੧੯
ਇੱਕ ਲੇਵੀ ਅਤੇ ਉਸ ਦੀ ਰਖ਼ੈਲ
੧ ਉਨ੍ਹਾਂ ਦਿਨਾਂ ਵਿੱਚ ਜਦ ਇਸਰਾਏਲੀਆਂ ਦਾ ਕੋਈ ਰਾਜਾ ਨਹੀਂ ਸੀ ਤਾਂ ਅਜਿਹਾ ਹੋਇਆ ਕਿ ਇੱਕ ਲੇਵੀ ਮਨੁੱਖ ਜਿਹੜਾ ਇਫ਼ਰਾਈਮ ਦੇ ਪਹਾੜੀ ਦੇਸ਼ ਦੇ ਦੂਸਰੇ ਪਾਸੇ ਰਹਿੰਦਾ ਸੀ, ਬੈਤਲਹਮ-ਯਹੂਦਾਹ ਤੋਂ ਆਪਣੇ ਲਈ ਇੱਕ ਰਖ਼ੈਲ ਨੂੰ ਰੱਖ ਲਿਆ । ੨ ਉਸ ਦੀ ਰਖ਼ੈਲ ਵਿਭਚਾਰ ਕਰਕੇ ਉਸ ਦੇ ਕੋਲੋਂ ਬੈਤਲਹਮ-ਯਹੂਦਾਹ ਵਿੱਚ ਆਪਣੇ ਪਿਤਾ ਦੇ ਘਰ ਚਲੀ ਗਈ, ਅਤੇ ਚਾਰ ਮਹੀਨੇ ਉੱਥੇ ਰਹੀ । ੩ ਤਦ ਉਸ ਦਾ ਪਤੀ ਉੱਠਿਆ ਅਤੇ ਆਪਣੇ ਨਾਲ ਇੱਕ ਸੇਵਕ ਅਤੇ ਦੋ ਗਧੇ ਲੈ ਕੇ ਗਿਆ ਤਾਂ ਜੋ ਉਸ ਨੂੰ ਸਮਝਾ ਕੇ ਵਾਪਿਸ ਮੋੜ ਲਿਆਵੇ । ਉਹ ਉਸ ਨੂੰ ਆਪਣੇ ਪਿਤਾ ਦੇ ਘਰ ਲੈ ਕੇ ਗਈ ਅਤੇ ਜਦੋਂ ਉਸ ਜਵਾਨ ਇਸਤਰੀ ਦੇ ਪਿਤਾ ਨੇ ਉਸ ਨੂੰ ਵੇਖਿਆ ਤਾਂ ਉਸ ਨੂੰ ਮਿਲ ਕੇ ਅਨੰਦ ਹੋਇਆ । ੪ ਤਦ ਉਸ ਦੇ ਸਹੁਰੇ ਅਰਥਾਤ ਇਸਤਰੀ ਦੇ ਪਿਤਾ ਨੇ ਉਸ ਨੂੰ ਰੋਕ ਲਿਆ ਅਤੇ ਉਹ ਤਿੰਨ ਦਿਨ ਤੱਕ ਉਸ ਦੇ ਨਾਲ ਰਿਹਾ ਅਤੇ ਉਨ੍ਹਾਂ ਦੇ ਖਾਧਾ ਪੀਤਾ ਅਤੇ ਉੱਥੇ ਟਿਕੇ ਰਹੇ ।
੫ ਚੌਥੇ ਦਿਨ ਜਦ ਉਹ ਸਵੇਰ ਨੂੰ ਉੱਠੇ ਤਾਂ ਉਹ ਵਾਪਿਸ ਜਾਣ ਲਈ ਉੱਠ ਕੇ ਖੜ੍ਹਾ ਹੋ ਗਿਆ ਤਾਂ ਇਸਤਰੀ ਦੇ ਪਿਤਾ ਨੇ ਆਪਣੇ ਜੁਆਈ ਨੂੰ ਕਿਹਾ, “ਥੋੜ੍ਹੀ ਜਿਹੀ ਰੋਟੀ ਖਾ ਕੇ ਅਨੰਦ ਹੋ ਲੈ, ਫੇਰ ਤੁਸੀਂ ਚਲੇ ਜਾਣਾ ।” ੬ ਤਦ ਉਹ ਦੋਵੇਂ ਬੈਠ ਗਏ ਅਤੇ ਉਨ੍ਹਾਂ ਨੇ ਰਲ ਕੇ ਖਾਧਾ ਪੀਤਾ, ਫਿਰ ਇਸਤਰੀ ਦੇ ਪਿਤਾ ਨੇ ਉਸ ਮਨੁੱਖ ਨੂੰ ਕਿਹਾ, “ਇੱਕ ਰਾਤ ਹੋਰ ਇੱਥੇ ਹੀ ਰਹੋ ਅਤੇ ਆਪਣੇ ਮਨ ਨੂੰ ਅਨੰਦ ਕਰੋ ।” ੭ ਉਹ ਮਨੁੱਖ ਵਿਦਿਆ ਹੋਣ ਲਈ ਉੱਠਿਆ ਪਰ ਉਸ ਦਾ ਸਹੁਰਾ ਉਸ ਨਾਲ ਜਿੱਦ ਕਰ ਬੈਠਾ ਇਸ ਲਈ ਫਿਰ ਉਸ ਨੇ ਰਾਤ ਉੱਥੇ ਹੀ ਕੱਟੀ । ੮ ਪੰਜਵੇਂ ਦਿਨ ਸਵੇਰੇ ਹੀ ਉਹ ਵਿਦਿਆ ਹੋਣ ਲਈ ਉੱਠ ਗਿਆ, ਪਰ ਇਸਤਰੀ ਦੇ ਪਿਤਾ ਨੇ ਕਿਹਾ, “ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਤੂੰ ਆਪਣੇ ਮਨ ਨੂੰ ਅਨੰਦ ਕਰ ਅਤੇ ਦਿਨ ਢੱਲਣ ਤੱਕ ਠਹਿਰ ਜਾਉ ।” ਤਦ ਉਨ੍ਹਾਂ ਦੋਹਾਂ ਨੇ ਇਕੱਠੇ ਰੋਟੀ ਖਾਧੀ । ੯ ਜਦ ਉਹ ਮਨੁੱਖ ਆਪਣੀ ਰਖ਼ੈਲ ਅਤੇ ਸੇਵਕ ਦੇ ਨਾਲ ਵਿਦਿਆ ਹੋਣ ਲਈ ਉੱਠਿਆ ਤਦ ਉਸ ਦੇ ਸਹੁਰੇ ਅਰਥਾਤ ਉਸ ਇਸਤਰੀ ਦੇ ਪਿਤਾ ਨੇ ਉਸ ਨੂੰ ਕਿਹਾ, “ਵੇਖ, ਦਿਨ ਢੱਲਣ ਵਾਲਾ ਹੈ ਅਤੇ ਸ਼ਾਮ ਹੁੰਦੀ ਜਾਂਦੀ ਹੈ, ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਰਾਤ ਇੱਥੇ ਹੀ ਰਹੋ । ਵੇਖੋ, ਦਿਨ ਢਲਦਾ ਜਾਂਦਾ ਹੈ । ਇਸ ਲਈ ਇੱਥੇ ਹੀ ਰਹੋ ਅਤੇ ਅਨੰਦ ਹੋਵੇ ਅਤੇ ਸਵੇਰੇ ਹੀ ਉੱਠ ਕੇ ਆਪਣੇ ਰਾਹ ਪੈ ਜਾਣਾ ਤਾਂ ਜੋ ਤੂੰ ਆਪਣੇ ਡੇਰੇ ਵੱਲ ਵਿਦਿਆ ਹੋਵੇਂ ।”
