JUDGES
ਨਿਆਂਈਆਂ ਦੀ ਪੋਥੀ
ਭੂਮਿਕਾ
ਕਨਾਨ ਦੇਸ਼ ਉੱਤੇ ਇਸਰਾਏਲੀਆਂ ਦੁਆਰਾ ਅਧਿਕਾਰ ਲੈਣ ਤੋਂ ਲੈ ਕੇ ਉਸ ਵਿੱਚ ਰਾਜਤੰਤਰ ਦੀ ਸਥਾਪਨਾ ਕਰਨ ਤੱਕ ਦਾ ਵਿਚਕਾਰਲਾ ਸਮਾਂ ਇਸਰਾਏਲ ਦੇ ਇਤਹਾਸ ਵਿੱਚ ਬਹੁਤ ਹੀ ਅਰਾਜਕਤਾ ਦਾ ਸਮਾਂ ਸੀ । ਨਿਆਂਈਆਂ ਦੀ ਪੋਥੀ ਵਿੱਚ ਅਰਾਜਕਤਾ ਦੇ ਇਸੇ ਸਮੇਂ ਵਿੱਚ ਹੋਈਆਂ ਘਟਨਾਵਾਂ ਦਾ ਵਰਣਨ ਮਿਲਦਾ ਹੈ । ਇਹ ਘਟਨਾਵਾਂ ਇਸਰਾਏਲ ਦੇ ਸੂਰਮਿਆਂ ਦੇ ਮਹਾਨ ਕਾਰਜਾਂ ਨਾਲ ਸੰਬੰਧਿਤ ਹਨ, ਉਨ੍ਹਾਂ ਨੂੰ ਨਿਆਂਈ ਆਖਿਆ ਜਾਂਦਾ ਸੀ । ਇਹ ਨਿਆਂਈ ਅੱਜ ਦੇ ਬਿਵਸਥਾ ਸਥਾਪਿਤ ਕਰਨ ਵਾਲੇ ਨਿਆਂਈਆਂ ਦੀ ਤਰ੍ਹਾਂ ਨਹੀਂ, ਸਗੋਂ ਸੈਨਾ-ਨਾਇਕ ਸਨ । ਇਨ੍ਹਾਂ ਵਿੱਚੋਂ ਸਭ ਤੋਂ ਪ੍ਰਸਿੱਧ ਨਿਆਂਈ ਸਮਸੂਨ ਸੀ, ਜਿਸ ਦੇ ਕੰਮਾਂ ਦਾ ਵਰਣਨ 13-16 ਅਧਿਆਏ ਵਿੱਚ ਮਿਲਦਾ ਹੈ ।
ਇਸ ਪੋਥੀ ਦੀ ਸਭ ਤੋਂ ਵੱਡੀ ਸਿੱਖਿਆ ਇਹ ਹੈ ਕਿ ਇਸਰਾਏਲ ਦਾ ਅਸਤਿਤਵ ਪਰਮੇਸ਼ੁਰ ਉੱਤੇ ਵਿਸ਼ਵਾਸ ਤੇ ਅਧਾਰਿਤ ਸੀ । ਜਦ ਕਿ ਧੋਖੇ ਦਾ ਨਤੀਜਾ ਹਮੇਸ਼ਾ ਹੀ ਡਾਢੀ ਬਿਪਤਾ ਅਤੇ ਸੰਕਟ ਦਾ ਕਾਰਨ ਰਿਹਾ ਹੈ, ਪਰ ਸਚਿਆਈ ਇਸ ਤੋਂ ਵੱਧ ਹੈ: ਜਦੋਂ ਇਸਰਾਏਲੀਆਂ ਨੇ ਪਰਮੇਸ਼ੁਰ ਨਾਲ ਧੋਖਾ ਕੀਤਾ ਅਤੇ ਡਾਢੀਆਂ ਬਿਪਤਾਵਾਂ ਉਨ੍ਹਾਂ ਉੱਤੇ ਆਣ ਪਈਆਂ, ਉਸ ਸਮੇਂ ਵੀ ਪਰਮੇਸ਼ੁਰ ਆਪਣੇ ਲੋਕਾਂ ਨੂੰ ਬਚਾਉਣ ਲਈ ਹਮੇਸ਼ਾ ਤਿਆਰ ਸੀ, ਸ਼ਰਤ ਇਹ ਸੀ ਕਿ ਉਹ ਤੋਬਾ ਕਰਕੇ ਫੇਰ ਪਰਮੇਸ਼ੁਰ ਵੱਲ ਮੁੜ ਜਾਣ ।
ਰੂਪ-ਰੇਖਾ
ਯਹੋਸ਼ੁਆ ਦੀ ਮੌਤ ਤੱਕ ਦੀਆਂ ਘਟਨਾਵਾਂ 1:1 - 2:10
ਇਸਰਾਏਲ ਦੇ ਨਿਆਂਈ 2:11 - 16:31
ਵਿਭਿੰਨ ਘਟਨਾਵਾਂ 17:1 - 21:25
ਯਹੂਦਾਹ ਅਤੇ ਸ਼ਿਮਓਨ ਦੇ ਗੋਤਾਂ ਦੁਆਰਾ ਅਦੋਨੀ ਬਜ਼ਕ ਨੂੰ ਬੰਦੀ ਬਣਾਇਆ ਜਾਣਾ
੧ ਯਹੋਸ਼ੁਆ ਦੇ ਮਰਨ ਤੋਂ ਬਾਅਦ ਇਸ ਤਰ੍ਹਾਂ ਹੋਇਆ ਕਿ ਇਸਰਾਏਲੀਆਂ ਨੇ ਯਹੋਵਾਹ ਤੋਂ ਪੁੱਛਿਆ, “ਭਲਾ, ਕਨਾਨੀਆਂ ਨਾਲ ਯੁੱਧ ਕਰਨ ਲਈ ਸਾਡੇ ਵੱਲੋਂ ਪਹਿਲਾਂ ਕੌਣ ਜਾਵੇਗਾ ? “ ੨ ਯਹੋਵਾਹ ਨੇ ਉੱਤਰ ਦਿੱਤਾ, “ਯਹੂਦਾਹ ਜਾਵੇਗਾ, ਅਤੇ ਵੇਖੋ, ਮੈਂ ਇਸ ਦੇਸ਼ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਹੈ ।” ੩ ਤਦ ਯਹੂਦਾਹ ਨੇ ਆਪਣੇ ਭਰਾ ਸ਼ਿਮਓਨ ਨੂੰ ਆਖਿਆ, “ਮੇਰੇ ਹਿੱਸੇ ਦੀ ਵੰਡ ਵਿੱਚ ਮੇਰੇ ਨਾਲ ਆ ਤਾਂ ਜੋ ਅਸੀਂ ਕਨਾਨੀਆਂ ਨਾਲ ਲੜਾਈ ਕਰੀਏ ਅਤੇ ਇਸੇ ਤਰ੍ਹਾਂ ਮੈਂ ਵੀ ਤੇਰੇ ਹਿੱਸੇ ਦੀ ਵੰਡ ਵਿੱਚ ਤੇਰੇ ਨਾਲ ਆਵਾਂਗਾ ।” ਸੋ ਸ਼ਿਮਓਨ ਉਸ ਦੇ ਨਾਲ ਗਿਆ । ੪ ਤਦ ਯਹੂਦਾਹ ਨੇ ਹਮਲਾ ਕੀਤਾ ਅਤੇ ਯਹੋਵਾਹ ਨੇ ਕਨਾਨੀਆਂ ਅਤੇ ਫ਼ਰਿੱਜ਼ੀਆਂ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਅਤੇ ਉਨ੍ਹਾਂ ਨੇ ਬਜ਼ਕ ਵਿੱਚ ਦਸ ਹਜ਼ਾਰ ਮਨੁੱਖ ਮਾਰ ਦਿੱਤੇ । ੫ ਉਨ੍ਹਾਂ ਨੇ ਅਦੋਨੀ ਬਜ਼ਕ ਨੂੰ ਬਜ਼ਕ ਵਿੱਚ ਲੱਭਿਆ ਅਤੇ ਉਸ ਦੇ ਨਾਲ ਲੜੇ ਅਤੇ ਕਨਾਨੀਆਂ ਅਤੇ ਫ਼ਰਿੱਜ਼ੀਆਂ ਨੂੰ ਮਾਰ ਦਿੱਤਾ । ੬ ਪਰ ਅਦੋਨੀ ਬਜ਼ਕ ਭੱਜ ਗਿਆ ਅਤੇ ਉਨ੍ਹਾਂ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਫੜ ਲਿਆ, ਅਤੇ ਉਸ ਦੇ ਹੱਥਾਂ ਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ । ੭ ਤਦ ਅਦੋਨੀ ਬਜ਼ਕ ਨੇ ਕਿਹਾ, “ਹੱਥਾਂ ਤੇ ਪੈਰਾਂ ਦੇ ਅੰਗੂਠੇ ਵੱਢੇ ਹੋਏ ਸੱਤਰ ਰਾਜੇ ਮੇਰੀ ਮੇਜ਼ ਦੇ ਹੇਠੋਂ ਟੁੱਕੜੇ ਚੁਗ-ਚੁਗ ਕੇ ਖਾਂਦੇ ਸਨ, ਇਸ ਲਈ ਜਿਸ ਤਰ੍ਹਾਂ ਮੈਂ ਕੀਤਾ ਸੀ, ਪਰਮੇਸ਼ੁਰ ਨੇ ਮੈਨੂੰ ਉਸੇ ਤਰ੍ਹਾਂ ਹੀ ਬਦਲਾ ਦਿੱਤਾ ਹੈ ।” ਫੇਰ ਉਹ ਉਸ ਨੂੰ ਯਰੂਸ਼ਲਮ ਵਿੱਚ ਲੈ ਆਏ ਅਤੇ ਉਹ ਉੱਥੇ ਹੀ ਮਰ ਗਿਆ ।
ਯਹੂਦਾਹ ਗੋਤ ਦੀ ਯਰੂਸ਼ਲਮ ਅਤੇ ਹਬਰੋਨ ਉੱਤੇ ਜਿੱਤ
੮ ਤਦ ਯਹੂਦੀਆਂ ਨੇ ਯਰੂਸ਼ਲਮ ਨਾਲ ਲੜਾਈ ਕੀਤੀ ਅਤੇ ਉਸ ਨੂੰ ਜਿੱਤ ਲਿਆ ਅਤੇ ਉਨ੍ਹਾਂ ਨੇ ਤਲਵਾਰ ਦੀ ਧਾਰ ਨਾਲ ਉਸ ਦੇ ਵਾਸੀਆਂ ਨੂੰ ਮਾਰਿਆ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ । ੯ ਇਸ ਤੋਂ ਬਾਅਦ, ਯਹੂਦੀ ਜਾ ਕੇ ਉਹਨਾਂ ਕਨਾਨੀਆਂ ਨਾਲ ਲੜੇ, ਜੋ ਪਹਾੜੀ ਦੇਸ਼ ਵਿੱਚ ਅਤੇ ਦੱਖਣ ਦੇ ਦੇਸ਼ ਅਤੇ ਬੇਟ ਵਿੱਚ ਵੱਸਦੇ ਸਨ । ੧੦ ਅਤੇ ਯਹੂਦਾਹ ਉਹਨਾਂ ਕਨਾਨੀਆਂ ਦਾ ਜੋ ਹਬਰੋਨ ਵਿੱਚ ਰਹਿੰਦੇ ਸਨ, ਸਾਹਮਣਾ ਕਰਨ ਨੂੰ ਗਿਆ । ਹਬਰੋਨ ਦਾ ਨਾਮ ਪਹਿਲਾਂ ਕਿਰਯਥ-ਅਬਰਾ ਸੀ । ਉੱਥੇ ਉਨ੍ਹਾਂ ਨੇ ਸ਼ੇਸ਼ਈ, ਅਹੀਮਾਨ ਅਤੇ ਤਲਮਈ ਨੂੰ ਮਾਰ ਦਿੱਤਾ ।
