੧੩
ਪਰਮੇਸ਼ੁਰ ਬਾਬਲ ਨੂੰ ਸਜ਼ਾ ਦੇਵੇਗਾ
੧ ਬਾਬਲ ਦੇ ਵਿਖੇ ਅਗੰਮ ਵਾਕ ਜਿਸ ਨੂੰ ਆਮੋਸ ਦੇ ਪੁੱਤਰ ਯਸਾਯਾਹ ਨੇ ਦਰਸ਼ਣ ਵਿੱਚ ਪਾਇਆ, - ੨ ਨੰਗੇ ਪਰਬਤ ਉੱਤੇ ਝੰਡਾ ਖੜ੍ਹਾ ਕਰੋ, ਉਨ੍ਹਾਂ ਨੂੰ ਉੱਚੀ ਅਵਾਜ਼ ਨਾਲ ਪੁਕਾਰੋ ! ਹੱਥ ਨਾਲ ਇਸ਼ਾਰਾ ਕਰੋ, ਤਾਂ ਜੋ ਉਹ ਪਤਵੰਤਾਂ ਦੇ ਫਾਟਕਾਂ ਵਿੱਚ ਵੜਨ ! ੩ ਮੈਂ ਆਪਣੇ ਸੰਤਾਂ ਨੂੰ ਹੁਕਮ ਦਿੱਤਾ ਹੈ, ਨਾਲੇ ਮੈਂ ਆਪਣੇ ਕ੍ਰੋਧ ਨੂੰ ਪੂਰਾ ਕਰਨ ਲਈ, ਆਪਣੇ ਸੂਰਮਿਆਂ ਨੂੰ ਬੁਲਾਇਆ, ਜਿਹੜੇ ਮੇਰੀ ਜਿੱਤ ਤੇ ਪ੍ਰਸੰਨ ਹੁੰਦੇ ਹਨ ।
੪ ਪਹਾੜਾਂ ਉੱਤੇ ਇੱਕ ਰੌਲੇ ਦੀ ਅਵਾਜ਼ ਸੁਣੋ, ਜਿਵੇਂ ਵੱਡੀ ਭੀੜ ਦੀ, ਰਾਜ ਰਾਜ ਦੀਆਂ ਕੌਮਾਂ ਦੇ ਇਕੱਠ ਦਾ ਸ਼ੋਰ, ਸੈਨਾਂ ਦਾ ਯਹੋਵਾਹ ਯੁੱਧ ਲਈ ਸੈਨਾਂ ਨੂੰ ਇਕੱਠਾ ਕਰ ਰਿਹਾ ਹੈ ! ੫ ਉਹ ਦੂਰ ਦੇਸ ਤੋਂ, ਅਕਾਸ਼ ਦੇ ਸਿਰੇ ਤੋਂ ਤੁਰੇ ਆਉਂਦੇ ਹਨ, ਯਹੋਵਾਹ ਅਤੇ ਉਹ ਦੇ ਕਹਿਰ ਦੇ ਸ਼ਸਤਰ ਆਉਂਦੇ ਹਨ, ਤਾਂ ਜੋ ਸਾਰੀ ਧਰਤੀ ਨੂੰ ਨਾਸ ਕਰਨ !
੬ ਤੁਸੀਂ ਧਾਹਾਂ ਮਾਰੋ ਕਿਉਂ ਜੋ ਯਹੋਵਾਹ ਦਾ ਦਿਨ ਨੇੜੇ ਹੈ, ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਗੂੰ ਆਵੇਗਾ । ੭ ਇਸ ਲਈ ਸਾਰੇ ਹੱਥ ਢਿੱਲੇ ਪੈ ਜਾਣਗੇ, ਅਤੇ ਹਰ ਮਨੁੱਖ ਦਾ ਦਿਲ ਡਰ ਨਾਲ ਢਲ ਜਾਵੇਗਾ । ੮ ਉਹ ਘਬਰਾ ਜਾਣਗੇ, ਪੀੜਾਂ ਅਤੇ ਕਸ਼ਟ ਉਨ੍ਹਾਂ ਨੂੰ ਫੜ੍ਹ ਲੈਣਗੇ, ਉਹ ਜਣਨ ਵਾਲੀ ਔਰਤ ਵਾਂਗੂੰ ਪੀੜ ਵਿੱਚ ਹੋਣਗੇ, ਉਹ ਹੱਕੇ-ਬੱਕੇ ਹੋ ਕੇ ਇੱਕ ਦੂਜੇ ਵੱਲ ਤੱਕਣਗੇ, ਉਨ੍ਹਾਂ ਦੇ ਮੂੰਹ ਭਖਦੇ ਹੋਣਗੇ ।
੯ ਵੇਖੋ, ਯਹੋਵਾਹ ਦਾ ਨਿਰਦਈ, ਕਹਿਰ ਅਤੇ ਤੇਜ ਕ੍ਰੋਧ ਨਾਲ ਭਰਪੂਰ ਦਿਨ ਆਉਂਦਾ ਹੈ, ਤਾਂ ਜੋ ਧਰਤੀ ਨੂੰ ਵਿਰਾਨ ਕਰੇ, ਅਤੇ ਉਹ ਦੇ ਪਾਪੀਆਂ ਨੂੰ ਉਹ ਦੇ ਵਿੱਚੋਂ ਨਾਸ ਕਰੇ । ੧੦ ਅਕਾਸ਼ ਦੇ ਤਾਰੇ ਅਤੇ ਉਹ ਦੀਆਂ ਖਿੱਤੀਆਂ ਆਪਣਾ ਚਾਨਣ ਨਾ ਦੇਣਗੀਆਂ, ਸੂਰਜ ਚੜ੍ਹਦਿਆਂ ਸਾਰ ਹਨੇਰਾ ਹੋ ਜਾਵੇਗਾ, ਅਤੇ ਚੰਦ ਆਪਣਾ ਪ੍ਰਕਾਸ਼ ਨਾ ਦੇਵੇਗਾ । ੧੧ ਮੈਂ ਜਗਤ ਨੂੰ ਉਹ ਦੀ ਬੁਰਿਆਈ ਦੀ, ਅਤੇ ਦੁਸ਼ਟਾਂ ਨੂੰ ਉਨ੍ਹਾਂ ਦੀ ਬਦੀ ਦੀ ਸਜ਼ਾ ਦਿਆਂਗਾ, ਅਤੇ ਬੇਰਹਿਮਾਂ ਦੇ ਘਮੰਡ ਨੂੰ ਤੋੜ ਦਿਆਂਗਾ । ੧੨ ਮੈਂ ਲੋਕਾਂ ਨੂੰ ਕੁੰਦਨ ਸੋਨੇ ਨਾਲੋਂ, ਅਤੇ ਮਨੁੱਖ ਨੂੰ ਓਫੀਰ ਦੇ ਸੋਨੇ ਨਾਲੋਂ ਦੁਰਲੱਭ ਬਣਾਵਾਂਗਾ । ੧੩ ਇਸ ਲਈ ਮੈਂ ਅਕਾਸ਼ ਨੂੰ ਕਾਂਬਾ ਲਵਾਂਗਾ, ਅਤੇ ਧਰਤੀ ਆਪਣੇ ਥਾਂ ਤੋਂ ਹਿਲਾਈ ਜਾਵੇਗੀ, ਇਹ ਸੈਨਾਂ ਦੇ ਯਹੋਵਾਹ ਦੇ ਕਹਿਰ ਵਿੱਚ, ਅਤੇ ਉਸ ਦੇ ਤੇਜ ਗੁੱਸੇ ਦੇ ਦਿਨ ਹੋਵੇਗਾ । ੧੪ ਤਦ ਅਜਿਹਾ ਹੋਵੇਗਾ ਕਿ ਭੁੱਲੀ ਹਰਨੀ ਵਾਂਗੂੰ ਅਤੇ ਉਸ ਭੇਡ ਵਾਂਗੂੰ ਜਿਸ ਦਾ ਪਾਲੀ ਨਹੀਂ, ਹਰੇਕ ਮਨੁੱਖ ਆਪਣੇ ਲੋਕਾਂ ਵੱਲ ਮੁੜੇਗਾ, ਅਤੇ ਹਰੇਕ ਮਨੁੱਖ ਆਪਣੇ ਦੇਸ ਨੂੰ ਭੱਜੇਗਾ । ੧੫ ਹਰੇਕ ਜਿਹੜਾ ਮਿਲ ਜਾਵੇ ਵਿੰਨ੍ਹਿਆ ਜਾਵੇਗਾ, ਹਰੇਕ ਜਿਹੜਾ ਫੜ੍ਹਿਆ ਜਾਵੇ ਤਲਵਾਰ ਨਾਲ ਡਿੱਗੇਗਾ । ੧੬ ਉਨ੍ਹਾਂ ਦੇ ਬੱਚੇ ਉਨ੍ਹਾਂ ਦੀਆਂ ਅੱਖਾਂ ਦੇ ਅੱਗੇ ਪਟਕਾਏ ਜਾਣਗੇ, ਉਨ੍ਹਾਂ ਦੇ ਘਰ ਲੁੱਟੇ ਜਾਣਗੇ, ਅਤੇ ਉਨ੍ਹਾਂ ਦੀਆਂ ਪਤਨੀਆਂ ਬੇਪਤ ਕੀਤੀਆਂ ਜਾਣਗੀਆਂ ।
੧੭ ਵੇਖੋ, ਮੈਂ ਉਨ੍ਹਾਂ ਦੇ ਵਿਰੁੱਧ ਮਾਦੀਆਂ ਨੂੰ ਪਰੇਰ ਰਿਹਾ ਹਾਂ, ਜਿਹੜੇ ਚਾਂਦੀ ਦੀ ਪਰਵਾਹ ਨਹੀਂ ਕਰਦੇ, ਨਾ ਸੋਨੇ ਤੋਂ ਖੁਸ਼ ਹੁੰਦੇ ਹਨ । ੧੮ ਉਨ੍ਹਾਂ ਦੇ ਧਣੁਖ ਜੁਆਨਾਂ ਨੂੰ ਵਿੰਨ੍ਹਣਗੇ, ਉਹ ਢਿੱਡ ਦੇ ਫਲ ਉੱਤੇ ਰਹਮ ਨਾ ਕਰਨਗੇ, ਉਨ੍ਹਾਂ ਦੀਆਂ ਅੱਖਾਂ ਬੱਚਿਆਂ ਉੱਤੇ ਤਰਸ ਨਾ ਖਾਣਗੀਆਂ । ੧੯ ਬਾਬਲ ਜੋ ਸਾਰੇ ਰਾਜਾਂ ਦੀ ਸਜਾਵਟ ਅਤੇ ਕਸਦੀਆਂ ਦੇ ਹੰਕਾਰ ਦੀ ਸ਼ਾਨ ਹੈ, ਸਦੂਮ ਅਤੇ ਅਮੂਰਾਹ ਜਿਹਾ ਹੋ ਜਾਵੇਗਾ, ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਢਾਹ ਦਿੱਤਾ ਸੀ । ੨੦ ਉਹ ਫੇਰ ਕਦੀ ਨਾ ਵਸਾਇਆ ਜਾਵੇਗਾ, ਨਾ ਪੀੜ੍ਹੀਓਂ ਪੀੜ੍ਹੀ ਅਬਾਦ ਕੀਤਾ ਜਾਵੇਗਾ, ਨਾ ਕੋਈ ਅਰਬੀ ਉੱਥੇ ਤੰਬੂ ਲਾਵੇਗਾ, ਨਾ ਅਯਾਲੀ ਉੱਥੇ ਆਪਣੇ ਇੱਜੜ ਬਿਠਾਉਣਗੇ । ੨੧ ਪਰ ਜੰਗਲੀ ਜਾਨਵਰ ਉੱਥੇ ਬੈਠਣਗੇ, ਉਨ੍ਹਾਂ ਦੇ ਘਰ ਗਿੱਦੜਾਂ ਨਾਲ ਭਰੇ ਹੋਣਗੇ, ਸ਼ੁਤਰ-ਮੁਰਗ ਉੱਥੇ ਵੱਸਣਗੇ, ਅਤੇ ਜੰਗਲੀ ਬੱਕਰੇ ਉੱਥੇ ਨੱਚਣਗੇ । ੨੨ ਬਿੱਜੂ ਉਨ੍ਹਾਂ ਦੇ ਖੁੱਡਾਂ ਵਿੱਚ, ਅਤੇ ਗਿੱਦੜ ਉਨ੍ਹਾਂ ਦੇ ਰੰਗ ਮਹਿਲਾਂ ਵਿੱਚ ਰੌਲਾ ਪਾਉਣਗੇ । ਉਹ ਦਾ ਸਮਾਂ ਨੇੜੇ ਆ ਗਿਆ ਹੈ, ਉਹ ਦੇ ਦਿਨ ਲੰਮੇ ਨਾ ਹੋਣਗੇ ।