੪੩
ਪਰਮੇਸ਼ੁਰ ਹੀ ਇੱਕਮਾਤਰ ਛੁਡਾਉਣ ਵਾਲਾ
੧ ਹੇ ਯਾਕੂਬ, ਤੇਰਾ ਕਰਤਾਰ, ਅਤੇ ਹੇ ਇਸਰਾਏਲ, ਤੇਰਾ ਸਿਰਜਣਹਾਰ ਯਹੋਵਾਹ ਹੁਣ ਇਹ ਆਖਦਾ ਹੈ, ਨਾ ਡਰ, ਕਿਉਂ ਜੋ ਮੈਂ ਤੈਨੂੰ ਛੁਡਾ ਲਿਆ ਹੈ, ਮੈਂ ਤੇਰਾ ਨਾਮ ਲੈ ਕੇ ਤੈਨੂੰ ਬੁਲਾਇਆ ਹੈ, ਤੂੰ ਮੇਰਾ ਹੀ ਹੈਂ । ੨ ਜਦ ਤੂੰ ਪਾਣੀਆਂ ਦੇ ਵਿੱਚੋਂ ਦੀ ਲੰਘੇਂਗਾ, ਮੈਂ ਤੇਰੇ ਅੰਗ-ਸੰਗ ਹੋਵਾਂਗਾ, ਅਤੇ ਜਦ ਨਦੀਆਂ ਦੇ ਵਿੱਚੋਂ ਦੀ, ਉਹ ਤੈਨੂੰ ਨਾ ਡੋਬਣਗੀਆਂ, ਜਦ ਤੂੰ ਅੱਗ ਦੇ ਵਿੱਚੋਂ ਦੀ ਚੱਲੇਂਗਾ, ਉਹ ਤੈਨੂੰ ਨਾ ਸਾੜੇਗੀ, ਨਾ ਲਾਟ ਤੇਰੇ ਉੱਤੇ ਬਲੇਗੀ । ੩ ਮੈਂ ਤਾਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਇਸਰਾਏਲ ਦਾ ਪਵਿੱਤਰ ਪੁਰਖ, ਤੇਰਾ ਬਚਾਉਣ ਵਾਲਾ ਹਾਂ, ਮੈਂ ਮਿਸਰ ਨੂੰ ਤੇਰੀ ਰਿਹਾਈ ਲਈ ਅਤੇ ਕੂਸ਼ ਅਤੇ ਸਬਾ ਨੂੰ ਤੇਰੇ ਵਟਾਂਦਰੇ ਵਿੱਚ ਦਿੰਦਾ ਹਾਂ । ੪ ਇਸ ਕਾਰਨ ਕਿ ਤੂੰ ਮੇਰੀ ਨਿਗਾਹ ਵਿੱਚ ਬਹੁਮੁੱਲਾ ਅਤੇ ਆਦਰਮਾਨ ਹੈ, ਅਤੇ ਮੈਂ ਤੈਨੂੰ ਪਿਆਰ ਕੀਤਾ, ਮੈਂ ਤੇਰੇ ਬਦਲੇ ਮਨੁੱਖ ਅਤੇ ਤੇਰੀ ਜਾਨ ਦੇ ਵਟਾਂਦਰੇ ਵਿੱਚ ਕੌਮਾਂ ਦਿਆਂਗਾ । ੫ ਤੂੰ ਨਾ ਡਰ, ਕਿਉਂ ਜੋ ਮੈਂ ਤੇਰੇ ਅੰਗ-ਸੰਗ ਹਾਂ, ਮੈਂ ਤੇਰੀ ਅੰਸ ਨੂੰ ਪੂਰਬ ਤੋਂ ਲੈ ਆਵਾਂਗਾ, ਅਤੇ ਤੈਨੂੰ ਪੱਛਮ ਤੋਂ ਇਕੱਠਾ ਕਰਾਂਗਾ । ੬ ਮੈਂ ਉੱਤਰ ਨੂੰ ਆਖਾਂਗਾ, ਦੇ ਦੇ ! ਅਤੇ ਦੱਖਣ ਨੂੰ, ਰੋਕ ਕੇ ਨਾ ਰੱਖ ! ਤੂੰ ਮੇਰੇ ਪੁੱਤਰਾਂ ਨੂੰ ਦੂਰ ਤੋਂ ਲਿਆ, ਅਤੇ ਮੇਰੀਆਂ ਧੀਆਂ ਨੂੰ ਧਰਤੀ ਦੀ ਹੱਦ ਤੋਂ, ੭ ਹਰੇਕ ਜੋ ਮੇਰੇ ਨਾਮ ਤੋਂ ਸਦਾਉਂਦਾ ਹੈ, ਜਿਸ ਨੂੰ ਮੈਂ ਆਪਣੇ ਪਰਤਾਪ ਲਈ ਉਤਪੰਨ ਕੀਤਾ, ਜਿਸ ਨੂੰ ਮੈਂ ਸਿਰਜਿਆ, ਹਾਂ, ਜਿਸ ਨੂੰ ਮੈਂ ਬਣਾਇਆ ਹੈ ।