ਅਥਨੀਏਲ ਦੁਆਰਾ ਦਬੀਰ ਉੱਤੇ ਜਿੱਤ
(ਯਹੋਸ਼ੁਆ 15:13-19)
੧੧ ਫਿਰ ਉਸ ਨੇ ਉੱਥੋਂ ਜਾ ਕੇ ਦਬੀਰੀਆਂ ਉੱਤੇ ਹਮਲਾ ਕੀਤਾ । ਦਬੀਰ ਦਾ ਨਾਮ ਪਹਿਲਾਂ ਕਿਰਯਥ-ਸੇਫ਼ਰ ਸੀ । ੧੨ ਤਦ ਕਾਲੇਬ ਨੇ ਕਿਹਾ, “ਜੋ ਕੋਈ ਕਿਰਯਥ-ਸੇਫ਼ਰ ਉੱਤੇ ਹਮਲਾ ਕਰਕੇ ਉਸ ਨੂੰ ਜਿੱਤ ਲਵੇ, ਉਸ ਦੇ ਨਾਲ ਮੈਂ ਆਪਣੀ ਧੀ ਅਕਸਾਹ ਦਾ ਵਿਆਹ ਕਰ ਦਿਆਂਗਾ ।” ੧੩ ਤਦ ਕਾਲੇਬ ਦੇ ਛੋਟੇ ਭਰਾ ਕਨਜ ਦੇ ਪੁੱਤਰ ਨੇ ਉਸ ਨੂੰ ਜਿੱਤ ਲਿਆ ਅਤੇ ਕਾਲੇਬ ਨੇ ਆਪਣੀ ਧੀ ਅਕਸਾਹ ਦਾ ਵਿਆਹ ਉਸ ਨਾਲ ਕਰ ਦਿੱਤਾ । ੧੪ ਜਦ ਉਹ ਅਥਨੀਏਲ ਦੇ ਕੋਲ ਆਈ ਤਾਂ ਉਸ ਨੇ ਉਹ ਨੂੰ ਉਕਸਾਇਆ ਕਿ ਉਹ ਆਪਣੇ ਪਿਤਾ ਕੋਲੋਂ ਥੋੜੀ ਜ਼ਮੀਨ ਮੰਗੇ । ਫਿਰ ਉਹ ਛੇਤੀ ਨਾਲ ਆਪਣੇ ਗਧੇ ਤੋਂ ਉਤਰੀ, ਤਦ ਕਾਲੇਬ ਨੇ ਉਸ ਨੂੰ ਪੁੱਛਿਆ, “ਤੂੰ ਕੀ ਚਾਹੁੰਦੀ ਹੈਂ ? “ ੧੫ ਉਸ ਨੇ ਕਿਹਾ, “ਮੈਨੂੰ ਅਸੀਸ ਦੇ, ਜਦ ਤੁਸੀਂ ਮੈਨੂੰ ਦੱਖਣ ਦਾ ਦੇਸ਼ ਦਾਨ ਵਿੱਚ ਦਿੱਤਾ ਹੈ, ਤਾਂ ਮੈਨੂੰ ਪਾਣੀ ਦੇ ਸੋਤੇ ਵੀ ਦਿਉ ।” ਤਦ ਕਾਲੇਬ ਨੇ ਉੱਪਰਲੇ ਸੋਤੇ ਅਤੇ ਹੇਠਲੇ ਸੋਤੇ ਉਸ ਨੂੰ ਦੇ ਦਿੱਤੇ ।
ਯਹੂਦਾਹ ਅਤੇ ਬਿਨਯਾਮੀਨ ਦੇ ਗੋਤਾਂ ਦੀ ਜਿੱਤ
