰੇ ਘਰ ਉੱਜੜ ਜਾਣਗੇ, ਵੱਡੇ ਅਤੇ ਚੰਗੇ ਘਰ ਵਿਰਾਨ ਹੋ ਜਾਣਗੇ, ੧੦ ਕਿਉਂ ਜੋ ਦਸ ਏਕੜ ਵਾੜੀ ਤੋਂ ਇੱਕ ਮਣ, ਅਤੇ ਬੀਜ ਦੇ ਦਸਾਂ ਟੋਪਿਆਂ ਤੋਂ ਇੱਕ ਟੋਪਾ ਅੰਨ ਮਿਲੇਗਾ । ੧੧ ਹਾਇ ਉਹਨਾਂ ਉੱਤੇ ਜਿਹੜੇ ਸਵੇਰੇ ਉੱਠ ਬੈਠਦੇ, ਤਾਂ ਜੋ ਸ਼ਰਾਬ ਦੇ ਪਿੱਛੇ ਦੌੜਨ, ਜਿਹੜੇ ਸ਼ਾਮ ਤੱਕ ਠਹਿਰਦੇ ਹਨ, ਤਾਂ ਜੋ ਮਧ ਉਹਨਾਂ ਨੂੰ ਮਸਤ ਕਰ ਦੇਵੇ ! ੧੨ ਉਹਨਾਂ ਦੀਆਂ ਦਾਵਤਾਂ ਵਿੱਚ ਬਰਬਤ ਤੇ ਸਿਤਾਰ, ਡੱਫ਼, ਬੰਸਰੀ ਅਤੇ ਮਧ ਤਾਂ ਹਨ, ਪਰ ਉਹ ਯਹੋਵਾਹ ਦੇ ਕੰਮਾਂ ਦੀ ਪਰਵਾਹ ਨਹੀਂ ਕਰਦੇ, ਨਾ ਉਹ ਦੀ ਦਸਤਕਾਰੀ ਵੇਖਦੇ ਹਨ । ੧੩ ਇਸ ਲਈ ਮੇਰੀ ਪਰਜਾ ਬੇਸਮਝੀ ਦੇ ਕਾਰਨ ਗੁਲਾਮੀ ਵਿੱਚ ਜਾਂਦੀ ਹੈ, ਉਹ ਦੇ ਪਤਵੰਤ ਭੁੱਖ ਨਾਲ ਮਰਦੇ ਹਨ, ਅਤੇ ਉਹ ਦੇ ਸਧਾਰਣ ਲੋਕ ਪਿਆਸ ਨਾਲ ਤੜਫ਼ਦੇ ਹਨ । ੧੪ ਇਸ ਲਈ ਪਤਾਲ ਨੇ ਆਪਣੀ ਲਾਲਸਾ ਵਧਾਈ ਹੈ, ਅਤੇ ਆਪਣਾ ਮੂੰਹ ਬੇਅੰਤ ਅੱਡਿਆ ਹੈ, ਇਸ ਲਈ ਉਹ ਦੇ ਬਜ਼ੁਰਗ ਅਤੇ ਸਧਾਰਣ ਲੋਕ, ਅਤੇ ਉਹ ਦਾ ਰੌਲਾ ਅਤੇ ਉਨ੍ਹਾਂ ਦੇ ਸਭ ਅਨੰਦ ਕਰਨ ਵਾਲੇ ਹੇਠਾਂ ਉਤਰਦੇ ਜਾਂਦੇ ਹਨ । ੧੫ ਲੋਕ ਨਿਵਾਏ ਜਾਂਦੇ ਹਨ, ਅਤੇ ਹੰਕਾਰੀਆਂ ਦੀਆਂ ਅੱਖਾਂ ਨੀਵੀਆਂ ਕੀਤੀਆਂ ਜਾਂਦੀਆਂ ਹਨ, ੧੬ ਪਰ ਸੈਨਾਂ ਦਾ ਯਹੋਵਾਹ ਨਿਆਂ ਵਿੱਚ ਉੱਚਾ ਕੀਤਾ ਜਾਂਦਾ ਹੈ, ਅਤੇ ਪਵਿੱਤਰ ਪਰਮੇਸ਼ੁਰ ਧਰਮ ਵਿੱਚ ਆਪਣੇ ਆਪ ਨੂੰ ਪਵਿੱਤਰ ਵਿਖਾਉਂਦਾ ਹੈ । ੧੭ ਤਦ ਲੇਲੇ, ਜਾਣੋ, ਆਪਣੀ ਜੂਹ ਵਿੱਚ ਚਰਨਗੇ, ਅਤੇ ਤਕੜਿਆਂ ਦੇ ਉਜਾੜ ਸਥਾਨ ਪਰਦੇਸੀ ਨੂੰ ਚਾਰਗਾਹਾਂ ਲਈ ਮਿਲਣਗੇ ।
