੨੨
ਯਰੂਸ਼ਲਮ ਦੇ ਵਿਖੇ ਸੰਦੇਸ
੧ ਦਰਸ਼ਣ ਵਾਲੀ ਘਾਟੀ ਦੇ ਵਿਖੇ ਅਗੰਮ ਵਾਕ, - ਹੁਣ ਤੈਨੂੰ ਕੀ ਹੋਇਆ, ਤੁਸੀਂ ਜੋ ਸਾਰਿਆਂ ਦੇ ਸਾਰੇ ਕੋਠਿਆਂ ਉੱਤੇ ਚੜ੍ਹ ਗਏ ਹੋ ? ੨ ਹੇ ਸ਼ੋਰ ਨਾਲ ਭਰੇ ਹੋਏ ਰੌਲੇ ਵਾਲੇ ਸ਼ਹਿਰ ! ਹੇ ਅਨੰਦਮਈ ਨਗਰ ! ਤੇਰੇ ਵੱਢੇ ਹੋਏ ਨਾ ਤਲਵਾਰ ਨਾਲ ਵੱਢੇ ਗਏ, ਨਾ ਜੰਗ ਵਿੱਚ ਮਾਰੇ ਗਏ ! ੩ ਤੇਰੇ ਸਾਰੇ ਆਗੂ ਇਕੱਠੇ ਭੱਜ ਗਏ, ਉਹ ਤੀਰ ਅੰਦਾਜਾਂ ਤੋਂ ਫੜ੍ਹੇ ਗਏ, ਜਿੰਨੇ ਲੱਭ ਪਏ ਉਹ ਇਕੱਠੇ ਬੰਦੀ ਬਣਾਏ ਗਏ, ਭਾਵੇਂ ਉਹ ਦੂਰੋਂ ਹੀ ਭੱਜ ਗਏ ਸਨ । ੪ ਇਸ ਲਈ ਮੈਂ ਆਖਿਆ, ਮੇਰੀ ਵੱਲ ਨਾ ਵੇਖੋ, ਮੈਂ ਫੁੱਟ-ਫੁੱਟ ਕੇ ਰੋਵਾਂਗਾ । ਮੇਰੀ ਪਰਜਾ ਦੀ ਧੀ ਦੀ ਬਰਬਾਦੀ ਉੱਤੇ, ਮੈਨੂੰ ਤਸੱਲੀ ਦੇਣ ਦਾ ਯਤਨ ਨਾ ਕਰੋ ।
੫ ਸੈਨਾਂ ਦੇ ਪ੍ਰਭੂ ਯਹੋਵਾਹ ਦਾ ਠਹਿਰਾਇਆ ਹੋਇਆ ਇੱਕ ਦਿਨ ਹੈ, ਦਰਸ਼ਣ ਵਾਲੀ ਘਾਟੀ ਵਿੱਚ ਰੌਲੇ ਅਤੇ ਲਤਾੜਨ ਅਤੇ ਗੜਬੜ ਦਾ ਦਿਨ, ਕੰਧਾਂ ਦਾ ਢੱਠਣਾ ਅਤੇ ਰੌਲਾ ਪਹਾੜਾਂ ਤੱਕ ਪਹੁੰਚਿਆ ! ੬ ਏਲਾਮ ਨੇ ਰਥਾਂ, ਆਦਮੀਆਂ ਅਤੇ ਘੋੜ ਚੜ੍ਹਿਆਂ ਨਾਲ ਤਰਕਸ਼ ਚੁੱਕਿਆ ਹੈ, ਅਤੇ ਕੀਰ ਨੇ ਢਾਲ ਨੰਗੀ ਕੀਤੀ । ੭ ਤੇਰੀਆਂ ਚੰਗੇਰੀਆਂ ਘਾਟੀਆਂ ਰਥਾਂ ਨਾਲ ਭਰੀਆਂ ਹੋਈਆਂ ਹਨ, ਅਤੇ ਘੋੜ ਚੜ੍ਹਿਆਂ ਨੇ ਫਾਟਕ ਦੇ ਅੱਗੇ ਕਤਾਰ ਬੰਨ੍ਹੀ ਹੋਈ ਹੈ । ੮ ਉਸ ਨੇ ਯਹੂਦਾਹ ਦਾ ਪੜਦਾ ਲਾਹ ਸੁੱਟਿਆ ਹੈ ।
ਉਸ ਦਿਨ ਤੂੰ ਜੰਗਲ ਦੇ ਮਹਿਲ ਵਿੱਚ ਸ਼ਸਤਰਾਂ ਉੱਤੇ ਗੌਰ ਕੀਤਾ ੯ ਅਤੇ ਤੁਸੀਂ ਦਾਊਦ ਦੇ ਸ਼ਹਿਰ ਦੀਆਂ ਤੇੜਾਂ ਵੇਖੀਆਂ ਕਿ ਉਹ ਬਹੁਤ ਸਨ ਅਤੇ ਤੁਸੀਂ ਹੇਠਲੇ ਤਲਾਬ ਦਾ ਪਾਣੀ ਇਕੱਠਾ ਕੀਤਾ । ੧੦ ਤੁਸੀਂ ਯਰੂਸ਼ਲਮ ਦੇ ਘਰਾਂ ਦੀ ਗਿਣਤੀ ਕੀਤੀ ਅਤੇ ਘਰਾਂ ਨੂੰ ਢਾਹ ਸੁੱਟਿਆ ਤਾਂ ਜੋ ਸ਼ਹਿਰਪਨਾਹ ਨੂੰ ਪੱਕਾ ਕਰੋ । ੧੧ ਤੁਸੀਂ ਪੁਰਾਣੇ ਤਲਾਬ ਦੇ ਪਾਣੀ ਲਈ ਦੋਹਾਂ ਕੰਧਾਂ ਦੇ ਵਿਚਕਾਰ ਇੱਕ ਹੌਦ ਬਣਾਇਆ ਪਰ ਤੁਸੀਂ ਉਹ ਦੇ ਬਣਾਉਣ ਵਾਲੇ ਦਾ ਗੌਰ ਨਾ ਕੀਤਾ, ਜਿਸ ਨੇ ਪੁਰਾਣੇ ਸਮਿਆਂ ਤੋਂ ਉਸ ਨੂੰ ਠਹਿਰਾਇਆ ਸੀ, ਨਾ ਉਸ ਵੱਲ ਧਿਆਨ ਦਿੱਤਾ ।
੧੨ ਉਸ ਦਿਨ ਸੈਨਾਂ ਦੇ ਪ੍ਰਭੂ ਯਹੋਵਾਹ ਨੇ ਤੁਹਾਨੂੰ ਰੋਣ ਲਈ, ਸੋਗ ਕਰਨ, ਸਿਰ ਮੁਨਾਉਣ ਅਤੇ ਤੱਪੜ ਪਾਉਣ ਲਈ ਬੁਲਾਇਆ ਸੀ, ੧੩ ਪਰ ਵੇਖੋ, ਖੁਸ਼ੀ ਅਤੇ ਅਨੰਦ ਮਨਾਇਆ ਗਿਆ, ਬਲਦਾਂ ਨੂੰ ਵੱਢਣਾ ਅਤੇ ਭੇਡਾਂ ਨੂੰ ਕੱਟਣਾ ਕੀਤਾ ਗਿਆ, ਮਾਸ ਖਾਧਾ ਗਿਆ ਅਤੇ ਮਧ ਪੀਤੀ ਗਈ, ਕਿਉਂ ਜੋ ਤੁਸੀਂ ਆਖਿਆ - ਅਸੀਂ ਖਾਈਏ ਪੀਵੀਏ, ਕਿਉਂ ਜੋ ਕੱਲ ਅਸੀਂ ਮਰਾਂਗੇ । ੧੪ ਤਦ ਮੇਰੇ ਕੰਨ ਵਿੱਚ ਸੈਨਾਂ ਦੇ ਯਹੋਵਾਹ ਨੇ ਇਹ ਆਖਿਆ, ਤੁਹਾਡੇ ਮਰਨ ਤੱਕ ਵੀ ਤੁਹਾਡੀ ਇਸ ਬਦੀ ਦਾ ਪਰਾਸਚਿਤ ਨਾ ਹੋਵੇਗਾ, ਸੈਨਾਂ ਦਾ ਪ੍ਰਭੂ ਯਹੋਵਾਹ ਇਹ ਆਖਦਾ ਹੈ ।
ਸ਼ਬਨਾ ਨੂੰ ਚੇਤਾਵਨੀ
੧੫ ਸੈਨਾਂ ਦਾ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇੱਕ ਭੰਡਾਰੀ ਕੋਲ ਅਰਥਾਤ ਸ਼ਬਨਾ ਕੋਲ ਜਾ, ਜਿਹੜਾ ਇਸ ਘਰ ਉੱਤੇ ਹੈ ਅਤੇ ਆਖ, ੧੬ ਐਥੇ ਤੇਰੇ ਕੋਲ ਕੀ ਹੈ ? ਅਤੇ ਐਥੇ ਤੇਰਾ ਕੌਣ ਹੈ ? ਜੋ ਤੂੰ ਆਪਣੇ ਲਈ ਐਥੇ ਇੱਕ ਕਬਰ ਪੁੱਟੀ ਹੈ ! ਉਚਿਆਈ ਤੇ ਉਹ ਆਪਣੀ ਕਬਰ ਪੁੱਟਦਾ, ਚੱਟਾਨ ਵਿੱਚ ਉਹ ਆਪਣੇ ਲਈ ਇੱਕ ਟਿਕਾਣਾ ਬਣਾਉਂਦਾ ਹੈ ! ੧੭ ਵੇਖ, ਹੇ ਸੂਰਮੇ, ਯਹੋਵਾਹ ਤੈਨੂੰ ਘੁੱਟ ਕੇ ਫੜ੍ਹੇਗਾ ਅਤੇ ਵਗਾਹ ਕੇ ਸੁੱਟ ਦੇਵੇਗਾ ! ੧੮ ਉਹ ਜ਼ੋਰ ਨਾਲ ਘੁਮਾ-ਘੁਮਾ ਕੇ ਤੈਨੂੰ ਖਿੱਦੋ ਵਾਂਗੂੰ ਖੁੱਲ੍ਹੇ ਦੇਸ ਵਿੱਚ ਸੁੱਟੇਗਾ, ਉੱਥੇ ਤੂੰ ਮਰੇਂਗਾ ਅਤੇ ਉੱਥੇ ਹੀ ਤੇਰੇ ਸ਼ਾਨਦਾਰ ਰਥ ਪਏ ਰਹਿਣਗੇ, ਹੇ ਤੂੰ ਜੋ ਆਪਣੇ ਮਾਲਕ ਦੇ ਘਰ ਦੀ ਸ਼ਰਮਿੰਦਗੀ ਦਾ ਕਾਰਨ ਹੈਂ ! ੧੯ ਮੈਂ ਤੈਨੂੰ ਤੇਰੇ ਅਹੁਦੇ ਤੋਂ ਹਟਾ ਦਿਆਂਗਾ ਅਤੇ ਤੂੰ ਆਪਣੇ ਥਾਂ ਤੋਂ ਲਾਹ ਸੁੱਟਿਆ ਜਾਵੇਂਗਾ । ੨੦ ਉਸ ਦਿਨ ਅਜਿਹਾ ਹੋਵੇਗਾ ਕਿ ਮੈਂ ਆਪਣੇ ਦਾਸ ਹਿਲਕੀਯਾਹ ਦੇ ਪੁੱਤਰ ਅਲਯਾਕੀਮ ਨੂੰ ਬੁਲਾਵਾਂਗਾ ੨੧ ਅਤੇ ਮੈਂ ਤੇਰਾ ਚੋਗਾ ਉਸ ਤੇ ਪਾਵਾਂਗਾ ਅਤੇ ਤੇਰੀ ਪੇਟੀ ਨਾਲ ਉਸ ਦੀ ਕਮਰ ਕੱਸਾਂਗਾ ਅਤੇ ਤੇਰੀ ਹਕੂਮਤ ਉਸ ਦੇ ਹੱਥ ਵਿੱਚ ਦਿਆਂਗਾ ਅਤੇ ਉਹ ਯਰੂਸ਼ਲਮ ਦੇ ਵਾਸੀਆਂ ਦਾ ਅਤੇ ਯਹੂਦਾਹ ਦੇ ਘਰਾਣੇ ਦਾ ਪਿਤਾ ਹੋਵੇਗਾ । ੨੨ ਮੈਂ ਉਹ ਦੇ ਮੋਢੇ ਉੱਤੇ ਦਾਊਦ ਦੇ ਘਰ ਦੀ ਕੁੰਜੀ ਰੱਖਾਂਗਾ, ਜੋ ਉਹ ਖੋਲ੍ਹੇਗਾ, ਕੋਈ ਬੰਦ ਨਾ ਕਰ ਸਕੇਗਾ ਅਤੇ ਜੋ ਉਹ ਬੰਦ ਕਰੇਗਾ, ਕੋਈ ਖੋਲ੍ਹ ਨਾ ਸਕੇਗਾ । ੨੩ ਮੈਂ ਉਹ ਨੂੰ ਕੀਲੇ ਵਾਂਗੂੰ ਪੱਕੇ ਥਾਂ ਵਿੱਚ ਠੋਕਾਂਗਾ ਅਤੇ ਉਹ ਆਪਣੇ ਪਿਤਾ ਦੇ ਘਰਾਣੇ ਲਈ ਇੱਕ ਤੇਜਵਾਨ ਸਿੰਘਾਸਣ ਹੋਵੇਗਾ । ੨੪ ਅਤੇ ਉਹ ਉਸ ਦੇ ਉੱਤੇ ਉਸ ਦੇ ਪਿਤਾ ਦੇ ਘਰਾਣੇ ਦਾ ਸਾਰਾ ਭਾਰ ਪਾ ਦੇਣਗੇ ਅਰਥਾਤ ਬਾਲ ਬੱਚੇ, ਸਾਰੇ ਛੋਟੇ ਭਾਂਡੇ ਕਟੋਰਿਆਂ ਤੋਂ ਲੈ ਕੇ ਸਾਰੀਆਂ ਗਾਗਰਾਂ ਤੱਕ । ੨੫ ਉਸ ਦਿਨ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਉਹ ਕੀਲਾ ਜਿਹੜਾ ਪੱਕੇ ਥਾਂ ਵਿੱਚ ਠੋਕਿਆ ਹੋਇਆ ਸੀ, ਉਖੜ ਜਾਵੇਗਾ ਅਤੇ ਉਹ ਵੱਢਿਆ ਜਾਵੇਗਾ ਅਤੇ ਡਿੱਗੇਗਾ ਅਤੇ ਉਹ ਬੋਝ ਜਿਹੜਾ ਉਸ ਉੱਤੇ ਹੈ, ਡਿੱਗ ਪਵੇਗਾ ਕਿਉਂ ਜੋ ਯਹੋਵਾਹ ਨੇ ਇਹ ਫ਼ਰਮਾਇਆ ਹੈ ।