੨੧
ਬਾਬਲ ਦੇ ਪਤਨ ਦਾ ਦਰਸ਼ਣ
੧ ਸਮੁੰਦਰ ਦੀ ਉਜਾੜ ਦੇ ਵਿਖੇ ਅਗੰਮ ਵਾਕ, - ਜਿਵੇਂ ਦੱਖਣ ਵਿੱਚ ਵਾਵਰੋਲੇ ਲੰਘਣ ਨੂੰ ਹਨ, ਉਸੇ ਤਰ੍ਹਾਂ ਉਹ ਉਜਾੜ ਤੋਂ, ਇੱਕ ਡਰਾਉਣੇ ਦੇਸ ਤੋਂ ਚਲਿਆ ਆਉਂਦਾ ਹੈ । ੨ ਕਸ਼ਟ ਦੀਆਂ ਗੱਲਾਂ ਦਾ ਇੱਕ ਦਰਸ਼ਣ ਮੈਨੂੰ ਵਿਖਾਇਆ ਗਿਆ, - ਛਲੀਆ ਛਲਦਾ, ਲੁਟੇਰਾ ਲੁੱਟਦਾ ! ਹੇ ਏਲਾਮ, ਚੜ੍ਹਾਈ ਕਰ ! ਹੇ ਮਾਦਈ, ਘੇਰ ਲੈ ! ਮੈਂ ਉਸ ਦਾ ਸਾਰਾ ਹੂੰਗਣਾ ਮੁਕਾ ਦਿੰਦਾ ਹਾਂ । ੩ ਇਸ ਲਈ ਮੇਰਾ ਲੱਕ ਦਰਦ ਨਾਲ ਭਰਿਆ ਹੈ, ਜਣਨ ਵਾਲੀ ਦੀਆਂ ਪੀੜਾਂ ਵਾਂਗੂੰ ਪੀੜਾਂ ਨੇ ਮੈਨੂੰ ਫੜ੍ਹ ਲਿਆ ਹੈ, ਮੈਂ ਅਜਿਹੀ ਬੇਚੈਨੀ ਵਿੱਚ ਹਾਂ ਕਿ ਮੈਂ ਸੁਣ ਨਹੀਂ ਸਕਦਾ, ਮੈਂ ਅਜਿਹਾ ਘਬਰਾ ਗਿਆ ਹਾਂ ਕਿ ਮੈਂ ਵੇਖ ਨਹੀਂ ਸਕਦਾ । ੪ ਮੇਰਾ ਦਿਲ ਧੜਕਦਾ ਹੈ, ਕੰਬਣੀ ਨੇ ਮੈਨੂੰ ਆ ਦੱਬਿਆ, ਜਿਸ ਸ਼ਾਮ ਨੂੰ ਮੈਂ ਲੋਚਦਾ ਸੀ, ਉਹ ਮੇਰੇ ਲਈ ਕਾਂਬਾ ਬਣ ਗਈ ਹੈ । ੫ ਉਹ ਭੋਜਨ ਲਈ ਮੇਜ਼ ਲਾਉਂਦੇ ਹਨ, ਉਹ ਦਰੀਆਂ ਵਿਛਾਉਂਦੇ ਹਨ, ਉਹ ਖਾਂਦੇ-ਪੀਂਦੇ ਹਨ । ਹੇ ਹਾਕਮੋ, ਉੱਠੋ ! ਢਾਲਾਂ ਨੂੰ ਤੇਲ ਮਲੋ ! । ੬ ਕਿਉਂਕਿ ਪ੍ਰਭੂ ਨੇ ਮੈਨੂੰ ਆਖਿਆ ਹੈ, ਜਾਹ, ਰਾਖਾ ਖੜ੍ਹਾ ਕਰ, ਜੋ ਕੁਝ ਉਹ ਵੇਖੇ ਉਹ ਦੱਸੇ । ੭ ਜਦ ਉਹ ਅਸਵਾਰ, ਘੋੜ ਚੜ੍ਹਿਆਂ ਦੇ ਜੋੜੇ, ਖੋਤਿਆਂ ਦੇ ਅਸਵਾਰ, ਊਠਾਂ ਦੇ ਅਸਵਾਰ ਵੇਖੇ, ਤਾਂ ਵੱਡੇ ਗੌਰ ਨਾਲ ਗੌਰ ਕਰੇ ! ੮ ਉਹ ਨੇ ਬੱਬਰ ਸ਼ੇਰ ਵਾਂਗੂੰ ਪੁਕਾਰਿਆ, ਹੇ ਪ੍ਰਭੂ, ਮੈਂ ਪਹਿਰੇ ਦੇ ਬੁਰਜ ਉੱਤੇ ਸਾਰਾ ਦਿਨ ਖੜ੍ਹਾ ਰਹਿੰਦਾ ਹਾਂ, ਅਤੇ ਰਾਤਾਂ ਦੀਆਂ ਰਾਤਾਂ ਆਪਣੇ ਪਹਿਰੇ ਉੱਤੇ ਟਿਕਿਆ ਰਹਿੰਦਾ ਹਾਂ । ੯ ਅਤੇ ਵੇਖੋ ! ਅਸਵਾਰ, ਘੋੜ ਚੜ੍ਹਿਆਂ ਦੇ ਜੋੜੇ ਚਲੇ ਆਉਂਦੇ ਹਨ ! ਉਹ ਨੇ ਉੱਤਰ ਦੇ ਕੇ ਆਖਿਆ, ਡਿੱਗ ਪਿਆ, ਬਾਬਲ ਡਿੱਗ ਪਿਆ ! ਉਹ ਦੇ ਦੇਵਤਿਆਂ ਦੀਆਂ ਸਾਰੀਆਂ ਮੂਰਤੀਆਂ ਭੂੰਜੇ ਭੰਨੀਆਂ ਪਈਆਂ ਹਨ । ੧੦ ਹੇ ਮੇਰੇ ਗਾਹ ਅਤੇ ਮੇਰੇ ਪਿੜ ਦੇ ਅੰਨ, ਜੋ ਕੁਝ ਮੈਂ ਇਸਰਾਏਲ ਦੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਤੋਂ ਸੁਣਿਆ ਹੈ, ਮੈਂ ਤੁਹਾਨੂੰ ਦੱਸ ਦਿੱਤਾ ਹੈ ।
ਦੂਮਾਹ ਦੇ ਵਿਖੇ ਸੰਦੇਸ
੧੧ ਦੂਮਾਹ ਦੇ ਵਿਖੇ ਅਗੰਮ ਵਾਕ, - ਸੇਈਰ ਤੋਂ ਕੋਈ ਮੈਨੂੰ ਪੁਕਾਰਦਾ ਹੈ, ਹੇ ਰਾਖੇ, ਰਾਤ ਦੀ ਕੀ ਖ਼ਬਰ ਹੈ ? ਹੇ ਰਾਖੇ, ਰਾਤ ਦੀ ਕੀ ਖ਼ਬਰ ਹੈ ? ੧੨ ਰਾਖੇ ਨੇ ਆਖਿਆ, ਸਵੇਰ ਆਉਂਦੀ ਹੈ, ਅਤੇ ਰਾਤ ਵੀ, ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਪੁੱਛੋ, ਫੇਰ ਮੁੜ ਕੇ ਆਓ ।
ਅਰਬ ਦੇ ਵਿਖੇ ਸੰਦੇਸ
੧੩ ਅਰਬ ਦੇ ਵਿਰੁੱਧ ਅਗੰਮ ਵਾਕ, - ਹੇ ਦਦਾਨੀਆਂ ਦੇ ਕਾਫ਼ਲਿਓ, ਤੁਸੀਂ ਜੋ ਅਰਬ ਦੇ ਜੰਗਲਾਂ ਵਿੱਚ ਟਿਕਦੇ ਹੋ । ੧੪ ਹੇ ਤੇਮਾ ਦੇਸ ਦੇ ਵਾਸੀਓ, ਤਿਹਾਏ ਦੇ ਪੀਣ ਲਈ ਪਾਣੀ ਲਿਆਓ, ਭਗੌੜੇ ਲਈ ਆਪਣੀ ਰੋਟੀ ਲੈ ਕੇ ਮਿਲੋ, ੧੫ ਕਿਉਂ ਜੋ ਉਹ ਤਲਵਾਰ ਤੋਂ, ਸਗੋਂ ਧੂਹੀ ਹੋਈ ਤਲਵਾਰ ਤੋਂ ਅਤੇ ਝੁਕਾਈ ਹੋਈ ਧਣੁਖ ਤੋਂ, ਅਤੇ ਘਮਸਾਣ ਯੁੱਧ ਤੋਂ ਭੱਜੇ ਹਨ ।
੧੬ ਪ੍ਰਭੂ ਨੇ ਤਾਂ ਮੈਨੂੰ ਇਹ ਆਖਿਆ, ਮਜ਼ਦੂਰ ਦੇ ਸਾਲਾਂ ਦੇ ਅਨੁਸਾਰ ਇੱਕ ਸਾਲ ਵਿੱਚ, ਕੇਦਾਰ ਦਾ ਸਾਰਾ ਪਰਤਾਪ ਮੁੱਕ ਜਾਵੇਗਾ । ੧੭ ਕੇਦਾਰੀਆਂ ਦੇ ਸੂਰਮੇ, ਤੀਰ ਅੰਦਾਜ਼ਾਂ ਦਾ ਬਕੀਆ ਥੋੜ੍ਹਾ ਹੀ ਰਹਿ ਜਾਵੇਗਾ, ਕਿਉਂ ਜੋ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਇਹ ਫ਼ਰਮਾਇਆ ਹੈ ।