੧੮ ਹਾਇ ਉਹਨਾਂ ਉੱਤੇ ਜਿਹੜੇ ਬਦੀ ਨੂੰ ਝੂਠ ਦੇ ਰੱਸਿਆਂ ਨਾਲ ਖਿੱਚਦੇ ਹਨ, ਅਤੇ ਪਾਪ ਨੂੰ ਗੱਡੇ ਦੀਆਂ ਰੱਸਿਆਂ ਨਾਲ ! ੧੯ ਜਿਹੜੇ ਆਖਦੇ ਹਨ, ਉਹ ਛੇਤੀ ਕਰੇ, ਉਹ ਆਪਣੇ ਕੰਮ ਨੂੰ ਤੇਜੀ ਨਾਲ ਕਰੇ, ਤਾਂ ਜੋ ਅਸੀਂ ਉਹ ਨੂੰ ਵੇਖੀਏ ! ਇਸਰਾਏਲ ਦੇ ਪਵਿੱਤਰ ਪੁਰਖ ਦੀ ਯੋਜਨਾ ਪਰਗਟ ਹੋਵੇ ਅਤੇ ਨੇੜੇ ਆਵੇ ਤਾਂ ਜੋ ਅਸੀਂ ਉਹ ਨੂੰ ਜਾਣੀਏ !
੨੦ ਹਾਇ ਉਹਨਾਂ ਉੱਤੇ ਜਿਹੜੇ ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਦੇ ਹਨ ! ਜਿਹੜੇ ਹਨੇਰੇ ਨੂੰ ਚਾਨਣ ਅਤੇ ਚਾਨਣ ਨੂੰ ਹਨੇਰਾ ਆਖਦੇ ਹਨ ! ਜਿਹੜੇ ਕੌੜੇ ਨੂੰ ਮਿੱਠੇ ਦੇ ਥਾਂ, ਅਤੇ ਮਿੱਠੇ ਨੂੰ ਕੌੜੇ ਦੇ ਥਾਂ ਰੱਖਦੇ ਹਨ !
੨੧ ਹਾਇ ਉਹਨਾਂ ਉੱਤੇ ਜਿਹੜੇ ਆਪਣੀ ਨਿਗਾਹ ਵਿੱਚ ਸਿਆਣੇ ਹਨ, ਅਤੇ ਆਪਣੀਆਂ ਨਜ਼ਰਾਂ ਵਿੱਚ ਬੁੱਧਵਾਨ ਹਨ !
੨੨ ਹਾਇ ਉਹਨਾਂ ਉੱਤੇ ਜਿਹੜੇ ਮਧ ਪੀਣ ਵਿੱਚ ਸੂਰਮੇ ਹਨ, ਅਤੇ ਸ਼ਰਾਬ ਤਿਆਰ ਕਰਨ ਵਿੱਚ ਸੂਰਬੀਰ ਹਨ ! ੨੩ ਜਿਹੜੇ ਦੁਸ਼ਟ ਨੂੰ ਰਿਸ਼ਵਤ ਲੈ ਕੇ ਧਰਮੀ ਠਹਿਰਾਉਂਦੇ ਹਨ, ਅਤੇ ਧਰਮੀਆਂ ਦਾ ਧਰਮ ਉਨ੍ਹਾਂ ਤੋਂ ਖੋਹ ਲੈਂਦੇ ਹਨ !
