੧੪
ਪਰਮੇਸ਼ੁਰ ਤੱਕ ਪਹੁੰਚਣ ਦਾ ਰਾਹ
੧ ਯਿਸੂ ਨੇ ਆਖਿਆ, “ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ੁਰ ਉੱਤੇ ਭਰੋਸਾ ਕਰੋ ਅਤੇ ਮੇਰੇ ਉੱਤੇ ਵੀ ਭਰੋਸਾ ਕਰੋ । ੨ ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਕਮਰੇ ਹਨ । ਜੇਕਰ ਇਹ ਸੱਚ ਨਾ ਹੁੰਦਾ ਤਾਂ ਮੈਂ ਤੁਹਾਨੂੰ ਨਾ ਕਹਿੰਦਾ । ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਲਈ ਜਾ ਰਿਹਾ ਹਾਂ । ੩ ਉੱਥੇ ਜਾ ਕੇ ਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਤੋਂ ਬਾਅਦ, ਮੈਂ ਫੇਰ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਲੈ ਜਾਂਵਾਂਗਾ । ੪ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਉਹ ਰਾਹ ਜਾਣਦੇ ਹੋ ।” ੫ ਥੋਮਾ ਨੇ ਉਸ ਨੂੰ ਕਿਹਾ, “ਪ੍ਰਭੂ ਜੀ ਸਾਨੂੰ ਇਹ ਪਤਾ ਨਹੀਂ ਕਿ ਤੂੰ ਕਿੱਥੇ ਜਾ ਰਿਹਾ ਹੈ, ਫਿਰ ਅਸੀਂ ਰਾਹ ਕਿਵੇਂ ਜਾਣ ਸਕਦੇ ਹਾਂ ? ” ੬ ਯਿਸੂ ਨੇ ਆਖਿਆ, “ਮੈਂ ਹੀ ਰਾਹ, ਸੱਚਾਈ ਅਤੇ ਜੀਵਨ ਹਾਂ । ਮੇਰੇ ਕੋਲ ਆਉਣ ਤੋਂ ਬਿਨ੍ਹਾਂ ਕੋਈ ਪਿਤਾ ਕੋਲ ਨਹੀਂ ਆ ਸਕਦਾ । ੭ ਜੇਕਰ ਤੁਸੀਂ ਮੈਨੂੰ ਜਾਣਦੇ ਤਾਂ ਤੁਸੀਂ ਪਿਤਾ ਨੂੰ ਵੀ ਜਾਣਦੇ ਹੋ । ਪਰ ਹੁਣ ਤੋਂ ਤੁਸੀਂ ਪਿਤਾ ਨੂੰ ਜਾਣਦੇ ਹੋ, ਤੁਸੀਂ ਉਸ ਨੂੰ ਵੇਖ ਲਿਆ ਹੈ ।” ੮ ਫਿਲਿਪੁੱਸ ਨੇ ਯਿਸੂ ਨੂੰ ਆਖਿਆ, “ਹੇ ਪ੍ਰਭੂ ਜੀ ! ਸਾਨੂੰ ਪਿਤਾ ਦਾ ਦਰਸ਼ਣ ਕਰਾ ਅਤੇ ਸਾਡੇ ਲਈ ਇਹੀ ਬਹੁਤ ਹੈ ।” ੯ ਯਿਸੂ ਨੇ ਆਖਿਆ, “ਫਿਲਿਪੁੱਸ ਮੈਂ ਲੰਬੇ ਸਮੇਂ ਲਈ ਤੇਰੇ ਨਾਲ ਸੀ । ਪਰ ਹੁਣ ਵੀ ਤੂੰ ਮੈਨੂੰ ਨਹੀਂ ਜਾਣਦਾ ? ਜਿਸ ਮਨੁੱਖ ਨੇ ਮੈਨੂੰ ਵੇਖਿਆ ਹੈ ਉਸ ਨੇ ਪਿਤਾ ਨੂੰ ਵੀ ਵੇਖਿਆ ਹੈ । ਫਿਰ ਤੂੰ ਇਹ ਕਹਿੰਦਾ, ‘ਸਾਨੂੰ ਪਿਤਾ ਦੇ ਦਰਸ਼ਣ ਕਰਾ ? ’ ੧੦ ਕੀ ਤੂੰ ਵਿਸ਼ਵਾਸ ਨਹੀਂ ਕਰਦਾ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ ? ਜਿਹੜੀਆਂ ਗੱਲਾਂ ਮੈਂ ਤੈਨੂੰ ਦੱਸਦਾ ਹਾਂ ਮੇਰੇ ਵੱਲੋਂ ਨਹੀਂ ਸਗੋਂ ਪਿਤਾ ਜੋ ਮੇਰੇ ਵਿੱਚ ਰਹਿੰਦਾ ਤੇ ਆਪਣੇ ਕੰਮ ਕਰਦਾ ਹੈ । ੧੧ ਜਦੋਂ ਮੈਂ ਇਹ ਆਖਦਾ ਹਾਂ ਕਿ ਪਿਤਾ ਮੇਰੇ ਵਿੱਚ ਹੈ ਤੇ ਮੈਂ ਪਿਤਾ ਵਿੱਚ ਹਾਂ, ਨਹੀਂ ਤਾਂ ਮੇਰੇ ਕੰਮਾਂ ਕਰਕੇ ਮੇਰੇ ਉੱਤੇ ਵਿਸ਼ਵਾਸ ਕਰੋ । ੧੨ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਉਹ ਵੀ ਮੇਰੇ ਜਿਹੇ ਕੰਮ ਕਰੇਗਾ । ਸਿਰਫ਼ ਇਹੀ ਨਹੀਂ, ਉਹ ਇਨ੍ਹਾਂ ਕੰਮਾਂ ਤੋਂ ਵੀ ਮਹਾਨ ਕੰਮ ਕਰੇਗਾ, ਕਿਉਂਕਿ ਮੈਂ ਵਾਪਿਸ ਪਿਤਾ ਕੋਲ ਜਾ ਰਿਹਾ ਹਾਂ । ੧੩ ਜੇਕਰ ਤੁਸੀਂ ਮੇਰੇ ਨਾਮ ਤੇ ਕੁੱਝ ਮੰਗੋਗੇ, ਤਾਂ ਮੈਂ ਦੇਵਾਂਗਾ । ਫਿਰ ਪੁੱਤਰ ਰਾਹੀਂ ਪਿਤਾ ਦੀ ਵਡਿਆਈ ਹੋਵੇਗੀ । ੧੪ ਜੇਕਰ ਤੁਸੀਂ ਮੇਰੇ ਨਾਮ ਉੱਤੇ ਕੁੱਝ ਮੰਗੋਗੇ ਮੈਂ ਉਹ ਦੇਵਾਂਗਾ ।”
ਪਵਿੱਤਰ ਆਤਮਾ ਦਾ ਵਾਅਦਾ
੧੫ “ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ । ੧੬ ਅਤੇ ਮੈਂ ਪਿਤਾ ਕੋਲੋਂ ਮੰਗਾਂਗਾ ਅਤੇ ਉਹ ਤੁਹਾਡੇ ਲਈ ਦੂਸਰਾ ਸਹਾਇਕ ਦੇਵੇਗਾ । ੧੭ ਇਹ ਸਹਾਇਕ ਸੱਚ ਦਾ ਆਤਮਾ ਹੈ । ਇਹ ਸੰਸਾਰ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾ । ਕਿਉਂਕਿ ਸੰਸਾਰ ਨੇ ਉਸ ਨੂੰ ਨਾ ਵੇਖਿਆ ਹੈ ਤੇ ਨਾ ਹੀ ਉਸ ਨੂੰ ਜਾਣਦਾ ਹੈ । ਪਰ ਤੁਸੀਂ ਉਸ ਨੂੰ ਜਾਣਦੇ ਹੋ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਉਹ ਤੁਹਾਡੇ ਵਿੱਚ ਹੋਵੇਗਾ । ੧੮ ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ । ਮੈਂ ਤੁਹਾਡੇ ਕੋਲ ਆਵਾਂਗਾ । ੧੯ ਇਸ ਸੰਸਾਰ ਦੇ ਲੋਕ ਮੈਨੂੰ ਨਹੀਂ ਵੇਖਣਗੇ ਪਰ ਤੁਸੀਂ ਵੇਖੋਗੇ ਕਿਉਂਕਿ ਜੋ ਮੈਂ ਜਿਉਂਦਾ ਹਾਂ ਤੁਸੀਂ ਵੀ ਜਿਵਾਲੇ ਜਾਉਂਗੇ । ੨੦ ਉਸ ਦਿਨ ਤੁਸੀਂ ਜਾਣ ਸਕੋਗੇ ਕਿ ਮੈਂ ਪਿਤਾ ਵਿੱਚ ਹਾਂ ਤੁਸੀਂ ਜਾਣ ਜਾਵੋਂਗੇ ਕਿ ਤੁਸੀਂ ਮੇਰੇ ਵਿੱਚ ਤੇ ਮੈਂ ਤੁਹਾਡੇ ਵਿੱਚ ਹਾਂ । ੨੧ ਜੇਕਰ ਕੋਈ ਵੀ ਵਿਅਕਤੀ, ਮੇਰੇ ਹੁਕਮਾਂ ਨੂੰ ਜਾਣ ਕੇ ਉਨ੍ਹਾਂ ਦੀ ਪਾਲਨਾ ਕਰਦਾ ਹੈ, ਤਾਂ ਉਹ ਉਹੀ ਹੈ ਜੋ ਸੱਚੀਂ ਮੈਨੂੰ ਪਿਆਰ ਕਰਦਾ ਹੈ । ਮੇਰਾ ਪਿਤਾ ਵੀ ਉਸ ਵਿਅਕਤੀ ਨੂੰ ਪਿਆਰ ਕਰੇਗਾ । ਜਿਹੜਾ ਮਨੁੱਖ ਮੈਨੂੰ ਪਿਆਰ ਕਰਦਾ, ਮੈਂ ਵੀ ਉਸ ਮਨੁੱਖ ਨਾਲ ਪਿਆਰ ਕਰਦਾ ਹਾਂ ਅਤੇ ਆਪਣਾ-ਆਪ ਉਸ ਲਈ ਪ੍ਰਗਟ ਕਰਾਂਗਾ ? ” ੨੨ ਤਦ ਯਹੂਦਾ ਨੇ ਆਖਿਆ (ਇਹ ਯਹੂਦਾ ਇਸਕਰਿਯੋਤੀ ਨਹੀਂ), “ਪ੍ਰਭੂ ਜੀ ਤੂੰ ਆਪਣੇ ਆਪ ਸਾਡੇ ਤੇ ਪਰਗਟ ਕਰਦਾ ਹੈਂ ਪਰ ਸੰਸਾਰ ਤੇ ਕਿਉਂ ਨਹੀਂ ? ” ੨੩ ਯਿਸੂ ਨੇ ਆਖਿਆ, “ਜੇਕਰ ਕੋਈ ਮੈਨੂੰ ਪਿਆਰ ਕਰਦਾ ਹੈ ਤਾਂ ਉਹ ਮੇਰੇ ਬਚਨ ਦਾ ਵੀ ਪਾਲਣ ਕਰੇਗਾ ਤੇ ਮੇਰਾ ਪਿਤਾ ਉਸ ਨੂੰ ਪਿਆਰ ਕਰੇਗਾ । ਮੈਂ ਅਤੇ ਮੇਰਾ ਪਿਤਾ ਉਸ ਕੋਲ ਆਵਾਂਗੇ ਅਤੇ ਉਸ ਦੇ ਕੋਲ ਰਹਾਂਗੇ । ੨੪ ਪਰ ਜਿਹੜਾ ਵਿਅਕਤੀ ਮੈਨੂੰ ਪਿਆਰ ਨਹੀਂ ਕਰਦਾ, ਉਹ ਮੇਰੇ ਬਚਨ ਨੂੰ ਵੀ ਨਹੀਂ ਮੰਨਦਾ । ਜਿਹੜੇ ਬਚਨ ਮੈਂ ਤੁਹਾਨੂੰ ਦਿੰਦਾ ਹਾਂ ਉਹ ਮੇਰੇ ਆਪਣੇ ਨਹੀਂ ਹਨ, ਸਗੋਂ ਇਹ ਮੇਰੇ ਪਿਤਾ ਦੇ ਹਨ, ਜਿਸ ਨੇ ਮੈਨੂੰ ਭੇਜਿਆ ਹੈ ।” ੨੫ “ਇਹ ਸਭ ਗੱਲਾਂ ਮੈਂ ਤੁਹਾਨੂੰ ਉਦੋਂ ਦੱਸ ਚੁੱਕਾ ਸੀ ਜਦੋਂ ਮੈਂ ਤੁਹਾਡੇ ਨਾਲ ਸੀ । ੨੬ ਪਰ ਸਹਾਇਕ ਪਵਿੱਤਰ ਆਤਮਾ ਹੈ, ਜਿਸ ਨੂੰ ਪਿਤਾ, ਮੇਰੇ ਨਾਮ ਵਿੱਚ ਭੇਜੇਗਾ । ਉਹ ਤੁਹਾਨੂੰ ਸਭ ਕੁੱਝ ਸਿਖਾਵੇਗਾ ਅਤੇ ਉਹ ਤੁਹਾਨੂੰ ਉਹ ਸਭ ਯਾਦ ਕਰਾਵੇਗਾ, ਜੋ ਕੁੱਝ ਮੈਂ ਤੁਹਾਨੂੰ ਕਿਹਾ ਹੈ ।” ੨੭ “ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ । ਮੈਂ ਆਪਣੀ ਤਸੱਲੀ ਤੁਹਾਨੂੰ ਦਿੰਦਾ ਹਾਂ । ਮੈਂ ਤੁਹਾਨੂੰ ਸੰਸਾਰ ਤੋਂ ਵੱਖਰੀ ਕਿਸਮ ਦੀ ਸ਼ਾਂਤੀ ਦਿੰਦਾ ਹਾਂ, ਇਸ ਲਈ ਤੁਹਾਡੇ ਦਿਲ ਨਾ ਡਰੇ ਅਤੇ ਘਬਰਾਏ ।” ੨੮ ਜੋ ਮੈਂ ਤੁਹਾਨੂੰ ਕਿਹਾ ਤੁਸੀਂ ਸੁਣਿਆ, ਮੈਂ ਤੁਹਾਨੂੰ ਕਿਹਾ, “ਮੈਂ ਜਾ ਰਿਹਾ ਹਾਂ, ਪਰ ਮੈਂ ਤੁਹਾਡੇ ਕੋਲ ਫਿਰ ਵਾਪਸ ਆਵਾਂਗਾ ।” ਜੇਕਰ ਤੁਸੀਂ ਮੇਰੇ ਨਾਲ ਪਿਆਰ ਕਰਦੇ ਤਾਂ ਫਿਰ ਤੁਹਾਨੂੰ ਖੁਸ਼ ਹੋਣਾ ਚਾਹੀਦਾ ਸੀ ਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ ਕਿਉਂਕਿ ਮੇਰਾ ਪਿਤਾ ਮੇਰੇ ਤੋਂ ਮਹਾਨ ਹੈ । ੨੯ ਇਹ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਿਆ ਹੈ, ਤਾਂ ਜੋ ਜਦੋਂ ਇਹ ਹੋਵੇ, ਤੁਸੀਂ ਵਿਸ਼ਵਾਸ ਕਰੋ । ੩੦ “ਮੈਂ ਬਹੁਤ ਸਮੇਂ ਤੱਕ ਤੁਹਾਡੇ ਨਾਲ ਨਹੀਂ ਬੋਲਾਂਗਾ । ਇਸ ਦੁਨੀਆਂ ਦਾ ਹਾਕਮ ਆ ਰਿਹਾ ਹੈ । ਉਸਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ ਹੈ । ੩੧ ਪਰ ਸੰਸਾਰ ਨੂੰ ਮਾਲੂਮ ਹੋਣਾ ਚਾਹੀਦਾ ਕਿ ਮੈਂ ਪਿਤਾ ਨੂੰ ਪਿਆਰ ਕਰਦਾ ਹਾਂ । ਇਸ ਲਈ ਮੈਂ ਉਵੇਂ ਹੀ ਕਰਾਂਗਾ ਜਿਵੇਂ ਪਿਤਾ ਨੇ ਮੈਨੂੰ ਹੁਕਮ ਦਿੱਤਾ ਹੈ । ਉੱਠੋ, ਅਸੀਂ ਹੁਣ ਇਥੋਂ ਚੱਲੀਏ ।”