੪੮
ਪਰਮੇਸ਼ੁਰ ਭਵਿੱਖ ਦਾ ਵੀ ਪ੍ਰਭੂ
੧ ਹੇ ਯਾਕੂਬ ਦੇ ਘਰਾਣੇ, ਇਹ ਸੁਣੋ, ਜਿਹੜੇ ਇਸਰਾਏਲ ਦੇ ਨਾਮ ਤੋਂ ਸਦਾਉਂਦੇ, ਅਤੇ ਯਹੂਦਾਹ ਦੇ ਵੰਸ਼ ਵਿੱਚੋਂ ਨਿੱਕਲੇ ਹੋ, ਜਿਹੜੇ ਯਹੋਵਾਹ ਦੇ ਨਾਮ ਦੀ ਸਹੁੰ ਖਾਂਦੇ, ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਵਰਣਨ ਕਰਦੇ ਹੋ, ਪਰ ਸਚਿਆਈ ਅਤੇ ਧਰਮ ਨਾਲ ਨਹੀਂ । ੨ ਉਹ ਤਾਂ ਆਪਣੇ ਆਪ ਨੂੰ ਪਵਿੱਤਰ ਸ਼ਹਿਰ ਦੇ ਕਹਾਉਂਦੇ ਹਨ, ਅਤੇ ਇਸਰਾਏਲ ਦੇ ਪਰਮੇਸ਼ੁਰ ਉੱਤੇ ਜਿਸ ਦਾ ਨਾਮ ਸੈਨਾਂ ਦਾ ਯਹੋਵਾਹ ਹੈ, ਢਾਸਣਾ ਲੈਂਦੇ ਹਨ ।
੩ ਮੈਂ ਪਹਿਲੀਆਂ ਗੱਲਾਂ ਪੁਰਾਣੇ ਸਮੇਂ ਤੋਂ ਦੱਸੀਆਂ, ਉਹ ਮੇਰੇ ਮੂੰਹੋਂ ਨਿੱਕਲੀਆਂ ਅਤੇ ਮੈਂ ਉਹਨਾਂ ਨੂੰ ਅਚਾਨਕ ਪਰਗਟ ਕੀਤਾ, ਤੁਰੰਤ ਹੀ ਮੈਂ ਉਹਨਾਂ ਨੂੰ ਕਰ ਦਿੱਤਾ ਅਤੇ ਉਹ ਹੋ ਗਈਆਂ । ੪ ਮੈਂ ਜਾਣਦਾ ਸੀ ਕਿ ਤੂੰ ਹਠੀਲਾ ਹੈਂ, ਅਤੇ ਤੇਰੀ ਗਰਦਨ ਲੋਹੇ ਦਾ ਪੱਠਾ ਹੈ, ਅਤੇ ਤੇਰਾ ਮੱਥਾ ਪਿੱਤਲ ਦਾ ਹੈ, ੫ ਇਸ ਲਈ ਮੈਂ ਇਹ ਗੱਲਾਂ ਤੈਨੂੰ ਪੁਰਾਣੇ ਸਮੇਂ ਤੋਂ ਦੱਸੀਆਂ, ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਤੈਨੂੰ ਸੁਣਾਇਆ, ਕਿਤੇ ਤੂੰ ਅਜਿਹਾ ਨਾ ਆਖੇਂ, ਮੇਰੇ ਬੁੱਤ ਨੇ ਉਹਨਾਂ ਨੂੰ ਕੀਤਾ, ਮੇਰੀ ਘੜੀ ਹੋਈ ਮੂਰਤ ਅਤੇ ਮੇਰੇ ਢਾਲੇ ਹੋਏ ਬੁੱਤ ਨੇ ਇਹਨਾਂ ਦਾ ਹੁਕਮ ਦਿੱਤਾ ਸੀ !
