Jeremiah
ਯਿਰਮਿਯਾਹ
ਭੂਮਿਕਾ
ਨਬੀ ਯਿਰਮਿਯਾਹ ਸੱਤਵੀਂ ਸ਼ਤਾਬਦੀ ਦੇ ਅੰਤ ਅਤੇ ਛੇਵੀਂ ਸ਼ਤਾਬਦੀ ਦੇ ਸ਼ੁਰੂਆਤ ਵਿੱਚ ਹੋਇਆ । ਆਪਣੇ ਇਸ ਲੰਮੇ ਕਾਰਜਕਾਲ ਦੇ ਦੌਰਾਨ ਉਸਨੇ ਪਰਮੇਸ਼ੁਰ ਦੀ ਪਰਜਾ ਦੇ ਉੱਤੇ ਮਹਾਂ ਬਿਪਤਾ ਪੈਣ ਦੇ ਬਾਰੇ ਬਾਰ-ਬਾਰ ਚੇਤਾਵਨੀ ਦਿੱਤੀ ਜੋ ਉਸ ਜਾਤੀ ਦੇ ਮੂਰਤੀ ਪੂਜਾ ਦੇ ਕੰਮਾਂ ਅਤੇ ਪਾਪਾਂ ਦੇ ਕਾਰਨ ਆਉਣ ਵਾਲੀ ਸੀ । ਉਹ ਆਪਣੀਆਂ ਭਵਿੱਖਬਾਣੀਆਂ ਨੂੰ ਪੂਰਾ ਹੁੰਦੇ ਹੋਏ ਦੇਖ ਸਕਿਆ - ਬਾਬੁਲ ਦੇ ਰਾਜਾ ਨਬੂਕਦਨੱਸਰ ਦੁਆਰਾ ਯਰੂਸ਼ਲਮ ਦੀ ਹਾਰ, ਨਗਰ ਅਤੇ ਹੈਕਲ ਦਾ ਸੱਤਿਆਨਾਸ ਅਤੇ ਯਹੂਦਾ ਦੇ ਰਾਜਾ ਅਤੇ ਅਰਥਾਤ ਬਹੁਤ ਸਾਰੇ ਹੋਰ ਲੋਕਾਂ ਦਾ ਬਾਬੁਲ ਦੀ ਗੁਲਾਮੀ ਦੇ ਵਿੱਚ ਚਲੇ ਜਾਣਾ । ਉਸ ਨੇ ਇਹ ਵੀ ਦੱਸ ਦਿੱਤਾ ਕਿ ਅੰਤ ਵਿੱਚ ਲੋਕ ਵਾਪਸ ਆ ਜਾਣਗੇ ਅਤੇ ਦੇਸ ਫਿਰ ਵਸਾਇਆ ਜਾਵੇਗਾ ।
ਯਿਰਮਿਯਾਹ ਦੀ ਪੁਸਤਕ ਨੂੰ ਹੇਠ ਲਿਖੇ ਭਾਗਾਂ ਵਿੱਚ ਵੰਡਿਆ ਜਾਣਾ: (1) ਯਿਰਮਿਯਾਹ ਨੂੰ ਬੁਲਾਇਆ ਜਾਣਾ । (2) ਯੋਸੀਯਾਹ, ਯਾਹੋਯਾਕੀਮ ਅਤੇ ਸਿਦਕਯਾਹ ਰਾਜਿਆਂ ਦੇ ਸ਼ਾਸ਼ਨ ਕਾਲ ਵਿੱਚ ਯਹੂਦਾ ਦੇਸ ਅਤੇ ਉਸ ਦੇ ਸ਼ਾਸ਼ਕਾਂ ਨੂੰ ਪਰਮੇਸ਼ੁਰ ਵੱਲੋਂ ਦਿੱਤੇ ਗਏ ਸੰਦੇਸ਼ । (3) ਯਿਰਮਿਯਾਹ ਦੇ ਮੁਨਸ਼ੀ, ਬਾਰੂਕ ਦੇ ਵਿਚਾਰ, ਜਿਸ ਵਿੱਚ ਯਿਰਮਿਯਾਹ ਦੀਆਂ ਕਈ ਭਵਿੱਖਬਾਣੀਆਂ ਅਤੇ ਉਸ ਦੇ ਜੀਵਨ ਦੀਆਂ ਕਈ ਮਹੱਤਵਪੂਰਨ ਘਟਨਾਵਾਂ ਸ਼ਾਮਲ ਹਨ । (4) ਵੱਖ ਵੱਖ ਵਿਦੇਸੀ ਰਾਜਿਆਂ ਨਾਲ ਸੰਬੰਧਤ ਪਰਮੇਸ਼ੁਰ ਦਾ ਸੰਦੇਸ਼ । (5) ਇੱਕ ਇਤਿਹਾਸਕ ਪਰਿਸ਼ਦ ਜਿਸ ਵਿੱਚ ਯਰੂਸ਼ਲਮ ਦਾ ਪਤਨ ਅਤੇ ਬਾਬੁਲ ਦੀ ਬੰਧਵਾਈ ਵਿੱਚ ਜਾਣ ਦਾ ਵਿਵਰਣ ਮਿਲਦਾ ਹੈ ।
ਯਿਰਮਿਯਾਹ ਇੱਕ ਭਾਵੁਕ ਵਿਅਕਤੀ ਸੀ ਜੋ ਆਪਣੇ ਲੋਕਾਂ ਨਾਲ ਬੇਹੱਦ ਪਿਆਰ ਕਰਦਾ ਸੀ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਦੀ ਮਜਬੂਰੀ ਨਾਲ ਨਫਰਤ ਕਰਦਾ ਸੀ । ਕਈ ਵਿਸ਼ਿਆਂ ਦੇ ਵਿੱਚ ਬਹੁਤ ਭਾਵੁਕ ਹੋ ਸਕਦਾ ਹੈ ਕਿ ਉਸ ਨੂੰ ਕਿੰਨੀ ਪੀੜਾ ਦਾ ਅਨੁਭਵ ਹੋਇਆ ਸੀ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਇੱਕ ਨਬੀ ਹੋਣ ਲਈ ਬੁਲਾਇਆ ਸੀ । ਪਰਮੇਸ਼ੁਰ ਦਾ ਵਚਨ ਉਸ ਦੇ ਦਿਲ ਵਿੱਚ ਅੱਗ ਦੇ ਵਾਂਗ ਸੀ - ਉਹ ਉਸ ਨੂੰ ਦਬਾ ਕੇ ਨਹੀਂ ਰੱਖ ਸਕਦਾ ਸੀ ।
ਇਸ ਪੁਸਤਕ ਦੇ ਕੁਝ ਮਹਾਨ ਵਚਨ ਯਿਰਮਿਯਾਹ ਦੇ ਸੰਕਟ ਭਰੇ ਸਮੇਂ ਤੋਂ ਪਰੇ ਉਸ ਦਿਨ ਦੀ ਵੱਲ ਸੰਕੇਤ ਕਰਦੇ ਹਨ ਜਦੋਂ ਇੱਕ ਨਵਾਂ ਨੇਮ ਬੰਨ੍ਹਿਆ ਜਾਵੇਗਾ । ਇਸ ਨਵੇਂ ਨੇਮ ਦਾ ਪਰਮੇਸ਼ੁਰ ਦੇ ਲੋਕ ਬਿਨ੍ਹਾਂ ਕਿਸੇ ਗੁਰੂ ਦੀ ਸਹਾਇਤਾ ਤੋਂ ਪਾਲਣਾ ਕਰਨਗੇ, ਕਿਉਂਕਿ ਇਹ ਉਨ੍ਹਾਂ ਦੇ ਦਿਲਾਂ ਉੱਤੇ ਲਿਖੀਆਂ ਰਹਿਣਗੀਆਂ (31:31-34) ।
ਰੂਪ-ਰੇਖਾ
ਯਿਰਮਿਯਾਹ ਨੂੰ ਬੁਲਾਇਆ ਜਾਣਾ 1:1-19
ਯੋਸੀਯਾਹ, ਯਹੋਯਾਕੀਮ, ਯਹੋਯਾਕੀਨ ਅਤੇ ਸਿਦਕਿਯਾਹ ਨਾਮ ਦੇ ਰਾਜਿਆਂ ਦੇ ਸ਼ਾਸ਼ਨ ਕਾਲ ਵਿੱਚ ਕੀਤੀ ਗਈਆਂ ਭਵਿੱਖਬਾਣੀਆਂ 2:1 - 25:38
ਯਿਰਮਿਯਾਹ ਦੇ ਜੀਵਨ ਵਿੱਚ ਘਟੀਆਂ ਘਟਨਾਵਾਂ 26:1 - 45: 5
ਜਾਤੀ-ਜਾਤੀ ਦੇ ਵਿਰੋਧ ਵਿੱਚ ਭਵਿੱਖਬਾਣੀਆਂ 46:1 - 51:64
ਯਰੂਸ਼ਲਮ ਦਾ ਪਤਨ 52:1-34
ਯਿਰਮਿਯਾਹ
੧ ਹਿਲਕੀਯਾਹ ਦੇ ਪੁੱਤਰ ਯਿਰਮਿਯਾਹ ਦੀਆਂ ਬਾਣੀਆਂ ਜਿਹੜਾ ਬਿਨਯਾਮੀਨ ਦੇ ਦੇਸ ਵਿੱਚ ਅਨਾਥੋਥ ਦੇ ਜਾਜਕਾਂ ਵਿੱਚੋਂ ਸੀ ੨ ਜਿਹ ਦੇ ਕੋਲ ਯਹੋਵਾਹ ਦਾ ਬਚਨ ਆਮੋਨ ਦੇ ਪੁੱਤਰ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਦਿਨਾਂ ਵਿੱਚ ਉਸ ਦੀ ਪਾਤਸ਼ਾਹੀ ਦੇ ਤੇਰ੍ਹਵੇਂ ਸਾਲ ਵਿੱਚ ਆਇਆ ੩ ਇਹ ਯੋਸ਼ੀਯਾਹ ਦੇ ਪੁੱਤਰ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਦਿਨਾਂ ਵਿੱਚ ਵੀ ਯੋਸ਼ੀਯਾਹ ਦੇ ਪੁੱਤਰ ਯਹੂਦਾਹ ਦੇ ਰਾਜਾ ਸਿਦਕੀਯਾਹ ਦੇ ਗਿਆਰਵੇਂ ਸਾਲ ਦੇ ਛੇਕੜ ਤੱਕ ਯਰੂਸ਼ਲਮ ਦੀ ਗ਼ੁਲਾਮੀ ਤੱਕ ਜੋ ਪੰਜਵੇਂ ਮਹੀਨੇ ਵਿੱਚ ਸੀ ਆਉਂਦਾ ਰਿਹਾ ।
ਯਿਰਮਿਯਾਹ ਨੂੰ ਬੁਲਾਉਣਾ
੪ ਤਾਂ ਯਹੋਵਾਹ ਦਾ ਬਚਨ ਇਹ ਆਖ ਕੇ ਮੇਰੇ ਕੋਲ ਆਇਆ,- ੫ ਇਹ ਤੋਂ ਪਹਿਲਾਂ ਕਿ ਮੈਂ ਤੈਨੂੰ ਕੁੱਖ ਵਿੱਚ ਸਾਜਿਆ ਮੈਂ ਤੈਨੂੰ ਜਾਣਦਾ ਸਾਂ, ਇਹ ਤੋਂ ਪਹਿਲਾਂ ਕਿ ਤੂੰ ਕੁੱਖੋਂ ਨਿਕਲਿਆ ਮੈਂ ਤੈਨੂੰ ਵੱਖਰਾ ਕੀਤਾ, ਮੈਂ ਤੈਨੂੰ ਕੌਮਾਂ ਲਈ ਨਬੀ ਠਹਿਰਾਇਆ । ੬ ਤਾਂ ਮੈਂ ਆਖਿਆ ਹਾਏ ਪ੍ਰਭੂ ਯਹੋਵਾਹ ਵੇਖ, ਮੈਂ ਗੱਲ ਕਰਨੀ ਨਹੀਂ ਜਾਣਦਾ, ਮੈਂ ਛੋਕਰਾ ਜੋ ਹਾਂ । ੭ ਯਹੋਵਾਹ ਨੇ ਮੈਨੂੰ ਆਖਿਆ, ਤੂੰ ਨਾ ਆਖ ਕਿ ਮੈਂ ਛੋਕਰਾ ਹਾਂ, ਤੂੰ ਤਾਂ ਸਾਰਿਆ ਕੋਲ ਜਿਹਨਾਂ ਕੋਲ ਮੈਂ ਤੈਨੂੰ ਭੇਜਾਂਗਾ ਜਾਵੇਂਗਾ, ਸਭ ਕੁਝ ਜੋ ਮੈਂ ਤੈਨੂੰ ਹੁਕਮ ਦਿਆਂਗਾ ਤੂੰ ਬੋਲੇਗਾ । ੮ ਉਹਨਾਂ ਦੇ ਅੱਗਿਓਂ ਨਾ ਡਰੀਂ, ਮੈਂ ਤੈਨੂੰ ਛੁਡਾਉਣ ਲਈ ਤੇਰੇ ਅੰਗ-ਸੰਗ ਜੋ ਹਾਂ, ਯਹੋਵਾਹ ਦਾ ਵਾਕ ਹੈ । ੯ ਤਾਂ ਯਹੋਵਾਹ ਨੇ ਆਪਣਾ ਹੱਥ ਵਧਾ ਕੇ ਮੇਰੇ ਮੂੰਹ ਨੂੰ ਛੁਹਿਆ, ਅਤੇ ਯਹੋਵਾਹ ਨੇ ਮੈਨੂੰ ਆਖਿਆ, ਵੇਖ ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾ ਦਿੱਤੇ, ੧੦ ਵੇਖ ਮੈਂ ਅੱਜ ਦੇ ਦਿਨ ਤੈਨੂੰ ਕੌਮਾਂ ਉੱਤੇ ਅਤੇ ਪਾਤਸ਼ਾਹੀਆਂ ਉੱਤੇ ਥਾਪਿਆ ਹੈ, ਕਿ ਤੂੰ ਪੁੱਟੇ ਤੇ ਢਾਵੇਂ, ਨਾਸ ਕਰੇ ਤੇ ਡੇਗੇ, ਬਣਾਵੇ ਤੇ ਲਾਵੇਂ ।
ਦੋ ਦਰਸ਼ਣ
੧੧ ਫਿਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ ਯਿਰਮਿਯਾਹ, ਤੂੰ ਕੀ ਦੇਖਦਾ ਹੈ ? ਮੈਂ ਆਖਿਆ ਮੈਂ ਬਦਾਮ ਦੇ ਰੁੱਖ ਦਾ ਇੱਕ ਡੰਡਾ ਦੇਖਦਾ ਹਾਂ ੧੨ ਤਾਂ ਯਹੋਵਾਹ ਨੇ ਮੈਨੂੰ ਆਖਿਆ, ਤੂੰ ਚੰਗਾ ਵੇਖਿਆ ! ਮੈਂ ਆਪਣੇ ਬਚਨ ਦੇ ਪੂਰੇ ਕਰਨ ਲਈ ਜਾਗਦਾ ਜੋ ਰਹਿੰਦਾ ਹਾਂ ੧੩ ਯਹੋਵਾਹ ਦਾ ਬਚਨ ਇਹ ਆਖ ਕੇ ਦੂਜੀ ਵਾਰ ਮੇਰੇ ਕੋਲ ਆਇਆ, ਤੂੰ ਕੀ ਦੇਖਦਾ ਹੈ ? ਮੈਂ ਆਖਿਆ, ਮੈਂ ਉੱਬਲਦੀ ਹੋਈ ਦੇਗ ਦੇਖਦਾ ਹਾਂ ! ਉਹ ਦਾ ਮੂੰਹ ਉੱਤਰ ਦੇ ਪਾਸੇ ਵੱਲ ਹੈ ੧੪ ਤਾਂ ਯਹੋਵਾਹ ਨੇ ਮੈਨੂੰ ਆਖਿਆ, ਉੱਤਰ ਵਲੋਂ ਇਸ ਦੇਸ ਦੇ ਸਾਰੇ ਵਾਸੀਆਂ ਉੱਤੇ ਬੁਰਿਆਈ ਫੁੱਟ ਪਵੇਗੀ ੧੫ ਵੇਖ, ਮੈਂ ਉੱਤਰ ਵੱਲ ਦੀਆਂ ਪਾਤਸ਼ਾਹੀਆਂ ਦੇ ਸਾਰੇ ਟੱਬਰਾਂ ਨੂੰ ਸੱਦ ਰਿਹਾ ਹਾਂ, ਯਹੋਵਾਹ ਦਾ ਵਾਕ ਹੈ । ਉਹ ਆਉਣਗੇ ਅਤੇ ਹਰੇਕ ਆਪਣਾ ਸਿੰਘਾਸਣ ਯਰੂਸ਼ਲਮ ਦੇ ਫਾਟਕਾਂ ਦੇ ਲਾਂਘੇ ਉੱਤੇ ਅਤੇ ਉਹ ਦੀਆਂ ਕੰਧਾਂ ਦੇ ਆਲੇ-ਦੁਆਲੇ ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ਉੱਤੇ ਰੱਖੇਗਾ ੧੬ ਮੈਂ ਉਹਨਾਂ ਦੀਆਂ ਸਾਰੀਆਂ ਬੁਰਿਆਈਆਂ ਦੇ ਕਾਰਨ ਉਹਨਾਂ ਉੱਤੇ ਨਿਆਂ ਕਰਾਂਗਾ ਕਿਉਂਕਿ ਉਹਨਾਂ ਮੈਨੂੰ ਤਿਆਗ ਦਿੱਤਾ ਅਤੇ ਦੂਜੇ ਦੇਵਤਿਆਂ ਦੇ ਲਈ ਧੂਪ ਧੁਖਾਈ ਅਤੇ ਆਪਣੇ ਹੱਥਾਂ ਦੇ ਕੰਮਾਂ ਨੂੰ ਮੱਥਾ ਟੇਕਿਆ ੧੭ ਤੂੰ ਆਪਣਾ ਲੱਕ ਬੰਨ੍ਹ ਕੇ ਖਲੋ ਜਾ ! ਉਹ ਸਭ ਜੋ ਮੈਂ ਤੈਨੂੰ ਹੁਕਮ ਦਿਆਂ ਤੂੰ ਉਹਨਾਂ ਨੂੰ ਆਖ, ਉਹਨਾਂ ਦੇ ਅੱਗੋਂ ਨਾ ਘਾਬਰ ਮਤੇ ਮੈਂ ਤੈਨੂੰ ਉਹਨਾਂ ਦੇ ਅੱਗੇ ਘਬਰਾ ਦਿਆਂ ੧੮ ਵੇਖ, ਮੈਂ ਅੱਜ ਦੇ ਦਿਨ ਤੈਨੂੰ ਸਾਰੇ ਦੇਸ ਦੇ ਵਿਰੁੱਧ ਯਹੂਦਾਹ ਦੇ ਰਾਜਿਆਂ, ਉਹ ਦੇ ਸਰਦਾਰਾਂ ਉਹ ਦੇ ਜਾਜਕਾਂ ਅਤੇ ਦੇਸ ਦੇ ਲੋਕਾਂ ਦੇ ਵਿਰੁੱਧ ਇੱਕ ਗੜ੍ਹ ਵਾਲਾ ਸ਼ਹਿਰ, ਲੋਹ੍ਹ ਦਾ ਥੰਮ੍ਹ ਅਤੇ ਪਿੱਤਲ ਦੀਆਂ ਕੰਧਾਂ ਬਣਾਉਂਦਾ ਹਾਂ ੧੯ ਉਹ ਤੇਰੇ ਨਾਲ ਲੜਨਗੇ ਪਰ ਤੈਨੂੰ ਜਿੱਤ ਨਾ ਸਕਣਗੇ, ਮੈਂ ਤੈਨੂੰ ਛੁਡਾਉਣ ਲਈ ਤੇਰੇ ਸੰਗ ਜੋ ਹਾਂ, ਯਹੋਵਾਹ ਦਾ ਵਾਕ ਹੈ ।