੧੦
ਚਰਵਾਹੇ ਅਤੇ ਭੇਡਾਂ ਦਾ ਦ੍ਰਿਸ਼ਟਾਂਤ
੧ ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜਾ ਆਦਮੀ ਭੇਡਾਂ ਦੇ ਬਾੜੇ ਵਿੱਚ ਦਰਵਾਜ਼ੇ ਦੀ ਬਜਾਏ ਕਿਸੇ ਹੋਰ ਰਾਹ ਤੋਂ ਵੜਦਾ ਹੈ, ਉਹ ਚੋਰ ਤੇ ਡਾਕੂ ਹੈ । ੨ ਪਰ ਉਹ ਜਿਹੜਾ ਦਰਵਾਜ਼ੇ ਰਾਹੀਂ ਵੜਦਾ ਹੈ, ਉਹ ਭੇਡਾਂ ਦਾ ਅਯਾਲੀ ਹੈ । ੩ ਉਸ ਦੇ ਲਈ ਦਰਬਾਨ ਦਰਵਾਜ਼ਾ ਖੋਲ੍ਹ ਦਿੰਦਾ ਹੈ ਅਤੇ ਭੇਡਾਂ ਉਸਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਮ ਲੈ-ਲੈ ਕੇ ਬੁਲਾਉਂਦਾ ਅਤੇ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ । ੪ ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਕੱਢ ਲੈਂਦਾ ਤਾਂ ਉਹ ਉਨ੍ਹਾਂ ਦੇ ਅੱਗੇ-ਅੱਗੇ ਤੁਰਦਾ ਹੈ ਅਤੇ ਭੇਡਾਂ ਉਸ ਦੇ ਮਗਰ ਜਾਂਦੀਆਂ ਹਨ; ਕਿਉਂਕਿ ਉਹ ਉਸ ਦੀ ਅਵਾਜ਼ ਨੂੰ ਪਛਾਣਦੀਆਂ ਹਨ । ੫ ਪਰ ਉਹ ਪਰਾਏ ਆਦਮੀ ਦੇ ਮਗਰ ਕਦੇ ਨਹੀਂ ਜਾਣਗੀਆਂ, ਸਗੋਂ ਉਹ ਉਸ ਤੋਂ ਦੂਰ ਭੱਜ ਜਾਣਗੀਆਂ ਕਿਉਂਕਿ ਉਹ ਪਰਾਏ ਦੀ ਅਵਾਜ਼ ਨੂੰ ਨਹੀਂ ਪਛਾਣਦੀਆਂ ।” ੬ ਯਿਸੂ ਨੇ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਸਮਝਾਇਆ ਪਰ ਉਹ ਇਸ ਦਾ ਮਤਲਬ ਨਾ ਸਮਝ ਸਕੇ ।
ਯਿਸੂ ਚੰਗਾ ਚਰਵਾਹਾ
੭ ਤਦ ਯਿਸੂ ਨੇ ਦੁਬਾਰਾ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਭੇਡਾਂ ਲਈ ਦਰਵਾਜ਼ਾ ਮੈਂ ਹਾਂ । ੮ ਕਿਉਂਕਿ ਜਿਹੜੇ ਮੇਰੇ ਤੋਂ ਪਹਿਲਾਂ ਆਏ, ਉਹ ਚੋਰ ਤੇ ਡਾਕੂ ਸਨ, ਭੇਡਾਂ ਨੇ ਉਨ੍ਹਾਂ ਦੀ ਨਹੀਂ ਸੁਣੀ । ੯ ਮੈਂ ਦਰਵਾਜ਼ਾ ਹਾਂ, ਜਿਹੜਾ ਆਦਮੀ ਮੇਰੇ ਰਾਹੀਂ ਵੜਦਾ ਹੈ, ਬਚਾਇਆ ਜਾਵੇਗਾ । ਉਹ ਅੰਦਰ-ਬਾਹਰ ਆਇਆ ਜਾਇਆ ਕਰੇਗਾ ਅਤੇ ਉਸ ਨੂੰ ਜੋ ਚਾਹੀਦਾ ਮਿਲ ਜਾਵੇਗਾ । ੧੦ ਚੋਰ, ਚੋਰੀ ਕਰਨ, ਮਾਰਨ ਅਤੇ ਨਾਸ ਕਰਨ ਲਈ ਆਉਂਦਾ ਹੈ, ਪਰ ਮੈਂ ਉਨ੍ਹਾਂ ਨੂੰ ਜੀਵਨ ਦੇਣ ਆਇਆ ਹਾਂ, ਸਗੋਂ ਚੋਖਾ ਜੀਵਨ । ੧੧ ਮੈਂ ਚੰਗਾ ਅਯਾਲੀ ਹਾਂ । ਇੱਕ ਚੰਗਾ ਅਯਾਲੀ ਭੇਡਾਂ ਦੀ ਖਾਤਰ ਆਪਣਾ ਜੀਵਨ ਕੁਰਬਾਨ ਕਰ ਦਿੰਦਾ ਹੈ । ੧੨ ਇੱਕ ਮਜ਼ਦੂਰ ਅਯਾਲੀ ਨਹੀਂ ਹੈ ਅਤੇ ਉਹ ਭੇਡਾਂ ਦਾ ਮਾਲਕ ਨਹੀਂ ਹੈ । ਕਿਉਂ ਜੋ ਉਹ ਬਘਿਆੜ ਨੂੰ ਆਉਂਦਿਆਂ ਹੀਂ ਵੇਖ ਕੇ ਉਹ ਭੱਜ ਜਾਂਦਾ ਹੈ । ਬਘਿਆੜ ਉਨ੍ਹਾਂ ਭੇਡਾਂ ਤੇ ਹਮਲਾ ਕਰਦਾ ਅਤੇ ਉਨ੍ਹਾਂ ਨੂੰ ਖਿੰਡਾ ਦਿੰਦਾ ਹੈ । ੧੩ ਮਜ਼ਦੂਰ ਭੱਜ ਜਾਂਦਾ ਹੈ ਕਿਉਂਕਿ ਉਹ ਸਿਰਫ਼ ਮਜ਼ਦੂਰੀ ਲਈ ਕੰਮ ਕਰਦਾ ਹੈ ਅਤੇ ਭੇਡਾਂ ਦਾ ਖਿਆਲ ਨਹੀਂ ਰੱਖਦਾ । ੧੪ ਮੈਂ ਚੰਗਾ ਅਯਾਲੀ ਹਾਂ, ਜੋ ਭੇਡਾਂ ਦਾ ਧਿਆਨ ਰੱਖਦਾ ਹਾਂ । ਉਵੇਂ ਹੀ ਜਿਵੇਂ ਕਿ ਪਿਤਾ ਮੈਨੂੰ ਜਾਣਦਾ ਹੈ, ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ੧੫ ਅਤੇ ਜਿਵੇਂ ਮੈਂ ਪਿਤਾ ਨੂੰ ਜਾਣਦਾ ਹਾਂ, ਮੇਰੀਆਂ ਭੇਡਾਂ ਵੀ ਮੈਨੂੰ ਜਾਣਦੀਆਂ ਹਨ । ਮੈਂ ਭੇਡਾਂ ਦੇ ਬਦਲੇ ਆਪਣੀ ਜਾਨ ਕੁਰਬਾਨ ਕਰਦਾ ਹਾਂ ੧੬ ਮੇਰੀਆਂ ਹੋਰ ਵੀ ਭੇਡਾਂ ਹਨ, ਜਿਹੜੀਆਂ ਇਸ ਇੱਜੜ ਵਿੱਚ ਨਹੀਂ ਹਨ । ਮੈਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਵੀ ਲਿਆਵਾਂ ਅਤੇ ਉਹ ਮੇਰੀ ਅਵਾਜ਼ ਸੁਣਨਗੀਆਂ ਅਤੇ ਇੱਕ ਇੱਜੜ ਅਤੇ ਇੱਕੋ ਅਯਾਲੀ ਹੋਵੇਗਾ । ੧੭ ਮੇਰਾ ਪਿਤਾ ਮੈਨੂੰ ਪਿਆਰ ਕਰਦਾ ਹੈ ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ, ਤਾਂ ਜੋ ਮੈਂ ਇਸ ਨੂੰ ਫ਼ੇਰ ਲੈ ਸਕਾਂ । ਕੋਈ ਮਨੁੱਖ ਮੇਰੀ ਜ਼ਿੰਦਗੀ ਮੇਰੇ ਤੋਂ ਨਹੀਂ ਖੋਂਹਦਾ ਪਰ ਮੈਂ ਇਸ ਨੂੰ ਆਪੇ ਹੀ ਗੁਆ ਦਿੰਦਾ ਹਾਂ । ੧੮ ਮੈਨੂੰ ਆਪਣਾ ਜੀਵਨ ਦੇਣ ਦਾ ਅਤੇ ਇਸ ਨੂੰ ਫ਼ੇਰ ਵਾਪਸ ਲੈਣ ਦਾ ਅਧਿਕਾਰ ਹੈ । ਇਹ ਹੁਕਮ ਮੈਂ ਆਪਣੇ ਪਿਤਾ ਕੋਲੋਂ ਪਾਇਆ ਹੈ ।” ੧੯ ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ, ਇੱਕ ਵਾਰ ਫ਼ੇਰ ਸੁਨਣ ਤੋਂ ਬਾਅਦ, ਯਹੂਦੀਆਂ ਦੀ ਆਪਸ ਵਿੱਚ ਫੁੱਟ ਪੈ ਗਈ । ੨੦ ਬਹੁਤਿਆਂ ਨੇ ਆਖਿਆ, “ਇਸ ਦੇ ਵਿੱਚ ਭੂਤ ਹੈ ਇਸ ਲਈ ਇਹ ਇੱਕ ਪਾਗਲ ਆਦਮੀ ਦੀ ਤਰ੍ਹਾਂ ਬੋਲ ਰਿਹਾ ਹੈ । ਤੁਸੀਂ ਇਸ ਨੂੰ ਕਿਉਂ ਸੁਣ ਰਹੇ ਹੋ ? ” ੨੧ ਪਰ ਦੂਜਿਆਂ ਨੇ ਆਖਿਆ, “ਜਿਸ ਆਦਮੀ ਵਿੱਚ ਭੂਤ ਹੋਵੇ ਉਹ ਇਸ ਤਰ੍ਹਾਂ ਨਹੀਂ ਬੋਲ ਸਕਦਾ । ਕੀ ਕੋਈ ਭੂਤ ਕਿਸੇ ਅੰਨ੍ਹੇ ਨੂੰ ਸੁਜਾਖਾ ਕਰ ਸਕਦਾ ਹੈ ? ਨਹੀਂ !”
ਯਹੂਦੀਆਂ ਦਾ ਅਵਿਸ਼ਵਾਸ
੨੨ ਇਹ ਸਰਦੀ ਦੀ ਰੁੱਤ ਸੀ ਅਤੇ ਯਰੂਸ਼ਲਮ ਵਿੱਚ ਪ੍ਰਤਿਸ਼ਠਾ ਦਾ ਤਿਉਹਾਰ ਆਇਆ । ੨੩ ਯਿਸੂ ਹੈਕਲ ਵਿੱਚ ਸੁਲੇਮਾਨ ਦੀ ਡਿਉਢੀ ਤੇ ਟਹਿਲ ਰਿਹਾ ਸੀ । ੨੪ ਯਹੂਦੀ ਯਿਸੂ ਦੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਕਹਿਣ ਲੱਗੇ, “ਕਿੰਨੇ ਸਮੇਂ ਤੱਕ ਤੂੰ ਸਾਨੂੰ ਭੁਲਾਵੇ ਵਿੱਚ ਰੱਖੇਂਗਾ ? ਜੇਕਰ ਤੂੰ ਮਸੀਹ ਹੈਂ ਤਾਂ ਸਾਨੂੰ ਸਾਫ਼-ਸਾਫ਼ ਦੱਸ ।” ੨੫ ਯਿਸੂ ਨੇ ਉੱਤਰ ਦਿੱਤਾ, “ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਹਾਂ ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ । ਮੈਂ ਆਪਣੇ ਪਿਤਾ ਦੇ ਨਾਮ ਤੇ ਕੰਮ ਕਰਦਾ ਹਾਂ ਅਤੇ ਉਹ ਕਰਾਮਾਤਾਂ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ । ੨੬ ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ । ਕਿਉਂਕਿ ਤੁਸੀਂ ਮੇਰੀਆਂ ਭੇਡਾਂ ਨਹੀਂ ਹੋ । ੨੭ ਮੇਰੀਆਂ ਭੇਡਾਂ ਮੇਰੀ ਅਵਾਜ਼ ਨੂੰ ਸੁਣਦੀਆਂ ਹਨ । ਮੈਂ ਉਨ੍ਹਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ ਚਲਦੀਆਂ ਹਨ । ੨੮ ਮੈਂ ਆਪਣੀਆਂ ਭੇਡਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ ਅਤੇ ਉਹ ਕਦੇ ਨਹੀਂ ਮਰਨਗੀਆਂ ਅਤੇ ਨਾ ਕੋਈ ਉਨ੍ਹਾਂ ਨੂੰ ਮੇਰੇ ਤੋਂ ਖੋਹ ਸਕਦਾ ਹੈ । ੨੯ ਮੇਰੇ ਪਿਤਾ ਨੇ ਭੇਡਾਂ ਮੈਨੂੰ ਦਿੱਤੀਆਂ ਹਨ, ਉਹ ਸਭ ਤੋਂ ਮਹਾਨ ਹੈ । ੩੦ ਕੋਈ ਵੀ ਉਨ੍ਹਾਂ ਭੇਡਾਂ ਨੂੰ ਮੇਰੇ ਪਿਤਾ ਦੇ ਹੱਥੋਂ ਖੋਹ ਨਹੀਂ ਸਕਦਾ । ਮੈਂ ਅਤੇ ਪਿਤਾ ਇੱਕ ਹਾਂ ।” ੩੧ ਯਹੂਦੀਆਂ ਨੇ ਫਿਰ ਯਿਸੂ ਨੂੰ ਮਾਰਨ ਲਈ ਪੱਥਰ ਚੁੱਕੇ । ੩੨ ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਪਿਤਾ ਵੱਲੋਂ ਬਹੁਤ ਚੰਗੇ ਕੰਮ ਵਿਖਾਏ, ਉਨ੍ਹਾਂ ਵਿੱਚੋਂ ਕਿਸ ਕੰਮ ਕਰਕੇ ਤੁਸੀਂ ਮੇਰੇ ਉੱਤੇ ਪਥਰਾਹ ਕਰਨਾ ਚਾਹੁੰਦੇ ਹੋ ? ” ੩੩ ਯਹੂਦੀਆਂ ਨੇ ਆਖਿਆ, “ਅਸੀਂ ਤੇਰੇ ਤੇ ਕਿਸੇ ਚੰਗੇ ਕੰਮ ਵਾਸਤੇ ਪੱਥਰ ਨਹੀਂ ਮਾਰ ਰਹੇ, ਸਗੋਂ ਇਸ ਲਈ ਕਿ ਤੂੰ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬੋਲਿਆ ਹੈਂ । ਤੂੰ ਸਿਰਫ਼ ਇੱਕ ਮਨੁੱਖ ਹੈਂ ਪਰ ਤੂੰ ਆਖਦਾ ਹੈਂ ਕਿ ਤੂੰ ਪਰਮੇਸ਼ੁਰ ਹੈਂ । ਇਸੇ ਲਈ ਤੈਨੂੰ ਪੱਥਰਾਂ ਨਾਲ ਜਾਨੋਂ ਮਾਰਨਾ ਚਾਹੁੰਦੇ ਹਾਂ ।” ੩੪ ਯਿਸੂ ਨੇ ਉੱਤਰ ਦਿੱਤਾ, “ਇਹ ਤੁਹਾਡੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ, ‘ਮੈਂ ਆਖਿਆ ਤੁਸੀਂ ਦੇਵਤੇ ਹੋ’। ੩੫ ਉਹ ਲੋਕ ਜਿਨ੍ਹਾਂ ਕੋਲ ਪਰਮੇਸ਼ੁਰ ਦਾ ਬਚਨ ਪਹੁੰਚਿਆ ਉਹ ਇਸ ਪਵਿੱਤਰ ਗ੍ਰੰਥ ਵਿੱਚ ਦੇਵਤੇ ਅਖਵਾਉਂਦੇ ਹਨ ਅਤੇ ਬਚਨ ਕਦੇ ਵੀ ਝੂਠਾ ਨਹੀਂ ਹੋ ਸਕਦਾ । ੩੬ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੈਂ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬੋਲ ਰਿਹਾ ਹਾਂ । ਸਿਰਫ਼ ਕਿਉਂਕਿ ਮੈਂ ਆਖਿਆ ਹੈ ਮੈਂ ਪਰਮੇਸ਼ੁਰ ਦਾ ਪੁੱਤਰ ਹਾਂ ? ਮੈਂ ਉਹ ਹਾਂ, ਜਿਸ ਨੂੰ ਪਰਮੇਸ਼ੁਰ ਨੇ ਇਸ ਦੁਨੀਆਂ ਤੇ ਭੇਜਣ ਲਈ ਚੁਣਿਆ । ੩੭ ਜੇਕਰ ਮੈਂ ਉਹ ਕੰਮ ਨਹੀਂ ਕਰਦਾ ਜੋ ਮੇਰਾ ਪਿਤਾ ਕਰਦਾ ਹੈ, ਤਾਂ ਜੋ ਮੈਂ ਆਖਦਾ ਹਾਂ ਉਸ ਤੇ ਵਿਸ਼ਵਾਸ ਨਾ ਕਰੋ । ੩੮ ਪਰ ਜੇ ਮੈਂ ਉਹ ਕੰਮ ਕਰਾਂ ਜੋ ਮੇਰਾ ਪਿਤਾ ਕਰਦਾ ਹੈ, ਫਿਰ ਤੁਹਾਨੂੰ ਮੇਰੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ । ਭਾਵੇਂ ਤੁਸੀਂ ਮੇਰੇ ਤੇ ਵਿਸ਼ਵਾਸ ਨਾ ਕਰੋ, ਪਰ ਮੇਰੇ ਕੰਮਾਂ ਤੇ ਵਿਸ਼ਵਾਸ ਕਰੋ, ਜਿਹੜੇ ਮੈਂ ਕਰਦਾ ਹਾਂ । ਫੇਰ ਤੁਸੀਂ ਜਾਣੋਗੇ ਅਤੇ ਸਮਝੋਂਗੇ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ ਹਾਂ ।” ੩੯ ਯਹੂਦੀ ਫੇਰ ਯਿਸੂ ਨੂੰ ਫੜਨਾ ਚਾਹੁੰਦੇ ਸਨ, ਪਰ ਉਹ ਉਨ੍ਹਾਂ ਤੋਂ ਬਚ ਗਿਆ । ੪੦ ਯਿਸੂ ਫਿਰ ਯਰਦਨ ਨਦੀ ਦੇ ਪਾਰ ਚਲਾ ਗਿਆ ਜਿੱਥੇ ਪਹਿਲਾਂ ਯੂਹੰਨਾ ਬਪਤਿਸਮਾ ਦਿੰਦਾ ਸੀ ਅਤੇ ਉਹ ਉੱਥੇ ਠਹਿਰਿਆ । ੪੧ ਉੱਥੇ ਲੋਕਾਂ ਦੀ ਵੱਡੀ ਭੀੜ ਯਿਸੂ ਕੋਲ ਆਈ ਅਤੇ ਕਹਿਣ ਲੱਗੀ, “ਯੂਹੰਨਾ ਨੇ ਕਦੇ ਕੋਈ ਚਮਤਕਾਰ ਨਹੀਂ ਕੀਤਾ, ਪਰ ਜੋ ਕੁੱਝ ਯੂਹੰਨਾ ਨੇ ਉਸ (ਯਿਸੂ) ਬਾਰੇ ਆਖਿਆ ਉਹ ਸੱਚ ਸੀ ।” ੪੨ ਉੱਥੇ ਫਿਰ ਬਹੁਤ ਸਾਰੇ ਲੋਕਾਂ ਨੇ ਉਸ ਤੇ ਵਿਸ਼ਵਾਸ ਕੀਤਾ ।