ਇਸਰਾਏਲ ਪਰਮੇਸ਼ੁਰ ਦਾ ਗਵਾਹ
੮ ਅੱਖਾਂ ਰਹਿੰਦਿਆਂ ਅੰਨ੍ਹਿਆਂ ਨੂੰ ਅਤੇ ਕੰਨ ਰਹਿੰਦਿਆਂ ਬੋਲਿਆਂ ਨੂੰ ਬਾਹਰ ਲਿਆ । ੯ ਸਾਰੀਆਂ ਕੌਮਾਂ ਇਕੱਠੀਆਂ ਹੋਣ, ਅਤੇ ਉੱਮਤਾਂ ਜਮਾ ਹੋਣ, ਉਹਨਾਂ ਵਿੱਚ ਕੌਣ ਹੈ ਜੋ ਇਹ ਦੱਸੇ, ਅਤੇ ਪਹਿਲੀਆਂ ਗੱਲਾਂ ਸਾਨੂੰ ਸੁਣਾਵੇ ? ਉਹ ਆਪਣੇ ਗਵਾਹ ਲਿਆਉਣ, ਤਾਂ ਜੋ ਉਹ ਧਰਮੀ ਠਹਿਰਨ, ਜਾਂ ਦੂਸਰੇ ਉਨ੍ਹਾਂ ਨੂੰ ਸੁਣ ਕੇ ਆਖਣ, ਇਹ ਸੱਚ ਹੈ । ੧੦ ਯਹੋਵਾਹ ਦਾ ਵਾਕ ਹੈ, ਤੁਸੀਂ ਮੇਰੇ ਗਵਾਹ ਹੋ, ਨਾਲੇ ਮੇਰਾ ਦਾਸ ਜਿਸ ਨੂੰ ਮੈਂ ਚੁਣਿਆ, ਤਾਂ ਜੋ ਤੁਸੀਂ ਜਾਣੋ ਅਤੇ ਮੇਰੀ ਪਰਤੀਤ ਕਰੋ, ਅਤੇ ਸਮਝੋ ਕਿ ਮੈਂ ਉਹੀ ਹਾਂ । ਮੇਰੇ ਤੋਂ ਅੱਗੇ ਕੋਈ ਪਰਮੇਸ਼ੁਰ ਨਹੀਂ ਸੀ, ਨਾ ਮੇਰੇ ਪਿੱਛੋਂ ਕੋਈ ਹੋਵੇਗਾ । ੧੧ ਮੈਂ, ਹਾਂ, ਮੈਂ ਹੀ ਯਹੋਵਾਹ ਹਾਂ, ਮੇਰੇ ਬਿਨ੍ਹਾਂ ਕੋਈ ਬਚਾਉਣ ਵਾਲਾ ਨਹੀਂ ਹੈ । ੧੨ ਮੈਂ ਹੀ ਦੱਸਿਆ, ਮੈਂ ਬਚਾਇਆ, ਮੈਂ ਹੀ ਸੁਣਾਇਆ, ਨਾ ਕਿ ਤੁਹਾਡੇ ਵਿੱਚ ਕਿਸੇ ਓਪਰੇ ਦੇਵਤੇ ਨੇ, ਤੁਸੀਂ ਮੇਰੇ ਗਵਾਹ ਹੋ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਹੀ ਪਰਮੇਸ਼ੁਰ ਹਾਂ । ੧੩ ਹਾਂ, ਪ੍ਰਾਚੀਨ ਦਿਨਾਂ ਤੋਂ ਲੈ ਕੇ ਮੈਂ ਹੀ ਉਹ ਹਾਂ, ਅਤੇ ਕੋਈ ਮੇਰੇ ਹੱਥੋਂ ਛੁਡਾ ਨਹੀਂ ਸਕਦਾ, ਮੈਂ ਕਾਰਜ ਕਰਾਂਗਾ ਅਤੇ ਕੌਣ ਉਹ ਨੂੰ ਰੋਕੇਗਾ ?
