ਦਬੋਰਾਹ ਅਤੇ ਬਾਰਾਕ ਦਾ ਚਰਿੱਤਰ
੧ ਏਹੂਦ ਦੇ ਮਰਨ ਤੋਂ ਬਾਅਦ ਇਸਰਾਏਲ ਨੇ ਫਿਰ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ । ੨ ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਕਨਾਨ ਦੇ ਰਾਜਾ ਯਾਬੀਨ ਦੇ ਹੱਥ ਵਿੱਚ ਕਰ ਦਿੱਤਾ, ਜੋ ਹਸੋਰ ਵਿੱਚ ਰਾਜ ਕਰਦਾ ਸੀ ਅਤੇ ਉਸ ਦੇ ਸੈਨਾਪਤੀ ਦਾ ਨਾਮ ਸੀਸਰਾ ਸੀ ਜੋ ਪਰਾਈਆਂ ਕੌਮਾਂ ਦੇ ਹਰੋਸ਼ਥ ਨਗਰ ਦਾ ਵਾਸੀ ਸੀ । ੩ ਤਦ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ, ਕਿਉਂ ਜੋ ਸੀਸਰਾ ਦੇ ਕੋਲ ਨੌਂ ਸੌ ਲੋਹੇ ਦੇ ਰਥ ਸਨ, ਅਤੇ ਉਸ ਨੇ ਵੀਹ ਸਾਲਾਂ ਤੱਕ ਇਸਰਾਏਲੀਆਂ ਨੂੰ ਬਹੁਤ ਦੁੱਖ ਦਿੱਤਾ ।
੪ ਉਸ ਵੇਲੇ ਲੱਪੀਦੋਥ ਦੀ ਪਤਨੀ ਦਬੋਰਾਹ ਜੋ ਇੱਕ ਨਬੀਆ ਸੀ, ਇਸਰਾਏਲੀਆਂ ਦਾ ਨਿਆਂ ਕਰਦੀ ਹੁੰਦੀ ਸੀ । ੫ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਰਾਮਹ ਅਤੇ ਬੈਤੇਲ ਦੇ ਵਿਚਕਾਰ ਦਬੋਰਾਹ ਦੀ ਖਜੂਰ ਦੇ ਹੇਠ ਬਹਿੰਦੀ ਸੀ ਅਤੇ ਇਸਰਾਏਲੀ ਉਸ ਦੇ ਕੋਲ ਨਿਆਂ ਕਰਾਉਣ ਦੇ ਲਈ ਆਉਂਦੇ ਸਨ । ੬ ਤਦ ਉਸ ਨੇ ਕੇਦੇਸ਼ ਨਫ਼ਤਾਲੀ ਤੋਂ ਅਬੀਨੋਅਮ ਦੇ ਪੁੱਤਰ ਬਾਰਾਕ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਕੀ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਆਗਿਆ ਨਹੀਂ ਦਿੱਤੀ ਕਿ ਜਾ ਅਤੇ ਤਬੋਰ ਦੇ ਪਹਾੜ ਵੱਲ ਲੋਕਾਂ ਨੂੰ ਉਤਸ਼ਾਹਿਤ ਕਰ ਅਤੇ ਨਫ਼ਤਾਲੀਆਂ ਤੇ ਜ਼ਬੂਲੁਨੀਆਂ ਵਿੱਚੋਂ ਦਸ ਹਜ਼ਾਰ ਜੁਆਨ ਆਪਣੇ ਨਾਲ ਲੈ ਜਾ ? ੭ ਅਤੇ ਮੈਂ ਕੀਸ਼ੋਨ ਦੀ ਨਦੀ ਕੋਲ, ਯਾਬੀਨ ਦੇ ਸੈਨਾਪਤੀ ਸੀਸਰਾ ਅਤੇ ਉਸ ਦੇ ਰਥਾਂ ਨੂੰ ਅਤੇ ਉਸ ਦੀ ਸੈਨਾ ਨੂੰ ਤੇਰੇ ਕੋਲ ਖਿੱਚ ਲਿਆਵਾਂਗਾ ਅਤੇ ਉਸ ਨੂੰ ਤੇਰੇ ਹੱਥਾਂ ਵਿੱਚ ਕਰ ਦਿਆਂਗਾ ।” ੮ ਬਾਰਾਕ ਨੇ ਉਸ ਨੂੰ ਕਿਹਾ, “ਜੇਕਰ ਤੂੰ ਮੇਰੇ ਨਾਲ ਚੱਲੇਂਗੀ ਤਾਂ ਹੀ ਮੈਂ ਜਾਂਵਾਂਗਾ ਪਰ ਜੇ ਤੂੰ ਮੇਰੇ ਨਾਲ ਨਾ ਚੱਲੇਂ ਤਾਂ ਮੈਂ ਵੀ ਨਹੀਂ ਜਾਂਵਾਂਗਾ । ੯ ਦਬੋਰਾਹ ਨੇ ਕਿਹਾ, “ਮੈਂ ਜ਼ਰੂਰ ਤੇਰੇ ਨਾਲ ਚੱਲਾਂਗੀ, ਤਾਂ ਵੀ ਇਸ ਸਫ਼ਰ ਵਿੱਚ ਜੋ ਕੁਝ ਤੂੰ ਕਰੇਂਗਾ ਉਸ ਵਿੱਚ ਤੇਰੀ ਕੋਈ ਵਡਿਆਈ ਨਾ ਹੋਵੇਗੀ ਕਿਉਂ ਜੋ ਯਹੋਵਾਹ ਸੀਸਰਾ ਨੂੰ ਇੱਕ ਇਸਤਰੀ ਦੇ ਹੱਥ ਵਿੱਚ ਕਰ ਦੇਵੇਗਾ ।” ਤਦ ਦਬੋਰਾਹ ਉੱਠੀ ਅਤੇ ਬਾਰਾਕ ਦੇ ਨਾਲ ਕੇਦੇਸ਼ ਨੂੰ ਗਈ ।
੧੦ ਬਾਰਾਕ ਨੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਲੋਕਾਂ ਨੂੰ ਕੇਦੇਸ਼ ਵਿੱਚ ਇਕੱਠੇ ਬੁਲਾ ਲਿਆ ਅਤੇ ਉਹ ਆਪਣੇ ਨਾਲ ਦਸ ਹਜ਼ਾਰ ਮਨੁੱਖ ਲੈ ਕੇ ਚੜ੍ਹਿਆ ਅਤੇ ਦਬੋਰਾਹ ਵੀ ਉਸ ਦੇ ਨਾਲ ਗਈ । ੧੧ ਹਬਰ ਕੇਨੀ ਨੇ ਜੋ ਮੂਸਾ ਦੇ ਸਹੁਰੇ ਹੋਬਾਬ ਦੀ ਸੰਤਾਨ ਵਿੱਚੋਂ ਸੀ, ਆਪਣੇ ਆਪ ਨੂੰ ਕੇਨੀਆਂ ਤੋਂ ਅਲੱਗ ਕੀਤਾ ਅਤੇ ਸਅਨਇਮ ਦੇ ਬਲੂਤ ਤੱਕ ਜੋ ਕੇਦੇਸ਼ ਦੇ ਨੇੜੇ ਹੈ ਆਪਣਾ ਤੰਬੂ ਲਾਇਆ ਸੀ । ੧੨ ਤਦ ਸੀਸਰਾ ਨੂੰ ਖ਼ਬਰ ਹੋਈ ਕਿ ਅਬੀਨੋਅਮ ਦਾ ਪੁੱਤਰ ਬਾਰਾਕ ਤਾਬੋਰ ਦੇ ਪਹਾੜ ਉੱਤੇ ਚੜ੍ਹ ਗਿਆ ਹੈ । ੧੩ ਤਦ ਸੀਸਰਾ ਨੇ ਆਪਣੇ ਸਾਰੇ ਰਥ, ਜੋ ਲੋਹੇ ਦੇ ਨੌ ਸੌ ਰਥ ਸਨ ਅਤੇ ਆਪਣੇ ਨਾਲ ਦੀ ਸਾਰੀ ਫੌਜ ਨੂੰ ਪਰਾਈਆਂ ਕੌਮਾਂ ਦੇ ਹਰੋਸ਼ਥ ਤੋਂ ਕੀਸ਼ੋਨ ਦੀ ਨਦੀ ਤੱਕ ਇਕੱਠੇ ਕੀਤਾ । ੧੪ ਤਦ ਦਬੋਰਾਹ ਨੇ ਬਾਰਾਕ ਨੂੰ ਕਿਹਾ, “ਉੱਠ ! ਕਿਉਂ ਜੋ ਅੱਜ ਉਹ ਦਿਨ ਹੈ ਜਿਸ ਵਿੱਚ ਯਹੋਵਾਹ ਨੇ ਸੀਸਰਾ ਨੂੰ ਤੇਰੇ ਵੱਸ ਕਰ ਦਿੱਤਾ ਹੈ ! ਕੀ ਯਹੋਵਾਹ ਤੇਰੇ ਅੱਗੇ ਨਹੀਂ ਨਿੱਕਲਿਆ ? “ ਤਾਂ ਬਾਰਾਕ ਤਾਬੋਰ ਦੇ ਪਹਾੜ ਤੋਂ ਉੱਤਰਿਆ ਅਤੇ ਦਸ ਹਜ਼ਾਰ ਮਨੁੱਖ ਉਸ ਦੇ ਪਿੱਛੇ ਗਏ । ੧੫ ਤਦ ਯਹੋਵਾਹ ਨੇ ਸੀਸਰਾ ਨੂੰ ਅਤੇ ਉਹ ਦੇ ਸਾਰਿਆਂ ਰਥਾਂ ਨੂੰ ਅਤੇ ਉਸ ਦੀ ਸਾਰੀ ਫ਼ੌਜ ਨੂੰ ਬਾਰਾਕ ਦੇ ਅੱਗੇ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ ਕਿ ਸੀਸਰਾ ਰਥ ਤੋਂ ਹੇਠਾਂ ਉਤਰ ਕੇ ਪੈਦਲ ਭੱਜਿਆ । ੧੬ ਅਤੇ ਬਾਰਾਕ ਨੇ ਪਰਾਈਆਂ ਕੌਮਾਂ ਦੇ ਹਰੋਸ਼ਥ ਤੱਕ ਫ਼ੌਜ ਅਤੇ ਰਥਾਂ ਦਾ ਪਿੱਛਾ ਕੀਤਾ ਅਤੇ ਸੀਸਰਾ ਦੀ ਸਾਰੀ ਫ਼ੌਜ ਤਲਵਾਰ ਨਾਲ ਇਸ ਤਰ੍ਹਾਂ ਮਾਰੀ ਗਈ ਕਿ ਇੱਕ ਵੀ ਨਾ ਬਚਿਆ । ੧੭ ਪਰ ਸੀਸਰਾ ਪੈਦਲ ਭੱਜ ਕੇ ਹਬਰ ਕੇਨੀ ਦੀ ਪਤਨੀ ਯਾਏਲ ਦੇ ਤੰਬੂ ਵੱਲ ਗਿਆ, ਕਿਉਂ ਜੋ ਹਾਸੋਰ ਦੇ ਰਾਜਾ ਯਾਬੀਨ ਅਤੇ ਹਬਰ ਕੇਨੀ ਦੇ ਘਰਾਣੇ ਵਿੱਚ ਮੇਲ-ਜੋਲ ਸੀ ।
੧੮ ਤਦ ਯਾਏਲ ਸੀਸਰਾ ਦੇ ਮਿਲਣ ਨੂੰ ਨਿੱਕਲੀ ਅਤੇ ਉਸ ਨੂੰ ਕਿਹਾ, “ਆਓ ਮਹਾਰਾਜ, ਮੇਰੇ ਘਰ ਆਉ ਅਤੇ ਨਾ ਡਰੋ ।” ਜਦ ਉਹ ਤੰਬੂ ਵਿੱਚ ਉਸ ਦੇ ਕੋਲ ਗਿਆ ਤਾਂ ਉਸ ਨੇ ਕੰਬਲ ਨਾਲ ਉਸ ਨੂੰ ਢੱਕ ਦਿੱਤਾ । ੧੯ ਤਾਂ ਸੀਸਰਾ ਨੇ ਉਸ ਨੂੰ ਕਿਹਾ, “ਮੈਨੂੰ ਥੋੜਾ ਜਿਹਾ ਪਾਣੀ ਪਿਲਾ ਕਿਉਂ ਜੋ ਮੈਨੂੰ ਪਿਆਸ ਲੱਗੀ ਹੈ ।” ਤਦ ਉਸ ਨੇ ਦੁੱਧ ਦੀ ਇੱਕ ਕਾੜ੍ਹਨੀ ਖੋਲ੍ਹ ਕੇ ਸੀਸਰਾ ਨੂੰ ਦੁੱਧ ਪਿਲਾਇਆ ਅਤੇ ਉਸ ਨੂੰ ਫਿਰ ਢੱਕ ਦਿੱਤਾ । ੨੦ ਫੇਰ ਸੀਸਰਾ ਨੇ ਉਸ ਨੂੰ ਕਿਹਾ, “ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹੀ ਹੋ ਜਾ ਅਤੇ ਜੇਕਰ ਕੋਈ ਆਵੇ ਅਤੇ ਤੈਨੂੰ ਪੁੱਛੇ ਕਿ ਇੱਥੇ ਕੋਈ ਪੁਰਖ ਹੈ ? ਤਾਂ ਤੂੰ ਆਖੀਂ, ਨਹੀਂ ।” ੨੧ ਇਸ ਤੋਂ ਬਾਅਦ ਹਬਰ ਦੀ ਪਤਨੀ ਯਾਏਲ ਨੇ ਤੰਬੂ ਦੀ ਇੱਕ ਕਿੱਲੀ ਚੁੱਕੀ ਅਤੇ ਇੱਕ ਹਥੌੜਾ ਹੱਥ ਵਿੱਚ ਲੈ ਲਿਆ ਅਤੇ ਚੁੱਪ-ਚਾਪ ਉਸ ਦੇ ਕੋਲ ਜਾ ਕੇ ਕਿੱਲੀ ਨੂੰ ਸੀਸਰਾ ਦੀ ਪੁੜਪੁੜੀ ਵਿੱਚ ਵਾੜ ਕੇ ਅਜਿਹਾ ਠੋਕਿਆ ਕਿ ਕਿੱਲੀ ਪਾਰ ਹੋ ਕੇ ਧਰਤੀ ਵਿੱਚ ਜਾ ਕੇ ਖੁੱਭ ਗਈ, ਉਹ ਤਾਂ ਥਕਾਵਟ ਦੇ ਕਾਰਨ ਗਹਿਰੀ ਨੀਂਦ ਵਿੱਚ ਸੁੱਤਾ ਪਿਆ ਸੀ, ਸੋ ਉਹ ਮਰ ਗਿਆ । ੨੨ ਅਤੇ ਵੇਖੋ, ਜਦੋਂ ਬਾਰਾਕ ਸੀਸਰਾ ਦਾ ਪਿੱਛਾ ਕਰਦਾ ਹੋਇਆ ਆਇਆ ਤਾਂ ਯਾਏਲ ਉਸ ਨੂੰ ਮਿਲਣ ਲਈ ਨਿੱਕਲੀ ਅਤੇ ਉਸ ਨੂੰ ਕਿਹਾ, “ਆ ਅਤੇ ਮੈਂ ਤੈਨੂੰ ਉਹ ਪੁਰਖ ਵਿਖਾਵਾਂਗੀ, ਜਿਸ ਨੂੰ ਤੂੰ ਲੱਭਦਾ ਹੈਂ ।” ਜਦ ਉਹ ਉਸ ਦੇ ਨਾਲ ਗਿਆ ਤਾਂ ਵੇਖੋ, ਸੀਸਰਾ ਮਰਿਆ ਪਿਆ ਸੀ ਅਤੇ ਕਿੱਲੀ ਉਸ ਦੀ ਪੁੜਪੁੜੀ ਵਿੱਚ ਸੀ । ੨੩ ਇਸ ਤਰ੍ਹਾਂ ਉਸ ਦਿਨ ਪਰਮੇਸ਼ੁਰ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਇਸਰਾਏਲੀਆਂ ਦੇ ਸਾਹਮਣੇ ਹਰਾ ਦਿੱਤਾ ੨੪ ਅਤੇ ਇਸਰਾਏਲੀਆਂ ਦਾ ਹੱਥ ਕਨਾਨ ਦੇ ਰਾਜਾ ਯਾਬੀਨ ਉੱਤੇ ਬਹੁਤ ਤਕੜਾ ਹੋਇਆ, ਇੱਥੋਂ ਤੱਕ ਕਿ ਉਨ੍ਹਾਂ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਨਾਸ ਕਰ ਦਿੱਤਾ ।