੧੦ ਪਰ ਉਸ ਰਾਤ ਰਹਿਣ ਲਈ ਉਹ ਮਨੁੱਖ ਰਾਜ਼ੀ ਨਾ ਹੋਇਆ, ਇਸ ਲਈ ਵਿਦਿਆ ਹੋ ਕੇ ਚੱਲ ਪਿਆ ਅਤੇ ਯਬੂਸ ਦੇ ਨੇੜੇ ਜਿਸ ਨੂੰ ਯਰੂਸ਼ਲਮ ਕਹਿੰਦੇ ਹਨ, ਪਹੁੰਚ ਗਿਆ । ਕਾਠੀ ਪਾਏ ਹੋਏ ਦੋਵੇਂ ਗਧੇ ਅਤੇ ਉਸ ਦੀ ਰਖ਼ੈਲ ਵੀ ਉਸ ਦੇ ਨਾਲ ਸੀ । ੧੧ ਜਦ ਉਹ ਯਬੂਸ ਦੇ ਨੇੜੇ ਪਹੁੰਚੇ ਤਾਂ ਦਿਨ ਬਹੁਤ ਹੀ ਢੱਲ ਗਿਆ ਸੀ । ਤਾਂ ਸੇਵਕ ਨੇ ਆਪਣੇ ਸਵਾਮੀ ਨੂੰ ਕਿਹਾ, “ਆਉ ਜੀ, ਅਸੀਂ ਯਬੂਸਿਆਂ ਦੇ ਸ਼ਹਿਰ ਵਿੱਚ ਜਾ ਕੇ ਇੱਥੇ ਰਹੀਏ ।” ੧੨ ਪਰ ਉਸ ਦੇ ਸੁਆਮੀ ਨੇ ਉਸ ਨੂੰ ਕਿਹਾ, “ਪਰਾਏ ਸ਼ਹਿਰ ਵਿੱਚ ਜੋ ਇਸਰਾਏਲੀਆਂ ਦਾ ਨਹੀਂ ਹੈ, ਅਸੀਂ ਨਹੀਂ ਜਾਂਵਾਂਗੇ, ਪਰ ਅਸੀਂ ਗਿਬਆਹ ਵੱਲ ਚਲੇ ਜਾਂਵਾਂਗੇ ।” ੧੩ ਫਿਰ ਉਸ ਨੇ ਆਪਣੇ ਸੇਵਕ ਨੂੰ ਕਿਹਾ, “ਆ, ਅਸੀਂ ਇਨ੍ਹਾਂ ਥਾਵਾਂ ਵਿੱਚੋਂ ਕਿਸੇ ਇੱਕ ਵੱਲ ਚੱਲੀਏ, ਜਾਂ ਗਿਬਆਹ ਨੂੰ ਜਾਂ ਰਾਮਾਹ ਨੂੰ ਤਾਂ ਜੋ ਉੱਥੇ ਰਾਤ ਕੱਟੀਏ ।” ੧੪ ਅਤੇ ਉਹ ਅੱਗੇ ਦੀ ਵੱਲ ਸਫ਼ਰ ਕਰਦੇ ਰਹੇ ਅਤੇ ਜਦ ਬਿਨਯਾਮੀਨ ਦੇ ਗਿਬਆਹ ਦੇ ਨੇੜੇ ਪਹੁੰਚੇ ਤਾਂ ਸੂਰਜ ਢੱਲ ਗਿਆ । ੧੫ ਇਸ ਲਈ ਉਹ ਮੁੜ ਗਏ ਤਾਂ ਜੋ ਗਿਬਆਹ ਵਿੱਚ ਜਾ ਕੇ ਉੱਥੇ ਰਹਿਣ । ਅਤੇ ਉੱਥੇ ਜਾ ਕੇ ਉਹ ਸ਼ਹਿਰ ਦੇ ਇੱਕ ਚੌਂਕ ਵਿੱਚ ਬੈਠ ਗਿਆ ਕਿਉਂਕਿ ਉੱਥੇ ਅਜਿਹਾ ਕੋਈ ਨਹੀਂ ਸੀ ਜੋ ਉਨ੍ਹਾਂ ਨੂੰ ਰਾਤ ਕੱਟਣ ਲਈ ਆਪਣੇ ਘਰ ਲੈ ਜਾਂਦਾ ।