੨੪ ਇਸ ਲਈ ਜਿਵੇਂ ਅੱਗ ਦੀ ਲਾਟ ਟਾਂਡੇ ਨੂੰ ਖਾ ਜਾਂਦੀ ਹੈ, ਅਤੇ ਸੁੱਕਾ ਘਾਹ ਲੰਬ ਵਿੱਚ ਮਿਟ ਜਾਂਦਾ ਹੈ, ਸੋ ਉਹਨਾਂ ਦੀ ਜੜ੍ਹ ਸੜ੍ਹਿਆਂਧ ਵਾਂਗੂੰ ਸੜ੍ਹ ਜਾਵੇਗੀ, ਅਤੇ ਉਹਨਾਂ ਦੀਆਂ ਕਲੀਆਂ ਧੂੜ ਵਾਂਗੂੰ ਉੱਡ ਜਾਣਗੀਆਂ, ਕਿਉਂ ਜੋ ਉਹਨਾਂ ਨੇ ਸੈਨਾਂ ਦੇ ਯਹੋਵਾਹ ਦੀ ਬਿਵਸਥਾ ਨੂੰ ਰੱਦ ਕੀਤਾ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦਾ ਫ਼ਰਮਾਨ ਤੁੱਛ ਜਾਣਿਆ । ੨੫ ਇਸ ਲਈ ਯਹੋਵਾਹ ਦਾ ਕ੍ਰੋਧ ਆਪਣੀ ਪਰਜਾ ਉੱਤੇ ਭੜਕ ਉੱਠਿਆ, ਉਸ ਨੇ ਆਪਣਾ ਹੱਥ ਉਹਨਾਂ ਦੇ ਉੱਤੇ ਚੁੱਕਿਆ, ਅਤੇ ਉਹਨਾਂ ਨੂੰ ਮਾਰਿਆ, ਤਾਂ ਪਹਾੜ ਕੰਬ ਗਏ, ਅਤੇ ਉਹਨਾਂ ਦੀਆਂ ਲੋਥਾਂ ਕੂੜੇ ਵਾਂਗੂੰ ਗਲੀਆਂ ਵਿੱਚ ਪਈਆਂ ਸਨ, ਇਸ ਦੇ ਬਾਵਜੂਦ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ ।
੨੬ ਉਹ ਦੂਰ-ਦੂਰ ਦੀਆਂ ਕੌਮਾਂ ਲਈ ਝੰਡਾ ਖੜ੍ਹਾ ਕਰੇਗਾ, ਅਤੇ ਉਸ ਲਈ ਧਰਤੀ ਦੀਆਂ ਹੱਦਾਂ ਤੋਂ ਸੀਟੀ ਵਜਾਵੇਗਾ, ਤਾਂ ਵੇਖੋ, ਉਹ ਤੁਰਤ-ਫੁਰਤ ਆਉਂਦੀ ਹੈ । ੨੭ ਉਸ ਵਿੱਚ ਨਾ ਕੋਈ ਥੱਕਦਾ, ਨਾ ਕੋਈ ਠੇਡਾ ਖਾਂਦਾ, ਨਾ ਕੋਈ ਉਂਘਲਾਉਂਦਾ, ਨਾ ਕੋਈ ਸੌਂਦਾ, ਨਾ ਕਿਸੇ ਦਾ ਕਮਰਬੰਦ ਖੁੱਲ੍ਹਦਾ ਹੈ, ਨਾ ਕਿਸੇ ਦੀ ਜੁੱਤੀ ਦਾ ਤਸਮਾ ਟੁੱਟਦਾ ਹੈ । ੨੮ ਉਨ੍ਹਾਂ ਦੇ ਬਾਣ ਤਿੱਖੇ, ਅਤੇ ਉਨ੍ਹਾਂ ਦੇ ਸਾਰੇ ਧਣੁਖ ਕੱਸੇ ਹੋਏ ਹਨ, ਉਨ੍ਹਾਂ ਦੇ ਘੋੜਿਆਂ ਦੇ ਸੁੰਬ ਚਕਮਕ ਜਿਹੇ, ਅਤੇ ਉਨ੍ਹਾਂ ਦੇ ਪਹੀਏ ਵਾਵਰੋਲੇ ਜਿਹੇ ਜਾਪਦੇ ਹਨ । ੨੯ ਉਨ੍ਹਾਂ ਦਾ ਦਹਾੜਨਾ ਸ਼ੇਰਨੀ ਵਾਂਗੂੰ ਅਤੇ ਉਹ ਜੁਆਨ ਸ਼ੇਰ ਵਾਂਗੂੰ ਦਹਾੜਦੇ ਹਨ, ਉਹ ਗੱਜਦੇ ਹਨ ਅਤੇ ਸ਼ਿਕਾਰ ਫੜ੍ਹਦੇ ਹਨ, ਫੇਰ ਉਸ ਨੂੰ ਸੁਖਾਲੇ ਹੀ ਲੈ ਜਾਂਦੇ ਹਨ ਅਤੇ ਛੁਡਾਉਣ ਵਾਲਾ ਕੋਈ ਨਹੀਂ ਹੁੰਦਾ । ੩੦ ਉਸ ਦਿਨ ਉਹ ਉਸ ਦੇ ਉੱਤੇ ਸਮੁੰਦਰ ਦੀ ਗਰਜ ਵਾਂਗੂੰ ਗੱਜਣਗੇ, ਜੇ ਕੋਈ ਦੇਸ ਵੱਲ ਤੱਕੇ, ਤਾਂ ਉਸ ਨੂੰ ਹਨੇਰਾ ਅਤੇ ਦੁੱਖ ਵਿਖਾਈ ਦੇਵੇਗਾ, ਅਤੇ ਚਾਨਣ ਬੱਦਲਾਂ ਦੇ ਕਾਰਨ ਹਨੇਰਾ ਹੋ ਜਾਵੇਗਾ ।