੬ ਤੂੰ ਇਨ੍ਹਾਂ ਗੱਲਾਂ ਬਾਰੇ ਸੁਣਿਆ ਹੈ ਅਤੇ ਇਨ੍ਹਾਂ ਗੱਲਾਂ ਉੱਤੇ ਧਿਆਨ ਕਰ - ਭਲਾ, ਤੁਸੀਂ ਇਨ੍ਹਾਂ ਨੂੰ ਨਾ ਦੱਸੋਗੇ ? ਹੁਣ ਤੋਂ ਮੈਂ ਤੈਨੂੰ ਨਵੀਆਂ ਗੱਲਾਂ ਸੁਣਾਉਂਦਾ ਹਾਂ, ਅਤੇ ਗੁਪਤ ਗੱਲਾਂ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ । ੭ ਉਹ ਹੁਣੇ ਉਤਪੰਨ ਹੋਈਆਂ, ਨਾ ਕਿ ਪੁਰਾਣੇ ਸਮੇਂ ਵਿੱਚ, ਅੱਜ ਤੋਂ ਪਹਿਲਾਂ ਤੂੰ ਉਹਨਾਂ ਨੂੰ ਸੁਣਿਆ ਵੀ ਨਹੀਂ, ਕਿਤੇ ਅਜਿਹਾ ਨਾ ਹੋਵੇ ਕਿ ਤੂੰ ਆਖੇਂ, ਮੈਂ ਤਾਂ ਇਹਨਾਂ ਨੂੰ ਜਾਣਦਾ ਸੀ । ੮ ਨਾ ਤੂੰ ਸੁਣਿਆ, ਨਾ ਤੂੰ ਜਾਣਿਆ, ਨਾ ਪੁਰਾਣੇ ਸਮੇਂ ਤੋਂ ਤੇਰੇ ਕੰਨ ਖੋਲ੍ਹੇ ਗਏ, ਕਿਉਂ ਜੋ ਮੈਂ ਜਾਣਦਾ ਸਾਂ ਕਿ ਤੂੰ ਠੱਗੀ ਤੇ ਠੱਗੀ ਕਮਾਵੇਂਗਾ, ਅਤੇ ਕੁੱਖ ਤੋਂ ਹੀ ਤੂੰ ਅਪਰਾਧੀ ਅਖਵਾਇਆ ।
੯ ਮੈਂ ਆਪਣੇ ਨਾਮ ਦੇ ਨਮਿੱਤ ਆਪਣਾ ਕ੍ਰੋਧ ਰੋਕ ਰੱਖਿਆ ਹੈ, ਅਤੇ ਆਪਣੀ ਉਸਤਤ ਦੇ ਨਮਿੱਤ ਉਹ ਨੂੰ ਤੇਰੇ ਲਈ ਰੋਕ ਰੱਖਾਂਗਾ, ਤਾਂ ਜੋ ਮੈਂ ਤੈਨੂੰ ਵੱਢ ਨਾ ਸੁੱਟਾਂ । ੧੦ ਵੇਖ, ਮੈਂ ਤੈਨੂੰ ਤਾਇਆ ਪਰ ਚਾਂਦੀ ਵਾਂਗੂੰ ਨਹੀਂ, ਮੈਂ ਤੈਨੂੰ ਦੁੱਖ ਦੀ ਕੁਠਾਲੀ ਵਿੱਚ ਪਰਤਾਇਆ ਹੈ । ੧੧ ਮੈਂ ਆਪਣੀ ਖਾਤਰ, ਹਾਂ, ਆਪਣੀ ਹੀ ਖਾਤਰ ਇਹ ਕਰਦਾ ਹਾਂ, ਮੇਰਾ ਨਾਮ ਤਾਂ ਕਿਉਂ ਭ੍ਰਿਸ਼ਟ ਕੀਤਾ ਜਾਵੇ ? ਮੈਂ ਆਪਣਾ ਪਰਤਾਪ ਦੂਜੇ ਨੂੰ ਨਹੀਂ ਦਿਆਂਗਾ ।
ਪਰਮੇਸ਼ੁਰ ਦਾ ਚੁਣਿਆ ਹੋਇਆ ਦਾਸ, ਖੋਰੁਸ
੧੨ ਹੇ ਯਾਕੂਬ, ਹੇ ਇਸਰਾਏਲ, ਮੇਰੇ ਸੱਦੇ ਹੋਏ, ਮੇਰੀ ਸੁਣੋ ! ਮੈਂ ਉਹੀ ਹਾਂ, ਮੈਂ ਆਦ ਹਾਂ ਅੰਤ ਵੀ ਹਾਂ । ੧੩ ਹਾਂ, ਮੇਰੇ ਹੱਥ ਨੇ ਧਰਤੀ ਦੀ ਨੀਂਹ ਰੱਖੀ, ਮੇਰੇ ਸੱਜੇ ਹੱਥ ਨੇ ਅਕਾਸ਼ ਨੂੰ ਫੈਲਾਇਆ, ਮੈਂ ਉਹਨਾਂ ਨੂੰ ਸੱਦਦਾ ਹਾਂ, ਉਹ ਇਕੱਠੇ ਖਲੋ ਜਾਂਦੇ ਹਨ ।