੧੬ ਮੂਸਾ ਦੇ ਸਹੁਰੇ ਕੇਨੀ ਦੀ ਸੰਤਾਨ, ਖ਼ਜੂਰਾਂ ਦੇ ਸ਼ਹਿਰ ਤੋਂ ਯਹੂਦੀਆਂ ਦੇ ਨਾਲ ਯਹੂਦਾਹ ਦੇ ਜੰਗਲ ਵਿੱਚ ਜੋ ਅਰਾਦ ਦੇ ਦੱਖਣ ਵੱਲ ਹੈ, ਉੱਪਰ ਆਈ ਅਤੇ ਇਸਰਾਏਲੀਆਂ ਦੇ ਵਿਚਕਾਰ ਵੱਸ ਗਈ । ੧੭ ਫਿਰ ਯਹੂਦਾਹ ਆਪਣੇ ਭਰਾ ਸ਼ਿਮਓਨ ਦੇ ਨਾਲ ਗਿਆ ਅਤੇ ਉਨ੍ਹਾਂ ਨੇ ਸਫ਼ਾਥ ਵਿੱਚ ਰਹਿਣ ਵਾਲੇ ਕਨਾਨੀਆਂ ਨੂੰ ਜਾ ਕੇ ਮਾਰਿਆ, ਅਤੇ ਉਸ ਨਗਰ ਨੂੰ ਨਾਸ਼ ਕਰ ਦਿੱਤਾ, ਇਸ ਲਈ ਉਸ ਨਗਰ ਦਾ ਨਾਮ ਹਾਰਮਾਹ ਪੈ ਗਿਆ । ੧੮ ਅਤੇ ਯਹੂਦਾਹ ਨੇ ਅੱਜ਼ਾਹ, ਅਸਕਲੋਨ ਅਤੇ ਅਕਰੋਨ ਨੂੰ ਉਨ੍ਹਾਂ ਦੇ ਆਲੇ-ਦੁਆਲੇ ਦੀ ਭੂਮੀ ਸਮੇਤ ਲੈ ਲਿਆ । ੧੯ ਯਹੋਵਾਹ ਯਹੂਦਾਹ ਦੇ ਅੰਗ-ਸੰਗ ਸੀ ਅਤੇ ਉਸ ਨੇ ਪਹਾੜੀ ਲੋਕਾਂ ਨੂੰ ਕੱਢ ਦਿੱਤਾ ਪਰ ਉਹ ਘਾਟੀ ਦੇ ਵਾਸੀਆਂ ਨੂੰ ਨਾ ਕੱਢ ਸੱਕਿਆ, ਕਿਉਂ ਜੋ ਉਨ੍ਹਾਂ ਦੇ ਕੋਲ ਲੋਹੇ ਦੇ ਰਥ ਸਨ । ੨੦ ਤਦ ਉਨ੍ਹਾਂ ਨੇ ਮੂਸਾ ਦੇ ਬਚਨ ਅਨੁਸਾਰ ਕਾਲੇਬ ਨੂੰ ਹਬਰੋਨ ਦੇ ਦਿੱਤਾ ਅਤੇ ਉਸ ਨੇ ਅਨਾਕ ਦੇ ਤਿੰਨਾਂ ਪੁੱਤਰਾਂ ਨੂੰ ਉੱਥੋਂ ਕੱਢ ਦਿੱਤਾ । ੨੧ ਬਿਨਯਾਮੀਨੀਆਂ ਨੇ ਯਰੂਸ਼ਲਮ ਵਿੱਚ ਰਹਿਣ ਵਾਲੇ ਯਬੂਸੀਆਂ ਨੂੰ ਨਾ ਕੱਢਿਆ, ਇਸ ਲਈ ਅੱਜ ਦੇ ਦਿਨ ਤੱਕ ਯਬੂਸੀ ਬਿਨਯਾਮੀਨੀਆਂ ਦੇ ਨਾਲ ਯਰੂਸ਼ਲਮ ਵਿੱਚ ਵੱਸਦੇ ਹਨ ।
ਯੂਸੁਫ਼ ਦੇ ਘਰਾਣੇ ਦੁਆਰਾ ਬੈਤੇਲ ਉੱਤੇ ਜਿੱਤ
