੧੬
ਮੋਆਬ ਦੀ ਨਿਰਾਸ਼ਾਜਨਕ ਸਥਿਤੀ
੧ ਦੇਸ ਦੇ ਹਾਕਮ ਲਈ ਸਿਲਾ ਦੀ ਉਜਾੜ ਤੋਂ ਸੀਯੋਨ ਦੀ ਧੀ ਦੇ ਪਰਬਤ ਉੱਤੇ ਲੇਲੇ ਘੱਲੋ । ੨ ਜਿਵੇਂ ਅਵਾਰਾ ਪੰਛੀ ਅਤੇ ਗੁਆਚੇ ਹੋਏ ਬੋਟ ਹੁੰਦੇ ਹਨ, ਉਸੇ ਤਰ੍ਹਾਂ ਹੀ ਅਰਨੋਨ ਦੇ ਪੱਤਣਾਂ ਉੱਤੇ ਮੋਆਬ ਦੀਆਂ ਧੀਆਂ ਹੋਣਗੀਆਂ । ੩ ਸਲਾਹ ਦਿਓ, ਇਨਸਾਫ਼ ਕਰੋ ! ਆਪਣਾ ਪਰਛਾਵਾਂ ਦੁਪਹਿਰ ਦੇ ਵੇਲੇ ਰਾਤ ਵਾਂਗੂੰ ਬਣਾ, ਕੱਢਿਆਂ ਹੋਇਆਂ ਨੂੰ ਲੁਕਾ, ਭਗੌੜੇ ਨੂੰ ਨਾ ਫੜ੍ਹਾ । ੪ ਮੇਰੇ ਕੱਢਿਆਂ ਹੋਇਆਂ ਨੂੰ ਆਪਣੇ ਵਿੱਚ ਟਿਕਾ ਲੈ, ਮੋਆਬ ਲਈ ਲੁਟੇਰੇ ਦੇ ਮੂੰਹੋਂ ਤੂੰ ਉਸ ਦੀ ਓਟ ਹੋ । ਜਦ ਜ਼ਾਲਮ ਮੁੱਕ ਗਿਆ, ਤਦ ਬਰਬਾਦੀ ਖ਼ਤਮ ਹੋ ਜਾਵੇਗੀ, ਮਿੱਧਣ ਵਾਲੇ ਦੇਸ ਤੋਂ ਮਿਟ ਗਏ, ੫ ਤਦ ਇੱਕ ਸਿੰਘਾਸਣ ਦਯਾ ਨਾਲ ਕਾਇਮ ਕੀਤਾ ਜਾਵੇਗਾ ਅਤੇ ਉਹ ਦੇ ਉੱਤੇ ਦਾਊਦ ਦੇ ਤੰਬੂ ਵਿੱਚ ਸਚਿਆਈ ਨਾਲ ਉਹ ਬੈਠੇਗਾ, ਜਿਹੜਾ ਸਚਿਆਈ ਨਾਲ ਨਿਆਂ ਕਰੇਗਾ, ਅਤੇ ਧਰਮ ਦੇ ਕੰਮ ਕਰਨ ਵਿੱਚ ਫੁਰਤੀ ਕਰੇਗਾ ।
੬ ਅਸੀਂ ਮੋਆਬ ਦੇ ਹੰਕਾਰ ਦੇ ਵਿਖੇ ਸੁਣਿਆ, ਕਿ ਉਹ ਅੱਤ ਹੰਕਾਰੀ ਹੈ, ਅਤੇ ਉਹ ਦੇ ਘਮੰਡ, ਉਹ ਦੇ ਹੰਕਾਰ, ਅਤੇ ਉਹ ਦੇ ਅੱਖੜਪਣ ਵਿਖੇ ਵੀ, - ਪਰ ਉਹ ਦੀਆਂ ਗੱਪਾਂ ਕੁਝ ਵੀ ਨਹੀਂ ਹਨ । ੭ ਇਸ ਲਈ ਮੋਆਬ ਮੋਆਬ ਲਈ ਧਾਹਾਂ ਮਾਰੇਗਾ, ਹਰੇਕ ਧਾਹਾਂ ਮਾਰੇਗਾ, ਕੀਰ-ਹਰਸਥ ਦੀ ਸੌਗੀ ਦੀਆਂ ਪਿੰਨੀਆਂ ਲਈ ਤੁਸੀਂ ਹੌਕੇ ਲੈ-ਲੈ ਕੇ ਰੋਵੋਗੇ ।
