੧੭
ਯਹੂਦਾਹ ਦਾ ਪਾਪ ਅਤੇ ਉਸ ਦੀ ਸਜ਼ਾ
੧ ਯਹੂਦਾਹ ਦਾ ਪਾਪ ਲੋਹੇ ਦੀ ਲਿਖਣ ਅਤੇ ਹੀਰੇ ਦੀ ਨੋਕ ਨਾਲ ਲਿਖਿਆ ਗਿਆ, ਉਹਨਾਂ ਦੇ ਦਿਲ ਦੀ ਪੱਟੀ ਉੱਤੇ ਅਤੇ ਤੁਹਾਡੀਆਂ ਜਗਵੇਦੀਆਂ ਦੇ ਸਿੰਙਾਂ ਉੱਤੇ ਉੱਕਰਿਆ ਗਿਆ ੨ ਉਹਨਾਂ ਦੇ ਪੁੱਤਰ ਹਰੇ ਰੁੱਖਾਂ ਕੋਲ ਪਹਾੜੀਆਂ ਉੱਤੇ ਅਤੇ ਉੱਚਿਆਈਆਂ ਉੱਤੇ ਉਹਨਾਂ ਦੀਆਂ ਜਗਵੇਦੀਆਂ ਅਤੇ ਟੁੰਡਾਂ ਨੂੰ ਚੇਤੇ ਕਰਦੇ ਹਨ ੩ ਹੇ ਖੇਤ ਵਿਚਲੇ ਮੇਰੇ ਪਹਾੜ, ਤੇਰਾ ਮਾਲ ਅਤੇ ਤੇਰੇ ਸਾਰੇ ਖਜਾਨੇ, ਤੇਰੇ ਉੱਚੇ ਸਥਾਨ ਤੇਰੀਆਂ ਸਾਰੀਆਂ ਹੱਦਾਂ ਵਿੱਚ ਪਾਪ ਦੇ ਕਾਰਨ ਮੈਂ ਲੁੱਟੇ ਜਾਣ ਲਈ ਦੇ ਦਿਆਂਗਾ ੪ ਤੂੰ ਆਪ ਹੀ ਆਪਣੀ ਮਿਰਾਸ ਨੂੰ ਜਿਹੜੀ ਮੈਂ ਤੈਨੂੰ ਦਿੱਤੀ ਛੱਡ ਦੇਵੇਂਗਾ ਅਤੇ ਉਸ ਦੇਸ ਵਿੱਚ ਜਿਹ ਨੂੰ ਤੂੰ ਨਹੀਂ ਜਾਣਦਾ ਮੈਂ ਤੈਥੋਂ ਤੇਰੇ ਵੈਰੀਆਂ ਦੀ ਟਹਿਲ ਕਰਾਵਾਂਗਾ ਕਿਉਂ ਜੋ ਤੁਸੀਂ ਮੇਰੇ ਕ੍ਰੋਧ ਦੀ ਅੱਗ ਭੜਕਾਈ ਹੈ ਜਿਹੜੀ ਸਦਾ ਬਲਦੀ ਰਹੇਗੀ ।
ਕੁਝ ਕਹਾਉਤਾਂ
੫ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਸਰਾਪ ਉਸ ਮਰਦ ਉੱਤੇ ਜਿਹੜਾ ਆਦਮੀ ਦਾ ਭਰੋਸਾ ਕਰਦਾ ਹੈ, ਅਤੇ ਬਸ਼ਰ ਨੂੰ ਆਪਣੀ ਬਾਂਹ ਬਣਾਉਂਦਾ ਹੈ, ਜਿਹ ਦਾ ਦਿਲ ਯਹੋਵਾਹ ਵੱਲੋਂ ਫਿਰ ਜਾਂਦਾ ਹੈ ! ੬ ਉਹ ਥਲ ਦੇ ਰਤਮੇ ਵਾਂਗੂੰ ਹੈ, ਉਹ ਕੋਈ ਭਲਿਆਈ ਆਉਂਦੀ ਨਾ ਵੇਖੇਗਾ, ਉਹ ਉਜਾੜ ਦੇ ਸੜੇ ਹੋਏ ਥਾਵਾਂ ਵਿੱਚ ਵੱਸੇਗਾ, ਬੇਆਬਾਦ ਕੱਲਰ ਸ਼ੋਰ ਵਿੱਚ । ੭ ਮੁਬਾਰਕ ਹੈ ਉਹ ਮਰਦ ਜਿਹ ਦਾ ਭਰੋਸਾ ਯਹੋਵਾਹ ਉੱਤੇ ਹੈ, ਜਿਹ ਦਾ ਭਰੋਸਾ ਯਹੋਵਾਹ ਹੈ ! ੮ ਉਹ ਉਸ ਰੁੱਖ ਵਾਂਗੂੰ ਹੈ ਜਿਹੜਾ ਪਾਣੀ ਉੱਤੇ ਲੱਗਿਆ ਹੋਇਆ ਹੈ, ਜਿਹੜਾ ਨਦੀ ਵੱਲ ਆਪਣੀਆਂ ਜੜ੍ਹਾਂ ਫੈਲਾਉਂਦਾ ਹੈ । ਜਦ ਗਰਮੀ ਆਵੇ ਤਾਂ ਉਸ ਨੂੰ ਡਰ ਨਹੀਂ, ਸਗੋਂ ਉਹ ਦੇ ਪੱਤੇ ਹਰੇ ਰਹਿੰਦੇ ਹਨ, ਔੜ ਦੇ ਸਾਲ ਉਹ ਨੂੰ ਚਿੰਤਾ ਨਾ ਹੋਵੇਗੀ, ਨਾ ਉਹ ਫਲ ਲਿਆਉਣ ਤੋਂ ਰੁਕੇਗਾ । ੯ ਦਿਲ ਸਭ ਚੀਜਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸਕਦਾ ਹੈ ? ੧੦ ਮੈਂ ਯਹੋਵਾਹ ਦਿਲ ਨੂੰ ਪਰਖਦਾ ਹਾਂ, ਅਤੇ ਗੁਰਦਿਆਂ ਨੂੰ ਪਰਤਾਉਂਦਾ ਹਾਂ, ਭਈ ਹਰ ਮਨੁੱਖ ਨੂੰ ਉਹ ਦੇ ਚਾਲ-ਚਲਣ ਅਨੁਸਾਰ, ਅਤੇ ਉਹ ਦੇ ਕੰਮਾਂ ਦੇ ਫਲਾਂ ਅਨੁਸਾਰ ਬਦਲਾ ਦੇ । ੧੧ ਉਹ ਆਦਮੀ ਜਿਹੜਾ ਇਨਸਾਫ਼ ਦੇ ਬਿਨਾਂ ਧਨ ਇਕੱਠਾ ਕਰਦਾ ਹੈ, ਉਸ ਤਿੱਤਰ ਵਰਗਾ ਹੋਵੇਗਾ ਜੋ ਉਹਨਾਂ ਆਂਡਿਆਂ ਉੱਤੇ ਬੈਠੇ ਜਿਹੜੇ ਉਹ ਨੇ ਨਹੀਂ ਦਿੱਤੇ । ਉਹ ਦੇ ਦਿਨਾਂ ਦੇ ਅੱਧ ਵਿੱਚ ਉਹ ਉਸ ਤੋਂ ਛੁੱਟ ਜਾਵੇਗਾ, ਅਤੇ ਓੜਕ ਨੂੰ ਉਹ ਮੂਰਖ ਬਣੇਗਾ । ੧੨ ਇੱਕ ਪਰਤਾਪ ਵਾਲਾ ਸਿੰਘਾਸਣ ਆਦ ਤੋਂ ਉੱਚਿਆਈ ਤੋਂ ਥਾਪਿਆ ਹੋਇਆ ਸਾਡਾ ਪਵਿੱਤਰ ਸਥਾਨ ਹੈ । ੧੩ ਹੇ ਯਹੋਵਾਹ ਇਸਰਾਏਲ ਦੀ ਆਸਾ, ਤੇਰੇ ਸਾਰੇ ਤਿਆਗਣ ਵਾਲੇ ਲੱਜਿਆਵਾਨ ਹੋਣਗੇ । ਉਹ “ ਮੇਰੇ ਫਿਰਤੂ “ ਧਰਤੀ ਵਿੱਚ ਲਿਖੇ ਜਾਣਗੇ, ਕਿਉਂ ਜੋ ਉਹਨਾਂ ਨੇ ਯਹੋਵਾਹ ਨੂੰ ਤਿਆਗ ਦਿੱਤਾ, ਜਿਹੜਾ ਜਿਉਂਦੇ ਪਾਣੀ ਦਾ ਸੋਤਾ ਹੈ ।
ਯਿਰਮਿਯਾਹ ਦੁਆਰਾ ਸਹਾਇਤਾ ਲਈ ਬੇਨਤੀ
੧੪ ਹੇ ਯਹੋਵਾਹ, ਮੈਨੂੰ ਵੱਲ ਕਰ ਤਾਂ ਮੈਂ ਵਲ ਹੋਵਾਂਗਾ ! ਮੈਨੂੰ ਬਚਾ ਤਾਂ ਮੈਂ ਬਚਾਂਗਾ ! ਕਿਉਂ ਜੋ ਤੂੰ ਮੇਰੀ ਉਸਤਤ ਹੈਂ । ੧੫ ਵੇਖ, ਉਹ ਮੈਨੂੰ ਆਖਦੇ ਹਨ, ਯਹੋਵਾਹ ਦਾ ਬਚਨ ਕਿੱਥੇ ਹੈ ? ਉਹ ਆਵੇ ਤਾਂ ਸਹੀ ! ੧੬ ਮੈਂ ਤੇਰੇ ਪਿੱਛੇ ਆਜੜੀ ਹੋਣ ਲਈ ਸ਼ਤਾਬੀ ਨਹੀਂ ਕੀਤੀ, ਨਾ ਸੋਗ ਦੇ ਦਿਨ ਦੀ ਚਾਹ ਕੀਤੀ ਹੈ, ਤੂੰ ਇਹ ਜਾਣਦਾ ਹੈ । ਜੋ ਕੁੱਝ ਮੇਰੇ ਬੁੱਲ੍ਹਾਂ ਤੋਂ ਨਿਕਲਿਆ, ਉਹ ਤੇਰੇ ਮੂੰਹ ਦੇ ਸਨਮੁੱਖ ਸੀ । ੧੭ ਤੂੰ ਮੇਰੇ ਲਈ ਡਰਾਉਣਾ ਨਾ ਬਣ, ਬਿਪਤਾ ਦੇ ਦਿਨ ਤੂੰ ਮੇਰੀ ਪਨਾਹ ਹੈ । ੧੮ ਜਿਹੜੇ ਮੈਨੂੰ ਸਤਾਉਂਦੇ ਹਨ ਉਹ ਲੱਜਿਆਵਾਨ ਹੋਣ, ਪਰ ਮੈਨੂੰ ਲੱਜਿਆਵਾਨ ਨਾ ਹੋਣ ਦੇਹ, ਉਹ ਘਬਰਾਉਣ, ਪਰ ਮੈਨੂੰ ਘਬਰਾਉਣ ਨਾ ਦੇ । ਉਹਨਾਂ ਉੱਤੇ ਬਿਪਤਾ ਦਾ ਦਿਨ ਲਿਆ, ਉਹਨਾਂ ਨੂੰ ਦੁੱਗਣੀ ਮਾਰ ਨਾਲ ਭੰਨ ਸੁੱਟ ! ।
ਵਿਸ਼ਰਾਮ ਦੇ ਦਿਨ ਦਾ ਪਾਲਣ
੧੯ ਯਹੋਵਾਹ ਨੇ ਮੈਨੂੰ ਆਖਿਆ ਕਿ ਜਾਹ, ਆਮ ਲੋਕਾਂ ਦੇ ਫਾਟਕ ਉੱਤੇ ਜਿਹ ਦੇ ਵਿੱਚੋਂ ਦੀ ਯਹੂਦਾਹ ਦੇ ਰਾਜਾ ਅੰਦਰ ਆਉਂਦੇ ਹਨ ਅਤੇ ਜਿਹ ਦੇ ਵਿੱਚੋ ਦੀ ਬਾਹਰ ਜਾਂਦੇ ਹਨ ਸਗੋਂ ਯਰੂਸ਼ਲਮ ਦੇ ਫਾਟਕਾਂ ਉੱਤੇ ਖਲੋ ੨੦ ਤੂੰ ਉਹਨਾਂ ਨੂੰ ਆਖ, ਹੇ ਯਹੂਦਾਹ ਦੇ ਪਾਤਸ਼ਾਹੋ ਅਤੇ ਹੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਵਾਸੀਓ ਜਿਹੜੇ ਇਹਨਾਂ ਫਾਟਕਾਂ ਦੇ ਵਿੱਚੋ ਦੀ ਅੰਦਰ ਆਉਂਦੇ ਹਨ, ਯਹੋਵਾਹ ਦਾ ਬਚਨ ਸੁਣੋ ! ੨੧ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੁਸੀਂ ਆਪਣੀਆਂ ਜਾਨਾਂ ਲਈ ਖਬਰਦਾਰ ਹੋਵੋ ਅਤੇ ਸਬਤ ਦੇ ਦਿਨ ਕੋਈ ਭਾਰ ਨਾ ਚੁੱਕੋ ਅਤੇ ਨਾ ਯਰੂਸ਼ਲਮ ਦੇ ਫਾਟਕਾਂ ਵਿੱਚ ਦੀ ਅੰਦਰ ਲਿਆਓ ੨੨ ਨਾ ਤੁਸੀਂ ਸਬਤ ਦੇ ਦਿਨ ਆਪਣੇ ਘਰਾਂ ਤੋਂ ਭਾਰ ਚੁੱਕ ਕੇ ਬਾਹਰ ਲੈ ਜੋ ਅਤੇ ਨਾ ਕੋਈ ਕੰਮ-ਧੰਦਾ ਕਰੋ । ਤੁਸੀਂ ਸਬਤ ਦੇ ਦਿਨ ਨੂੰ ਪਵਿੱਤਰ ਮੰਨੋ ਜਿਵੇਂ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਹੁਕਮ ਦਿੱਤਾ ਸੀ ੨੩ ਪਰ ਉਹਨਾਂ ਨੇ ਨਾ ਸੁਣਿਆ ਨਾ ਆਪਣਾ ਕੰਨ ਲਾਇਆ ਸਗੋਂ ਆਪਣੀਆਂ ਧੋਣਾਂ ਨੂੰ ਅਕੜਾ ਲਿਆ ਭਈ ਉਹ ਨਾ ਸੁਣਨ, ਨਾ ਮੱਤ ਲੈਣ । ੨੪ ਤਾਂ ਇਸ ਤਰ੍ਹਾਂ ਹੋਵੇਗਾ, ਯਹੋਵਾਹ ਦਾ ਵਾਕ ਹੈ, ਜੇ ਤੁਸੀਂ ਦਿਲ ਲਾ ਕੇ ਮੇਰੀ ਸੁਣੋਗੇ ਅਤੇ ਸਬਤ ਦੇ ਦਿਨ ਇਸ ਸ਼ਹਿਰ ਦੇ ਫਾਟਕਾਂ ਦੇ ਵਿੱਚ ਭਾਰ ਨਾ ਲਿਆਓਗੇ ਅਤੇ ਸਬਤ ਦੇ ਦਿਨ ਨੂੰ ਪਵਿੱਤਰ ਰੱਖੋਗੇ ਅਤੇ ਉਸ ਵਿੱਚ ਕੋਈ ਕੰਮ-ਧੰਦਾ ਨਾ ਕਰੋਗੇ ੨੫ ਤਦ ਇਸ ਸ਼ਹਿਰ ਦੇ ਫਾਟਕਾਂ ਦੇ ਵਿੱਚੋਂ ਦੀ ਰਾਜਾ ਅਤੇ ਸਰਦਾਰ, ਦਾਊਦ ਦੇ ਸਿੰਘਾਸਣ ਉੱਤੇ ਬੈਠਣ ਵਾਲੇ, ਰੱਥਾਂ ਉੱਤੇ ਤੇ ਘੋੜਿਆਂ ਉੱਤੇ ਚੜ੍ਹ ਕੇ, ਉਹ ਅਤੇ ਉਹਨਾਂ ਦੇ ਸਰਦਾਰ ਯਹੂਦਾਹ ਦੇ ਮਨੁੱਖ ਅਤੇ ਯਰੂਸ਼ਲਮ ਦੇ ਵਾਸੀ ਇਸ ਵਿੱਚ ਵੜਨਗੇ, ਅਤੇ ਇਹ ਸ਼ਹਿਰ ਸਦਾ ਤੱਕ ਵੱਸਿਆ ਰਹੇਗਾ ੨੬ ਤਾਂ ਯਹੂਦਾਹ ਦੇ ਸ਼ਹਿਰ ਤੋਂ ਅਤੇ ਯਰੂਸ਼ਲਮ ਦੇ ਆਲੇ-ਦੁਆਲੇ ਤੋਂ, ਬਿਨਯਾਮੀਨ ਦੇ ਦੇਸ ਤੋਂ, ਮਦਾਨ ਤੋਂ, ਪਹਾੜ ਤੋਂ ਅਤੇ ਦੱਖਣ ਤੋਂ, ਉਹ ਆਉਣਗੇ ਅਤੇ ਹੋਮ ਦੀਆਂ ਭੇਟਾਂ ਅਤੇ ਬਲੀਆਂ ਅਤੇ ਮੈਦੇ ਦੀਆਂ ਭੇਟਾਂ ਅਤੇ ਲੁਬਾਣ ਲੈ ਕੇ ਆਉਣਗੇ ਅਤੇ ਯਹੋਵਾਹ ਦੇ ਭਵਨ ਵਿੱਚ ਧੰਨਵਾਦ ਦੀਆਂ ਭੇਟਾਂ ਲਿਆਉਣਗੇ ੨੭ ਪਰ ਜੇ ਤੁਸੀਂ ਮੇਰੀ ਨਾ ਸੁਣੋ ਅਤੇ ਸਬਤ ਦੇ ਦਿਨ ਨੂੰ ਪਵਿੱਤਰ ਨਾ ਰੱਖੋ ਪਰ ਸਬਤ ਦੇ ਦਿਨ ਯਰੂਸ਼ਲਮ ਦੇ ਫਾਟਕਾਂ ਵਿੱਚੋਂ ਦੀ ਭਾਰ ਚੁੱਕ ਕੇ ਵੜਨ ਤੋਂ ਨਾ ਰੁਕੋ ਤਦ ਮੈਂ ਇਸ ਦੇ ਫਾਟਕਾਂ ਨੂੰ ਅੱਗ ਲਾਵਾਂਗਾ । ਅਤੇ ਉਹ ਯਰੂਸ਼ਲਮ ਦੇ ਮਹਿਲਾਂ ਨੂੰ ਭਸਮ ਕਰੇਗੀ ਅਤੇ ਉਹ ਬੁੱਝੇਗੀ ਨਹੀਂ ।