ਮਿਦਯਾਨੀਆਂ ਦੀ ਪੂਰਣ ਹਾਰ
੧ ਤਦ ਇਫ਼ਰਾਈਮ ਦੇ ਲੋਕਾਂ ਨੇ ਗਿਦਾਊਨ ਨੂੰ ਕਿਹਾ, “ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ ਕਿ ਜਦ ਤੂੰ ਮਿਦਯਾਨੀਆਂ ਨਾਲ ਲੜਨ ਲਈ ਗਿਆ ਤਾਂ ਸਾਨੂੰ ਨਾ ਬੁਲਾਇਆ ? “ ਸੋ ਉਨ੍ਹਾਂ ਨੇ ਉਸ ਦੇ ਨਾਲ ਬਹੁਤ ਝਗੜਾ ਕੀਤਾ । ੨ ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਭਲਾ, ਹੁਣ ਮੈਂ ਤੁਹਾਡੇ ਵਾਂਗੂੰ ਕੀ ਕੀਤਾ ਹੈ ? ਕੀ ਇਫ਼ਰਾਈਮ ਦੇ ਬਚੀ-ਖੁਚੀ ਦਾਖ਼ ਵੀ ਅਬੀ ਅਜ਼ਰ ਦੀ ਸਾਰੀ ਦਾਖਾਂ ਦੀ ਫ਼ਸਲ ਨਾਲੋਂ ਚੰਗੀ ਨਹੀਂ ? ੩ ਪਰਮੇਸ਼ੁਰ ਨੇ ਮਿਦਯਾਨ ਦੇ ਹਾਕਮਾਂ ਓਰੇਬ ਅਤੇ ਜ਼ਏਬ ਨੂੰ ਤੁਹਾਡੇ ਵੱਸ ਕਰ ਦਿੱਤਾ, ਹੋਰ ਤੁਹਾਡੇ ਬਰਾਬਰ ਕੰਮ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਸੀ ? “ ਜਦ ਉਸ ਨੇ ਇਹ ਗੱਲ ਕਹੀ ਤਾਂ ਉਨ੍ਹਾਂ ਦਾ ਕ੍ਰੋਧ ਉਸ ਤੋਂ ਘੱਟ ਗਿਆ ।
੪ ਤਦ ਗਿਦਾਊਨ ਯਰਦਨ ਕੋਲ ਆਇਆ ਅਤੇ ਉਹ ਆਪਣੇ ਤਿੰਨ ਸੌ ਸਾਥੀਆਂ ਨਾਲ ਪਾਰ ਲੰਘਿਆ, ਉਹ ਸਾਰੇ ਥੱਕੇ ਹੋਏ ਤਾਂ ਸਨ ਪਰ ਫਿਰ ਵੀ ਮਿਦਯਾਨੀਆਂ ਦੇ ਪਿੱਛੇ ਲੱਗੇ ਰਹੇ । ਤਦ ਗਿਦਾਊਨ ਨੇ ਸੁੱਕੋਥ ਦੇ ਲੋਕਾਂ ਨੂੰ ਕਿਹਾ, “ਜਿਹੜੇ ਮੇਰੇ ਨਾਲ ਹਨ, ਇਨ੍ਹਾਂ ਲੋਕਾਂ ਨੂੰ ਰੋਟੀਆਂ ਦਿਉ, ੫ ਕਿਉਂ ਜੋ ਇਹ ਥੱਕੇ ਹੋਏ ਹਨ ਅਤੇ ਮੈਂ ਮਿਦਯਾਨ ਦੇ ਦੋਹਾਂ ਰਾਜਿਆਂ ਜ਼ਬਾਹ ਅਤੇ ਸਲਮੁੰਨਾ ਦੇ ਪਿੱਛੇ ਪਿਆ ਹੋਇਆ ਹਾਂ ।”
੬ ਪਰ ਸੁੱਕੋਥ ਦੇ ਹਾਕਮਾਂ ਨੇ ਉੱਤਰ ਦਿੱਤਾ, “ਕੀ ਜ਼ਬਾਹ ਅਤੇ ਸਲਮੁੰਨਾ ਹੁਣੇ ਤੇਰੇ ਹੱਥਾਂ ਵਿੱਚ ਆ ਗਏ ਹਨ ਜੋ ਅਸੀਂ ਤੇਰੀ ਫੌਜ ਨੂੰ ਰੋਟੀਆਂ ਦੇਈਏ ? “ ੭ ਗਿਦਾਊਨ ਨੇ ਕਿਹਾ, “ਠੀਕ ਹੈ, ਜਦ ਯਹੋਵਾਹ ਜ਼ਬਾਹ ਅਤੇ ਸਲਮੁੰਨਾ ਨੂੰ ਮੇਰੇ ਹੱਥਾਂ ਵਿੱਚ ਕਰ ਦੇਵੇਗਾ ਤਾਂ ਮੈਂ ਤੁਹਾਡੇ ਮਾਸ ਨੂੰ ਜੰਗਲੀ ਕੰਡਿਆਂ ਅਤੇ ਕੰਟੀਲੀ ਝਾੜੀਆਂ ਨਾਲ ਛਿੱਲਾਂਗਾ !”
੮ ਉੱਥੋਂ ਉਹ ਪਨੂਏਲ ਨੂੰ ਗਿਆ ਅਤੇ ਉੱਥੇ ਦੇ ਲੋਕਾਂ ਤੋਂ ਇਸੇ ਤਰ੍ਹਾਂ ਭੋਜਨ ਮੰਗਿਆ, ਪਰ ਪਨੂਏਲ ਦੇ ਲੋਕਾਂ ਨੇ ਵੀ ਉਸੇ ਤਰ੍ਹਾਂ ਉੱਤਰ ਦਿੱਤਾ, ਜੋ ਸੁੱਕੋਥੀਆਂ ਨੇ ਦਿੱਤਾ ਸੀ । ੯ ਉਸ ਨੇ ਪਨੂਏਲ ਦੇ ਵਾਸੀਆਂ ਨੂੰ ਕਿਹਾ, “ਜਦ ਮੈਂ ਸੁਖ-ਸਾਂਦ ਨਾਲ ਮੁੜ ਆਵਾਂਗਾ ਤਾਂ ਮੈਂ ਇਸ ਬੁਰਜ ਨੂੰ ਢਾਹ ਦਿਆਂਗਾ !”
੧੦ ਜ਼ਬਾਹ ਅਤੇ ਸਲਮੁੰਨਾ ਕਰਕੋਰ ਵਿੱਚ ਸਨ, ਅਤੇ ਉਨ੍ਹਾਂ ਦੇ ਨਾਲ ਲਗਭਗ ਪੰਦਰਾਂ ਹਜ਼ਾਰ ਮਨੁੱਖਾਂ ਦੀ ਫੌਜ ਸੀ, ਕਿਉਂ ਜੋ ਪੂਰਬ ਦੇ ਲੋਕਾਂ ਵਿੱਚੋਂ ਉਹ ਹੀ ਬਾਕੀ ਬਚੇ ਸਨ, ਅਤੇ ਜੋ ਮਾਰੇ ਗਏ ਉਹ ਇੱਕ ਲੱਖ ਵੀਹ ਹਜ਼ਾਰ ਹਥਿਆਰ ਬੰਦ ਸਨ ।
੧੧ ਤਦ ਗਿਦਾਊਨ ਨੇ ਨੋਬਹ ਅਤੇ ਯਾਗਬਹਾਹ ਦੇ ਪੂਰਬ ਵੱਲ, ਤੰਬੂਆਂ ਵਿੱਚ ਰਹਿਣ ਵਾਲਿਆਂ ਦੇ ਰਸਤੇ ਤੋਂ ਚੜ੍ਹਾਈ ਕਰ ਕੇ ਉਸ ਫੌਜ ਨੂੰ ਮਾਰਿਆ, ਕਿਉਂ ਜੋ ਉਹ ਫੌਜ ਬੇਫ਼ਿਕਰ ਪਈ ਸੀ । ੧੨ ਜਦ ਜ਼ਬਾਹ ਅਤੇ ਸਲਮੁੰਨਾ ਭੱਜੇ, ਤਾਂ ਉਸ ਨੇ ਉਨ੍ਹਾਂ ਦਾ ਪਿੱਛਾ ਕਰਕੇ ਮਿਦਯਾਨੀਆਂ ਦੇ ਦੋਵੇਂ ਰਾਜਿਆਂ ਜ਼ਬਾਹ ਅਤੇ ਸਲਮੁੰਨਾ ਨੂੰ ਫੜ ਲਿਆ ਅਤੇ ਸਾਰੀ ਫੌਜ ਨੂੰ ਹਰਾ ਦਿੱਤਾ ।
੧੩ ਯੋਆਸ਼ ਦਾ ਪੁੱਤਰ ਗਿਦਾਊਨ ਹਰਸ ਦੀ ਚੜ੍ਹਾਈ ਤੋਂ ਲੜਾਈ ਵਿੱਚੋਂ ਮੁੜਿਆ । ੧੪ ਅਤੇ ਸੁੱਕੋਥੀਆਂ ਵਿੱਚੋਂ ਇੱਕ ਜਵਾਨ ਨੂੰ ਫੜ੍ਹ ਕੇ ਉਸ ਤੋਂ ਪੁੱਛਿਆ, ਤਾਂ ਉਸ ਨੇ ਸੱਤਰ ਮਨੁੱਖਾਂ ਦਾ ਪਤਾ ਦੱਸਿਆ । ਇਹ ਸਭ ਸੁੱਕੋਥ ਦੇ ਹਾਕਮ ਅਤੇ ਬਜ਼ੁਰਗ ਸਨ । ੧੫ ਤਦ ਉਹ ਸੁੱਕੋਥੀਆਂ ਕੋਲ ਆਇਆ ਅਤੇ ਕਹਿਣ ਲੱਗਾ, “ਜ਼ਬਾਹ ਅਤੇ ਸਲਮੁੰਨਾ ਨੂੰ ਵੇਖੋ, ਜਿਨ੍ਹਾਂ ਦੇ ਲਈ ਤੁਸੀਂ ਮੈਨੂੰ ਉਲਾਂਭਾ ਦਿੱਤਾ ਸੀ ਅਤੇ ਕਿਹਾ ਸੀ, ਭਲਾ, ਜ਼ਬਾਹ ਅਤੇ ਸਲਮੁੰਨਾ ਹੁਣੇ ਤੇਰੇ ਹੱਥ ਵਿੱਚ ਆ ਗਏ ਹਨ, ਜੋ ਅਸੀਂ ਤੇਰੇ ਥੱਕੇ ਹੋਏ ਜੁਆਨਾਂ ਨੂੰ ਰੋਟੀ ਦੇਈਏ ? “ ੧੬ ਤਾਂ ਉਸ ਨੇ ਸ਼ਹਿਰ ਦੇ ਬਜ਼ੁਰਗਾਂ ਨੂੰ ਫੜਿਆ ਅਤੇ ਜੰਗਲੀ ਕੰਡਿਆਂ ਅਤੇ ਕੰਟੀਲੀ ਝਾੜੀਆਂ ਨਾਲ ਸਜ਼ਾ ਦੇ ਕੇ ਸੁੱਕੋਥ ਦੇ ਲੋਕਾਂ ਨੂੰ ਸਬਕ ਸਿਖਾਇਆ । ੧੭ ਅਤੇ ਉਸ ਨੇ ਪਨੂਏਲ ਦਾ ਬੁਰਜ ਢਾਹ ਦਿੱਤਾ, ਅਤੇ ਨਗਰ ਦੇ ਮਨੁੱਖਾਂ ਨੂੰ ਵੱਢ ਸੁੱਟਿਆ ।
੧੮ ਫੇਰ ਉਸ ਨੇ ਜ਼ਬਾਹ ਅਤੇ ਸਲਮੁੰਨਾ ਤੋਂ ਪੁੱਛਿਆ, “ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਤਬੋਰ ਵਿੱਚ ਵੱਢਿਆ ਸੀ, ਉਹ ਕਿਹੋ ਜਿਹੇ ਸਨ ? “ ਉਨ੍ਹਾਂ ਦੇ ਉੱਤਰ ਦਿੱਤਾ, ਅਜਿਹੇ ਸਨ ਜਿਹੋ ਜਿਹਾ ਤੂੰ ਹੈਂ ਅਰਥਾਤ ਸਾਰੇ ਰਾਜਕੁਮਾਰਾਂ ਵਰਗੇ ਸਨ ।” ੧੯ ਤਾਂ ਉਸ ਨੇ ਕਿਹਾ, “ਉਹ ਮੇਰੇ ਸੱਕੇ ਭਰਾ, ਮੇਰੀ ਮਾਂ ਦੇ ਪੁੱਤਰ ਸਨ, ਜੀਉਂਦੇ ਯਹੋਵਾਹ ਦੀ ਸੌਂਹ, ਜੇ ਤੁਸੀਂ ਉਨ੍ਹਾਂ ਨੂੰ ਜੀਉਂਦਾ ਛੱਡ ਦਿੰਦੇ ਤਾਂ ਮੈਂ ਤੁਹਾਨੂੰ ਨਾ ਮਾਰਦਾ !” ੨੦ ਫੇਰ ਉਸ ਨੇ ਆਪਣੇ ਜੇਠੇ ਪੁੱਤਰ ਯਥਰ ਨੂੰ ਕਿਹਾ, “ਉੱਠ, ਇਨ੍ਹਾਂ ਨੂੰ ਵੱਢ ਸੁੱਟ !” ਪਰ ਉਸ ਜੁਆਨ ਨੇ ਡਰ ਦੇ ਮਾਰੇ ਆਪਣੀ ਤਲਵਾਰ ਨਾ ਖਿੱਚੀ, ਕਿਉਂ ਜੋ ਉਹ ਅਜੇ ਮੁੰਡਾ ਹੀ ਸੀ । ੨੧ ਤਦ ਜ਼ਬਾਹ ਅਤੇ ਸਲਮੁੰਨਾ ਨੇ ਕਿਹਾ, “ਤੂੰ ਆਪ ਉੱਠ ਅਤੇ ਸਾਡੇ ਉੱਤੇ ਵਾਰ ਕਰ, ਕਿਉਂਕਿ ਜਿਹੋ ਜਿਹਾ ਮਨੁੱਖ ਉਸੇ ਤਰ੍ਹਾਂ ਹੀ ਉਸ ਦਾ ਜ਼ੋਰ ਹੋਵੇਗਾ !” ਤਾਂ ਗਿਦਾਊਨ ਨੇ ਉੱਠ ਕੇ ਜ਼ਬਾਹ ਅਤੇ ਸਲਮੁੰਨਾ ਨੂੰ ਵੱਢ ਸੁੱਟਿਆ ਅਤੇ ਉਹ ਜੰਜ਼ੀਰਾਂ ਜੋ ਉਨ੍ਹਾਂ ਦੇ ਊਠਾਂ ਦੇ ਗਲੇ ਵਿੱਚ ਸਨ, ਉਸ ਨੇ ਲਾਹ ਲਈਆਂ ।
੨੨ ਤਦ ਇਸਰਾਏਲ ਦੇ ਮਨੁੱਖਾਂ ਨੇ ਗਿਦਾਊਨ ਨੂੰ ਕਿਹਾ, “ਤੂੰ ਸਾਡੇ ਉੱਤੇ ਰਾਜ ਕਰ, ਤੂੰ ਅਤੇ ਤੇਰਾ ਪੁੱਤਰ ਅਤੇ ਤੇਰਾ ਪੋਤਰਾ ਵੀ, ਕਿਉਂ ਜੋ ਤੂੰ ਹੀ ਸਾਨੂੰ ਮਿਦਯਾਨ ਦੇ ਹੱਥੋਂ ਛੁਡਾਇਆ ਹੈ ।” ੨੩ ਤਦ ਗਿਦਾਊਨ ਨੇ ਉਨ੍ਹਾਂ ਨੂੰ ਕਿਹਾ, “ਨਾ ਮੈਂ ਤੁਹਾਡੇ ਉੱਤੇ ਰਾਜ ਕਰਾਂਗਾ ਅਤੇ ਨਾ ਮੇਰਾ ਪੁੱਤਰ ਤੁਹਾਡੇ ਉੱਤੇ ਰਾਜ ਕਰੇਗਾ, ਸਗੋਂ ਯਹੋਵਾਹ ਹੀ ਤੁਹਾਡੇ ਉੱਤੇ ਰਾਜ ਕਰੇਗਾ ।”