੧੪ ਤੁਸੀਂ ਸਭ ਇਕੱਠੇ ਹੋ ਜਾਓ ਅਤੇ ਸੁਣੋ, - ਇਹਨਾਂ ਬੁੱਤਾਂ ਵਿੱਚੋਂ ਕਿਸ ਨੇ ਇਨ੍ਹਾਂ ਗੱਲਾਂ ਨੂੰ ਦੱਸਿਆ ? ਯਹੋਵਾਹ ਆਪਣੇ ਚੁਣੇ ਹੋਏ ਨੂੰ ਪਿਆਰ ਕਰਦਾ ਹੈ, ਉਹ ਬਾਬਲ ਉੱਤੇ ਉਸ ਦੀ ਇੱਛਾ ਪੂਰੀ ਕਰੇਗਾ, ਅਤੇ ਉਹ ਦੀ ਭੁਜਾ ਕਸਦੀਆਂ ਉੱਤੇ ਹੋਵੇਗੀ । ੧੫ ਮੈਂ, ਹਾਂ, ਮੈਂ ਇਹ ਗੱਲ ਕੀਤੀ, ਮੈਂ ਹੀ ਉਹ ਨੂੰ ਸੱਦਿਆ, ਮੈਂ ਉਹ ਨੂੰ ਲਿਆਇਆ ਅਤੇ ਉਹ ਆਪਣੇ ਕੰਮ ਵਿੱਚ ਸਫ਼ਲ ਹੋਵੇਗਾ । ੧੬ ਮੇਰੇ ਨੇੜੇ ਆਓ, ਇਹ ਸੁਣੋ, ਮੈਂ ਮੁੱਢ ਤੋਂ ਗੁਪਤ ਵਿੱਚ ਗੱਲ ਨਹੀਂ ਕੀਤੀ, ਉਹ ਦੇ ਹੋਣ ਦੇ ਸਮੇਂ ਤੋਂ ਮੈਂ ਉੱਥੇ ਸੀ, - ਅਤੇ ਹੁਣ ਪ੍ਰਭੂ ਯਹੋਵਾਹ ਨੇ ਆਪਣੇ ਆਤਮਾ ਨਾਲ ਮੈਨੂੰ ਭੇਜਿਆ ਹੈ ।
ਆਪਣੇ ਲੋਕਾਂ ਲਈ ਪਰਮੇਸ਼ੁਰ ਦੀ ਯੋਜਨਾ
੧੭ ਯਹੋਵਾਹ ਤੇਰਾ ਛੁਡਾਉਣ ਵਾਲਾ, ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ, ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਹਾਂ, ਜਿਸ ਰਾਹ ਤੂੰ ਜਾਣਾ ਹੈ । ੧੮ ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ ! ਤਾਂ ਤੇਰੀ ਸ਼ਾਂਤੀ ਨਦੀ ਵਾਂਗੂੰ, ਅਤੇ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਗੂੰ ਹੁੰਦਾ, ੧੯ ਤਾਂ ਤੇਰਾ ਵੰਸ਼ ਰੇਤ ਜਿਹਾ ਅਤੇ ਤੇਰੀ ਸੰਤਾਨ ਉਹ ਦੇ ਦਾਣਿਆਂ ਜਿਹੀ ਹੁੰਦੀ, ਉਹ ਦਾ ਨਾਮ ਮੇਰੇ ਹਜ਼ੂਰੋਂ ਮਿਟਾਇਆ ਨਾ ਜਾਂਦਾ, ਨਾ ਨਾਸ ਕੀਤਾ ਜਾਂਦਾ ।
੨੦ ਬਾਬਲ ਤੋਂ ਨਿੱਕਲੋ, ਕਸਦੀਆਂ ਵਿੱਚੋਂ ਨੱਠੋ ! ਜੈਕਾਰਿਆਂ ਦੀ ਅਵਾਜ਼ ਨਾਲ ਦੱਸੋ, ਇਹ ਨੂੰ ਸੁਣਾਓ, ਧਰਤੀ ਦੀਆਂ ਹੱਦਾਂ ਤੱਕ ਇਸ ਦੀ ਚਰਚਾ ਕਰੋ, ਆਖੋ, ਯਹੋਵਾਹ ਨੇ ਆਪਣੇ ਦਾਸ ਯਾਕੂਬ ਨੂੰ ਛੁਟਕਾਰਾ ਦਿੱਤਾ ਹੈ ! ੨੧ ਜਦ ਉਹ ਉਨ੍ਹਾਂ ਨੂੰ ਵਿਰਾਨਿਆਂ ਦੇ ਵਿੱਚੋਂ ਦੀ ਲੈ ਗਿਆ, ਤਾਂ ਉਹ ਪਿਆਸੇ ਨਾ ਹੋਏ, ਉਸ ਨੇ ਉਹਨਾਂ ਦੇ ਲਈ ਚੱਟਾਨ ਵਿੱਚੋਂ ਪਾਣੀ ਵਗਾਇਆ, ਉਸ ਨੇ ਚੱਟਾਨ ਨੂੰ ਪਾੜਿਆ ਅਤੇ ਪਾਣੀ ਫੁੱਟ ਨਿੱਕਲਿਆ । ੨੨ ਯਹੋਵਾਹ ਆਖਦਾ ਹੈ, ਦੁਸ਼ਟਾਂ ਲਈ ਕੋਈ ਸ਼ਾਂਤੀ ਨਹੀਂ ।