੨੬
ਪਰਮੇਸ਼ੁਰ ਆਪਣੇ ਲੋਕਾਂ ਨੂੰ ਜਿੱਤ ਦੇਵੇਗਾ
੧ ਉਸ ਦਿਨ ਯਹੂਦਾਹ ਦੇ ਦੇਸ ਵਿੱਚ ਇਹ ਗੀਤ ਗਾਇਆ ਜਾਵੇਗਾ, - ਸਾਡਾ ਇੱਕ ਤਕੜਾ ਸ਼ਹਿਰ ਹੈ, ਉਹ ਦੀਆਂ ਕੰਧਾਂ ਅਤੇ ਸ਼ਹਿਰਪਨਾਹ ਨੂੰ ਉਸ ਨੇ ਮੁਕਤੀ ਠਹਿਰਾਇਆ । ੨ ਫਾਟਕ ਖੋਲ੍ਹੋ ! ਤਾਂ ਜੋ ਉਹ ਧਰਮੀ ਕੌਮ ਜਿਹੜੀ ਵਫ਼ਾਦਾਰੀ ਦੀ ਪਾਲਣਾ ਕਰਦੀ ਹੈ ਅੰਦਰ ਆਵੇ । ੩ ਜਿਹੜਾ ਤੇਰੇ ਵਿੱਚ ਲਵਲੀਨ ਹੈ, ਤੂੰ ਉਹ ਦੀ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈਂ, ਇਸ ਲਈ ਭਈ ਉਹ ਦਾ ਭਰੋਸਾ ਤੇਰੇ ਉੱਤੇ ਹੈ । ੪ ਸਦਾ ਤੱਕ ਯਹੋਵਾਹ ਉੱਤੇ ਭਰੋਸਾ ਰੱਖੋ, ਕਿਉਂ ਜੋ ਪ੍ਰਭੂ ਯਹੋਵਾਹ ਸਨਾਤਨ ਚੱਟਾਨ ਹੈ । ੫ ਉਹ ਤਾਂ ਉਤਾਹਾਂ ਰਹਿਣ ਵਾਲਿਆਂ ਨੂੰ, ਉੱਚੇ ਨਗਰ ਸਮੇਤ ਹੇਠਾਂ ਝੁਕਾਉਂਦਾ ਹੈ, ਉਹ ਉਸ ਨੂੰ ਹੇਠਾਂ ਕਰਦਾ ਹੈ, ਉਹ ਉਸ ਨੂੰ ਧਰਤੀ ਤੱਕ ਹੇਠਾਂ ਕਰਦਾ ਹੈ, ਸਗੋਂ ਉਸ ਨੂੰ ਖ਼ਾਕ ਤੱਕ ਲਾਹ ਦਿੰਦਾ ਹੈ । ੬ ਉਹ ਪੈਰਾਂ ਨਾਲ, ਸਗੋਂ ਮਸਕੀਨਾਂ ਅਤੇ ਗਰੀਬਾਂ ਦੇ ਪੈਰਾਂ ਨਾਲ ਮਿੱਧਿਆ ਜਾਵੇਗਾ ।
੭ ਧਰਮੀ ਦਾ ਮਾਰਗ ਸਿੱਧਾ ਹੈ, ਤੂੰ ਜੋ ਆਪ ਸਿੱਧਾ ਹੈਂ ਧਰਮੀ ਦਾ ਰਾਹ ਪੱਧਰਾ ਕਰਦਾ ਹੈਂ । ੮ ਹਾਂ ਤੇਰੇ ਨਿਆਂ ਦੇ ਮਾਰਗ ਵਿੱਚ, ਹੇ ਯਹੋਵਾਹ, ਅਸੀਂ ਤੈਨੂੰ ਉਡੀਕਦੇ ਹਾਂ, ਤੇਰਾ ਨਾਮ ਅਤੇ ਤੇਰੀ ਯਾਦ ਸਾਡੇ ਦਿਲ ਦੀ ਇੱਛਿਆ ਹੈ । ੯ ਰਾਤ ਨੂੰ ਮੇਰਾ ਪ੍ਰਾਣ ਤੈਨੂੰ ਉਡੀਕਦਾ ਹੈ, ਹਾਂ, ਮੇਰਾ ਆਤਮਾ ਮੇਰੇ ਅੰਦਰ ਤੇਰੇ ਲਈ ਤਰਸਦਾ ਹੈ, ਜਦੋਂ ਤੇਰਾ ਨਿਆਂ ਧਰਤੀ ਉੱਤੇ ਪਰਗਟ ਹੁੰਦਾ ਹੈ, ਤਾਂ ਜਗਤ ਦੇ ਵਾਸੀ ਧਰਮ ਸਿੱਖਦੇ ਹਨ । ੧੦ ਭਾਵੇਂ ਦੁਸ਼ਟ ਉੱਤੇ ਕਿਰਪਾ ਕੀਤੀ ਜਾਵੇ, ਤਾਂ ਵੀ ਉਹ ਧਰਮ ਨਹੀਂ ਸਿੱਖੇਗਾ, ਸਿਧਿਆਈ ਦੇ ਦੇਸ ਵਿੱਚ ਵੀ ਉਹ ਬੁਰਿਆਈ ਹੀ ਕਰੇਗਾ, ਅਤੇ ਯਹੋਵਾਹ ਦੇ ਤੇਜ ਦੀ ਪਰਵਾਹ ਨਹੀਂ ਕਰਦਾ ।
੧੧ ਹੇ ਯਹੋਵਾਹ, ਤੇਰਾ ਹੱਥ ਚੁੱਕਿਆ ਹੋਇਆ ਹੈ, ਪਰ ਉਹ ਵੇਖਦੇ ਨਹੀਂ, ਉਹ ਪਰਜਾ ਲਈ ਤੇਰੀ ਅਣਖ ਨੂੰ ਵੇਖਣਗੇ ਅਤੇ ਸ਼ਰਮਿੰਦੇ ਹੋਣਗੇ, ਹਾਂ, ਅੱਗ ਤੇਰੇ ਵਿਰੋਧੀਆਂ ਨੂੰ ਭਸਮ ਕਰੇ ! ੧੨ ਹੇ ਯਹੋਵਾਹ, ਤੂੰ ਸਾਡੇ ਲਈ ਸ਼ਾਂਤੀ ਠਹਿਰਾਵੇਂਗਾ, ਸਾਡੇ ਸਾਰੇ ਕੰਮ ਜੋ ਅਸੀਂ ਕੀਤੇ, ਉਹ ਤੂੰ ਪੂਰੇ ਕੀਤੇ । ੧੩ ਹੇ ਯਹੋਵਾਹ ਸਾਡੇ ਪਰਮੇਸ਼ੁਰ, ਤੇਰੇ ਬਿਨ੍ਹਾਂ ਹੋਰਨਾਂ ਪ੍ਰਭੂਆਂ ਨੇ ਸਾਡੇ ਉੱਤੇ ਹਕੂਮਤ ਕੀਤੀ, ਪਰ ਅਸੀਂ ਤੇਰੇ ਹੀ ਨਾਮ ਦਾ ਹੀ ਆਦਰ ਕਰਾਂਗੇ । ੧੪ ਉਹ ਮੁਰਦੇ ਹਨ, ਉਹ ਨਾ ਜੀਉਣਗੇ, ਜਿਨ੍ਹਾਂ ਦੀ ਆਤਮਾ ਨਿੱਕਲ ਗਈ, ਉਹ ਨਾ ਉੱਠਣਗੇ, ਇਸ ਤਰ੍ਹਾਂ ਤੂੰ ਉਹਨਾਂ ਦੀ ਖ਼ਬਰ ਲਈ ਅਤੇ ਉਹਨਾਂ ਦਾ ਨਾਸ ਕਰ ਦਿੱਤਾ, ਅਤੇ ਉਹਨਾਂ ਦੀ ਸਾਰੀ ਯਾਦ ਮਿਟਾ ਦਿੱਤੀ । ੧੫ ਯਹੋਵਾਹ, ਤੂੰ ਕੌਮ ਨੂੰ ਵਧਾਇਆ, ਤੂੰ ਕੌਮ ਨੂੰ ਵਧਾਇਆ, ਤੂੰ ਜਲਾਲ ਪਾਇਆ, ਤੂੰ ਹੀ ਦੇਸ ਦੀਆਂ ਹੱਦਾਂ ਨੂੰ ਦੂਰ-ਦੂਰ ਫੈਲਾਇਆ ।
੧੬ ਹੇ ਯਹੋਵਾਹ, ਦੁੱਖ ਵਿੱਚ ਉਹਨਾਂ ਨੇ ਤੈਨੂੰ ਤੱਕਿਆ, ਜਦ ਤੇਰਾ ਦਬਕਾ ਉਹਨਾਂ ਉੱਤੇ ਹੋਇਆ, ਤਾਂ ਉਹ ਹੌਲੀ-ਹੌਲੀ ਪ੍ਰਾਰਥਨਾ ਕਰਨ ਲੱਗੇ । ੧੭ ਜਿਵੇਂ ਗਰਭਵਤੀ ਜਦ ਉਹ ਜਣਨ ਦੇ ਨੇੜੇ ਹੁੰਦੀ ਹੈ, ਆਪਣੀਆਂ ਪੀੜਾਂ ਵਿੱਚ ਤੜਫਦੀ ਅਤੇ ਚਿੱਲਾਉਂਦੀ ਹੈ, ਉਸੇ ਤਰ੍ਹਾਂ ਹੀ ਹੇ ਯਹੋਵਾਹ ਅਸੀਂ ਵੀ ਤੇਰੇ ਹਜ਼ੂਰ ਸੀ ! ੧੮ ਅਸੀਂ ਗਰਭੀ ਹੋਏ, ਅਸੀਂ ਤੜਫੇ, ਪਰ ਜਾਣੋ ਅਸੀਂ ਹਵਾ ਹੀ ਜਣੀ ! ਅਸੀਂ ਧਰਤੀ ਵਿੱਚ ਬਚਾਓ ਦਾ ਕੋਈ ਕੰਮ ਨਹੀਂ ਕੀਤਾ, ਅਤੇ ਨਾ ਜਗਤ ਦੇ ਵਾਸੀਆਂ ਨੂੰ ਜਨਮ ਦਿੱਤਾ । ੧੯ ਤੇਰੇ ਮੁਰਦੇ ਜੀਉਣਗੇ, ਉਨ੍ਹਾਂ ਦੀਆਂ ਲੋਥਾਂ ਉੱਠਣਗੀਆਂ । ਹੇ ਖ਼ਾਕ ਦੇ ਵਾਸੀਓ, ਜਾਗੋ, ਜੈਕਾਰਾ ਗਜਾਓ ! ਕਿਉਂ ਜੋ ਤੇਰੀ ਤ੍ਰੇਲ ਬੂਟੀਆਂ ਦੀ ਤ੍ਰੇਲ ਵਰਗੀ ਹੈ, ਅਤੇ ਧਰਤੀ ਮਰੇ ਹੋਇਆਂ ਨੂੰ ਮੋੜ ਦੇਵੇਗੀ ।
ਨਿਆਂ ਅਤੇ ਛੁਟਕਾਰਾ
੨੦ ਹੇ ਮੇਰੀ ਪਰਜਾ, ਆਪਣੀਆਂ ਕੋਠੜੀਆਂ ਵਿੱਚ ਵੜ, ਆਪਣੇ ਬੂਹੇ ਬੰਦ ਕਰ ਲੈ, ਥੋੜ੍ਹੇ ਸਮੇਂ ਲਈ ਆਪਣੇ ਆਪ ਨੂੰ ਲੁਕਾ ਲੈ, ਜਦ ਤੱਕ ਕਹਿਰ ਟਲ ਨਾ ਜਾਵੇ । ੨੧ ਵੇਖੋ, ਯਹੋਵਾਹ ਆਪਣੇ ਸਥਾਨ ਤੋਂ ਨਿੱਕਲ ਰਿਹਾ ਹੈ, ਤਾਂ ਜੋ ਉਹ ਧਰਤੀ ਦੇ ਵਾਸੀਆਂ ਦੇ ਉੱਤੇ ਉਨ੍ਹਾਂ ਦੀ ਬਦੀ ਦੀ ਸਜ਼ਾ ਦੇਵੇ । ਧਰਤੀ ਆਪਣੇ ਉੱਤੇ ਵਹਾਇਆ ਹੋਇਆ ਖੂਨ ਪਰਗਟ ਕਰੇਗੀ, ਅਤੇ ਫੇਰ ਆਪਣੇ ਵੱਢੇ ਹੋਇਆਂ ਨੂੰ ਨਾ ਢੱਕੇਗੀ ।