ਬਾਬਲ ਤੋਂ ਬਚ ਜਾਣਾ
੧੪ ਯਹੋਵਾਹ ਤੁਹਾਡਾ ਛੁਡਾਉਣ ਵਾਲਾ, ਇਸਰਾਏਲ ਦਾ ਪਵਿੱਤਰ ਪੁਰਖ ਇਹ ਫ਼ਰਮਾਉਂਦਾ ਹੈ, ਤੁਹਾਡੇ ਨਮਿੱਤ ਮੈਂ ਬਾਬਲ ਵੱਲ ਭੇਜਿਆ ਅਤੇ ਉਸ ਦੇ ਸਾਰੇ ਵਾਸੀਆਂ ਨੂੰ ਭਗੌੜਿਆਂ ਵਾਂਗੂੰ ਲੈ ਆਵਾਂਗਾ, ਅਤੇ ਕਸਦੀਆਂ ਨੂੰ ਉਨ੍ਹਾਂ ਦੇ ਜਹਾਜ਼ਾਂ ਉੱਤੇ ਚੜ੍ਹਾ ਕੇ ਲੈ ਆਵਾਂਗਾ, ਜਿਨ੍ਹਾਂ ਉੱਤੇ ਉਹ ਵੱਡਾ ਘਮੰਡ ਕਰਦੇ ਹਨ । ੧੫ ਮੈਂ ਯਹੋਵਾਹ ਤੁਹਾਡਾ ਪਵਿੱਤਰ ਪੁਰਖ ਹਾਂ, ਮੈਂ ਇਸਰਾਏਲ ਦਾ ਕਰਤਾਰ, ਤੁਹਾਡਾ ਰਾਜਾ ਹਾਂ । ੧੬ ਯਹੋਵਾਹ ਇਹ ਆਖਦਾ ਹੈ, ਉਹ ਜੋ ਸਮੁੰਦਰ ਵਿੱਚ ਰਾਹ ਬਣਾਉਂਦਾ, ਅਤੇ ਡਾਢੇ ਪਾਣੀਆਂ ਵਿੱਚ ਰਸਤਾ, ੧੭ ਉਹ ਜੋ ਰਥ ਅਤੇ ਘੋੜਾ, ਫੌਜ ਅਤੇ ਸੂਰਬੀਰ ਬਾਹਰ ਲੈ ਆਉਂਦਾ ਹੈ, ਉਹ ਇਕੱਠੇ ਲੇਟ ਜਾਂਦੇ, ਉਹ ਉੱਠਣਗੇ ਨਹੀਂ, ਉਹ ਮੰਦੇ ਪੈ ਗਏ, ਉਹ ਬੱਤੀ ਵਾਂਗੂੰ ਬੁਝ ਗਏ । ੧੮ ਪਹਿਲੀਆਂ ਗੱਲਾਂ ਨੂੰ ਯਾਦ ਨਾ ਕਰੋ, ਪੁਰਾਣੀਆਂ ਗੱਲਾਂ ਨੂੰ ਨਾ ਸੋਚੋ, ੧੯ ਵੇਖੋ, ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ, ਉਹ ਹੁਣੇ ਹੀ ਦਿੱਸ ਪਵੇਗਾ, ਕੀ ਤੁਸੀਂ ਉਸ ਤੋਂ ਅਣਜਾਣ ਰਹੋਗੇ ? ਮੈਂ ਉਜਾੜ ਵਿੱਚ ਹੀ ਰਾਹ ਬਣਾਵਾਂਗਾ, ਅਤੇ ਥਲ ਵਿੱਚ ਨਦੀਆਂ । ੨੦ ਜੰਗਲੀ ਜਾਨਵਰ, ਗਿੱਦੜ ਅਤੇ ਸ਼ੁਤਰ-ਮੁਰਗ, ਮੇਰੀ ਮਹਿਮਾ ਕਰਨਗੇ, ਕਿਉਂ ਜੋ ਮੈਂ ਉਜਾੜ ਵਿੱਚ ਪਾਣੀ, ਅਤੇ ਥਲ ਵਿੱਚ ਨਦੀਆਂ ਦਿੰਦਾ ਹਾਂ, ਭਈ ਮੇਰੀ ਚੁਣੀ ਹੋਈ ਪਰਜਾ ਪਾਣੀ ਪੀਵੇ । ੨੧ ਮੈਂ ਇਸ ਪਰਜਾ ਨੂੰ ਆਪਣੇ ਲਈ ਸਿਰਜਿਆ ਕਿ ਉਹ ਮੇਰੀ ਉਸਤਤ ਦਾ ਵਰਨਣ ਕਰੇ ।