੮ ਹਸ਼ਬੋਨ ਦੀਆਂ ਪੈਲ੍ਹੀਆਂ, ਸਿਬਮਾਹ ਦੀਆਂ ਵੇਲਾਂ ਸੁੱਕ ਗਈਆਂ । ਕੌਮਾਂ ਦੇ ਮਾਲਕਾਂ ਨੇ ਉਹ ਦੀਆਂ ਚੰਗੀਆਂ ਟਹਿਣੀਆਂ ਭੰਨ ਸੁੱਟੀਆਂ, ਉਹ ਯਾਜ਼ੇਰ ਤੱਕ ਪਹੁੰਚੀਆਂ, ਉਹ ਉਜਾੜ ਵਿੱਚ ਫੈਲ ਗਈਆਂ, ਉਹ ਦੀਆਂ ਸ਼ਾਖਾਂ ਖਿੱਲਰ ਗਈਆਂ, ਉਹ ਸਮੁੰਦਰੋਂ ਪਾਰ ਲੰਘ ਗਈਆਂ । ੯ ਇਸ ਲਈ ਮੈਂ ਵੀ ਯਾਜ਼ੇਰ ਦੇ ਨਾਲ ਸਿਬਮਾਹ ਦੀ ਵੇਲ ਲਈ ਰੋਵਾਂਗਾ । ਹੇ ਹਸ਼ਬੋਨ ਅਤੇ ਅਲਾਲੇਹ, ਮੈਂ ਤੈਨੂੰ ਆਪਣੇ ਹੰਝੂਆਂ ਨਾਲ ਭੇਉਂ ਦਿਆਂਗਾ, ਕਿਉਂ ਜੋ ਤੇਰੇ ਗਰਮੀ ਦੇ ਫਲਾਂ ਉੱਤੇ ਅਤੇ ਤੇਰੀ ਫ਼ਸਲ ਉੱਤੇ ਹੋਣ ਵਾਲਾ ਅਨੰਦ ਢਿੱਲਾ ਪੈ ਗਿਆ, ੧੦ ਅਨੰਦ ਅਤੇ ਖੁਸ਼ੀ ਫਲਦਾਰ ਪੈਲੀ ਵਿੱਚੋਂ ਲੈ ਲਈ ਗਈ, ਅੰਗੂਰੀ ਬਾਗਾਂ ਵਿੱਚ ਜੈਕਾਰੇ ਨਾ ਲਲਕਾਰੇ ਜਾਣਗੇ, ਕੋਈ ਲਤਾੜਨ ਵਾਲਾ ਹੌਦਾਂ ਵਿੱਚ ਰਸ ਨਹੀਂ ਲਤਾੜੇਗਾ, ਮੈਂ ਲਤਾੜੂਆਂ ਦਾ ਸ਼ਬਦ ਬੰਦ ਕਰ ਛੱਡਿਆ ਹੈ । ੧੧ ਇਸ ਲਈ ਮੇਰਾ ਮਨ ਮੋਆਬ ਲਈ ਬਰਬਤ ਵਾਂਗੂੰ ਵਿਰਲਾਪ ਕਰਦਾ ਹੈ, ਅਤੇ ਮੇਰਾ ਦਿਲ ਕੀਰ-ਹਾਰਸ ਲਈ ਵੀ ।
੧੨ ਅਜਿਹਾ ਹੋਵੇਗਾ ਕਿ ਜਦ ਮੋਆਬ ਹਾਜ਼ਰ ਹੋਵੇਗਾ, ਜਦ ਉਹ ਉੱਚੇ ਸਥਾਨ ਉੱਤੇ ਥੱਕ ਜਾਵੇਗਾ, ਤਾਂ ਉਹ ਪ੍ਰਾਰਥਨਾ ਲਈ ਆਪਣੇ ਪਵਿੱਤਰ ਸਥਾਨ ਨੂੰ ਆਵੇਗਾ, ਪਰ ਉਸ ਨੂੰ ਕੋਈ ਲਾਭ ਨਾ ਹੋਵੇਗਾ ॥ ੧੩ ਇਹ ਬਚਨ ਉਹ ਹੈ ਜਿਹੜਾ ਯਹੋਵਾਹ ਮੋਆਬ ਦੇ ਵਿਖੇ ਭੂਤ ਕਾਲ ਵਿੱਚ ਬੋਲਿਆ, ੧੪ ਪਰ ਹੁਣ ਯਹੋਵਾਹ ਇਹ ਆਖਦਾ ਹੈ ਕਿ ਤਿੰਨਾਂ ਸਾਲਾਂ ਦੇ ਵਿੱਚ ਮਜ਼ਦੂਰ ਦੇ ਸਾਲਾਂ ਵਾਂਗੂੰ ਮੋਆਬ ਦਾ ਪਰਤਾਪ, ਉਹ ਦੀ ਸਾਰੀ ਵੱਡੀ ਭੀੜ ਸਮੇਤ ਤੁੱਛ ਕੀਤਾ ਜਾਵੇਗਾ ਅਤੇ ਬਚੇ ਹੋਏ ਬਹੁਤ ਥੋੜ੍ਹੇ ਅਤੇ ਲਿੱਸੇ ਹੋਣਗੇ ।