੧੬ ਤਦ ਵੇਖੋ, ਸ਼ਾਮ ਦੇ ਵੇਲੇ ਇੱਕ ਬਜ਼ੁਰਗ ਆਪਣੇ ਖੇਤ ਵਿੱਚੋਂ ਕੰਮ -ਧੰਧਾ ਮੁਕਾ ਕੇ ਉੱਥੇ ਆਇਆ, ਉਹ ਵੀ ਇਫ਼ਰਾਈਮ ਦੇ ਪਹਾੜੀ ਦੇਸ਼ ਦਾ ਸੀ, ਜੋ ਗਿਬਆਹ ਵਿੱਚ ਆ ਕੇ ਵੱਸ ਗਿਆ ਸੀ ਪਰ ਉੱਥੋਂ ਦੇ ਵਾਸੀ ਬਿਨਯਾਮੀਨੀ ਸਨ । ੧੭ ਉਸ ਨੇ ਅੱਖਾਂ ਚੁੱਕ ਕੇ ਇੱਕ ਰਾਹੀ ਨੂੰ ਸ਼ਹਿਰ ਦੇ ਚੌਂਕ ਬੈਠੇ ਵੇਖਿਆ, ਤਾਂ ਉਸ ਬਜ਼ੁਰਗ ਨੇ ਪੁੱਛਿਆ, “ਤੂੰ ਕਿੱਥੋਂ ਆਇਆ ਹੈਂ ਅਤੇ ਕਿੱਥੇ ਜਾਣਾ ਹੈ ? “ ੧੮ ਉਹ ਨੇ ਉਸ ਨੂੰ ਕਿਹਾ, “ਅਸੀਂ ਬੈਤਲਹਮ-ਯਹੂਦਾਹ ਤੋਂ ਆਏ ਅਤੇ ਇਫ਼ਰਾਈਮ ਦੇ ਪਹਾੜੀ ਦੇਸ਼ ਦੇ ਦੂਸਰੇ ਪਾਸੇ ਜਾਣਾ ਹੈ । ਮੈਂ ਉੱਥੋਂ ਦਾ ਹੀ ਹਾਂ । ਮੈਂ ਬੈਤਲਹਮ-ਯਹੂਦਾਹ ਨੂੰ ਗਿਆ ਸੀ ਅਤੇ ਹੁਣ ਆਪਣੇ ਘਰ ਦੇ ਵੱਲ ਜਾਂਦਾ ਹਾਂ । ਪਰ ਇੱਥੇ ਅਜਿਹਾ ਕੋਈ ਮਨੁੱਖ ਨਹੀਂ ਜੋ ਸਾਨੂੰ ਆਪਣੇ ਘਰ ਠਹਿਰਾਵੇ । ੧੯ ਸਾਡੇ ਕੋਲ ਖੋਤਿਆਂ ਲਈ ਦਾਣਾ ਪੱਠਾ ਵੀ ਹੈ ਅਤੇ ਮੇਰੇ ਲਈ ਅਤੇ ਤੇਰੀ ਇਸ ਦਾਸੀ ਲਈ ਅਤੇ ਇਸ ਜੁਆਨ ਦੇ ਲਈ ਜੋ ਤੇਰੇ ਸੇਵਕਾਂ ਦੇ ਨਾਲ ਹੈ, ਰੋਟੀ ਅਤੇ ਦਾਖ਼ਰਸ ਵੀ ਹੈ, ਸਾਨੂੰ ਕਿਸੇ ਵਸਤੂ ਦੀ ਘਾਟ ਨਹੀਂ ਹੈ ।” ੨੦ ਉਸ ਬਜ਼ੁਰਗ ਨੇ ਕਿਹਾ, “ਤੈਨੂੰ ਸੁਖ-ਸਾਂਦ ਹੋਵੇ ਅਤੇ ਤੇਰੀ ਸਾਰੀ ਲੋੜ ਸਾਡੇ ਸਿਰ ਤੇ ਹੋਵੇ ਪਰ ਤੂੰ ਚੌਂਕ ਵਿੱਚ ਰਾਤ ਬਿਲਕੁਲ ਨਾ ਕੱਟ ।” ੨੧ ਤਦ ਉਹ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਦੇ ਖੋਤਿਆਂ ਨੂੰ ਪੱਠੇ ਪਾਏ ਅਤੇ ਉਨ੍ਹਾਂ ਨੇ ਆਪਣੇ ਪੈਰ ਧੋਤੇ ਅਤੇ ਖਾਣ-ਪੀਣ ਲੱਗੇ ।