੨੨ ਫਿਰ ਯੂਸੁਫ਼ ਦੇ ਘਰਾਣੇ ਨੇ ਬੈਤੇਲ ਉੱਤੇ ਹਮਲਾ ਕੀਤਾ, ਅਤੇ ਯਹੋਵਾਹ ਉਨ੍ਹਾਂ ਦੇ ਅੰਗ-ਸੰਗ ਸੀ । ੨੩ ਯੂਸੁਫ਼ ਦੇ ਘਰਾਣੇ ਨੇ ਬੈਤੇਲ ਦਾ ਭੇਤ ਲੈਣ ਲਈ ਲੋਕ ਭੇਜੇ । ਪਹਿਲਾਂ ਉਸ ਸ਼ਹਿਰ ਦਾ ਨਾਮ ਲੂਜ਼ ਸੀ । ੨੪ ਜਦ ਭੇਤੀਆਂ ਨੇ ਇੱਕ ਆਦਮੀ ਨੂੰ ਸ਼ਹਿਰ ਵਿੱਚੋਂ ਨਿੱਕਲਦਿਆਂ ਵੇਖਿਆ ਤਾਂ ਉਸ ਨੂੰ ਕਿਹਾ, “ਜੇਕਰ ਤੂੰ ਸ਼ਹਿਰ ਵਿੱਚ ਵੜਨ ਦਾ ਰਾਹ ਸਾਨੂੰ ਵਿਖਾਏਂ ਤਾਂ ਅਸੀਂ ਵੀ ਤੇਰੇ ਨਾਲ ਭਲਿਆਈ ਕਰਾਂਗੇ ।” ੨੫ ਤਦ ਉਸ ਨੇ ਉਨ੍ਹਾਂ ਨੂੰ ਸ਼ਹਿਰ ਵਿੱਚ ਵੜਨ ਦਾ ਰਾਹ ਵਿਖਾਇਆ ਅਤੇ ਉਨ੍ਹਾਂ ਨੇ ਸਾਰੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ਪਰ ਉਸ ਮਨੁੱਖ ਨੂੰ ਉਸ ਦੇ ਸਾਰੇ ਘਰਾਣੇ ਨਾਲ ਜੀਉਂਦਾ ਛੱਡ ਦਿੱਤਾ । ੨੬ ਉਸ ਮਨੁੱਖ ਨੇ ਹਿੱਤੀਆਂ ਦੇ ਦੇਸ਼ ਵਿੱਚ ਜਾ ਕੇ ਉੱਥੇ ਇੱਕ ਸ਼ਹਿਰ ਵਸਾਇਆ ਅਤੇ ਉਸ ਦਾ ਨਾਮ ਲੂਜ਼ ਰੱਖਿਆ, ਅਤੇ ਅੱਜ ਤੱਕ ਉਸ ਦਾ ਇਹੋ ਨਾਮ ਹੈ ।
ਪੂਰੀ ਤਰ੍ਹਾਂ ਨਾਲ ਨਾ ਕੱਢੇ ਗਏ ਲੋਕ
੨੭ ਮਨੱਸ਼ਹ ਨੇ ਬੈਤਸ਼ਾਨ, ਤਾਨਾਕ, ਦੋਰ, ਯਿਬਲਾਮ ਅਤੇ ਮਗਿੱਦੋ ਨੂੰ ਉਨ੍ਹਾਂ ਦੇ ਪਿੰਡਾਂ ਦੇ ਵਾਸੀਆਂ ਨਾਲ ਨਾ ਕੱਢਿਆ, ਇਸ ਲਈ ਕਨਾਨੀ ਉਸ ਦੇਸ਼ ਵਿੱਚ ਹੀ ਵੱਸੇ ਰਹੇ । ੨੮ ਪਰ ਜਦ ਇਸਰਾਏਲੀ ਤਕੜੇ ਹੋਏ ਤਾਂ ਉਹ ਕਨਾਨੀਆਂ ਤੋਂ ਬੇਗਾਰੀ ਕਰਾਉਂਦੇ ਰਹੇ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾ ਕੱਢਿਆ ।
