੬੦
ਯਰੂਸ਼ਲਮ ਦਾ ਸ਼ਾਨਦਾਰ ਭਵਿੱਖ
੧ ਉੱਠ, ਚਮਕ, ਕਿਉਂ ਜੋ ਤੇਰਾ ਚਾਨਣ ਆ ਗਿਆ ਹੈ, ਅਤੇ ਯਹੋਵਾਹ ਦਾ ਪਰਤਾਪ ਤੇਰੇ ਉੱਤੇ ਚਮਕਿਆ ਹੈ । ੨ ਵੇਖੋ, ਹਨੇਰਾ ਧਰਤੀ ਨੂੰ ਢੱਕ ਲਵੇਗਾ, ਅਤੇ ਉੱਮਤਾਂ ਉੱਤੇ ਘੁੱਪ ਹਨੇਰਾ ਛਾਇਆ ਹੈ, ਪਰ ਯਹੋਵਾਹ ਤੇਰੇ ਉੱਤੇ ਚਮਕੇਗਾ, ਅਤੇ ਉਹ ਦਾ ਪਰਤਾਪ ਤੇਰੇ ਉੱਤੇ ਪਰਗਟ ਹੋਵੇਗਾ । ੩ ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ, ਅਤੇ ਰਾਜੇ ਤੇਰੇ ਚੜ੍ਹਾਓ ਦੀ ਚਮਕ ਵੱਲ ।
੪ ਆਪਣੀਆਂ ਅੱਖਾਂ ਚੁੱਕ ਕੇ ਆਲੇ-ਦੁਆਲੇ ਵੇਖ ! ਉਹ ਸਭ ਦੇ ਸਭ ਇਕੱਠੇ ਹੁੰਦੇ, ਉਹ ਤੇਰੇ ਕੋਲ ਆਉਂਦੇ, ਤੇਰੇ ਪੁੱਤਰ ਦੂਰੋਂ ਆਉਣਗੇ, ਅਤੇ ਤੇਰੀਆਂ ਧੀਆਂ ਕੁੱਛੜ ਚੁੱਕੀਆਂ ਜਾਣਗੀਆਂ । ੫ ਤਦ ਤੂੰ ਇਸ ਨੂੰ ਵੇਖੇਂਗੀ ਅਤੇ ਚਮਕੇਂਗੀ, ਅਤੇ ਤੇਰਾ ਦਿਲ ਥਰ-ਥਰ ਕੰਬੇਗਾ ਅਤੇ ਅਨੰਦ ਨਾਲ ਭਰ ਜਾਵੇਗਾ, ਕਿਉਂ ਜੋ ਸਮੁੰਦਰ ਦੀ ਬਹੁਤਾਇਤ ਤੇਰੇ ਵੱਲ ਫਿਰੇਗੀ, ਅਤੇ ਕੌਮਾਂ ਦਾ ਮਾਲ-ਧਨ ਤੇਰੇ ਵੱਲ ਆਵੇਗਾ । ੬ ਊਠਾਂ ਦੇ ਝੁੰਡ ਤੇਰੇ ਦੇਸ ਨੂੰ ਭਰ ਦੇਣਗੇ, ਮਿਦਯਾਨ ਅਤੇ ਏਫਾਹ ਦੇ ਜੁਆਨ ਊਠ, ਸ਼ਬਾ ਤੋਂ ਸਾਰੇ ਲੋਕ ਆਉਣਗੇ, ਅਤੇ ਸੋਨਾ ਅਤੇ ਲੁਬਾਨ ਲਿਆਉਣਗੇ ਅਤੇ ਯਹੋਵਾਹ ਦੀ ਉਸਤਤ ਦਾ ਪਰਚਾਰ ਕਰਨਗੇ । ੭ ਕੇਦਾਰ ਦੇ ਸਾਰੇ ਇੱਜੜ ਤੇਰੇ ਕੋਲ ਇਕੱਠੇ ਕੀਤੇ ਜਾਣਗੇ, ਨਬਾਯੋਤ ਦੇ ਮੇਂਢੇ ਤੇਰੀ ਸੇਵਾ ਕਰਨਗੇ, ਉਹ ਮੇਰੀ ਜਗਵੇਦੀ ਉੱਤੇ ਕਬੂਲ ਕੀਤੇ ਜਾਣਗੇ, ਅਤੇ ਮੈਂ ਆਪਣੇ ਸੋਹਣੇ ਭਵਨ ਨੂੰ ਹੋਰ ਵੀ ਪਰਤਾਪੀ ਬਣਾਵਾਂਗਾ ।
੮ ਇਹ ਕੌਣ ਹਨ ਜਿਹੜੇ ਬੱਦਲ ਵਾਂਗੂੰ ਉੱਡੇ ਆਉਂਦੇ ਹਨ, ਜਿਵੇਂ ਘੁੱਗੀਆਂ ਆਪਣੇ ਆਲ੍ਹਣਿਆਂ ਨੂੰ ? ੯ ਸੱਚ-ਮੁੱਚ ਟਾਪੂ ਮੇਰੀ ਉਡੀਕ ਕਰਨਗੇ, ਸਭ ਤੋਂ ਅੱਗੇ ਤਰਸ਼ੀਸ਼ ਦੇ ਜਹਾਜ਼ ਹੋਣਗੇ, ਤਾਂ ਜੋ ਉਹ ਤੇਰੇ ਪੁੱਤਰਾਂ ਨੂੰ ਉਹਨਾਂ ਦੀ ਚਾਂਦੀ ਤੇ ਸੋਨੇ ਸਮੇਤ ਯਹੋਵਾਹ ਤੇਰੇ ਪਰਮੇਸ਼ੁਰ ਅਰਥਾਤ ਇਸਰਾਏਲ ਦੇ ਪਵਿੱਤਰ ਪੁਰਖ ਲਈ ਤੇਰੇ ਕੋਲ ਦੂਰੋਂ ਲਿਆਉਣ, ਕਿਉਂ ਜੋ ਉਸ ਨੇ ਤੈਨੂੰ ਸ਼ਾਨੋ-ਸ਼ੌਕਤ ਨਾਲ ਭਰਿਆ ਹੈ ।
੧੦ ਪਰਦੇਸੀ ਤੇਰੀਆਂ ਕੰਧਾਂ ਨੂੰ ਉਸਾਰਨਗੇ, ਅਤੇ ਉਹਨਾਂ ਦੇ ਰਾਜੇ ਤੇਰੀ ਸੇਵਾ ਕਰਨਗੇ, ਭਾਵੇਂ ਮੈਂ ਤੈਨੂੰ ਆਪਣੇ ਕ੍ਰੋਧ ਵਿੱਚ ਮਾਰਿਆ, ਪਰ ਮੈਂ ਆਪਣੀ ਪ੍ਰਸੰਨਤਾ ਵਿੱਚ ਤੇਰੇ ਉੱਤੇ ਰਹਮ ਕਰਾਂਗਾ । ੧੧ ਤੇਰੇ ਫਾਟਕ ਸਦਾ ਖੁੱਲ੍ਹੇ ਰਹਿਣਗੇ, ਉਹ ਦਿਨ ਰਾਤ ਬੰਦ ਨਾ ਹੋਣਗੇ, ਤਾਂ ਜੋ ਲੋਕ ਤੇਰੇ ਕੋਲ ਕੌਮਾਂ ਦਾ ਧਨ, ਅਤੇ ਉਹਨਾਂ ਦੇ ਰਾਜਿਆਂ ਨੂੰ ਬੰਦੀ ਬਣਾ ਕੇ ਤੇਰੇ ਕੋਲ ਲਿਆਉਣ । ੧੨ ਜਿਹੜੀ ਕੌਮ ਅਤੇ ਜਿਹੜਾ ਰਾਜ ਤੇਰੀ ਸੇਵਾ ਨਾ ਕਰੇਗਾ, ਉਹ ਨਾਸ ਹੋ ਜਾਵੇਗਾ, ਹਾਂ, ਉਹ ਕੌਮਾਂ ਪੂਰੀ ਤਰ੍ਹਾਂ ਹੀ ਬਰਬਾਦ ਹੋ ਜਾਣਗੀਆਂ । ੧੩ ਲਾਬਾਨੋਨ ਦੀ ਸ਼ਾਨ ਤੇਰੇ ਕੋਲ ਆਵੇਗੀ ਅਰਥਾਤ ਸਰੂ, ਚੀਲ ਅਤੇ ਚਨਾਰ ਤੇਰੇ ਕੋਲ ਇਕੱਠੇ ਕੀਤੇ ਜਾਣਗੇ ਤਾਂ ਜੋ ਉਹ ਮੇਰੇ ਪਵਿੱਤਰ ਸਥਾਨ ਨੂੰ ਸਜਾਉਣ, ਇਸ ਤਰ੍ਹਾਂ ਮੈਂ ਆਪਣੇ ਪੈਰਾਂ ਦੇ ਸਥਾਨ ਨੂੰ ਸ਼ਾਨਦਾਰ ਬਣਾਵਾਂਗਾ । ੧੪ ਤੈਨੂੰ ਦੁੱਖ ਦੇਣ ਵਾਲਿਆਂ ਦੇ ਪੁੱਤਰ ਤੇਰੇ ਕੋਲ ਸਿਰ ਝੁਕਾ ਕੇ ਆਉਣਗੇ, ਤੈਨੂੰ ਤੁੱਛ ਜਾਣਨ ਵਾਲੇ ਸਾਰੇ ਤੇਰੇ ਪੈਰਾਂ ਉੱਤੇ ਮੱਥਾ ਟੇਕਣਗੇ, ਉਹ ਤੈਨੂੰ ਯਹੋਵਾਹ ਦਾ ਸ਼ਹਿਰ, ਇਸਰਾਏਲ ਦੇ ਪਵਿੱਤਰ ਪੁਰਖ ਦਾ ਸੀਯੋਨ ਆਖਣਗੇ ।
੧੫ ਭਾਵੇਂ ਤੂੰ ਤਿਆਗੀ ਹੋਈ ਅਤੇ ਘਿਣਾਉਣੀ ਸੀ, ਅਤੇ ਤੇਰੇ ਵਿੱਚੋਂ ਦੀ ਕੋਈ ਨਹੀਂ ਸੀ ਲੰਘਦਾ, ਪਰ ਮੈਂ ਤੈਨੂੰ ਸਦਾ ਲਈ ਮਾਣ ਅਤੇ ਪੀੜ੍ਹੀਓਂ ਪੀੜ੍ਹੀ ਤੱਕ ਖੁਸ਼ੀ ਦਾ ਕਾਰਨ ਬਣਾਵਾਂਗਾ । ੧੬ ਤੂੰ ਕੌਮਾਂ ਦਾ ਦੁੱਧ ਚੁੰਘੇਗੀ, ਅਤੇ ਰਾਜਿਆਂ ਦੀ ਛਾਤੀ ਚੁੰਘੇਗੀ, ਤੂੰ ਜਾਣ ਲਵੇਂਗੀ ਕਿ ਮੈਂ ਯਹੋਵਾਹ ਤੇਰਾ ਬਚਾਉਣ ਵਾਲਾ ਹਾਂ, ਤੇਰਾ ਛੁਡਾਉਣ ਵਾਲਾ, ਯਾਕੂਬ ਦਾ ਸਰਬ ਸ਼ਕਤੀਮਾਨ ਹਾਂ ।