੨੪ ਤਾਂ ਗਿਦਾਊਨ ਨੇ ਉਨ੍ਹਾਂ ਨੂੰ ਕਿਹਾ, “ਮੈਂ ਇੱਕ ਚੀਜ਼ ਤੁਹਾਡੇ ਤੋਂ ਮੰਗਦਾ ਹਾਂ, ਕਿ ਤੁਸੀਂ ਸਾਰੇ ਆਪਣੀ ਲੁੱਟ ਦੇ ਵਿੱਚੋਂ ਵਾਲੀਆਂ ਮੈਨੂੰ ਦੇ ਦਿਉ ।” ( ਕਿਉਂ ਜੋ ਉਹ ਵਾਲੀਆਂ ਸੋਨੇ ਦੀਆਂ ਸਨ, ਅਤੇ ਸੋਨੇ ਦੀਆਂ ਵਾਲੀਆਂ ਪਾਉਣਾ ਇਸ਼ਮਾਏਲੀਆਂ ਦੀ ਰੀਤ ਸੀ ) ੨੫ ਉਨ੍ਹਾਂ ਨੇ ਉੱਤਰ ਦਿੱਤਾ, “ਅਸੀਂ ਦੇਣ ਵਿੱਚ ਰਾਜ਼ੀ ਹਾਂ ।” ਤਦ ਉਨ੍ਹਾਂ ਨੇ ਇੱਕ ਚਾਦਰ ਵਿਛਾ ਕੇ ਆਪਣੀ ਆਪਣੀ ਲੁੱਟ ਦੇ ਧਨ ਵਿੱਚੋਂ ਵਾਲੀਆਂ ਕੱਢ ਕੇ ਉਸ ਵਿੱਚ ਪਾ ਦਿੱਤੀਆਂ । ੨੬ ਜੋ ਸੋਨੇ ਦੀਆਂ ਵਾਲੀਆਂ ਉਸ ਨੇ ਮੰਗੀਆਂ ਸਨ, ਉਨ੍ਹਾਂ ਦਾ ਤੋਲ ਵੀਹ ਸੇਰ ਦੇ ਲਗਭਗ ਸੀ, ਉਨ੍ਹਾਂ ਗਹਿਣਿਆਂ, ਕੈਂਠੇ ਅਤੇ ਬੈਂਗਣੀ ਕੱਪੜਿਆਂ ਤੋਂ ਬਿਨ੍ਹਾਂ ਜੋ ਮਿਦਯਾਨੀਆਂ ਦੇ ਰਾਜੇ ਪਹਿਨਦੇ ਸਨ ਅਤੇ ਉਨ੍ਹਾਂ ਗਹਿਣਿਆਂ ਤੋਂ ਬਿਨ੍ਹਾਂ ਜੋ ਊਠਾਂ ਦੇ ਗਲ ਵਿੱਚ ਸਨ । ੨੭ ਗਿਦਾਊਨ ਨੇ ਉਨ੍ਹਾਂ ਦਾ ਇੱਕ ਏਫ਼ੋਦ ਬਣਾ ਕੇ ਆਪਣੇ ਸ਼ਹਿਰ ਆਫ਼ਰਾਹ ਵਿੱਚ ਉਸ ਨੂੰ ਰੱਖਿਆ, ਅਤੇ ਉੱਥੇ ਸਾਰੇ ਇਸਰਾਏਲੀ ਵਿਭਚਾਰੀਆਂ ਵਾਂਗ ਉਸ ਦੇ ਪਿੱਛੇ ਲੱਗ ਗਏ ਅਤੇ ਇਹ ਗੱਲ ਗਿਦਾਊਨ ਅਤੇ ਉਸ ਦੇ ਘਰਾਣੇ ਲਈ ਫਾਹੀ ਹੋ ਗਈ ।
੨੮ ਇਸ ਤਰ੍ਹਾਂ ਨਾਲ ਮਿਦਯਾਨੀ ਇਸਰਾਏਲੀਆਂ ਤੋਂ ਅਜਿਹੇ ਹਾਰੇ ਕਿ ਫਿਰ ਸਿਰ ਨਾ ਚੁੱਕ ਸਕੇ ਅਤੇ ਗਿਦਾਊਨ ਦੇ ਦਿਨਾਂ ਵਿੱਚ ਚਾਲੀ ਸਾਲਾਂ ਤੱਕ ਦੇਸ਼ ਵਿੱਚ ਸ਼ਾਂਤੀ ਰਹੀ ।
