੪੩
ਯਿਰਮਿਯਾਹ ਨੂੰ ਮਿਸਰ ਲਿਜਾਇਆ ਜਾਣਾ
੧ ਤਾਂ ਇਸ ਤਰ੍ਹਾਂ ਹੋਇਆ ਕਿ ਜਦ ਯਿਰਮਿਯਾਹ ਸਾਰੇ ਲੋਕਾਂ ਨਾਲ ਉਹਨਾਂ ਦੇ ਪਰਮੇਸ਼ੁਰ ਯਹੋਵਾਹ ਦੀਆਂ ਸਾਰੀਆਂ ਗੱਲਾਂ ਨੂੰ ਬੋਲ ਚੁੱਕਾ ਜਿਹਨਾਂ ਨੂੰ ਯਹੋਵਾਹ ਉਹਨਾਂ ਦੇ ਪਰਮੇਸ਼ੁਰ ਨੇ ਉਹਨਾਂ ਕੋਲ ਭੇਜਿਆ, ਅਰਥਾਤ ਇਹਨਾਂ ਸਾਰੀਆਂ ਗੱਲਾਂ ਨੂੰ ੨ ਤਾਂ ਹੋਸ਼ਆਯਾਹ ਦੇ ਪੁੱਤਰ ਅਜ਼ਰਯਾਹ, ਕਾਰੇਅਰ ਦੇ ਪੁੱਤਰ ਯੋਹਾਨਾਨ, ਅਤੇ ਸਾਰੇ ਅਭਮਾਨੀ ਮਨੁੱਖਾਂ ਨੇ ਯਿਰਮਿਯਾਹ ਨੂੰ ਆਖਿਆ, ਤੂੰ ਝੂਠ ਬੋਲਦਾ ਹੈਂ, ਯਹੋਵਾਹ ਸਾਡੇ ਪਰਮੇਸ਼ੁਰ ਨੇ ਤੈਨੂੰ ਇਹ ਆਖਣ ਲਈ ਨਹੀ ਭੇਜਿਆ ਕਿ ਮਿਸਰ ਨੂੰ ਟਿਕਣ ਲਈ ਨਾ ਜਾਓ ੩ ਤੈਨੂੰ ਤਾਂ ਨੇਰੀਯਾਹ ਦੇ ਪੁੱਤਰ ਬਾਰੂਕ ਨੇ ਸਾਡੇ ਵਿਰੁੱਧ ਪਰੇਰਿਆ ਹੈ ਭਈ ਸਾਨੂੰ ਕਸਦੀਆਂ ਦੇ ਹੱਥ ਵਿੱਚ ਦੇਵੇਂ ਅਤੇ ਉਹ ਸਾਨੂੰ ਮਾਰ ਸੁੱਟਣ ਅਤੇ ਸਾਨੂੰ ਗ਼ੁਲਾਮ ਕਰਕੇ ਬਾਬਲ ਨੂੰ ਲੈ ਜਾਣ ੪ ਤਾਂ ਕਾਰੇਅਹ ਦੇ ਪੁੱਤਰ ਯੋਹਾਨਾਨ ਨੇ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੇ ਅਤੇ ਸਾਰੇ ਲੋਕਾਂ ਨੇ ਯਹੋਵਾਹ ਦੀ ਅਵਾਜ਼ ਨਾ ਸੁਣੀ ਭਈ ਯਹੂਦਾਹ ਦੇ ਦੇਸ ਵਿੱਚ ਵੱਸਣ ੫ ਫਿਰ ਕਾਰੇਅਹ ਦੇ ਪੁੱਤਰ ਯੋਹਾਨਾਨ ਨੇ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੇ ਯਹੂਦਾਹ ਦੇ ਸਾਰੇ ਬਕੀਏ ਨੂੰ ਲਿਆ ਜਿਹੜਾ ਸਾਰੀਆਂ ਕੌਮਾਂ ਵਿੱਚੋਂ ਜਿਥੇ ਉਹ ਖੇਰੂੰ ਖੇਰੂੰ ਹੋ ਗਏ ਸਨ ਯਹੂਦਾਹ ਦੇ ਦੇਸ ਵਿੱਚ ਟਿਕਣ ਲਈ ਮੁੜ ਆਏ ਸਨ ੬ ਅਰਥਾਤ ਮਰਦਾਂ ਨੂੰ, ਔਰਤਾਂ ਨੂੰ, ਬੱਚਿਆਂ ਨੂੰ, ਰਾਜਾ ਦੀਆਂ ਧੀਆਂ ਨੂੰ ਅਤੇ ਸਾਰੀਆਂ ਜਾਨਾਂ ਨੂੰ ਜਿਹਨਾਂ ਨੂੰ ਜਲਾਦਾਂ ਦੇ ਕਪਤਾਨ ਨਬੂਜ਼ਰਦਾਨ ਨੇ ਸ਼ਾਫਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਅਤੇ ਯਿਰਮਿਯਾਹ ਨਬੀ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਕੋਲ ਛੱਡਿਆ ਸੀ ੭ ਉਹ ਮਿਸਰ ਦੇਸ ਨੂੰ ਆਏ ਕਿਉਂ ਜੋ ਉਹਨਾਂ ਨੇ ਯਹੋਵਾਹ ਦੀ ਅਵਾਜ਼ ਨੂੰ ਨਾ ਸੁਣਿਆ ਅਤੇ ਤਹਪਨਹੇਸ ਤੱਕ ਆਏ । ੮ ਤਾਂ ਯਹੋਵਾਹ ਦਾ ਬਚਨ ਤਹਪਨਹੇਸ ਵਿੱਚ ਯਿਰਮਿਯਾਹ ਕੋਲ ਆਇਆ ਕਿ ੯ ਤੂੰ ਆਪਣੇ ਹੱਥ ਵਿੱਚ ਵੱਡੇ ਪੱਥਰ ਲੈ ਅਤੇ ਉਹਨਾਂ ਨੂੰ ਚੂਨੇ ਵਿੱਚ ਉਸ ਚੌਂਕ ਵਿੱਚ ਲੁਕੋ ਦੇ ਜਿਹੜਾ ਤਹਪਨਹੇਸ ਵਿੱਚ ਫ਼ਿਰਊਨ ਦੇ ਮਹਿਲ ਦੇ ਫਾਟਕ ਕੋਲ ਹੈ ਅਤੇ ਇਹ ਯਹੂਦਾਹ ਦੇ ਮਨੁੱਖਾਂ ਦੇ ਵੇਖਦਿਆਂ ਹੋਵੇ ੧੦ ਤੂੰ ਉਹਨਾਂ ਨੂੰ ਆਖ ਕਿ ਸੈਨਾ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ― ਵੇਖੋ, ਮੈਂ ਬਾਬਲ ਦੇ ਰਾਜਾ ਆਪਣੇ ਟਹਿਲੂਏ ਨਬੂਕਦਰੱਸਰ ਨੂੰ ਬੁਲਾ ਲਵਾਂਗਾ । ਮੈਂ ਇਹਨਾਂ ਪੱਥਰਾਂ ਉੱਤੇ ਉਹ ਦਾ ਸਿੰਘਾਸਣ ਰੱਖਾਂਗਾ ਜਿਹਨਾਂ ਨੂੰ ਮੈਂ ਲੁਕਾਇਆ ਹੈ ਅਤੇ ਉਹ ਉਹਨਾਂ ਉੱਤੇ ਆਪਣੀ ਸ਼ਾਹੀ ਚਾਨਣੀ ਤਾਣੇਗਾ ੧੧ ਉਹ ਆ ਕੇ ਮਿਸਰ ਦੇਸ ਨੂੰ ਮਾਰੇਗਾ । ਮੌਤ ਵਾਲੇ ਮੌਤ ਲਈ, ਕੈਦ ਵਾਲੇ ਕੈਦ ਲਈ, ਤਲਵਾਰ ਵਾਲੇ ਤਲਵਾਰ ਲਈ ! ੧੨ ਅਤੇ ਮੈਂ ਮਿਸਰ ਦੇ ਦੇਵਤਿਆਂ ਦੇ ਮੰਦਰਾਂ ਵਿੱਚ ਅੱਗ ਭੜਕਾਵਾਂਗਾ । ਉਹ ਉਹਨਾਂ ਨੂੰ ਸਾੜ ਦੇਵੇਗਾ ਅਤੇ ਉਹਨਾਂ ਨੂੰ ਗ਼ੁਲਾਮ ਕਰਕੇ ਲੈ ਜਾਵੇਗਾ ਅਤੇ ਜਿਵੇਂ ਆਜੜੀ ਆਪਣਾ ਕੱਪੜਾ ਲਪੇਟਦਾ ਹੈ ਤਿਵੇਂ ਉਹ ਮਿਸਰ ਦੇਸ ਨੂੰ ਲਪੇਟ ਲਵੇਗਾ ਅਤੇ ਉੱਥੋਂ ਸ਼ਾਂਤੀ ਨਾਲ ਨਿੱਕਲ ਜਾਵੇਗਾ ੧੩ ਉਹ ਬੈਤ-ਸ਼ਮਸ਼ ਦੇ ਥੰਮ੍ਹਾਂ ਨੂੰ ਜਿਹੜੇ ਮਿਸਰ ਦੇਸ ਵਿੱਚ ਹਨ ਤੋੜ ਦੇਵੇਗਾ ਅਤੇ ਮਿਸਰ ਦੇ ਦੇਵਤਿਆਂ ਦੇ ਮੰਦਰਾਂ ਨੂੰ ਅੱਗ ਨਾਲ ਸਾੜ ਸੁੱਟੇਗਾ ।