੩੫
ਯਿਰਮਿਯਾਹ ਅਤੇ ਰਕਾਬ ਦੇ ਵੰਸ਼ਜ
੧ ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਦਿਨਾਂ ਵਿੱਚ ਆਇਆ ਕਿ ੨ ਤੂੰ ਰੇਕਾਬੀਆਂ ਦੇ ਘਰ ਜਾ ਅਤੇ ਉਹਨਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਯਹੋਵਾਹ ਦੇ ਭਵਨ ਵਿੱਚ ਕਿਸੇ ਕੋਠੜੀ ਵਿੱਚ ਲਿਆ ਅਤੇ ਉਹਨਾਂ ਨੂੰ ਮਧ ਪਿਲਾ ੩ ਤਾਂ ਮੈਂ ਹੱਬਸਿਨਯਾਹ ਦੇ ਪੋਤੇ ਯਿਰਮਿਯਾਹ ਦੇ ਪੁੱਤਰ ਯਅਜ਼ਨਯਾਹ ਨੂੰ ਅਤੇ ਉਸ ਦੇ ਭਰਾਵਾਂ ਅਤੇ ਉਸ ਦੇ ਸਾਰੇ ਪੁੱਤਰਾਂ ਨੂੰ ਅਤੇ ਰੇਕਾਬੀਆਂ ਦੇ ਸਾਰੇ ਘਰਾਣੇ ਨੂੰ ਲਿਆ ੪ ਅਤੇ ਉਹਨਾਂ ਨੂੰ ਯਹੋਵਾਹ ਦੇ ਭਵਨ ਵਿੱਚ ਪਰਮੇਸ਼ੁਰ ਦੇ ਇੱਕ ਜਨ ਯਿਗਦਲਯਾਹ ਦੇ ਪੁੱਤਰ ਹਾਨਾਨ ਦੇ ਪੁੱਤਰਾਂ ਦੀ ਕੋਠੜੀ ਵਿੱਚ ਲਿਆਂਦਾ ਜਿਹੜੀ ਸਰਦਾਰਾਂ ਦੀ ਕੋਠੜੀ ਦੇ ਲਾਗੇ ਸੀ ਅਤੇ ਜਿਹੜੀ ਸ਼ੱਲੁਮ ਦੇ ਪੁੱਤਰ ਮਆਸੇਯਾਹ ਡੇਉੜ੍ਹੀ ਦੇ ਰਾਖੇ ਦੀ ਕੋਠੜੀ ਦੇ ਉੱਤੇ ਸੀ ੫ ਤਾਂ ਮੈਂ ਰੇਕਾਬੀਆਂ ਦੇ ਘਰਾਣੇ ਦੇ ਪੁੱਤਰਾਂ ਅੱਗੇ ਮਧ ਨਾਲ ਭਰ ਕੇ ਕਟੋਰੇ ਅਤੇ ਕੌਲ ਰੱਖੋ ਅਤੇ ਉਹਨਾਂ ਨੂੰ ਆਖਿਆ, ਮਧ ਪਿਓ ੬ ਪਰ ਉਹਨਾਂ ਆਖਿਆ, ਅਸੀਂ ਮਧ ਨਹੀਂ ਪੀਵਾਂਗੇ ਕਿਉਂ ਜੋ ਸਾਡੇ ਪਿਤਾ ਰੇਕਾਬ ਦੇ ਪੁੱਤਰ ਯੋਨਾਦਾਬ ਨੇ ਸਾਨੂੰ ਹੁਕਮ ਦਿੱਤਾ ਸੀ ਕਿ ਸਦਾ ਤੱਕ ਮਧ ਨਾ ਪਿਓ, ਨਾ ਤੁਸੀਂ ਨਾ ਤੁਹਾਡੇ ਪੁੱਤਰ ੭ ਨਾ ਘਰ ਬਣਾਓ, ਨਾ ਬੀ ਬੀਜੋ, ਨਾ ਅੰਗੂਰੀ ਬਾਗ ਲਾਓ, ਨਾ ਆਪਣੇ ਕੋਲ ਰੱਖੋ, ਸਗੋਂ ਆਪਣੇ ਸਾਰੇ ਦਿਨ ਤੰਬੂਆਂ ਵਿੱਚ ਵੱਸੋ, ਇਸ ਲਈ ਭਈ ਤੁਸੀਂ ਉਸ ਭੂਮੀ ਉੱਤੇ ਬਹੁਤੇ ਦਿਨ ਜੀਉਂਦੇ ਰਹੋ ਜਿੱਥੇ ਤੁਸੀਂ ਪਰਦੇਸੀ ਹੋਵੋਗੇ ੮ ਅਸੀਂ ਆਪਣੇ ਪਿਤਾ ਰੇਕਾਬ ਦੇ ਪੁੱਤਰ ਯੋਨਾਦਾਬ ਦੀ ਅਵਾਜ਼ ਸਾਰੀਆਂ ਗੱਲਾਂ ਵਿੱਚ ਸੁਣੀ ਜਿਸ ਨੇ ਸਾਨੂੰ ਹੁਕਮ ਦਿੱਤਾ ਸੀ ਕਿ ਆਪਣੇ ਸਾਰੇ ਦਿਨ ਮਧ ਨਾ ਪਿਓ, ਨਾ ਤੁਸੀਂ, ਨਾ ਤੁਹਾਡੀਆਂ ਔਰਤਾਂ ਨਾ ਤੁਹਾਡੇ ਪੁੱਤਰ ਨਾ ਤੁਹਾਡੀਆਂ ਧੀਆਂ ੯ ਨਾ ਵੱਸਣ ਲਈ ਘਰ ਬਣਾਓ ਅਤੇ ਅਸੀਂ ਨਾ ਬਾਗ ਨਾ ਖੇਤ ਨਾ ਬੀ ਆਪਣੇ ਕੋਲ ਰੱਖਦੇ ਹਾਂ ੧੦ ਅਸੀਂ ਤੰਬੂਆਂ ਵਿੱਚ ਵੱਸੇ ਹਾਂ ਅਤੇ ਅਸੀਂ ਸਭ ਕੁਝ ਓਵੇਂ ਮੰਨਿਆ ਅਤੇ ਕੀਤਾ ਜਿਵੇਂ ਸਾਡੇ ਪਿਤਾ ਯੋਨਾਦਾਬ ਨੇ ਸਾਨੂੰ ਹੁਕਮ ਦਿੱਤਾ ੧੧ ਜਦ ਬਾਬਲ ਦਾ ਰਾਜਾ ਨਬੂਕਦਰੱਸਰ ਇਸ ਦੇਸ ਉੱਤੇ ਚੜ੍ਹ ਆਇਆ ਤਦ ਅਸੀਂ ਆਖਿਆ, ਆਓ, ਅਸੀਂ ਕਸਦੀਆਂ ਦੀ ਫੌਜ ਦੇ ਕਾਰਨ ਅਤੇ ਅਰਾਮੀਆਂ ਦੀ ਫੌਜ ਦੇ ਕਾਰਨ ਯਰੂਸ਼ਲਮ ਨੂੰ ਚੱਲੀਏ, ਸੋ ਅਸੀਂ ਯਰੂਸ਼ਲਮ ਵਿੱਚ ਵੱਸ ਗਏ । ੧੨ ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ਕਿ ੧੩ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ ਕਿ ਜਾ ਅਤੇ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਤੂੰ ਆਖ, ਕੀ ਤੁਸੀਂ ਸਿੱਖਿਆ ਨਾ ਲਓਗੇ ਭਈ ਮੇਰੀਆਂ ਗੱਲਾਂ ਸੁਣੋਗੇ ? ਯਹੋਵਾਹ ਦਾ ਵਾਕ ਹੈ ੧੪ ਰੇਕਾਬ ਦੇ ਪੁੱਤਰ ਯੋਨਾਦਾਬ ਦੀਆਂ ਗੱਲਾਂ ਕਾਇਮ ਰੱਖੀਆਂ ਗਈਆਂ ਜਿਸ ਨੇ ਆਪਣੇ ਪੁੱਤਰਾਂ ਨੂੰ ਹੁਕਮ ਦਿੱਤਾ ਕਿ ਮਧ ਨਾ ਪੀਣੀ । ਉਹਨਾਂ ਨੇ ਅੱਜ ਦੇ ਦਿਨ ਤੱਕ ਨਹੀਂ ਪੀਤੀ ਕਿਉਂ ਜੋ ਉਹਨਾਂ ਨੇ ਆਪਣੇ ਪਿਤਾ ਦਾ ਹੁਕਮ ਮੰਨਿਆ । ਮੈਂ ਤੁਹਾਡੇ ਨਾਲ ਗੱਲ ਕੀਤੀ, ਸਗੋਂ ਜਤਨ ਨਾਲ ਗੱਲ ਕੀਤੀ, ਪਰ ਤੁਸੀਂ ਮੇਰੀ ਨਾ ਸੁਣੀ ੧੫ ਤਾਂ ਮੈਂ ਆਪਣੇ ਸਾਰੇ ਦਾਸਾਂ ਨੂੰ ਆਪਣੇ ਨਬੀਆਂ ਨੂੰ ਤੁਹਾਡੇ ਕੋਲ ਭੇਜਿਆ, ਸਗੋਂ ਜਤਨ ਨਾਲ ਭੇਜਿਆ ਅਤੇ ਆਖਿਆ ਕਿ ਹਰ ਮਨੁੱਖ ਆਪਣੇ ਬੁਰੇ ਮਾਰਗ ਤੋਂ ਮੁੜੇ ਅਤੇ ਆਪਣੇ ਕਰਤੱਬਾਂ ਨੂੰ ਠੀਕ ਕਰੇ ਅਤੇ ਦੂਜੇ ਦੇਵਤਿਆਂ ਦੇ ਪਿੱਛੇ ਨਾ ਚੱਲੇ ਭਈ ਉਹਨਾਂ ਦੀ ਪੂਜਾ ਕਰੋ, ਤਾਂ ਤੁਸੀਂ ਉਸ ਭੂਮੀ ਵਿੱਚ ਜਿਹੜੀ ਮੈਂ ਤੁਹਾਨੂੰ ਅਤੇ ਤੁਹਾਡੇ ਪਿਓ ਦਾਦਿਆਂ ਨੂੰ ਦਿੱਤੀ ਵੱਸੋਗੇ, ਪਰ ਨਾ ਤੁਸੀਂ ਆਪਣਾ ਕੰਨ ਲਾਇਆ ਅਤੇ ਨਾ ਮੇਰੀ ਸੁਣੀ ੧੬ ਰੇਕਾਬ ਦੇ ਪੁੱਤਰ ਯੋਨਾਦਾਬ ਦੇ ਪੁੱਤਰਾਂ ਨੇ ਤਾਂ ਆਪਣੇ ਪਿਤਾ ਦਾ ਹੁਕਮ ਕਾਇਮ ਰੱਖਿਆ ਪਰ ਇਹਨਾਂ ਲੋਕਾਂ ਨੇ ਮੇਰਾ ਹੁਕਮ ਨਾ ਮੰਨਿਆ ੧੭ ਇਸ ਲਈ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਅਤੇ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ― ਵੇਖ, ਮੈਂ ਯਹੂਦਾਹ ਉੱਤੇ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਉੱਤੇ ਉਹ ਸਾਰੀ ਬੁਰਿਆਈ ਜਿਹੜੀ ਮੈਂ ਉਹਨਾਂ ਦੇ ਵਿਰੁੱਧ ਆਖੀ ਹੈ ਲਿਆਵਾਂਗਾ, ਕਿਉਂ ਜੋ ਮੈਂ ਉਹਨਾਂ ਨਾਲ ਗੱਲ ਕੀਤੀ ਪਰ ਉਹਨਾਂ ਨੇ ਸੁਣੀ ਨਹੀ, ਮੈਂ ਉਹਨਾਂ ਨੂੰ ਪੁਕਾਰਿਆ ਪਰ ਉਹਨਾਂ ਉੱਤਰ ਨਾ ਦਿੱਤਾ । ੧੮ ਰੇਕਾਬੀਆਂ ਦੇ ਘਰਾਣੇ ਨੂੰ ਯਿਰਮਿਯਾਹ ਨੇ ਆਖਿਆ, ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ― ਇਸ ਲਈ ਜੋ ਤੁਸੀਂ ਆਪਣੇ ਪਿਤਾ ਯੋਨਾਦਾਬ ਦਾ ਹੁਕਮ ਮੰਨਿਆ ਅਤੇ ਉਸ ਦੇ ਸਾਰਿਆਂ ਹੁਕਮਾਂ ਦੀ ਪਾਲਣਾ ਕੀਤੀ ਅਤੇ ਉਹ ਸਭ ਕੁਝ ਕੀਤਾ ਜਿਸ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਸੀ ੧੯ ਇਸ ਲਈ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਸਾਰੇ ਦਿਨਾਂ ਤੱਕ ਮੇਰੇ ਸਨਮੁੱਖ ਖੜ੍ਹੇ ਹੋਣ ਲਈ ਰੇਕਾਬ ਦੇ ਪੁੱਤਰ ਯੋਨਾਦਾਬ ਲਈ ਮਨੁੱਖ ਦੀ ਥੁੜ ਨਾ ਹੋਵੇਗੀ ।