ਗਿਦਾਊਨ ਦੀ ਮੌਤ
੨੯ ਯੋਆਸ਼ ਦਾ ਪੁੱਤਰ ਯਰੁੱਬਆਲ ਆਪਣੇ ਘਰ ਜਾ ਕੇ ਉੱਥੇ ਹੀ ਰਹਿਣ ਲੱਗਾ, ੩੦ ਅਤੇ ਗਿਦਾਊਨ ਦੇ ਸੱਤਰ ਪੁੱਤਰ ਪੈਦਾ ਹੋਏ, ਕਿਉਂ ਜੋ ਉਸ ਦੀਆਂ ਬਹੁਤ ਸਾਰੀਆਂ ਪਤਨੀਆਂ ਸਨ । ੩੧ ਉਸ ਦੀ ਇੱਕ ਰਖ਼ੈਲ ਜੋ ਸ਼ਕਮ ਵਿੱਚ ਰਹਿੰਦੀ ਸੀ, ਉਸ ਤੋਂ ਇੱਕ ਪੁੱਤਰ ਜਣੀ ਅਤੇ ਗਿਦਾਊਨ ਨੇ ਉਸ ਦਾ ਨਾਮ ਅਬੀਮਲਕ ਰੱਖਿਆ । ੩੨ ਅਤੇ ਯੋਆਸ਼ ਦਾ ਪੁੱਤਰ ਗਿਦਾਊਨ ਬਹੁਤ ਬੁੱਢਾ ਹੋ ਕੇ ਮਰ ਗਿਆ ਅਤੇ ਆਪਣੇ ਪਿਤਾ ਯੋਆਸ਼ ਦੀ ਕਬਰ ਵਿੱਚ ਜੋ ਅਬੀ ਅਜ਼ਰੀਆਂ ਦੇ ਆਫ਼ਰਾਹ ਵਿੱਚ ਸੀ, ਦਫਨਾਇਆ ਗਿਆ । ੩੩ ਅਤੇ ਅਜਿਹਾ ਹੋਇਆ ਕਿ ਗਿਦਾਊਨ ਦੀ ਮੌਤ ਹੁੰਦਿਆਂ ਹੀ ਇਸਰਾਏਲੀ ਮੁੜ ਗਏ ਅਤੇ ਬਆਲਾਂ ਦੇ ਪਿੱਛੇ ਲੱਗ ਕੇ ਵਿਭਚਾਰੀ ਹੋਏ ਅਤੇ ਬਆਲ ਬਰੀਤ ਨੂੰ ਆਪਣਾ ਦੇਵਤਾ ਬਣਾ ਲਿਆ । ੩੪ ਇਸ ਤਰ੍ਹਾਂ ਇਸਰਾਏਲੀਆਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਯਾਦ ਨਾ ਰੱਖਿਆ, ਜਿਸ ਨੇ ਉਨ੍ਹਾਂ ਨੂੰ ਚੁਫੇਰਿਓਂ ਉਨ੍ਹਾਂ ਦੇ ਸਾਰੇ ਵੈਰੀਆਂ ਦੇ ਹੱਥਾਂ ਤੋਂ ਛੁਡਾਇਆ ਸੀ, ੩੫ ਅਤੇ ਨਾ ਉਨ੍ਹਾਂ ਨੇ ਯਰੁੱਬਆਲ ਅਰਥਾਤ ਗਿਦਾਊਨ ਦੀਆਂ ਉਨ੍ਹਾਂ ਸਾਰੀਆਂ ਭਲਿਆਈਆਂ ਦੇ ਬਦਲੇ ਜੋ ਉਸ ਨੇ ਇਸਰਾਏਲੀਆਂ ਨਾਲ ਕੀਤੀਆਂ ਸਨ, ਉਸ ਦੇ ਘਰ ਉੱਤੇ ਦਯਾ ਕੀਤੀ ।