੨੯ ਇਫ਼ਰਾਈਮ ਨੇ ਵੀ ਗਜ਼ਰ ਵਿੱਚ ਰਹਿਣ ਵਾਲੇ ਕਨਾਨੀਆਂ ਨੂੰ ਨਾ ਕੱਢਿਆ, ਇਸ ਲਈ ਕਨਾਨੀ ਗਜ਼ਰ ਵਿੱਚ ਉਨ੍ਹਾਂ ਦੇ ਵਿਚਕਾਰ ਹੀ ਵੱਸਦੇ ਰਹੇ ।
੩੦ ਜ਼ਬੂਲੂਨ ਨੇ ਵੀ ਕਟਰੋਨ ਅਤੇ ਨਹਲੋਲ ਦੇ ਵਾਸੀਆਂ ਨੂੰ ਨਾ ਕੱਢਿਆ, ਇਸ ਲਈ ਕਨਾਨੀ ਉਨ੍ਹਾਂ ਵਿੱਚ ਵੱਸਦੇ ਰਹੇ ਅਤੇ ਪਰ ਇਸਰਾਏਲੀ ਉਨ੍ਹਾਂ ਤੋਂ ਬੇਗਾਰੀ ਕਰਾਉਂਦੇ ਰਹੇ ।
੩੧ ਆਸ਼ੇਰ ਨੇ ਵੀ ਅੱਕੋ, ਸੀਦੋਨ, ਅਹਲਾਬ, ਅਕਜ਼ੀਬ, ਹਲਬਾਹ, ਅਫ਼ੀਕ ਅਤੇ ਰਹੋਬ ਦੇ ਵਾਸੀਆਂ ਨੂੰ ਨਾ ਕੱਢਿਆ ੩੨ ਸਗੋਂ ਆਸ਼ੇਰੀ ਉਸ ਦੇਸ਼ ਦੇ ਵਾਸੀ ਕਨਾਨੀਆਂ ਦੇ ਵਿਚਕਾਰ ਹੀ ਵੱਸ ਗਏ, ਕਿਉਂ ਜੋ ਉਨ੍ਹਾਂ ਨੇ ਉਹਨਾਂ ਨੂੰ ਨਹੀਂ ਕੱਢਿਆ ਸੀ ।
੩੩ ਨਫ਼ਤਾਲੀ ਨੇ ਵੀ ਬੈਤ-ਸ਼ਮਸ਼ ਅਤੇ ਬੈਤ-ਅਨਾਥ ਦੇ ਵਾਸੀਆਂ ਨੂੰ ਨਾ ਕੱਢਿਆ, ਸਗੋਂ ਉਹ ਉਨ੍ਹਾਂ ਕਨਾਨੀਆਂ ਦੇ ਵਿੱਚ, ਜੋ ਉੱਥੇ ਰਹਿੰਦੇ ਸਨ ਜਾ ਵੱਸੇ, ਪਰ ਬੈਤ-ਸ਼ਮਸ਼ ਅਤੇ ਬੈਤ-ਅਨਾਥ ਦੇ ਵਾਸੀ ਉਨ੍ਹਾਂ ਨੂੰ ਬਗਾਰ ਦਿੰਦੇ ਰਹੇ ।
੩੪ ਅਮੋਰੀਆਂ ਨੇ ਦਾਨੀਆਂ ਨੂੰ ਪਹਾੜੀ ਦੇਸ਼ ਵਿੱਚ ਭੱਜਾ ਦਿੱਤਾ, ਅਤੇ ਉਨ੍ਹਾਂ ਨੂੰ ਘਾਟੀ ਵਿੱਚ ਨਾ ਆਉਣ ਦਿੱਤਾ ।
੩੫ ਅਮੋਰੀ ਹਰਸ ਦੇ ਪਹਾੜ ਉੱਤੇ ਅੱਯਾਲੋਨ ਅਤੇ ਸਾਲਬੀਮ ਵਿੱਚ ਵੱਸਦੇ ਰਹੇ, ਪਰ ਯੂਸੁਫ਼ ਦੇ ਘਰਾਣੇ ਦਾ ਹੱਥ ਅਜਿਹਾ ਤਕੜਾ ਹੋਇਆ ਕਿ ਉਹ ਉਨ੍ਹਾਂ ਕੋਲੋਂ ਬਗਾਰ ਲੈਂਦੇ ਰਹੇ, ੩੬ ਅਤੇ ਅਮੋਰੀਆਂ ਦੀ ਦੇਸ਼ ਦੀ ਹੱਦ ਅਕਰੱਬੀਮ ਪਹਾੜ ਦੀ ਚੜ੍ਹਾਈ ਤੋਂ ਲੈ ਕੇ ਉੱਪਰ ਵੱਲ ਸੀ ।