ਇਸਰਾਏਲ ਦਾ ਪਾਪ
੨੨ ਪਰ ਹੇ ਯਾਕੂਬ, ਤੂੰ ਮੈਨੂੰ ਨਹੀਂ ਪੁਕਾਰਿਆ, ਹੇ ਇਸਰਾਏਲ, ਤੂੰ ਤਾਂ ਮੇਰੇ ਤੋਂ ਅੱਕ ਗਿਆ ! ੨੩ ਤੂੰ ਮੇਰੇ ਲਈ ਆਪਣੀਆਂ ਹੋਮ ਬਲੀਆਂ ਦੇ ਲੇਲੇ ਨਹੀਂ ਲਿਆਇਆ, ਤੂੰ ਆਪਣੀਆਂ ਬਲੀਆਂ ਨਾਲ ਮੇਰਾ ਆਦਰ ਨਹੀਂ ਕੀਤਾ । ਮੈਂ ਮੈਦੇ ਦੀ ਭੇਟ ਦਾ ਭਾਰ ਤੇਰੇ ਉੱਤੇ ਨਹੀਂ ਪਾਇਆ, ਨਾ ਲੋਬਾਨ ਨਾਲ ਤੈਨੂੰ ਅਕਾਇਆ । ੨੪ ਤੂੰ ਮੇਰੇ ਲਈ ਚਾਂਦੀ ਦੇ ਕੇ ਸੁਗੰਧਿਤ ਪੋਨੇ ਨਹੀਂ ਲਿਆਂਦੇ, ਨਾ ਤੂੰ ਆਪਣੀਆਂ ਬਲੀਆਂ ਦੀ ਚਰਬੀ ਨਾਲ ਮੈਨੂੰ ਰਜਾਇਆ, ਸਗੋਂ ਤੂੰ ਆਪਣੇ ਪਾਪਾਂ ਦਾ ਭਾਰ ਮੇਰੇ ਉੱਤੇ ਪਾਇਆ, ਤੂੰ ਮੈਨੂੰ ਆਪਣੀਆਂ ਬਦੀਆਂ ਨਾਲ ਅਕਾ ਦਿੱਤਾ ।
੨੫ ਮੈਂ, ਹਾਂ, ਮੈਂ ਹੀ ਉਹ ਹਾਂ, ਜੋ ਤੇਰੇ ਅਪਰਾਧਾਂ ਨੂੰ ਆਪਣੇ ਨਾਮ ਦੇ ਨਮਿੱਤ ਮਿਟਾਉਂਦਾ ਹਾਂ, ਅਤੇ ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ । ੨੬ ਮੈਨੂੰ ਯਾਦ ਕਰ, ਅਸੀਂ ਇਕੱਠੇ ਵਾਦ-ਵਿਵਾਦ ਕਰੀਏ, ਤੂੰ ਹੀ ਨਿਰਨਾ ਕਰ ਤਾਂ ਜੋ ਤੂੰ ਧਰਮੀ ਠਹਿਰੇਂ । ੨੭ ਤੇਰੇ ਪਹਿਲੇ ਪਿਤਾ ਨੇ ਪਾਪ ਕੀਤਾ, ਤੇਰੇ ਜਾਜਕਾਂ ਨੇ ਮੇਰੇ ਵਿਰੁੱਧ ਅਪਰਾਧ ਕੀਤਾ । ੨੮ ਇਸ ਲਈ ਮੈਂ ਪਵਿੱਤਰ ਅਸਥਾਨ ਦੇ ਉੱਚ-ਅਧਿਕਾਰੀਆਂ ਨੂੰ ਭ੍ਰਿਸ਼ਟ ਠਹਿਰਾਇਆ, ਅਤੇ ਮੈਂ ਯਾਕੂਬ ਨੂੰ ਫਿਟਕਾਰ, ਅਤੇ ਇਸਰਾਏਲ ਨੂੰ ਦੁਰਬਚਨ ਦਾ ਕਾਰਨ ਬਣਾ ਦਿੱਤਾ ।