੧੭ ਪਿੱਤਲ ਦੀ ਥਾਂ ਮੈਂ ਸੋਨਾ ਅਤੇ ਲੋਹੇ ਦੇ ਥਾਂ ਮੈਂ ਚਾਂਦੀ ਲਿਆਵਾਂਗਾ, ਲੱਕੜੀ ਦੇ ਥਾਂ ਪਿੱਤਲ ਅਤੇ ਪੱਥਰਾਂ ਦੇ ਥਾਂ ਲੋਹਾ ਲਿਆਵਾਂਗਾ, ਮੈਂ ਸ਼ਾਂਤੀ ਨੂੰ ਤੇਰਾ ਹਾਕਮ ਅਤੇ ਸੁੱਖ ਨੂੰ ਤੇਰਾ ਧਰਮ ਬਣਾਵਾਂਗਾ । ੧੮ ਤੇਰੇ ਦੇਸ ਵਿੱਚ ਫੇਰ ਕਦੀ ਜ਼ੁਲਮ ਅਤੇ ਤੇਰੀਆਂ ਹੱਦਾਂ ਵਿੱਚ ਬਰਬਾਦੀ ਜਾਂ ਤਬਾਹੀ ਫੇਰ ਕਦੀ ਸੁਣਾਈ ਨਾ ਦੇਵੇਗੀ, ਤੂੰ ਆਪਣੀਆਂ ਕੰਧਾਂ ਨੂੰ ਮੁਕਤੀ, ਅਤੇ ਆਪਣੇ ਫਾਟਕਾਂ ਨੂੰ ਉਸਤਤ ਸੱਦੇਂਗੀ । ੧੯ ਫੇਰ ਦਿਨ ਨੂੰ ਸੂਰਜ ਤੇਰਾ ਚਾਨਣ ਨਾ ਹੋਵੇਗਾ, ਨਾ ਚੰਦ ਉਜਾਲੇ ਲਈ ਤੈਨੂੰ ਚਾਨਣ ਦੇਵੇਗਾ, ਪਰ ਯਹੋਵਾਹ ਤੇਰਾ ਸਦੀਪਕ ਚਾਨਣ ਹੋਵੇਗਾ, ਅਤੇ ਤੇਰਾ ਪਰਮੇਸ਼ੁਰ ਤੇਰੀ ਸ਼ੋਭਾ ਠਹਿਰੇਗਾ । ੨੦ ਤੇਰਾ ਸੂਰਜ ਫੇਰ ਨਹੀਂ ਲੱਥੇਗਾ, ਨਾ ਤੇਰੇ ਲਈ ਚੰਦ ਦੀ ਰੋਸ਼ਨੀ ਘੱਟ ਹੋਵੇਗੀ, ਕਿਉਂ ਜੋ ਯਹੋਵਾਹ ਜੋ ਤੇਰੇ ਲਈ ਸਦੀਪਕ ਚਾਨਣ ਹੋਵੇਗਾ, ਅਤੇ ਤੇਰੇ ਸੋਗ ਦੇ ਦਿਨ ਮੁੱਕ ਜਾਣਗੇ । ੨੧ ਤੇਰੇ ਸਾਰੇ ਲੋਕ ਧਰਮੀ ਹੋਣਗੇ, ਉਹ ਧਰਤੀ ਨੂੰ ਸਦਾ ਲਈ ਵੱਸ ਵਿੱਚ ਰੱਖਣਗੇ, ਉਹ ਮੇਰੇ ਲਾਏ ਹੋਏ ਬੂਟੇ ਅਤੇ ਮੇਰੇ ਹੱਥਾਂ ਦਾ ਕੰਮ ਠਹਿਰਣਗੇ ਤਾਂ ਜੋ ਮੇਰੀ ਸ਼ੋਭਾ ਪਰਗਟ ਹੋਵੇ । ੨੨ ਛੋਟੇ ਤੋਂ ਛੋਟਾ ਇੱਕ ਹਜ਼ਾਰ ਹੋ ਜਾਵੇਗਾ, ਅਤੇ ਸਭ ਤੋਂ ਕਮਜ਼ੋਰ ਇੱਕ ਬਲਵੰਤ ਕੌਮ, ਮੈਂ ਯਹੋਵਾਹ ਸਮੇਂ ਸਿਰ ਇਹ ਨੂੰ ਛੇਤੀ ਪੂਰਾ ਕਰਾਂਗਾ ।