੨੨ ਜਿਸ ਵੇਲੇ ਉਹ ਅਨੰਦ ਕਰ ਰਹੇ ਸਨ ਤਾਂ ਵੇਖੋ, ਉਸ ਸ਼ਹਿਰ ਦੇ ਲੋਕਾਂ ਵਿੱਚੋਂ ਜੋ ਬਲਿਆਲ ਦੇ ਵੰਸ਼ ਦੇ ਸਨ, ਕਈਆਂ ਨੇ ਉਸ ਦੇ ਘਰ ਨੂੰ ਘੇਰ ਲਿਆ ਅਤੇ ਬੂਹਾ ਖੜਕਾ ਕੇ ਉਸ ਘਰ ਦੇ ਸਵਾਮੀ ਵਾਲੇ ਅਰਥਾਤ ਉਸ ਬਜ਼ੁਰਗ ਨੂੰ ਕਹਿਣ ਲੱਗੇ, “ਜਿਹੜਾ ਮਨੁੱਖ ਤੇਰੇ ਘਰ ਆਇਆ ਹੈ ਉਸ ਨੂੰ ਬਾਹਰ ਕੱਢ ਲਿਆ ਜੋ ਅਸੀਂ ਉਸ ਨਾਲ ਸੰਗ ਕਰੀਏ ।” ੨੩ ਉਸ ਮਨੁੱਖ ਅਰਥਾਤ ਘਰ ਦੇ ਸਵਾਮੀ ਨੇ ਬਾਹਰ ਨਿੱਕਲ ਕੇ ਉਨ੍ਹਾਂ ਨੂੰ ਕਿਹਾ, “ਨਹੀਂ ਮੇਰੇ ਭਰਾਉ, ਅਜਿਹੀ ਬੁਰਿਆਈ ਨਾ ਕਰੋ, ਕਿਉਂ ਜੋ ਇਹ ਮਨੁੱਖ ਸਾਡੇ ਘਰ ਆਇਆ ਹੈ, ਇਸ ਲਈ ਅਜਿਹੀ ਦੁਸ਼ਟਤਾ ਨਾ ਕਰੋ । ੨੪ ਵੇਖੋ, ਇੱਥੇ ਮੇਰੀ ਕੁਆਰੀ ਧੀ ਅਤੇ ਇਸ ਪੁਰਖ ਦੀ ਰਖ਼ੈਲ ਹਨ । ਮੈਂ ਉਨ੍ਹਾਂ ਨੂੰ ਬਾਹਰ ਲੈ ਆਉਂਦਾ ਹਾਂ । ਤੁਸੀਂ ਉਨ੍ਹਾਂ ਦੀ ਬੇਪਤੀ ਕਰੋ ਅਤੇ ਜੋ ਤੁਹਾਨੂੰ ਚੰਗਾ ਲੱਗੇ ਉਹੋ ਉਨ੍ਹਾਂ ਨਾਲ ਕਰੋ, ਪਰ ਇਸ ਮਨੁੱਖ ਨਾਲ ਅਜਿਹੀ ਦੁਸ਼ਟਤਾ ਨਾ ਕਰੋ ।” ੨੫ ਪਰ ਉਨ੍ਹਾਂ ਲੋਕਾਂ ਨੇ ਉਸ ਦੀ ਗੱਲ ਨਾ ਮੰਨੀ । ਤਦ ਉਹ ਮਨੁੱਖ ਆਪਣੀ ਰਖ਼ੈਲ ਨੂੰ ਫੜ੍ਹ ਕੇ ਉਨ੍ਹਾਂ ਕੋਲ ਬਾਹਰ ਲੈ ਆਇਆ ਅਤੇ ਉਨ੍ਹਾਂ ਨੇ ਉਸ ਦੇ ਨਾਲ ਸੰਗ ਕੀਤਾ ਅਤੇ ਸਾਰੀ ਰਾਤ ਸਗੋਂ ਸਵੇਰ ਤੱਕ ਉਸ ਨੂੰ ਛੇੜਦੇ ਰਹੇ ਅਤੇ ਜਦ ਸਵੇਰ ਹੋਈ ਤਾਂ ਉਸ ਨੂੰ ਛੱਡ ਗਏ । ੨੬ ਤਦ ਉਹ ਇਸਤਰੀ ਸਵੇਰੇ ਹੀ ਆ ਕੇ ਉਸ ਮਨੁੱਖ ਦੇ ਘਰ ਦੇ ਦਰਵਾਜ਼ੇ ਉੱਤੇ ਡਿੱਗ ਪਈ ਜਿੱਥੇ ਉਸ ਦਾ ਪਤੀ ਸੀ, ਅਤੇ ਦਿਨ ਚੜ੍ਹਨ ਤੱਕ ਉੱਥੇ ਹੀ ਪਈ ਰਹੀ ।
੨੭ ਉਸ ਦੇ ਪਤੀ ਨੇ ਸਵੇਰੇ ਉੱਠ ਕੇ ਘਰ ਦਾ ਦਰਵਾਜਾ ਖੋਲ੍ਹਿਆ ਅਤੇ ਜਾਣ ਲਈ ਬਾਹਰ ਨਿੱਕਲਿਆ ਤਾਂ ਵੇਖੋ, ਉਸ ਦੀ ਰਖ਼ੈਲ ਘਰ ਦੇ ਦਰਵਾਜ਼ੇ ਉੱਤੇ ਪਈ ਸੀ ਅਤੇ ਉਸ ਦੇ ਹੱਥ ਡਿਉੜ੍ਹੀ ਨਾਲ ਲੱਗੇ ਹੋਏ ਸਨ । ੨੮ ਉਹ ਨੇ ਉਸ ਨੂੰ ਕਿਹਾ, “ਉੱਠ, ਅਸੀਂ ਚੱਲੀਏ !” ਪਰ ਕੋਈ ਉੱਤਰ ਨਾ ਮਿਲਿਆ । ਤਦ ਉਹ ਨੇ ਉਸ ਨੂੰ ਆਪਣੇ ਖੋਤੇ ਉੱਤੇ ਰੱਖ ਲਿਆ ਅਤੇ ਉੱਠ ਕੇ ਆਪਣੇ ਘਰ ਵੱਲ ਚੱਲ ਪਿਆ । ੨੯ ਜਦ ਉਹ ਆਪਣੇ ਘਰ ਪਹੁੰਚ ਗਿਆ ਤਾਂ ਛੁਰੀ ਲੈ ਕੇ ਆਪਣੀ ਰਖ਼ੈਲ ਦੇ ਅੰਗ-ਅੰਗ ਕੱਟ ਕੇ ਬਾਰਾਂ ਟੁੱਕੜੇ ਕੀਤੇ ਅਤੇ ਇਸਰਾਏਲ ਦੀਆਂ ਸਾਰੀਆਂ ਹੱਦਾਂ ਵਿੱਚ ਭੇਜ ਦਿੱਤੇ । ੩੦ ਤਦ ਜਿਸ ਕਿਸੇ ਨੇ ਇਹ ਵੇਖਿਆ ਉਹ ਆਪਸ ਵਿੱਚ ਕਹਿਣ ਲੱਗੇ, “ਇਸਰਾਏਲੀਆਂ ਦੇ ਮਿਸਰ ਤੋਂ ਨਿੱਕਲ ਕੇ ਆਉਣ ਦੇ ਸਮੇਂ ਤੋਂ ਲੈ ਕੇ ਅੱਜ ਦੇ ਦਿਨ ਤੱਕ ਅਜਿਹਾ ਕੰਮ ਕਦੇ ਨਹੀਂ ਹੋਇਆ, ਅਤੇ ਨਾ ਹੀ ਕਿਸੇ ਨੇ ਵੇਖਿਆ ! ਇਸ ਵੱਲ ਧਿਆਨ ਕਰੋ ਅਤੇ ਸਲਾਹ ਕਰ ਕੇ ਬੋਲੋ ਕਿ ਹੁਣ ਕੀ ਕਰਨਾ ਚਾਹੀਦਾ ਹੈ ।”