੩੧
ਪਰਮੇਸ਼ੁਰ ਯਰੂਸ਼ਲਮ ਦੀ ਰੱਖਿਆ ਕਰੇਗਾ
੧ ਹਾਇ ਉਹਨਾਂ ਉੱਤੇ ਜਿਹੜੇ ਸਹਾਇਤਾ ਲਈ ਮਿਸਰ ਨੂੰ ਜਾਂਦੇ ਹਨ ! ਅਤੇ ਘੋੜਿਆਂ ਉੱਤੇ ਆਸ ਰੱਖਦੇ ਹਨ, ਅਤੇ ਰਥਾਂ ਉੱਤੇ ਭਰੋਸਾ ਕਰਦੇ ਹਨ, ਇਸ ਲਈ ਕਿ ਉਹ ਬਥੇਰੇ ਹਨ, ਅਤੇ ਘੋੜ ਚੜ੍ਹਿਆਂ ਉੱਤੇ ਕਿ ਉਹ ਅੱਤ ਤਕੜੇ ਹਨ ! ਪਰ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਨਹੀਂ ਤੱਕਦੇ, ਨਾ ਯਹੋਵਾਹ ਨੂੰ ਭਾਲਦੇ ਹਨ । ੨ ਪਰ ਉਹ ਵੀ ਅੱਤ ਬੁੱਧਵਾਨ ਹੈ ਅਤੇ ਬਿਪਤਾ ਲਿਆਵੇਗਾ, ਉਹ ਆਪਣੇ ਬਚਨ ਨਹੀਂ ਮੋੜੇਗਾ, ਪਰ ਉਹ ਬਦਕਾਰਾਂ ਦੇ ਘਰਾਣੇ ਦੇ ਵਿਰੁੱਧ, ਅਤੇ ਕੁਕਰਮੀਆਂ ਦੀ ਸਹਾਇਤਾ ਕਰਨ ਵਾਲਿਆਂ ਦੇ ਵਿਰੁੱਧ ਉੱਠੇਗਾ । ੩ ਮਿਸਰੀ ਮਨੁੱਖ ਹੀ ਹਨ, ਪਰਮੇਸ਼ੁਰ ਨਹੀਂ ! ਉਹਨਾਂ ਦੇ ਘੋੜੇ ਮਾਸ ਹਨ, ਰੂਹ ਨਹੀਂ ! ਜਦ ਯਹੋਵਾਹ ਆਪਣਾ ਹੱਥ ਚੁੱਕੇਗਾ, ਤਾਂ ਸਹਾਇਕ ਠੇਡਾ ਖਾਵੇਗਾ ਅਤੇ ਸਹਾਇਤਾ ਲੈਣ ਵਾਲਾ ਡਿੱਗੇਗਾ, ਅਤੇ ਉਹ ਸਾਰੇ ਦੇ ਸਾਰੇ ਮਿਟ ਜਾਣਗੇ ।
੪ ਯਹੋਵਾਹ ਨੇ ਮੈਨੂੰ ਇਹ ਆਖਿਆ ਹੈ, ਜਿਵੇਂ ਬੱਬਰ ਸ਼ੇਰ ਜਾਂ ਜੁਆਨ ਬੱਬਰ ਸ਼ੇਰ ਆਪਣੇ ਸ਼ਿਕਾਰ ਉੱਤੇ ਘੂਰਦਾ ਹੈ, ਅਤੇ ਭਾਵੇਂ ਅਯਾਲੀਆਂ ਦੀ ਭੀੜ ਉਹ ਦੇ ਵਿਰੁੱਧ ਸੱਦੀ ਜਾਵੇ, ਤਾਂ ਵੀ ਉਹ ਉਹਨਾਂ ਦੇ ਸ਼ੋਰ ਤੋਂ ਨਹੀਂ ਡਰੇਗਾ, ਨਾ ਉਹਨਾਂ ਦੇ ਰੌਲੇ ਤੋਂ ਘਬਰਵੇਗਾ, ਉਸੇ ਤਰ੍ਹਾਂ ਹੀ ਸੈਨਾਂ ਦਾ ਯਹੋਵਾਹ ਉਤਰੇਗਾ, ਭਈ ਉਹ ਸੀਯੋਨ ਪਰਬਤ ਉੱਤੇ ਅਤੇ ਉਹ ਦੇ ਟਿੱਬੇ ਉੱਤੇ ਯੁੱਧ ਕਰੇ । ੫ ਖੰਭ ਫੈਲਾਏ ਹੋਏ ਪੰਛੀਆਂ ਵਾਂਗੂੰ, ਸੈਨਾਂ ਦਾ ਯਹੋਵਾਹ ਯਰੂਸ਼ਲਮ ਨੂੰ ਢੱਕ ਲਵੇਗਾ, ਉਹ ਆੜ ਦੇਵੇਗਾ ਅਤੇ ਛੁਡਾਵੇਗਾ, ਉਹ ਹੀ ਉਸ ਵਿੱਚੋਂ ਲੰਘੇਗਾ ਅਤੇ ਛੁਟਕਾਰਾ ਦੇਵੇਗਾ ।
੬ ਹੇ ਇਸਰਾਏਲੀਓ, ਉਹ ਦੀ ਵੱਲ ਮੁੜੋ ਜਿਸ ਦਾ ਤੁਸੀਂ ਡਾਢਾ ਵਿਰੋਧ ਕੀਤਾ । ੭ ਉਸ ਦਿਨ ਤਾਂ ਹਰੇਕ ਆਪਣੇ ਚਾਂਦੀ ਦੇ ਬੁੱਤਾਂ ਅਤੇ ਆਪਣੇ ਸੋਨੇ ਦੇ ਬੁੱਤਾਂ ਨੂੰ ਜਿਨ੍ਹਾਂ ਨੂੰ ਤੁਹਾਡਿਆਂ ਹੱਥਾਂ ਨੇ ਪਾਪ ਲਈ ਬਣਾਇਆ ਹੈ, ਤਿਆਗ ਦੇਵੇਗਾ । ੮ ਅੱਸ਼ੂਰ ਤਲਵਾਰ ਨਾਲ ਡਿੱਗੇਗਾ ਪਰ ਮਨੁੱਖ ਦੀ ਨਹੀਂ, ਸਗੋਂ ਇੱਕ ਤਲਵਾਰ ਜੋ ਆਦਮੀ ਦੀ ਨਹੀਂ, ਉਹ ਨੂੰ ਖਾਵੇਗੀ, ਉਹ ਤਲਵਾਰ ਦੀ ਧਾਰ ਤੋਂ ਨੱਠੇਗਾ, ਅਤੇ ਉਹ ਦੇ ਜੁਆਨ ਬੇਗਾਰੀ ਲਈ ਫੜ੍ਹੇ ਜਾਣਗੇ । ੯ ਉਹ ਦੀ ਚਟਾਨ ਭੈ ਨਾਲ ਡਿੱਗ ਜਾਵੇਗੀ, ਅਤੇ ਉਹ ਦੇ ਹਾਕਮ ਝੰਡੇ ਤੋਂ ਘਬਰਾ ਕੇ ਭੱਜ ਜਾਣਗੇ, ਯਹੋਵਾਹ ਦਾ ਵਾਕ ਹੈ, ਜਿਸ ਦੀ ਅੱਗ ਸੀਯੋਨ ਵਿੱਚ ਅਤੇ ਭੱਠੀ ਯਰੂਸ਼ਲਮ ਵਿੱਚ ਹੈ ।